ਸਿੱਖ ਕੌਮ ਗਿਆਨ ਨਾਲ ਜੁੜੇ

ਸਿੱਖ ਕੌਮ ਗਿਆਨ ਨਾਲ ਜੁੜੇ

ਸੁਖਦੇਵ ਸਿੰਘ ਬਾਂਸਲ

ਮਨੁੱਖਤਾ ਦੇ ਇਤਿਹਾਸ ਅੰਦਰ ਕੁੱਲ ਦੁਨੀਆ ਨੂੰ ਇੱਕੋ ਲੜੀ ਵਿੱਚ ਪ੍ਰੋਣ ਲਈ ਧਾਰਮਿਕ ਖੇਤਰ ਅੰਦਰ ਸਾਡੇ ਗੁਰੂਆਂ ਨੇ ਜੋ ਪਹਿਲ ਕੀਤੀ ਸੀ, ਸਿੱਖ ਜਗਤ ਸੰਸਾਰ ਨੂੰ ਇਸ ਸਾਂਝੀਵਾਲਤਾ ਦਾ ਗਿਆਨ ਕਰਵਾਉਣ ਵਿੱਚ ਸਫ਼ਲ ਨਹੀਂ ਹੋ ਸਕਿਆ, ਸਗੋਂ ਦਿਨ ਪ੍ਰਤੀਦਿਨ ਆਪਸ ਵਿੱਚ ਪਾਟਦੇ ਤੁਰਿਆ ਜਾਂਦਾ ਹੈ। ਇਸ ਦੇ ਕੀ ਕਾਰਨ ਹਨ? ਸਿੱਖੀ ਆਪਣੇ ਅਸਲੀ ਗੁਣਾਂ ਨੂੰ ਤਿਆਗ ਕੇ ਦਿਖਾਵਾ ਤੇ ਸ਼ੋਹਰਤ ਪ੍ਰਾਪਤ ਕਰਨ ਦਾ ਸਾਧਨ ਬਣਦੀ ਜਾ ਰਹੀ ਹੈ। ਸਿੱਖੀ ਅੰਧ ਵਿਸ਼ਵਾਸ ਤੇ ਝੂਠ ਦੇ ਖਿਲਾਫ਼ ਬਗ਼ਾਵਤ ਸੀ। ਸਿੱਖੀ ਜ਼ੁਲਮ ਤੇ ਸਿਤਮ ਦੇ ਖ਼ਿਲਾਫ਼ ਲੜਨ ਵਾਲੀ ਆਜ਼ਾਦ ਤਬੀਅਤ ਦੀ ਮਾਲਕਣ ਸੀ ਪਰ ਅੱਜ ਧਰਮ ਅੰਦਰ ਰਾਜਨੀਤੀ ਦੇ ਦਖ਼ਲ ਨੇ ਸਿੱਖੀ ਧਰਮ ਨੂੰ ਕੁਝ ਰਾਜਨੀਤਕਾਂ ਦੀ ਪੇਟ-ਪ੍ਰਸਤੀ ਦਾ ਸਾਧਨ ਬਣਾ ਕੇ ਰੱਖ ਦਿੱਤਾ ਹੈ। ਰਾਜਨੀਤਕ ਲੋਕ ਚਾਹੇ ਉਹ ਟੌਹੜਾ ਹੋਵੇ ਜਾਂ ਬਾਦਲ, ਸਾਡੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਦੀ ਆਪਣੀ ਕੁਰਸੀ ਬਚਾਉਣ ਲਈ ਵਰਤੋਂ ਕਰਨਾ ਉਹ ਦਾਹੜੀ ਤੇ ਪੱਗ ਰੱਖਣ ਬਦਲੇ ਸਿੱਖ ਧਰਮ ਤੋਂ ਟੈਕਸ ਵਸੂਲ ਕਰਨ ਦੇ ਸਮਾਨ ਸਮਝਦੇ ਹਨ। ਇਹ ਬਿਮਾਰੀ ਅਕਾਲ ਤਖ਼ਤ ਤੋਂ ਸ਼ੁਰੂ ਹੋ ਕੇ ਲੱਗਭੱਗ ਹਰ ਗੁਰਦੁਆਰੇ ਅੰਦਰ ਪਰਵੇਸ਼ ਕਰ ਚੁੱਕੀ ਹੈ।
ਨਿਮਰਤਾ ਤੇ ਸੇਵਾ-ਭਾਵ ਅੰਮ੍ਰਿਤਧਾਰੀ ਦੇ ਗੁਣ ਸਮਝੇ ਜਾਂਦੇ ਸਨ, ਪਰ ਅੱਜ ਇਹ ਲੋਕ ਗ਼ੈਰ-ਅੰਮ੍ਰਿਤਧਾਰੀ ਨੂੰ ਹੰਕਾਰ ਥੱਲੇ ਘਟੀਆ ਇਨਸਾਨ ਸਮਝਣ ਲੱਗ ਪਏ ਹਨ। ਜਦੋਂ ਕਿ ਬਹੁਤੀ ਦਫ਼ਾ ਸੱਚਾਈ ਐਸੀ ਨਹੀਂ ਹੁੰਦੀ। ਭਾਵੇਂ ਅਨੰਦਪੁਰ ਸਾਹਿਬ ਦੀ ਲਲਕਾਰ ਵੇਲੇ ਮੁਸ਼ਕਲ ਨਾਲ ਪੰਜ ਹੀ ਨਿਤਰੇ ਸਨ, ਪਰ ਅੱਜ ਬਹੁਗਿਣਤੀ ਆਪਣੇ ਸਵੈ-ਸਨਮਾਨ ਤੇ ਸ਼ੋਹਰਤ ਲਈ ਦਿਖਾਵਾ ਕਰਨ ਵੱਲ ਜੁਟੀ ਹੋਈ ਹੈ ਤੇ ਨਿਸੰਗ ਹੋ ਕੇ ਧਰਮ ਦੀ ਰਾਜਨੀਤੀ ਲਈ ਵਰਤੋਂ ਕਰ ਰਹੀ ਹੈ।
ਇਹਨਾਂ ਦੀ ਰਾਜਨੀਤੀ ਦਾ ਪ੍ਰਚਾਰ ਵੀ ਮਨੁੱਖਤਾ ਨੂੰ ਇੱਕ ਕਰਨ ਵਾਲਾ ਨਹੀਂ ਹੈ, ਸਗੋਂ ਛੋਟੀ ਦ੍ਰਿਸ਼ਟੀ ਵਾਲੀ ਭਰਾ ਮਾਰੂ ਜੰਗ ਹੈ। ਭਾਵੇਂ ਸਿੱਖ ਸਿਧਾਂਤਾਂ ਨੂੰ ਲੈ ਕੇ ਹੀ ਯੂਰਪ ਆਪਣੀ ਯੂਨੀਅਨ ਬਣਾ ਕੇ ਅੱਗੇ ਵੱਧ ਰਿਹਾ ਹੈ।
ਭਾਰਤ ਦੇ ਆਜ਼ਾਦੀ ਦਿਵਸ ਤੇ ਕਈ ਲੋਕ ਅੰਬੈਸੀ ਅੱਗੇ ਨਾਅਰੇ ਲਾਉਂਦੇ ਤਾਂ ਦੇਖੇ ਜਾ ਸਕਦੇ ਹਨ, ਪਰ ਕੋਈ ਇਹ ਦੱਸਣ ਦੀ ਤਕਲੀਫ਼ ਨਹੀਂ ਕਰ ਰਿਹਾ ਕਿ ਦੇਸ ਦਾ ਵਿਧਾਨ ਬਣਾਉਣ ਵਾਲਿਆਂ ਨੇ ਵੱਖ-ਵੱਖ ਬੋਲੀਆਂ ਤੇ ਜਾਤਾਂ ਦੇ ਲੋਕਾਂ ਨੂੰ ਇੱਕੋ ਲੜੀ ਵਿੱਚ ਪਰੋਣ ਲਈ ਗੁਰੂਆਂ ਦੇ ਦਿੱਤੇ ਸਿਧਾਂਤਾਂ ਦੀ ਵਰਤੋਂ ਕਰਕੇ ਹੀ ਦੇਸ ਨੂੰ ਇੱਕਮੁੱਠ ਕਰਨ ਵਿੱਚ ਕਾਮਯਾਬ ਹੋਏ ਹਨ। ਵਰਨਾ ਮਨੂੰਵਾਦ ਦੇਸ ਨੂੰ ਇਕਮੁੱਠ ਕਦੇ ਵੀ ਨਹੀਂ ਸੀ ਕਰ ਸਕਦਾ।
ਇਹ ਸਾਂਝੀਵਾਲਤਾ ਦਾ ਵਿਧਾਨ ਵਿੱਚ ਪਾਇਆ ਸਿਧਾਂਤ ਗੁਰੂਆਂ ਦੀ ਦੇਣ ਹੈ। ਜਿੰਨੀ ਦੇਰ ਇਹ ਦੇਸ ਇਹਨਾਂ ਸਿਧਾਂਤਾਂ ‘ਤੇ ਪਹਿਰਾ ਦੇਵੇਗਾ, ਚੜ•ਦੀ ਕਲਾ ਵੱਲ ਤੁਰਿਆ ਜਾਵੇਗਾ। ਦੇਸ ਨੂੰ ਦੱਸਣ ਦੀ ਲੋੜ ਸੀ ਕਿ ਇਹ ਗੁਰੂਆਂ ਦੀ ਸਿੱਖਿਆ ਵਿੱਚੋਂ ਉਪਜੀ ਆਜ਼ਾਦ ਤਬੀਅਤ ਹੀ ਸੀ ਜੋ ਮੁਲਕ ਦੀ ਗ਼ੁਲਾਮੀ ਨੂੰ ਦੂਰ ਕਰਨ ਲਈ ਪਰਵਾਨੇ ਬਣ ਕੇ ਜਲੀ ਸੀ।
