ਖਾਲਸਾ ਸਾਜਨਾ ਦਿਹਾੜੇ ਮੌਕੇ ਇਕੱਠ ਨਾ ਕਰਕੇ ਘਰਾਂ ਵਿਚ ਹੀ ਗੁਰਬਾਣੀ ਪੜ੍ਹਨ ਦਾ ਆਦੇਸ਼

ਖਾਲਸਾ ਸਾਜਨਾ ਦਿਹਾੜੇ ਮੌਕੇ ਇਕੱਠ ਨਾ ਕਰਕੇ ਘਰਾਂ ਵਿਚ ਹੀ ਗੁਰਬਾਣੀ ਪੜ੍ਹਨ ਦਾ ਆਦੇਸ਼

ਅੰਮ੍ਰਿਤਸਰ: ਕਰੋਨਾਵਾਇਰਸ ਦੇ ਵਧ ਰਹੇ ਪ੍ਰਕੋਪ ਕਾਰਨ ਇਸ ਵਾਰ ਖਾਲਸਾ ਸਾਜਨਾ ਦਿਹਾੜੇ ’ਤੇ ਵਿਸਾਖੀ ਮੌਕੇ ਕਿਸੇ ਵੀ ਥਾਂ ਉਤੇ ਵੱਡਾ ਇਕੱਠ ਨਹੀਂ ਹੋਵੇਗਾ। ਇਹ ਫੈਂਸਲਾ ਅੱਜ ਪੰਜ ਸਿੰਘ ਸਾਹਿਬਾਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਕਰਕੇ ਲਿਆ। ਫੈਂਸਲੇ ਮੁਤਾਬਕ ਸਿਰਫ਼ ਗੁਰਦੁਆਰਿਆਂ ਵਿਚ ਇਸ ਦਿਹਾੜੇ ਨੂੰ ਮਨਾਉਣ ਲਈ ਅਖੰਡ ਪਾਠ ਜਾਂ ਸਹਿਜ ਪਾਠ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ। 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ ਮੀਟਿੰਗ ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਕਰੋਨਾਵਾਇਰਸ ਦੀ ਮਹਾਮਾਰੀ ਫੈਲੀ ਹੋਣ ਕਰਕੇ ਹਾਲਾਤ ਨਾਜ਼ੁਕ ਬਣੇ ਹੋਏ ਹਨ। ਅਜਿਹੇ ਹਾਲਾਤ ਵਿਚ ਵੱਡੇ ਇਕੱਠ ਸੰਭਵ ਨਹੀਂ ਹਨ। ਉਨ੍ਹਾਂ ਪੰਜ ਸਿੰਘ ਸਾਹਿਬਾਨ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੂੰ ਆਦੇਸ਼ ਦਿੱਤਾ,‘‘ਖਾਲਸਾ ਸਾਜਨਾ ਦਿਹਾੜੇ (ਵਿਸਾਖੀ) ਮੌਕੇ ਵੱਡੇ ਇਕੱਠ ਕਰਨ ਦੀ ਥਾਂ ’ਤੇ ਗੁਰਦੁਆਰਿਆਂ ਵਿਚ ਹੀ ਇਸ ਸਬੰਧੀ ਅਖੰਡ ਪਾਠ ਜਾਂ ਸਹਿਜ ਪਾਠ ਆਰੰਭ ਕੀਤੇ ਜਾਣ, ਜਿਸ ਦੀ ਸਮਾਪਤੀ ’ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇ। ਹਰ ਸਿੱਖ ਇਸ ਪੁਰਬ ਨੂੰ ਸਮਰਪਿਤ ਆਪਣੇ ਘਰ ਵਿਚ ਸਹਿਜ ਪਾਠ ਕਰੇ, ਸੰਗਤ ਆਪਣੇ ਘਰ ਵਿਚ ਬੈਠ ਕੇ ਟੀਵੀ ਚੈਨਲਾਂ ਅਤੇ ਆਨਲਾਈਨ ਰਾਹੀਂ ਇਤਿਹਾਸਕ ਸਥਾਨਾਂ ਤੋਂ ਲਾਈਵ ਹੋ ਰਹੇ ਕਥਾ- ਕੀਰਤਨ ਦਾ ਆਨੰਦ ਲਵੇ।’’ 

ਉਨ੍ਹਾਂ ਆਖਿਆ ਕਿ ਅਗਲੇ ਹੁਕਮਾਂ ਤਕ ਫਿਲਹਾਲ ਕੋਈ ਵੱਡਾ ਧਾਰਮਿਕ ਸਮਾਗਮ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਬੁਲ ਦੇ ਗੁਰਦੁਆਰੇ ਵਿਚ ਸਿੱਖਾਂ ਦੇ ਕਤਲੇਆਮ ਨਾਲ ਮਨੁੱਖਤਾ ਸ਼ਰਮਸਾਰ ਹੋਈ ਹੈ। ਉਨ੍ਹਾਂ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਨੂੰ ਹੁਕਮ ਕੀਤਾ ਕਿ ਅਫ਼ਗਾਨਿਸਤਾਨ ਵਿਚ ਰਹਿ ਰਹੇ ਸਿੱਖ ਪਰਿਵਾਰਾਂ ਦੀ ਹਰ ਤਰ੍ਹਾਂ ਲੋੜੀਂਦੀ ਮਦਦ ਕੀਤੀ ਜਾਵੇ। 

ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਉਹ ਸਿੱਖ ਚਿੰਤਕਾਂ ਅਤੇ ਸਿੱਖ ਸੰਸਥਾਵਾਂ ਦੀ ਰਾਏ ਲੈ ਕੇ ਇਤਿਹਾਸਕ ਗੁਰਦੁਆਰਿਆਂ ਦੀ ਸਾਂਭ-ਸੰਭਾਲ ਲਈ ਠੋਸ ਨੀਤੀ ਤਿਆਰ ਕਰੇ, ਜਿਸ ਦੀ ਰਿਪੋਰਟ ਅਕਾਲ ਤਖ਼ਤ ਨੂੰ ਦਿੱਤੀ ਜਾਵੇ। ਮੀਟਿੰਗ ਦੌਰਾਨ ਪਦਮਸ੍ਰੀ ਭਾਈ ਨਿਰਮਲ ਸਿੰਘ ਦੇ ਅਕਾਲ ਚਲਾਣੇ ’ਤੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਗਈ। ਪੰਜ ਸਿੰਘ ਸਾਹਿਬਾਨ ਨੇ ਕਰੋਨਾ ਪੀੜਤ ਵਿਅਕਤੀਆਂ ਪ੍ਰਤੀ ਲੋਕਾਂ ਨੂੰ ਸਨਮਾਨਜਨਕ ਵਤੀਰਾ ਅਖ਼ਤਿਆਰ ਕਰਨ ਲਈ ਕਿਹਾ। ਉਨ੍ਹਾਂ ਕੇਂਦਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਪੀੜਤਾਂ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਹੈ। ਕਰੋਨਾ ਮਹਾਮਾਰੀ ਤੋਂ ਸਮੁੱਚੀ ਮਨੁੱਖਤਾ ਦੇ ਬਚਾਅ ਲਈ ਅਰਦਾਸ ਕੀਤੀ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।