ਬਹਿਬਲ ਕਲਾਂ ਸਾਕਾ: ਜਾਂਚ ਵਿਚ ਅਹਿਮ ਖੁਲਾਸੇ, ਪੁਲਿਸ ਨੇ ਆਪਣੀਆਂ ਗੱਡੀਆਂ 'ਤੇ ਆਪ ਹੀ ਚਲਾਈਆਂ ਗੋਲੀਆਂ

ਬਹਿਬਲ ਕਲਾਂ ਸਾਕਾ: ਜਾਂਚ ਵਿਚ ਅਹਿਮ ਖੁਲਾਸੇ, ਪੁਲਿਸ ਨੇ ਆਪਣੀਆਂ ਗੱਡੀਆਂ 'ਤੇ ਆਪ ਹੀ ਚਲਾਈਆਂ ਗੋਲੀਆਂ

ਫ਼ਰੀਦਕੋਟ: ਬਹਿਬਲ ਕਲਾਂ ਸਾਕੇ ਦੇ ਮਾਮਲੇ ਵਿਚ ਬੀਤੇ ਕੱਲ੍ਹ ਫ਼ਰੀਦਕੋਟ ਅਦਾਲਤ ਵਿਚ ਹੋਈ ਲੰਬੀ ਬਹਿਸ ਤੋਂ ਬਾਅਦ ਇਲਾਕਾ ਮੈਜਿਸਟਰੇਟ ਚੇਤਨ ਸ਼ਰਮਾ ਨੇ ਦੋਸ਼ੀ ਪੰਜਾਬ ਪੁਲਿਸ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਹੋਰ ਤਿੰਨ ਦਿਨਾਂ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। 

ਇਸ ਸੁਣਵਾਈ ਦੌਰਾਨ ਚੱਲ ਰਹੀ ਜਾਂਚ ਬਾਰੇ ਅਹਿਮ ਗੱਲਾਂ ਸਾਹਮਣੇ ਆਈਆਂ ਹਨ। ਮਾਮਲੇ ਦੀ ਜਾਂਚ ਕਰ ਰਹੀ ਸਿਟ ਦੀ ਜਾਂਚ ਦਾ ਧੁਰਾ ਘਟਨਾ ਮੌਕੇ ਵਰਤੋਂ ਵਿਚ ਲਿਆਂਦੀ ਗਈ ਏਕੇ 47, ਚਰਨਜੀਤ ਸ਼ਰਮਾ ਦੀ ਜਿਪਸੀ 'ਤੇ ਲੱਗੇ 12-ਬੋਰ ਬੰਦੂਕ ਦੀਆਂ ਗੋਲੀਆਂ ਦੇ ਨਿਸ਼ਾਨ ਅਤੇ ਘਟਨਾ ਵਾਲੀ ਥਾਂ ਤੋਂ ਕਿਸੇ ਵੀ ਚੱਲੇ ਹੋਏ ਕਾਰਤੂਸ ਦਾ ਨਾ ਮਿਲਣਾ ਹਨ। 

ਐਸਆਈਟੀ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਹਿਬਲ ਕਲਾਂ ਸਾਕੇ ਵਿਚ ਸ਼ਹੀਦ ਹੋਏ ਦੋ ਸਿੱਖਾਂ ਨੂੰ ਪੁਲਿਸ ਨੂੰ ਜਾਰੀ ਹੋਈ 7.62 ਐਮਐਮ ਗੱਨ ਤੋਂ ਗੋਲੀਆਂ ਮਾਰੀਆਂ ਗਈਆਂ ਸਨ। 

ਐਸਆਈਟੀ ਨੇ ਦਾਅਵਾ ਕੀਤਾ ਹੈ ਕਿ ਉਸ ਸਮੇਂ ਥਾਣਾ ਬਾਜਾਖਾਨਾ ਦੇ ਐਸਐਚਓ ਅਮਰਜੀਤ ਸਿੰਘ ਵਲੋਂ ਸੀਆਰਪੀਸੀ ਦੀ ਧਾਰਾ 161 ਅਧੀਨ ਉਸ ਸਮੇਂ ਦੇ ਐਸਐਸਪੀ ਚਰਨਜੀਤ ਸ਼ਰਮਾ, ਐਸ ਪੀ ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ ਗਏ ਸਨ। ਇਹਨਾਂ ਬਿਆਨਾਂ ਵਿਚ ਕਿਹਾ ਗਿਆ ਸੀ ਕਿ ਪੁਲਿਸ ਨੇ ਸਵੈ-ਰੱਖਿਆ ਵਿਚ ਗੋਲੀ ਚਲਾਈ। ਪਰ ਇਸ ਘਟਨਾ ਦੌਰਾਨ ਕਿਸੇ ਵੀ ਪੁਲਿਸ ਵਾਲੇ ਨੂੰ ਕੋਈ ਗੋਲੀ ਨਹੀਂ ਵੱਜੀ ਤੇ ਨਾ ਹੀ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ਤੋਂ ਕੋਈ ਅਸਲਾ ਹੀ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਘਟਨਾ ਸਥਾਨ ਤੋਂ ਕੋਈ ਖਾਲੀ ਕਾਰਤੂਸ ਵੀ ਨਹੀਂ ਮਿਲਿਆ। 

ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਬਹਿਬਲ ਕਾਂਡ ਵਿੱਚ ਧਰਨਾਕਾਰੀਆਂ ਵੱਲੋਂ ਪੁਲੀਸ ਦੇ ਵਾਹਨਾਂ ‘ਤੇ ਗੋਲੀਆਂ ਚਲਾਉਣ ਦੀ ਗੱਲ ਸਹੀ ਨਹੀਂ ਹੈ ਅਤੇ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਆਪਣਾ ਬਚਾਅ ਕਰਨ ਲਈ ਪੁਲੀਸ ਦੀਆਂ ਜਿਪਸੀਆਂ ‘ਤੇ ਪੁਲੀਸ ਅਧਿਕਾਰੀਆਂ ਨੇ ਹੀ ਗੋਲੀਆਂ ਚਲਾਈਆਂ ਸਨ। ਜਾਂਚ ਟੀਮ ਨੇ ਦਾਅਵਾ ਕੀਤਾ ਕਿ ਮੌਕੇ ‘ਤੇ ਤਾਇਨਾਤ ਪੁਲੀਸ ਕੋਲ ਸਰਕਾਰੀ ਅਸਲੇ ਤੋਂ ਇਲਾਵਾ ਨਿੱਜੀ ਅਸਲਾ ਵੀ ਮੌਜੂਦ ਸੀ ਅਤੇ ਜੋ ਗੋਲੀਆਂ ਪੁਲੀਸ ਦੀ ਜਿਪਸੀ ਵਿੱਚ ਵੱਜੀਆਂ ਸਨ, ਉਹ 12 ਬੋਰ ਰਾਈਫਲ ਨਾਲ ਮਾਰੀਆਂ ਗਈਆਂ ਸਨ।

ਵਿਸ਼ੇਸ਼ ਜਾਂਚ ਟੀਮ ਨੇ ਕਿਹਾ ਹੈ ਕਿ ਪੁਲਿਸ ਅਫਸਰਾਂ ਨੇ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਜਾਂਚ ਟੀਮ ਦਾ ਦਾਅਵਾ ਹੈ ਕਿ ਉਸ ਸਮੇਂ ਮੌਕੇ 'ਤੇ ਮੋਜੂਦ ਜੈਤੋ ਦੇ ਨਾਇਬ ਤਹਿਸੀਲਦਾਰ ਪ੍ਰਿਤਪਾਲ ਸਿੰਘ ਨੇ ਬਿਆਨ ਵਿਚ ਕਿਹਾ ਹੈ ਕਿ ਪੁਲਿਸ ਅਫਸਰਾਂ ਨੇ ਗੋਲੀ ਚਲਾਉਣ ਤੋਂ ਪਹਿਲਾਂ ਕੋਈ ਪ੍ਰਵਾਨਗੀ ਨਹੀਂ ਲਈ ਸੀ।