ਭਾਰਤ ਦੇ ਹਿੰਦੂ ਨੂੰ ਸਿੱਖ ਨਾਲ ਈਰਖਾ ਹੋ ਸਕਦੀ ਹੈ, ਕਿਉਂਕਿ ਇੰਨੇ ਘੱਟ-ਗਿਣਤੀ ਵਿੱਚ ਹੁੰਦਿਆਂ ਹੋਇਆਂ ਵੀ ਗੁਰੂ ਦੀ ਕਿਰਪਾ ਨਾਲ ਸਿੱਖੀ ਨੂੰ ਬੜਾ ਮਾਣ ਤੇ ਸਤਿਕਾਰ ਮਿਲਿਆ ਹੈ। ਈਰਖਾ ਆਪਣੇ ਸਕੇ-ਭਰਾਵਾਂ ਵਿੱਚ ਵੀ ਹੁੰਦੀ ਹੈ। ਇਹੋ ਜਿਹੀਆਂ ਬੁਰਾਈਆਂ ਜੀਵਨ ਦਾ ਅਟੁੱਟ ਅੰਗ ਹਨ, ਪਰ ਭਾਰਤ ਦੇਸ ਗੁਰੂ ਸਿਧਾਂਤਾਂ ਨੂੰ ਤਿਲਾਂਜਲੀ ਨਹੀਂ ਦੇ ਸਕਦਾ। ਇਹ ਸਿਧਾਂਤ ਹੀ ਇਸ ਦੀ ਮੁਕਤੀ ਦਾ ਮਾਰਗ ਹਨ। ਜਿੱਥੇ ਸਭ ਨੂੰ ਬਰਾਬਰ ਦੇ ਅਧਿਕਾਰ ਮਿਲਦੇ ਹਨ। ਇਸ ਸਿਧਾਂਤ ਸਾਹਮਣੇ ਸਭ ਰਾਜੇ ਰਾਜ ਕਰਨ ਵਾਲੇ ਸਮਾਪਤ ਹੋ ਚੁੱਕੇ ਹਨ। ਮਿਲ ਜੁਲ ਕੇ ਹੀ ਸਭ ਰਾਜਨੀਤਕ ਤਾਕਤ ਵਰਤਣ ਦਾ ਸਮਾਂ ਆ ਗਿਆ ਹੈ। ਗੁਰੂ ਸਿਧਾਂਤ ਸਿਰਫ਼ ਸਿੱਖਾਂ ਦੀ ਹੀ ਨਹੀਂ, ਹਿੰਦੂਆਂ ਦੀ ਵੀ ਵਿਰਾਸਤ ਹਨ। ਸਿਰਫ਼ ਭਾਰਤ ਨੇ ਹੀ ਨਹੀਂ ਔੜਕ ਨੂੰ ਕੁੱਲ ਸੰਸਾਰ ਦੇ ਲੋਕਾਂ ਨੇ ਹੀ ਇਹਨਾਂ ਸਿਧਾਂਤਾਂ ਦੀ ਪਾਲਣਾ ਕਰਨੀ ਹੈ।
ਅਕਸਰ ਇਹ ਨਾਅਰਾ ਲਾਇਆ ਜਾਂਦਾ ਹੈ ਕਿ ਅਸੀਂ ਘੱਟ-ਗਿਣਤੀ ਵਿੱਚ ਹਾਂ। ਸਾਡੀ ਹੋਂਦ ਨੂੰ ਖ਼ਤਰਾ ਹੈ। ਅਸੀਂ ਹਿੰਦੂਆਂ ਦੀ ਬਹੁਗਿਣਤੀ ਵਿੱਚ ਖੁਰ ਜਾਵਾਂਗੇ। ਸਾਨੂੰ ਆਪਣੀ ਹੋਂਦ ਪ੍ਰਤੀ ਸਪੱਸ਼ਟ ਹੋਣ ਦੀ ਲੋੜ ਹੈ।
ਸਿੱਖੀ ਅੰਦਰ ਸਵੈ-ਪੜਚੋਲ ਨੂੰ ਜ਼ਰੂਰੀ ਹੀ ਨਹੀਂ ਆਖਿਆ ਗਿਆ, ਸਗੋਂ ਪਰਮਾਤਮਾ ਤੱਕ ਪਹੁੰਚਣ ਦਾ ਮਾਰਗ ਆਖਿਆ ਗਿਆ ਹੈ। ਅਸੀਂ ਧਾਰਮਿਕ ਪ੍ਰਚਾਰ ਕਰਦੇ ਹੋਏ ਬਾਣੀ ਨੂੰ ਸਵੇਰੇ ਸ਼ਾਮ ਪੜ•ਨਾ ਜ਼ਰੂਰੀ ਆਖਦੇ ਹਾਂ। ਹਰ ਗੱਲ ਦੀ ਵਿਆਖਿਆ ਕਰਨ ਲੱਗਿਆਂ ਗੁਰੂ ਗੰ੍ਰਥ ਸਾਹਿਬ ਜੀ ‘ਚੋਂ ਬਾਣੀ ਦੀਆਂ ਤੁਕਾਂ ਦਾ ਵੀ ਢੇਰ ਲਗਾ ਦਿੰਦੇ ਹਾਂ। ਕਈ ਪ੍ਰਚਾਰਕ ਮੌਕੇ ਅਨੁਸਾਰ ਤੇ ਆਪਣੀ ਬੁੱਧੀ ਅਨੁਸਾਰ ਬਾਣੀ ਦਾ ਪ੍ਰਯੋਗ ਵੀ ਕਰ ਲੈਂਦੇ ਹਨ। ਇਸ ਨੂੰ ਗਲਤ ਤਾਂ ਨਹੀਂ ਆਖਿਆਜਾ ਸਕਦਾ, ਪਰ ਇਸ ਨੂੰ ਧਰਮ ਸਮਝ ਲੈਣਾ ਬੜੀ ਵੱਡੀ ਭੁੱਲ ਹੋਵੇਗੀ।
