ਹਿੰਮਤ ਸਿੰਘ ਵੱਲੋਂ ਬਾਦਲੀ-ਖਜ਼ਾਨੇ ਅੱਗੇ ‘ਹਿੰਮਤ’ ਹਾਰਨ ਦੇ ਕਾਰਨ?

ਹਿੰਮਤ ਸਿੰਘ ਵੱਲੋਂ ਬਾਦਲੀ-ਖਜ਼ਾਨੇ ਅੱਗੇ ‘ਹਿੰਮਤ’ ਹਾਰਨ ਦੇ ਕਾਰਨ?

ਤਰਲੋਚਨ ਸਿੰਘ ਦੁਪਾਲਪੁਰ
(ਸੰਪਰਕ 011-408-915-1268
tsdupalpuri0yahoo.com)

ਆਖਰ ਭਾਈ ਹਿੰਮਤ ਸਿੰਘ ਨੇ ਉਹੀ ਚੰਦ ਚਾੜ੍ਹ ਦਿੱਤਾ ਜਿਸ ਦਾ ਖਦਸ਼ਾ ਕੁਝ ਅਮਰੀਕਨ ਸਿੱਖ ਆਗੂਆਂ ਨੇ ਉਦੋਂ ਪ੍ਰਗਟਾਇਆ ਹੀ ਸੀ, ਜਦੋਂ ਮੈਂ ਉਨ੍ਹਾਂ ਨੂੰ ਇਹ ਦੱਸਿਆ ਕਿ ਬਾਦਲ ਗਰਦੀ ਦਾ ਸ਼ਿਕਾਰ ਹੋ ਕੇ ਬੇਰੁਜ਼ਗਾਰ ਬਣੇ ਸ੍ਰੀ ਅਕਾਲ ਤਖਤ ਦੇ ਗ੍ਰੰਥੀ ਸਿੰਘ ਭਾਈ ਹਿੰਮਤ ਸਿੰਘ ਨੇ ਮੈਥੋਂ ਮਾਇਕ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣੀ ਪਤਨੀ ਦੀ ਕੋਈ ਸਰਜਰੀ ਕਰਵਾ ਸਕੇ। ਪ੍ਰਵਾਸੀ ਸਿੱਖ ਦੋਸਤਾਂ ਨੇ ਸ਼ੱਕ ਜਤਾਉਂਦਿਆਂ ਕਿਹਾ ਸੀ ਕਿ ਹਾਲੇ ਕਾਹਲ ਨਾ ਕਰੀਏ। ਕੁਝ ਪੁੱਛ-ਪੜਤਾਲ ਕਰ ਲਈਏ।
ਅਸਲ ਵਿਚ ਜਦੋਂ ਭਾਈ ਹਿੰਮਤ ਸਿੰਘ ਦੇ ਵੱਡੇ ਭਾਈ ਗਿਆਨੀ ਗੁਰਮੁਖ ਸਿੰਘ ਜਥੇਦਾਰ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਨੇ ਜ਼ਮੀਰ ਦੀ ਅਵਾਜ਼ ਸੁਣਦਿਆਂ ਸੌਦਾ ਸਾਧ ਦੇ ਮੁਆਫ਼ੀਨਾਮਾ ਕਾਂਡ ਬਾਰੇ ਅੰਦਰਲਾ ਸੱਚ ਸਾਰੇ ਸਿੱਖ ਜਗਤ ਮੋਹਰੇ ਰੱਖ ਦਿੱਤਾ ਸੀ ਤਾਂ ਉਨ੍ਹਾਂ ਤੋਂ ਜਥੇਦਾਰੀ ਖੋਹਣ ਤੋਂ ਬਾਅਦ ਉਨ੍ਹਾਂ ਦੇ ਛੋਟੇ ਭਾਈ ਹਿੰਮਤ ਸਿੰਘ ‘ਤੇ ਵੀ ਬਾਦਲੀ ਗਾਜ਼ ਡਿੱਗ ਪਈ ਸੀ। ਬਾਦਲੀ ਧੌਂਸ ਤੋਂ ਦੁਖੀ ਹੋ ਕੇ ਉਨ੍ਹਾਂ ਸ੍ਰੀ ਅਕਾਲ ਤਖਤ ਦੇ ਗ੍ਰੰਥੀ ਵਾਲੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਬਸ ਉਦੋਂ ਤੋਂ ਹੀ ਉਹ ਮੇਰੇ ਸੰਪਰਕ ਵਿਚ ਆ ਗਏ ਸਨ। ਅਖ਼ਬਾਰਾਂ ਵਿਚ ਛਪਦੀਆਂ ਮੇਰੀਆਂ ਲਿਖਤਾਂ ਤੋਂ ਉਨ੍ਹਾਂ ਮੇਰਾ ਫੋਨ ਨੰਬਰ ਲੈ ਕੇ ਮੈਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚਲੀਆਂ ਅਜੋਕੀਆਂ ‘ਭੇਤ ਵਾਲੀਆਂ’ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ।
ਉਨ੍ਹਾਂ ਹੀ ਮੈਨੂੰ ਦੱਸਿਆ ਕਿ ਮੈਂ ਰਣਜੀਤ ਸਿੰਘ ਕਮਿਸ਼ਨ ਮੋਹਰੇ ਪੇਸ਼ ਹੋ ਕੇ ਬਰਗਾੜੀ ਕਾਂਡ ਬਾਰੇ ਬਹੁਤ ਸਾਰਾ ਸੱਚ ਦੱਸਣਾ ਚਾਹੁੰਦਾ ਹਾਂ। ਕਈ ਗੱਲਾਂ ਮੈਨੂੰ ਫੋਨ ਤੇ ਦੱਸਦਿਆਂ ਉਨ੍ਹਾਂ ਮੈਨੂੰ ਆਜਜ਼ੀ ਨਾਲ ਕਿਹਾ ਕਿ ਤੁਸੀਂ ਲੇਖ ਵਗੈਰਾ ਸੋਹਣੇ ਲਿਖ ਲੈਂਦੇ ਹੋ, ਇਸ ਕਰਕੇ ਮੇਰੀਆਂ ਇਹ ਸਾਰੀਆਂ ਗੱਲਾਂ ਲਿਖ ਕੇ ਮੈਨੂੰ ਭੇਜ ਦਿਓ ਤਾਂ ਕਿ ਮੈਂ ਲਿਖਤ ਸਮੱਗਰੀ ਜਸਟਿਸ ਰਣਜੀਤ ਸਿੰਘ ਕਮਸ਼ਿਨ ਨੂੰ ਸੌਂਪ ਦਿਆਂ। ਪਰ ਮੈਂ ਅਸਮਰੱਥਾ ਜ਼ਾਹਰ ਕਰਦਿਆਂ ਕਿਹਾ ਕਿ ਤੁਸੀਂ ਇਹ ਜਾਣਕਾਰੀ ਜ਼ੁਬਾਨੀ ਕਲਾਮੀ ਵੀ ਦੱਸ ਸਕਦੇ ਹੋ। ਕਮਿਸ਼ਨ ਵਾਲੇ ਆਪੇ ਰਿਕਾਰਡ ਕਰ ਲੈਣਗੇ।
