ਸ਼ਹਾਦਤ ਦੇ ਰਾਹ ਉੱਤੇ ਤੁਰਨ ਵਾਲੇ ਸਿਰਲੱਥ ਸੂਰਮੇ

ਸ਼ਹਾਦਤ ਦੇ ਰਾਹ ਉੱਤੇ ਤੁਰਨ ਵਾਲੇ ਸਿਰਲੱਥ ਸੂਰਮੇ

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼

ਗੁਰਦੀਪ ਕੌਰ ਸੈਕਰਾਮੈਂਟੋ
(ਫੋਨ ਸੰਪਰਕ: 916-695-0035)

ਕੁਰਬਾਨੀਆਂ ਭਰੇ ਇਤਿਹਾਸ ਵਿਚ ਸੁਨਹਿਰੇ ਅੱਖਰਾਂ ਵਿਚ ਆਪਣਾ ਨਾਂ ਲਿਖਵਾ ਜਾਣ ਵਾਲੇ ਸੂਰਮਿਆਂ ਨੂੰ ਸ਼ਹੀਦ ਕਹਿੰਦੇ ਹਨ। ਸ਼ਹੀਦ ਕੌਦ ਦਾ ਉਹ ਸਰਮਾਇਆ ਹੁੰਦੇ ਹਨ, ਜਿਨ੍ਹਾਂ ਨੇ ਆਪਣੇ ਆਪ ਦਾ ਮੁੱਲ ਆਪਣਾ ਸਿਰ ਦੇ ਕੇ ਤਾਰਿਆ ਹੁੰਦਾ ਹੈ। ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਇਸ ਦੇ ਪੁੱਤਰਾਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਇਸ ਖਜ਼ਾਨੇ ਨੂੰ ਹੋਰ ਅਮੀਰ ਅਤੇ ਬਲਵਾਨ ਬਣਾਇਆ ਹੈ। ਸ਼ਹੀਦੀ ਪ੍ਰਾਪਤ ਕਰਨ ਵਾਲੇ ਯੋਧੇ ਸੂਰਬੀਰ ਕੌਮ ਦੇ ਉਹ ਕੀਮਤੀ ਨਗ ਹੁੰਦੇ ਹਨ, ਜਿਨ੍ਹਾਂ ਦਾ ਮੁੱਲ ਅੱਜ ਤੱਕ ਕਿਸੇ ਤੋਂ ਵੀ ਤਾਰਿਆ ਨਹੀਂ ਗਿਆ। ਸ਼ਹੀਦ ਕੌਣ ਰੂਪੀ ਮਹਿਲ ਦੇ ਉਹ ਨੀਂਹ ਪੱਥਰ ਹੁੰਦੇ ਹਨ, ਜਿਨ੍ਹਾਂ ਉਤੇ ਕੌਮ ਦਾ ਝੰਡਾ ਝੂਲਦਾ ਹੈ। ਸ਼ਹੀਦ ਮੌਤ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰਦੇ ਹਨ। ਸ਼ਹੀਦਾਂ ਲਈ ਜਿਊਣਾ ਉਸੇ ਵੇਲੇ ਸਫ਼ਲ ਹੋ ਜਾਂਦਾ ਹੈ, ਜਦੋਂ ਉਹਨਾਂ ਦੀ ਮੌਤ ਰੂਪੀ ਲਾੜੀ ਨਾਲ ਉਮਰ ਨਿਭਣ ਵਾਲਾ ਰਿਸ਼ਤਾ ਤੈਅ ਹੋ ਜਾਂਦਾ ਹੈ।
ਜਿਹੜੇ ਲੋਕਪੱਖੀ ਇਨਸਾਨ ਸਮੇਂ ਦੀਆਂ ਸਰਕਾਰਾਂ ਦੀਆਂ ਉਲਟ ਨੀਤੀਆਂ ਦੇ ਵਿਰੋਧ ਵਿੱਚ ਝੰਡੇ ਚੁੱਕ ਲੈਂਦੇ ਹਨ, ਉਨ੍ਹਾਂ ਨੂੰ ਮਾਣ ਨਾਲ ਬਾਕੀ ਦੁਨੀਆਂ ਸੂਰਮੇ ਆਖਦੀ ਹੈ। ਆਪਣੀ ਕੌਮ ਅਤੇ ਜਮੀਰ ਖ਼ਾਤਰ ਸਦਾ ਲਈ ਮਰ ਮਿੱਟ ਜਾਣ ਵਾਲੇ ਅਣਖੀ ਸੂਰਮੇ ਸ਼ਹੀਦਾਂ ਦੀਆਂ ਕਤਾਰਾਂ ਨੂੰ ਹੋਰ ਲੰਮਾ ਕਰ ਦਿੰਦੇ ਹਨ।