ਧਿਆਨਪੂਰਵਕ ਬਾਣੀ ਪੜ•ਨ ਨਾਲ ਮਨ ਨੂੰ ਇਕਾਗਰ ਕਰਨ ਦੀ ਜਾਂਚ ਆਉਂਦੀ ਹੈ। ਗੁਰੂਆਂ ਨੇ ਪੰਜੇ ਬਾਣੀਆਂ ਨਿੱਤ ਪੜ•ਨ ਦਾ ਹੁਕਮ ਦਿੱਤਾ ਸੀ। ਇਹ ਇੱਕ ਸਿੱਖ ਦੇ ਮਨ ਨੂੰ ਇਕਾਗਰ ਕਰਨ ਤੇ ਗਿਆਨਪੂਰਵਕ ਬਣਾਉਣ ਦੀ ਵਿਧੀ ਸੀ। ਅੱਜ ਲੱਗਭੱਗ ਹਰ ਬੱਚਾ ਸਕੂਲ ਪੜ•ਾਈ ਕਰਨ ਜਾਂਦਾ ਹੈ। ਉਸ ਨੂੰ ਵੀ ਪਾਸ ਹੋਣ ਲਈ ਮਨ ਇਕਾਗਰ ਕਰਕੇ ਪੜ•ਾਈ ਕਰਨੀ ਪੈਂਦੀ ਹੈ, ਪਰ ਧਾਰਮਿਕ ਖੇਤਰ ਅੰਦਰ ਇਸ ਤੋਂ ਅੱਗੇ ਸਿੱਖ ਦੀ ਯਾਤਰਾ ਸਿਰਫ਼ ਬਾਣੀ ਪੜ•ਨਾ ਹੀ ਕਾਫ਼ੀ ਨਹੀਂ ਹੈ, ਇਸ ਇਕਾਗਰ ਹੋਏ ਮਨ ‘ਤੇ ਧਿਆਨ ਨੂੰ ਸਵੈ-ਪੜਚੋਲ ਲਈ ਵਰਤਣਾ ਹੈ। ਹੁਣ ਸੰਸਾਰ ਨੂੰ ਕਰਤਾ ਪੁਰਖ ਕਿਵੇਂ ਚਲਾ ਰਿਹਾ ਹੈ।
ਸਾਡੇ ਮਨ ਅੰਦਰ ਕਿਸ ਤਰ•ਾਂ ਦੀਆਂ ਖਿਆਲੀ ਤਰੰਗਾਂ ਉੱਠ ਰਹੀਆਂ ਹਨ ਤੇ ਉਹਨਾਂ ਦੇ ਉੱਠਣ ਦੇ ਕੀ ਕਾਰਨ ਹਨ। ਇਸ ਸਭ ਕਿਰਿਆ ਦਾ ਦ੍ਰਿਸ਼ਟਾ ਹੋਣਾ ਹੈ। ਭਾਵ ਹੁਣ ਆਪ ਕਰਤਾ ਨਹੀਂ ਬਣਨਾ। ਬਾਣੀ ਪੜ•ਨਾ, ਪਾਠ ਕਰਨਾ ਕੁਝ ਕਰਨਾ ਹੈ। ਹੁਣ ਸਭ ਕਾਰਜ ਤੇ ਸਭ ਸੰਸਾਰਿਕ ਪਕੜ ਤਿਆਗ ਕੇ ਗਹਿਰੇ ਧਿਆਨ-ਪੂਰਵਕ ਦ੍ਰਿਸ਼ਟਾ ਹੋਣਾ ਅਗਲਾ ਮਾਰਗ ਹੈ। ਇੱਥੇ ਕਰਤਾ ਪੁਰਖ ਦੇ ਕਾਰਜਾਂ ਨੂੰ ਹੁੰਦਿਆਂ ਦੇਖਣਾ ਜੀਵਨ ਸਰੋਤ ਨਾਲ ਜੁੜਨਾ ਹੈ। ਇਹਨਾਂ ਸਰੋਤਾਂ ਦਾ ਨਾਮ ਗਿਆਨ ਹੈ, ਜੋ ਮਨੁੱਖ ਦਾ ਅਸਲੀ ਧਰਮ ਹੈ। ਗੁਰੂ ਗਿਆਨ ਦੱਸਦਾ ਹੈ ਕਿ ਮਨੁੱਖ ਦਾ ਅਸਲੀ ਧਰਮ ਗਿਆਨ ਹੈ।
ਸੰਸਾਰ ਦੇ ਸਭ ਧਰਮੀ ਆਪਣੇ-ਆਪਣੇ ਧਾਰਮਿਕ ਗੰ੍ਰਥ ਤੇ ਵਿਚਾਰਾਂ ਨੂੰ ਜੱਫੇ ਪਾਈ ਫਿਰਦੇ ਹਨ। ਇਹ ਜੱਫੇ ਪਾਉਣ ਦੀ ਰੁਚੀ ਮਾਇਆ ਨੂੰ ਜੱਫੇ ਪਾਉਣ ਤੋਂ ਵੱਖਰੀ ਨਹੀਂ ਹੁੰਦੀ, ਅਗਰ ਮਾਇਆ ਨੂੰ ਜੱਫੇ ਪਾਉਣ ਵਾਲਾ ਲੋਭੀ ਆਖਿਆ ਜਾਂਦਾ ਹੈ, ਤਾਂ ਧਾਰਮਿਕ ਚੀਜ਼ਾਂ ਨੂੰ ਜੱਫੇ ਪਾਉਣ ਵਾਲਾ ਵੀ ਇੱਕ ਕਿਸਮ ਦਾ ਲੋਭੀ ਹੀ ਸਮਝਿਆ ਜਾਵੇਗਾ। ਪਰਮਾਤਮਾ ਸੰਸਾਰ ਨੂੰ ਹਰ ਪਲ ਬਦਲਦਾ ਰਹਿੰਦਾ ਹੈ। ਇਹ ਉਸੇ ਦੀ ਮਲਕੀਅਤ ਹੈ, ਜੋ ਸੰਸਾਰ ਤੇ ਇਸ ਦੀਆਂ ਚੀਜ਼ਾਂ ਨੂੰ ਜੱਫੇ ਪਾਏਗਾ ਉਹ ਇਸ ਅਗਿਆਨਤਾ ਵਿੱਚ ਆਪਣੇ ਲਈ ਉਹੋ ਜਿਹੇ ਹੀ ਦੁੱਖ ਛੇੜ ਲਵੇਗਾ, ਜਿਸ ਨੇ ਗੁਰੂ ਗੰ੍ਰਥ ਸਾਹਿਬ ਜੀ ਨੂੰ ਪਕੜ ਲਿਆ ਹੈ, ਪਰ ਗੁਰ ਸ਼ਬਦ ਅੰਦਰ ਛੁਪੇ ਗਿਆਨ ਨੂੰ ਧਾਰਨ ਨਹੀਂ ਕੀਤਾ। ਇਸ ਗਿਆਨ ਨੂੰ ਆਪਣੀ ਤੇ ਆਪਣੇ ਗੁਰੂਆਂ ਦੀ ਪਹਿਚਾਣ ਨਹੀਂ ਮੰਨਿਆ। ਉਹ ਕਿਸੇ ਨਾ ਕਿਸੇ ਬਹਾਨੇ ਆਪਣੀ ਧਾਰਮਿਕ ਪੁਸਤਕ ਦੀ ਬੇਅਦਬੀ ਦਾ ਰੌਲਾ ਪਾਉਂਦਾ ਹੀ ਰਹੇਗਾ ਚਾਹੇ ਉਹ ਕੁਰਾਨ, ਬਾਈਬਲ ਜਾਂ ਕੋਈ ਹੋਰ ਹੋਵੇ। ਗਿਆਨ ਤੋਂ ਬਿਨਾਂ ਸੰਸਾਰ ਦੀ ਹਰ ਚੀਜ਼ ਨਾਲ ਜੋੜ ਭਾਵੇਂ ਹਾਲ ਦੀ ਘੜੀ ਮਾਣ ਸਤਿਕਾਰ ਵਾਲਾ ਲੱਗਦਾ ਹੋਵੇ, ਲੰਮੇ ਸਮੇਂ ਲਈ ਹਾਨੀਕਾਰਕ ਹੈ। ਕਿਉਂਕਿ ਇਹ ਸਿਰਫ਼ ਆਪਣੇ ਨਾਲ ਧੋਖਾ ਹੀ ਨਹੀਂ, ਸੰਸਾਰਕ ਤੌਰ ‘ਤੇ ਵੀ ਸਸਤੇ ਢੰਗ ਨਾਲ ਪ੍ਰਾਪਤ ਕਰ ਲਿਆ ਸਤਿਕਾਰ ਵਾਰ-ਵਾਰ ਹੱਥੋਂ ਛੁੱਟਦਾ ਦਿਖਾਈ ਦੇਵੇਗਾ। ਛੁੱਟਣ ਵਕਤ ਦੁੱਖਾਂ ਦਾ ਕਾਰਨ ਬਣੇਗਾ। ਸੱਚ ਦੇ ਖੋਜੀ ਲਈ ਆਪਣੇ ਪ੍ਰਤੀ ਇਮਾਨਦਾਰ ਹੋਣਾ ਜ਼ਰੂਰੀ ਹੈ। ਮਨ ਦੀ ਚੁਸਤ ਚਲਾਕੀ ਉਸ ਲਈ ਵੱਡੀ ਉਲਝਣ ਬਣਦੀ ਹੈ। ਮੰਜਲ ‘ਤੇ ਪਹੁੰਚਣ ਲਈ ਮਨ ਦੀ ਹਰ ਹਰਕਤ ਦਾ ਖ਼ਿਆਲ ਰੱਖਣਾ ਜ਼ਰੂਰੀ ਹੈ।
ਜੇਕਰ ਅਸੀਂ ਸਿੱਖੀ ਤੇ ਗੁਰੂ ਗਿਆਨ ਨੂੰ ਪੱਗ ਅਤੇ ਦਾਹੜੀ ਤੱਕ ਹੀ ਸੀਮਤ ਕਰ ਦਿੱਤਾ ਤਾਂ ਕੁਲ ਸੰਸਾਰ ਨੂੰ ਗੁਰੂ ਗਿਆਨ ਵਿੱਚ ਕਿਸ ਤਰ•ਾਂ ਲਪੇਟਾਂਗੇ। ਇਹ ਤਾਂ ਖ਼ੁਦਗਰਜ਼ੀ ਥੱਲੇ ਗੁਰੂ ਗਿਆਨ ਨਾਲ ਧੱਕਾ ਹੋਵੇਗਾ। ਵੈਦ ਮਰੀਜ਼ ਨੂੰ ਗੋਲੀਆਂ ਉਸ ਦੀ ਬਿਮਾਰੀ ਅਨੁਸਾਰ ਦਿੰਦਾ ਹੈ। ਜਦੋਂ ਹਿੰਦੁਸਤਾਨ ਦੀ ਜਨਤਾ ਅੰਧ-ਵਿਸ਼ਵਾਸ ਵਿੱਚ ਫਸੀ ਇਤਨੀ ਕਮਜ਼ੋਰ ਤੇ ਨਿਤਾਣੀ ਹੋ ਚੁੱਕੀ ਸੀ ਕਿ ਦਿੱਲੀ ਅੰਦਰ ਆਪਣੇ ਗੁਰੂ ਦੇ ਕਤਲ ਸਰੀਰ ਨੂੰ ਚੁੱਕਣ ਦੀ ਸਮਰੱਥਾ ਨਹੀਂ ਸੀ ਰੱਖਦੀ, ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਤਰ•ਾਂ ਦਾ ਦਵਾ-ਦਾਰੂ ਕਰ ਕੇ ਸਾਨੂੰ ਵੱਖਰੀ ਡਰਪੋਕਾਂ ਵਾਂਗ ਲੁਕ ਨਹੀਂ ਸੀ ਸਕਦੇ, ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕਈ ਸੌ ਸਾਲ ਗੁਰਬਾਣੀ ਤੇ ਗੁਰੂ ਗਿਆਨ ਧਾਰਨ ਕਰਨ ਤੋਂ ਬਾਅਦ ਵੀ ਅਸੀਂ ਪਹਿਲਾਂ ਦੀ ਤਰ•ਾਂ ਹੀ ਅੰਧ-ਵਿਸ਼ਵਾਸੀ, ਕਮਜ਼ੋਰ ਤੇ ਨਿਤਾਣੇ ਹਾਂ। ਹਮੇਸ਼ਾ ਬਗ਼ੈਰ ਬਿਮਾਰੀ ਤੋਂ ਪੁਰਾਣੀ ਦਵਾਈ ਉੱਤੇ ਹੀ ਜ਼ੋਰ ਦੇਈ ਜਾਣਾ ਅਕਲਮੰਦੀ ਨਹੀਂ ਸਮਝੀ ਜਾ ਸਕਦੀ।
ਸਭ ਤੋਂ ਵੱਡੀ ਗੁਰ-ਮਰਿਯਾਦਾ ਜੋ ਗੁਰੂਆਂ ਨੇ ਤੋਰੀ ਸੀ, ਉਹ ਸਮੇਂ ਦੀਆਂ ਮੁਸ਼ਕਲਾਂ ਨੂੰ ਤਾੜਨਾ ਤੇ ਲੋੜ ਅਨੁਸਾਰ ਉਹਨਾਂ ਦਾ ਹੱਲ ਲੱਭਣਾ ਸੀ, ਪਰ ਇਸ ਵੱਡੀ ਤੇ ਮੁਸ਼ਕਲਾਂ ਭਰੀ ਗੁਰ-ਮਰਿਯਾਦਾ ਨੂੰ ਕੋਈ ਲਾਗੂ ਕਰਨ ਦੀ ਹਿੰਮਤ ਨਹੀਂ ਕਰਦਾ। ਮੁਸਲਮਾਨਾਂ ਤੇ ਹੋਰ ਧਰਮਾਂ ਦੀ ਤਰ•ਾਂ ਪੁਰਾਣੀਆਂ ਰੀਤਾਂ ਨੂੰ ਦੋਹਰਾਈ ਜਾਣਾ ਧਰਮ ਬਣਾਇਆ ਜਾ ਰਿਹਾ ਹੈ। ਕਦੇ ਹਜ਼ਰਤ ਮੁਹੰਮਦ ਨੇ ਮਿਡਲ ਈਸਟ ਵਿੱਚ ਲੋਕਾਂ ਨੂੰ ਜੋ ਨਿੱਤ ਆਪਸ ਵਿੱਚ ਲੜਦੇ ਭਿੜਦੇ ਤੇ ਮਰਦੇ ਰਹਿੰਦੇ ਸਨ, ਚਾਰ-ਚਾਰ ਜ਼ਨਾਨੀਆਂ ਰੱਖਣ ਦਾ ਉਪਦੇਸ਼ ਦਿੱਤਾ ਸੀ ਤਾਂ ਕਿ ਵੱਧ ਤੋਂ ਵੱਧ ਬੱਚੇ ਪੈਦਾ ਕੀਤੇ ਜਾ ਸਕਣ।
