ਪੰਜਾਬ ਦੇ ਦਰਿਆਵਾਂ 'ਚ ਵਗਦਾ ਜ਼ਹਿਰ: ਅਪਰਬਾਰੀ ਦੁਆਬ ਵਿਚ ਵੱਡੀ ਗਿਣਤੀ 'ਚ ਮੱਛੀਆਂ ਮਰੀਆਂ

ਪੰਜਾਬ ਦੇ ਦਰਿਆਵਾਂ 'ਚ ਵਗਦਾ ਜ਼ਹਿਰ: ਅਪਰਬਾਰੀ ਦੁਆਬ ਵਿਚ ਵੱਡੀ ਗਿਣਤੀ 'ਚ ਮੱਛੀਆਂ ਮਰੀਆਂ
ਧਮਰਾਈ ਪੁਲ ਨੇੜੇ ਨਹਿਰ ਦੇ ਪਾਣੀ ਵਿੱਚ ਮਰੀਆਂ ਹੋਈਆਂ ਮੱਛੀਆਂ

ਗੁਰਦਾਸਪੁਰ: ਪੰਜਾਬ ਦੇ ਦਰਿਆਵਾਂ ਵਿਚੋਂ ਪਾਣੀ ਚੋਰੀ ਕਰਕੇ ਇਹਨਾਂ ਵਿਚ ਜ਼ਹਿਰ ਪਾਉਣ ਦਾ ਸਿਲਸਿਲਾ ਪੰਜਾਬ ਵਿਚ ਨਸਲਘਾਤ ਦਾ ਵੱਡਾ ਕਾਰਨ ਬਣ ਸਕਦਾ ਹੈ। ਭਾਵੇਂ ਕਿ ਆਏ ਦਿਨ ਜ਼ਹਿਰੀਲੇ ਪਾਣੀ ਨਾਲ ਹੋ ਰਹੀਆਂ ਜਲ ਜੀਵਾਂ ਦੀਆਂ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਕੋਈ ਸਾਰਥਕ ਕਾਰਵਾਈ ਨਜ਼ਰ ਨਹੀਂ ਆ ਰਹੀ, ਮਹਿਜ਼ ਬਿਆਨਬਾਜ਼ੀ ਨਾਲ ਸਾਰਿਆ ਜਾ ਰਿਹਾ ਹੈ। ਹੁਣ ਗੁਰਦਾਸਪੁਰ ਜ਼ਿਲ੍ਹੇ ਵਿਚ ਇਸ ਜ਼ਹਿਰੀਲੇ ਪਾਣੀ ਦਾ ਅਸਰ ਦੇਖਣ ਨੂੰ ਮਿਲਿਆ ਹੈ। 

ਧਮਰਾਈ ਪੁਲ ਤੋਂ ਲੰਘਦੀ ਅਪਰਬਾਰੀ ਦੁਆਬ ਨਹਿਰ, ਜੋ ਮਾਧੋਪੁਰ ਤੋਂ ਆਉਂਦੀ ਹੈ, ਵਿੱਚ ਜ਼ਹਿਰੀਲੇ ਪਦਾਰਥ ਕਾਰਨ ਵੱਡੀ ਗਿਣਤੀ ਵਿੱਚ ਮੱਛੀਆਂ ਮਰ ਗਈਆਂ। ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਮੱਛੀ ਦੇ ਠੇਕੇਦਾਰਾਂ ਨੇ ਦੇਖਿਆ ਕਿ ਨਹਿਰ ਦੇ ਪਾਣੀ ਵਿੱਚ ਕਾਫੀ ਜ਼ਿਆਦਾ ਝੱਗ ਹੈ ਅਤੇ ਪਾਣੀ ਵਿੱਚੋਂ ਕਾਫੀ ਬਦਬੂ ਵੀ ਆ ਰਹੀ ਸੀ। ਨਹਿਰ ਵਿੱਚ ਕੁਝ ਮੱਛੀਆਂ ਮਰੀਆਂ ਵੀ ਦੇਖੀਆਂ ਗਈਆਂ। ਸੂਚਨਾ ਮਿਲਣ ’ਤੇ ਨਹਿਰੀ ਵਿਭਾਗ ਦੇ ਐਕਸੀਅਨ ਜਗਦੀਸ਼ ਰਾਜ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਪਾਣੀ ਦੇ ਸੈਂਪਲ ਭਰੇ। ਇਹ ਸੈਂਪਲ ਮੋਹਾਲੀ ਲੈਬਾਰਟਰੀ ਭੇਜ ਦਿੱਤੇ ਗਏ ਹਨ।

ਹਲਾਂਕਿ ਐਕਸੀਅਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਪਾਣੀ ਜ਼ਹਿਰੀਲਾ ਹੋਣ ਕਾਰਨ ਕੋਈ ਮੱਛੀਆਂ ਮਰੀਆਂ ਹਨ। ਉਨ੍ਹਾਂ ਦੱਸਿਆ ਕਿ ਮਹਿਕਮੇ ਵੱਲੋਂ ਨਹਿਰ ਵਿੱਚ ਹੋਰ ਸਾਫ਼ ਪਾਣੀ ਛੱਡ ਦਿੱਤਾ ਗਿਆ ਹੈ ਤਾਂ ਕਿ ਇਸ ਨਹਿਰ ਤੋਂ ਆਲ਼ੇ ਦੁਆਲੇ ਦੇ ਪਿੰਡਾਂ ਤੋਂ ਪਾਣੀ ਪੀਣ ਵਾਲੇ ਪਸ਼ੂਆਂ ਦਾ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਪਤਾ ਨਹੀਂ ਚੱਲ ਪਾਇਆ ਕਿ ਇਸ ਝੱਗ ਦਾ ਕਾਰਨ ਕੀ ਹੈ। 

ਮੱਛੀ ਦੇ ਠੇਕੇਦਾਰ ਜਤਿੰਦਰ ਅਤੇ ਰਮਨ ਦੱਤ ਨੇ ਦੱਸਿਆ ਕਿ ਉਨ੍ਹਾਂ ਨਹਿਰੀ ਵਿਭਾਗ ਕੋਲੋਂ ਧਮਰਾਈ ਤੋਂ ਪੁਲ ਤਿੱਬੜੀ ਤੱਕ ਮੱਛੀ ਦਾ ਠੇਕਾ ਲਿਆ ਹੋਇਆ ਹੈ ਅਤੇ ਰੋਜ਼ਾਨਾ ਨਹਿਰ ਵਿੱਚੋਂ ਤੀਹ ਤੋਂ ਚਾਲੀ ਕਿੱਲੋ ਮੱਛੀ ਕੱਢਦੇ ਹਨ। ਪਾਣੀ ਜ਼ਹਿਰੀਲਾ ਹੋਣ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਇੱਥੋਂ ਥੋੜ੍ਹੀ ਦੂਰ ਪਿੰਡ ਫ਼ਰੀਦ ਨਗਰ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ ਦਾ ਪਾਣੀ ਨਹਿਰ ਵਿੱਚ ਆਉਣ ਕਾਰਨ ਇਹ ਪਾਣੀ ਦੂਸ਼ਿਤ ਹੋਇਆ ਹੈ। ਮੱਛੀ ਦੇ ਠੇਕੇਦਾਰਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਨਹਿਰ ਵਿੱਚੋਂ ਕਰੀਬ 25 ਕਿੱਲੋ ਦੇ ਕਰੀਬ ਮੱਛੀਆਂ ਮਰੀਆਂ ਮਿਲੀਆਂ ਹਨ।