ਇਸੇ ਦੌਰਾਨ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੇਰੇ ਛੋਟੇ-ਛੋਟੇ ਬੱਚੇ ਹਨ, ਪਰਿਵਾਰ ਦੇ ਨਿਰਬਾਹ ਲਈ ਮੈਂ ਧਾਰਮਿਕ ਵਸਤਾਂ ਦੀ ਇਕ ਛੋਟੀ ਜਿਹੀ ਦੁਕਾਨ ਪਾ ਲਈ ਹੈ। ਉਨ੍ਹਾਂ ਦੇ ਇਸ ਉਦਮ ਦੀ ਸ਼ਲਾਘਾ ਹਿੱਤ ਮੈਂ ਵਿਦੇਸ਼ਾਂ ਦੀਆਂ ਸਭ ਪੰਜਾਬੀ ਅਖ਼ਬਾਰਾਂ ਵਿਚ ਇਹ ਵਿਸ਼ੇਸ਼ ਲੇਖ ਛਪਵਾਇਆ ਕਿ ਬਾਦਲਸ਼ਾਹੀ ਦੇ ਸਤਾਏ ਸ੍ਰੀ ਅਕਾਲ ਤਖਤ ਦੇ ਗ੍ਰੰਥੀ ਨੇ ਖੋਲ੍ਹੀ ਦੁਕਾਨ। ਇਸ ਦੀਆਂ ਕਟਿੰਗਾਂ ਦੇਖ ਕੇ ਉਹ ਮੇਰੇ ਬੜੇ ਸ਼ੁਕਰਗੁਜ਼ਾਰ ਹੋਏ ਅਤੇ ਆਪਣੇ ਵੱਡੇ ਭਾਈ ਗਿਆਨੀ ਗੁਰਮੁਖ ਸਿੰਘ ਨਾਲ ਵੀ ਮੇਰੀ ਗੱਲਬਾਤ ਕਰਾਉਣੀ ਸ਼ੁਰੂ ਕਰ ਦਿੱਤੀ।
ਫਿਰ ਇਕ ਦਿਨ ਉਨ੍ਹਾਂ ਕੁਝ ਬਾਦਲ ਦਲੀਏ ਆਗੂਆਂ ਦਾ ਨਾਂ ਲੈਂਦਿਆਂ ਕਿਹਾ ਕਿ ਇਹ ਮੇਰੇ ‘ਤੇ ਦਬਾਅ ਪਾ ਰਹੇ ਹਨ ਕਿ ਮੈਂ ਰਣਜੀਤ ਸਿੰਘ ਕਮਿਸ਼ਨ ਨੂੰ ਨਾ ਮਿਲਾਂ। ਭਾਈ ਜੀ ਨੇ ਮੈਨੂੰ ਡਰਦਿਆਂ ਇਹ ਵੀ ਕਿਹਾ ਕਿ ਤੁਸੀਂ ਮੈਨੂੰ ਰਾਤ 10 ਵਜੇ ਤੋਂ ਬਾਅਦ ਸਿਰਫ਼ ਵਟਸਅੱਪ ਰਾਹੀਂ ਕਾਲ ਕਰਿਆ ਕਰੋ, ਕਿਉਂਕਿ ਮੇਰੇ ਸਿੱਧੇ ਫੋਨ ਰਿਕਾਰਡ ਕੀਤੇ ਜਾ ਰਹੇ ਹਨ। ਹਰ ਤੀਜੇ-ਚੌਥੇ ਦਿਨ ਸ਼੍ਰੋਮਣੀ ਕਮੇਟੀ ਵਿਚ ਹੋ ਰਹੀਆਂ ਬਾਦਲੀ ਧਾਂਦਲੀਆਂ ਵਟਸਅੱਪ ਰਾਹੀਂ ਭੇਜਦਿਆਂ ਇਕ ਦਿਨ ਉਨ੍ਹਾਂ ਮੈਨੂੰ ਦੱਸਿਆ ਕਿ ਬਾਦਲ ਦਲ ਦੇ ਕੁਝ ਧੱਕੜ ਆਗੂਆਂ ਤੋਂ ਡਰਦਾ ਮੈਂ ਰੂਪੋਸ਼ ਹੋ ਗਿਆ ਹਾਂ ਅਤੇ ਮੈਂ ਇਕ ਸੱਜਣ ਰਾਹੀਂ ਰੰਧਾਵਾ ਸਾਹਿਬ ਨਾਲ ਸੰਪਰਕ ਬਣਾ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਪਹੁੰਚਣ ਦੀ ਵੀ ਗੱਲ ਕੀਤੀ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਉਸ ਦੇ ਰੋਸ ਵਜੋਂ ਇਕੱਤਰ ਹੋਈ ਸੰਗਤ ‘ਤੇ ਬਾਦਲ ਹਕੂਮਤ ਵਲੋਂ ਗੋਲੀਆਂ ਚਲਾਉਣ ਤੋਂ ਬੇਹੱਦ ਦੁਖੀ ਹੋ ਕੇ ਮੈਨੂੰ ਰੋਹ ਨਾਲ ਦੱਸਦੇ ਕਿ ਮੈਂ ਗੁਰੂ ਦਾ ਨਿਮਾਣਾ ਸਿੱਖ ਹੋਣ ਸਦਕਾ ਕਮਿਸ਼ਨ ਮੋਹਰੇ ਹਰਗਿਜ਼ ਪੇਸ਼ ਹੋਵਾਂਗਾ।
ਇਸ ਮੌਕੇ ਮੈਂ ਉਨ੍ਹਾਂ ਨੂੰ ਆਪਣੀ ਹੱਡਬੀਤੀ ਸੁਣਾਉਂਦਿਆਂ ਸੁਚੇਤ ਕੀਤਾ ਕਿ ਬਾਦਲ ਦਲ ਤੋਂ ਕਿਨਾਰਾ ਕਰਨ ਉਪਰੰਤ ਮੈਨੂੰ ਬਹੁਤ ਮੋਟੇ ਗੱਫਿਆਂ ਦੀ ਪੇਸ਼ਕਸ਼ ਹੋਈ ਸੀ। ਸੋ ਭਾਈ ਤੁਸੀਂ ਵੀ ਜੇ ਸੱਚ-ਨਿਆਂ ‘ਤੇ ਖੜ੍ਹਨਾ ਹੈ ਤਾਂ ਬਾਦਲੀ ਗੱਫਿਆਂ ਜਾਂ ਧੱਕੜ ਹੱਲਿਆਂ ਤੋਂ ਅਲਰਟ ਰਹਿਓ। ਖ਼ੈਰ, ਕਮਿਸ਼ਨ ਕੋਲ ਜਾਣ ਤੋਂ ਬਾਅਦ ਉਨ੍ਹਾਂ ਮੈਨੂੰ ਦੱਸਿਆ ਕਿ ਮੈਂ ਜਸਟਿਸ ਰਣਜੀਤ ਸਿੰਘ ਨੂੰ ਖੋਲ੍ਹ ਕੇ ਗੱਲਾਂ ਦੱਸੀਆਂ ਤਾਂ ਉਸ ਸਿੱਖ ਜੱਜ ਹੈਰਾਨ ਹੁੰਦਿਆਂ ਕਈ ਵਾਰ ਪੈਨ ਮੂੰਹ ਵਿਚ ਲੈ ਕੇ ਸੋਚੀਂ ਪੈ ਜਾਂਦਾ ਅਤੇ ਬਹੁਤ ਦੁਖੀ ਹੋ ਕੇ ਕਹਿੰਦਾ ਕਿ ਜਿਸ ਅਸਥਾਨ ‘ਤੇ ਦੁਨੀਆ ਭਰ ਦੇ ਸਿੱਖ ਸ਼ਰਧਾਲੂ ਸੀਸ ਨਿਵਾਉਣ ਆਉਂਦੇ ਹਨ, ਉਥੋਂ ਦੇ ਧਾਰਮਿਕ ਆਗੂ ਏਨੇ ਗਏ ਗੁਜ਼ਰੇ ਅਤੇ ਸਿਆਸੀ ਲੋਕਾਂ ਦੇ ਗੁਲਾਮ ਬਣੇ ਹੋਏ ਨੇ?