ਇਹ ਉਸ ਸਮੇਂ ਬਿਲਕੁਲ ਠੀਕ ਸੀ। ਇਸ ਵਿਧੀ ਨਾਲ ਇਸਲਾਮ ਵੀ ਬੜੀ ਤੇਜ਼ੀ ਨਾਲ ਫੈਲਿਆ ਤੇ ਖਾਲੀ ਪਈ ਜ਼ਮੀਨ ਜਿਸ ਦਾ ਕੋਈ ਵਾਲੀ-ਵਾਰਸ ਨਹੀਂ ਸੀ, ਕੰਮ ਆਉਣ ਲੱਗੀ, ਪਰ ਅੱਜ ਜਦੋਂ ਹਾਲਾਤ ਬਿਲਕੁਲ ਬਦਲ ਗਏ ਹਨ ਜ਼ਮੀਨ ਤਾਂ ਦੂਰ ਦੀ ਗੱਲ, ਪਾਣੀ ਦਾ ਗਿਲਾਸ ਵੀ ਮੁੱਲ ਵਿੱਕਣ ਲੱਗ ਪਿਆ ਹੈ।
ਚਾਲੀ-ਪੰਜਾਹ ਬੱਚੇ ਪੈਦਾ ਕਰਨੇ ਮੁਸੀਬਤ ਤੇ ਦੁੱਖਾਂ ਵਿੱਚ ਛਾਲ ਮਾਰਨ ਸਮਾਨ ਹੈ। ਕਸੂਰ ਹਜ਼ਰਤ ਮੁਹੰਮਦ ਦਾ ਨਹੀਂ, ਕਸੂਰ ਉਸ ਦੇ ਪੈਰੋਕਾਰਾਂ ਦਾ ਹੈ ਜੋ ਸਮੇਂ ਦੀ ਤੋਰ ਨੂੰ ਨਹੀਂ ਪਹਿਚਾਣ ਰਹੇ। ਗੁਰੂ ਗਿਆਨ ਨਹੀਂ ਪਕੜਿਆ, ਧਾਰਨਾ ਫੜ ਲਈ ਹੈ। ਸੰਸਾਰ ਦੇ ਸਭ ਪੈਗੰਬਰਾਂ ਨੇ ਮਨੁੱਖਤਾ ਨੂੰ ਸਮੇਂ ਦੀ ਤੋਰ ਅਨੁਸਾਰ ਚੱਲਣ ਦਾ ਉਪਦੇਸ਼ ਦਿੱਤਾ ਹੈ।
ਹਰ ਧਰਮ ਦੇ ਪੈਰੋਕਾਰ ਨੇ ਉਹਨਾਂ ਦੀ ਦੱਸੀ ਮਰਿਯਾਦਾ ਨੂੰ ਧਰਮ ਤੇ ਆਪਣੀ ਪਹਿਚਾਣ ਬਣਾਇਆ ਹੈ, ਪਰ ਗਿਆਨ ਨੂੰ ਨਹੀਂ। ਗਿਆਨ ਹਮੇਸ਼ਾ ਹਰ ਖੇਤਰ ਅੰਦਰ ਤਰੱਕੀ ਕਰਦਾ ਆਇਆ ਹੈ। ਮਨੁੱਖ ਦੀ ਲਾਲਸਾ ਫੜ ਕੇ ਬਹਿਣ ਦੀ ਹੈ। ਪਰਮਾਤਮਾ ਮਨੁੱਖ ਦੀਆਂ ਨਵੇਂ ਗਿਆਨ ਨਾਲ ਹਰ ਰੋਜ਼ ਝੋਲੀਆਂ ਭਰਦਾ ਆਇਆ ਹੈ। ਗਿਆਨ ਕਦੇ ਵੀ ਕਿਸੇ ਖੇਤਰ ਅੰਦਰ ਖ਼ਤਮ ਨਹੀਂ ਹੁੰਦਾ, ਇਹ ਅੱਗੇ ਹੀ ਅੱਗੇ ਵੱਧਦਾ ਰਹਿੰਦਾ ਹੈ। ਇਸ ਉੱਤੇ ਕੋਈ ਵਿਅਕਤੀ ਕਬਜ਼ਾ ਨਹੀਂ ਕਰ ਸਕਦਾ। ਇਹ ਕੋਸ਼ਿਸਾਂ ਨਾਲ ਪਾਉਣਾ ਪੈਂਦਾ ਹੈ।
ਗਿਆਨ ਹੀ ਸਿੱਖੀ ਦੀ ਅਸਲੀ ਪਹਿਚਾਣ ਹੈ। ਗਿਆਨ ਦੀ ਜੋਤ ਨੂੰ ਦੁਨੀਆਂ ਵਿੱਚ ਉਜਾਗਰ ਕਰਨਾ ਸਿੱਖੀ ਮਾਰਗ ਹੈ। ਧਿਆਨਪੂਰਵਕ ਕੀਤੀ ਗਈ ਸਵੈ-ਪੜਚੋਲ ਦੱਸਦੀ ਹੈ ਹਰ ਮਨੁੱਖ ਅੰਦਰ ਚਾਹੇ ਉਹ ਚਿੱਟਾ, ਕਾਲਾ ਜਾਂ ਕਿਸੇ ਵੀ ਨਸਲ ਦਾ ਹੋਵੇ, ਮਨ ਅੰਦਰ ਦੁੱਖ ਤੇ ਸੁੱਖ ਇੱਕੋ ਢੰਗ ਨਾਲ ਪੈਦਾ ਹੁੰਦੇ ਹਨ। ਮਨੁੱਖ ਦੇ ਮਨ ਤੇ ਸਰੀਰ ਅੰਦਰਲੀ ਕਿਰਿਆ ਲੱਗਭੱਗ ਇੱਕੋ ਢੰਗ ਨਾਲ ਚੱਲਦੀ ਹੈ। ਇਸ ਲਈ ਸਾਰੀ ਮਨੁੱਖ ਜਾਤੀ ਬਰਾਬਰ ਹੈ ਕੋਈ ਊਚ-ਨੀਚ ਨਹੀਂ ਹੈ। ਇਹ ਮੇਰੇ-ਮੇਰੇ ਦੀ ਰਟ ਮਨੁੱਖੀ ਮਨ ਅੰਦਰ ਸੰਸਾਰ ਨੂੰ ਫੜਣ ਵਾਲੀ ਲੋਭੀ ਬਿਰਤੀ ਦੀ ਰਟ ਹੈ।
ਮਨੁੱਖ ਆਪਣੀ ਪਹਿਚਾਣ ਨੂੰ ਸੰਸਾਰ ਦੀ ਹਰ ਸਤਿਕਾਰਯੋਗ ਤੇ ਕੀਮਤੀ ਚੀਜ਼ ਨਾਲ ਜੋੜਦਾ ਆਇਆ ਹੈ। ਇਸ ਲਈ ਜੰਗਾਂ ਤੇ ਯੁੱਧਾਂ ਵੀ ਹੁੰਦੀਆਂ ਆਈਆਂ ਹਨ, ਪਰ ਬੁੱਧ ਪੁਰਖ ਆਖਦੇ ਆਏ ਹਨ, ਮੈਂ-ਮੈਂ ਦੀ ਰਟ ਦਾ ਮੁੱਕ ਜਾਣਾ ਤੇ ਸੰਸਾਰ ਵਿੱਚ ਖੁਰ ਜਾਣਾ ਹੀ ਪਰਮਾਤਮਾ ਨੂੰ ਪਾਉਣਾ ਹੈ।
ਅੱਜ ਸਿੱਖ ਖੁਰਨ ਲਈ ਤਿਆਰ ਨਹੀਂ ਹੈ। ਕਦੇ ਇਹ ਨਿਮਾਣਾ ਹੋ ਕੇ ਅਨੰਦਪੁਰ ਸਾਹਿਬ ਪਹੁੰਚਿਆ ਸੀ ਅੱਜ ਸਵੈ-ਪੜਚੋਲ ਤੋਂ ਖ਼ਾਲੀ ਗੁਰੂਆਂ ਦੇ ਸ਼ਾਨਦਾਰ ਇਤਿਹਾਸ ਕਰਕੇ ਇਸ ਵਿੱਚ ਪੈਦਾ ਹੋਏ ਹੰਕਾਰ ਨੂੰ ਜੇ ਠੀਕ ਸੇਧਾਂ ਨਾ ਦਿੱਤੀਆਂ, ਤਾਂ ਇਹ ਕੌਮੀ ਖੱਜਲ ਖੁਆਰੀ ਦਾ ਕਾਰਨ ਵੀ ਬਣ ਸਕਦਾ ਹੈ।
ਹਰ ਮਨੁੱਖ ਨੂੰ ਕੁਦਰਤ ਨੇ ਆਪਣੀ ਵੱਖਰੀ ਪਹਿਚਾਣ ਦਿੱਤੀ ਹੋਈ ਹੈ। ਪਰ ਮਨੁੱਖ ਆਪਣੀ ਪੁਰਾਣੀ ਆਦਤ ਅਨੁਸਾਰ ਮਜ਼•ਬਾਂ, ਕੌਮਾਂ ਤੇ ਦੇਸ਼ਾਂ ਦੇ ਨਾਂ ਨਾਲ ਆਪਣੀ ਪਹਿਚਾਣ ਜੋੜਦਾ ਤੇ ਗ਼ੈਰਾਂ ਨਾਲ ਉਪੱਦਰ ਖੜ•ੇ ਕਰਨ ਦਾ ਸ਼ੌਂਕ ਪਾਲਦਾ ਆਇਆ ਹੈ। ਹੁਣ ਸਿੱਖ ਵੀ ਕਿਸੇ ਤੋਂ ਘੱਟ ਨਹੀਂ।
ਕਾਸ਼! ਗੁਰੂ ਗਿਆਨ ਹੀ ਸਿੱਖੀ ਦੀ ਪਹਿਚਾਣ ਬਣ ਸਕੇ। ਵਰਨਾ ਐਸੇ ਸਿੰਘਾਂ ਦੀ ਘਾਟ ਨਹੀਂ ਹੈ, ਜੋ ਨਿੱਤ ਨਾਨਕਸ਼ਾਹੀ ਕੈਲੰਡਰ ਤੇ ਦਸਮ ਗੰ੍ਰਥ ਵਰਗੇ ਸਾਧਾਰਨ ਮਸਲਿਆਂ ਨੂੰ ਖ਼ੂਬ ਉਛਾਲ ਕੇ ਖ਼ਾਲਸੇ ਪੰਥ ਨੂੰ ਆਪਸ ਵਿੱਚ ਲੜਣ-ਭਿੜਣ ਵਾਲੀ ਸੰਸਥਾ ਬਣਾਉਣ ਵਿੱਚ ਜੁਟੇ ਹੋਏ ਹਨ।