ਫਿਰ ਕੁਝ ਦਿਨ ਬਾਅਦ ਹੀ ਭਾਈ ਹਿੰਮਤ ਸਿੰਘ ਨੇ ਮੈਥੋਂ ਮਾਇਕ ਮਦਦ ਦੀ ਮੰਗ ਕੀਤੀ ਕਿ ਅਖੇ ਮੇਰੀ ਪਤਨੀ ਦੇ ਰਸੌਲੀਆਂ ਹਨ, ਜਿਸ ਦਾ ਅਪ੍ਰੇਸ਼ਨ ਕਰਵਾਉਣਾ ਪੈਣਾ ਹੈ। ਇਹ ਮੰਗ ਮੈਂ ਕੁਝ ਅਮਰੀਕਨ ਸਿੱਖ ਆਗੂਆਂ ਨਾਲ ਸਾਂਝੀ ਕੀਤੀ, ਜਿਨ੍ਹਾਂ ਨੇ ਕਈ ਤਰ੍ਹਾਂ ਦੀ ਸ਼ੰਕਾ ਪ੍ਰਗਟਾਉਂਦਿਆਂ ਕੁਝ ਸਮਾਂ ਹੋਰ ਦੇਖਣ ਦੀ ਸਲਾਹ ਦਿੱਤੀ। ਆਪਣੇ ਭਰਾ ਦੇ ਮੋਹ ਵਿਚ ਗਿਆਨੀ ਗੁਰਮੁਖ ਸਿੰਘ ਜੀ ਨੇ ਵੀ ਮੈਨੂੰ ਪ੍ਰੇਮ ਨਾਲ ਭਾਈ ਹਿੰਮਤ ਸਿੰਘ ਦੀ ਮਦਦ ਕਰਨ ਲਈ ਆਖਿਆ।
ਹਾਲੇ ਅਸੀਂ ਭਾਈ ਜੀ ਦੀ ਮਦਦ ਕਰਨ ਬਾਰੇ ਕੋਈ ਸਲਾਹਾਂ ਹੀ ਕਰ ਰਹੇ ਸਾਂ ਕਿ ਸ੍ਰੀ ਬਾਦਲ ਵੇਲੇ ਮੁੱਖ ਮੰਤਰੀ ਨਿਵਾਸ ਵਿਚ ਹੋਈਆਂ ਅੰਦਰੂਨੀ ਗੱਲਾਂ ਪ੍ਰੈਸ ਨੂੰ ਦੱਸ ਕੇ ਬਾਦਲਾਂ ਨੂੰ ਛੱਜ ਵਿਚ ਛਟਣ ਵਾਲੇ ਗਿਆਨੀ ਗੁਰਮੁਖ ਸਿੰਘ ਹੁਰਾਂ ਬਾਰੇ ਖ਼ਬਰ ਆ ਗਈ ਕਿ ਉਹ ਬਾਦਲੀ-ਕ੍ਰਿਪਾ ਦੇ ਪਾਤਰ ਬਣਦਿਆਂ ਮੁੜ ਸ੍ਰੀ ਅਕਾਲ ਤਖਤ ਦੇ ਹੈਡ ਗ੍ਰੰਥੀ ਵਜੋਂ ਆ ਬਿਰਾਜੇ ਹਨ। ਸੱਤ-ਅੱਠ ਕੁ ਸਾਲ ਦੇ ਆਪਣੇ ਸ਼੍ਰੋਮਣੀ ਕਮੇਟੀ ਮੈਂਬਰੀ ਦੇ ਕਾਲ ਦੌਰਾਨ ਅਜਿਹੀਆਂ ਅਦਲਾ-ਬਦਲੀਆਂ ਨੇੜਿਓਂ ਦੇਖੀਆਂ ਹੋਣ ਕਾਰਨ ਮੈਂ ਹੈਰਾਨ-ਪ੍ਰੇਸ਼ਾਨ ਤਾਂ ਬਹੁਤ ਹੋਇਆ ਪਰ ਗਿਆਨੀ ਜੀ ਜਾਂ ਉਨ੍ਹਾਂ ਦੇ ਭਾਈ ਨੂੰ ਫੋਨ ਕਰਨ ਲਈ ਮੇਰਾ ਦਿਲ ਨਾ ਕੀਤਾ। ਉਦੋਂ ਈ ਪਤਾ ਲੱਗਾ ਜਦੋਂ ਬੇਰੁਜ਼ਗਾਰੀ ਦੇ ਮਾਰੇ ਭਾਈ ਹਿੰਮਤ ਸਿੰਘ ਵਲੋਂ ਬਾਦਲੀ-ਖਜ਼ਾਨੇ ਅੱਗੇ ਹਿੰਮਤ ਹਾਰਨ ਦੀਆਂ ਖ਼ਬਰਾਂ ਮੇਰੇ ਵਰਗਿਆਂ ਦਾ ਮੂੰਹ ਚਿੜਾਉਣ ਲੱਗ ਪਈਆਂ।