ਸ਼ਹੀਦਾਂ ਨੇ ਸਦਾ ਹੀ ਆਪਣੀ ਮਾਂ ਦੇ ਦੁੱਧ ਦੀ ਲਾਜ ਪਾਲੀ ਹੈ। ਭੈਣਾਂ ਦੀਆਂ ਰੱਖਣੀਆਂ ਦਾ ਮੁੱਲ ਤਾਰਿਆ ਹੈ। ਸ਼ਹੀਦ ਦੀ ਮਾਂ ਆਪਣੇ ਪੁੱਤਰ ਦੀ ਮੌਤ ‘ਤੇ ਅੱਥਰੂ ਨਹੀਂ ਕੇਰਦੀ, ਸਗੋਂ ਉਹ ਰੱਬ ਦਾ ਕੋਟਿ-ਕੋਟਿ ਧੰਨਵਾਦ ਕਰਦੀ ਹੈ ਕਿ ਉਸ ਦੇ ਪੁੱਤਰ ਨੇ ਉਸ ਦੇ ਦੁੱਧ ਨੂੰ ਖੋਟਾ ਨਹੀਂ ਕੀਤਾ।
ਸ਼ਹੀਦ ਆਪਣੇ ਇਸ਼ਕ ਦੀ ਖਾਤਰ ਆਪਣੇ ਮਿੱਥੇ ਹੋਏ ਨਿਸ਼ਾਨਿਆਂ ਨੂੰ ਪੂਰਾ ਕਰਨ ਲਈ ਜਹਾਨ-ਏ-ਫ਼ਾਨੀ ਤੋਂ ਕੂਚ ਕਰ ਜਾਂਦੇ ਹਨ ਅਤੇ ਅੱਜ ਤੱਕ ਕਿਸੇ ਸਰਕਾਰ ਦੀ ਹਿੰਮਤ ਨਹੀਂ ਹੋਈ ਕਿ ਉਹ ਕਿਸੇ ਸ਼ਹੀਦ ਨਾਲ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰ ਸਕੇ।
ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਤਾਰੂ ਜੀ, ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਉਹ ਸਤਿਕਾਰਯੋਗ ਸ਼ਹੀਦ ਹਨ, ਜਿਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾ ਨਾਲ ਉਹਨਾਂ ਅੱਗੇ ਸਿਰ ਨਿਵ ਜਾਂਦਾ ਹੈ। ਇਹ ਸਿੱਖ ਕੌਮ ਦੇ ਉਹ ਮਹਾਨ ਸ਼ਹੀਦ ਹਨ, ਜਿਨ੍ਹਾਂ ਦੇ ਮੋਢਿਆਂ ਉਤੇ ਸਿੱਖ ਕੌਮ ਦਾ ਮਹਿਲ ਖੜੋਤਾ ਹੈ।
ਸ਼ਹੀਦ ਆਪਣੇ ਆਉਣ ਵਾਲੇ ਸਮੇਂ ਦੇ ਖ਼ਤਰਿਆਂ ਤੋਂ ਭੈਅ-ਭੀਤ ਨਹੀਂ ਹੁੰਦੇ। ਉਹ ਕਦੇ ਵੀ ਆਪਣੇ ਮਿੱਥੇ ਹੋਏ ਨਿਸ਼ਾਨਿਆਂ ਤੋਂ ਖੂੰਝਦੇ ਨਹੀਂ। ਕਿਸੇ ਵੀ ਹਾਲਾਤ ਨਾਲ ਉਹਨਾਂ ਸਮਝੌਤਾ ਕਰਨਾ ਸਿੱਖਿਆ ਨਹੀਂ ਹੁੰਦਾ। ਗੁਰੂ ਅਰਜਨ ਦੇਵ ਜੀ ਨੂੰ ਗਿਆਨ ਸੀ ਕਿ ਤੱਤੀ ਰੇਤ ਉਹਨਾਂ ਦੇ ਸੀਸ ਉੱਤੇ ਪਵੇਗੀ ਹੀ, ਉਬਲਦੀ ਦੇਗ਼ ਦਾ ਸੇਕ ਸਹਿਣਾ ਹੋਵੇਗਾ, ਤੱਤੀ ਤਵੀ ਉੱਤੇ ਉਹਨਾਂ ਨੂੰ ਬੈਠਣਾ ਹੀ ਪਵੇਗਾ, ਪਰ ਉਹ ਆਪਣੇ ਸਿੱਦਕ ਤੋਂ ਡੋਲੇ ਨਹੀਂ। ਗੁਰੂ ਤੇਗ ਬਹਾਦਰ ਜੀ ਨੇ ਵੀ ਆਪਣਾ ਸੀਸ ਦੇ ਦਿੱਤਾ, ਪਰ ਸਿਦਕ ਅਤੇ ਸਿਰੜ ਹਾਰਿਆ ਨਹੀਂ, ਉਸ ਤੋਂ ਡੋਲੇ ਨਹੀਂ। ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਨੇ ਵੀ ਆਪਣਾ ਬੰਦ-ਬੰਦ ਕਟਵਾ ਦਿੱਤਾ, ਉਲਬਦੀਆਂ ਦੇਗ਼ਾਂ ਵਿਚ ਉਬਾਲੇ ਗਏ ਪਰ ਉਹ ਆਪਣੇ ਨਿਸ਼ਚਿਆਂ ‘ਤੇ ਅਡੋਲ ਖੜੋਤੇ ਰਹੇ ਸਨ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਿੱਖ ਕੌਮ ਖਾਤਰ ਆਪਣਾ ਸਰੀਰ ਛਲਣੀ ਕਰਵਾ ਦਿੱਤਾ। ਨਿੱਕੀਆਂ ਉਮਰੇ ਵਾਲੇ ਵੱਡੇ ਪਾਂਧੀ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਨੇ ਨੀਹਾਂ ਵਿਚ ਕੁਰਬਾਨੀਆਂ ਦੇ ਕੇ ਸਿੱਖ ਕੌਮ ਦਾ ਅਡੋਲ ਮਹਿਲ ਤਿਆਰ ਕਰ ਦਿੱਤਾ ਸੀ। ਸ਼ਹੀਦਾਂ ਨੇ ਆਪਣੇ ਬੋਲ ਆਪਣੀਆਂ ਕੁਰਬਾਨੀਆਂ ਦੇ ਕੇ ਪੁਗਾਏ ਹਨ। ਉਹ ਉਹਨਾਂ ਦਰਦਾਂ ਗਮਾਂ ਦੇ ਰਾਹ ਪਏ, ਜਿਥੇ ਦੁੱਖ ਹੀ ਦੁੱਖ ਸਨ, ਪੀੜਾਂ ਹੀ ਪੀੜਾਂ ਸਨ, ਪਰ ਉਹ ਮੋੜਿਆਂ ਨਹੀਂ ਮੁੜੇ।
ਸਿੱਖ ਕੌਮ ਦੀਆਂ ਸਿੱਖ ਬੀਬੀਆਂ ਵੀ ਸ਼ਰਧਾ ਅਤੇ ਸਤਿਕਾਰ ਦੇ ਪਾਤਰ ਹਨ। ਉਹਨਾਂ ਅੱਗੇ ਨਤਮਸਤਕ ਹੋਣਾ ਵੀ ਸੁਭਾਗਸ਼ਾਲੀ ਹੈ। ਧੰਨ ਹੈ ਉਹ ਬੀਬੀ ਸੁਭਾਗੀ ਅਤੇ ਬੀਬੀ ਲੱਛੀ ਜਿਨ੍ਹਾਂ ਨੇ ਆਪਣੇ ਨਿੱਕੇ-ਨਿੱਕੇ ਬੱਚਿਆਂ ਦੇ ਟੋਟੇ ਕਰਵਾ ਕੇ ਆਪਣੀ ਝੋਲੀ ਵਿਚ ਪਵਾ ਲਏ, ਆਪਣੇ ਜਿਗਰ ਦੇ ਟੋਟਿਆਂ ਨੂੰ ਅੱਖਾਂ ਸਾਹਮਣੇ ਨੇਜ਼ਿਆਂ ਉੱਤੇ ਟੰਗ ਹੁੰਦੇ ਵੇਖਿਆ। ਚੱਪਾ-ਚੱਪਾ ਰੋਟੀ ਦੇ ਉੱਤੇ ਗੁਜ਼ਾਰਾ ਕੀਤਾ, ਪਰ ਮੂੰਹੋਂ ਸੀਅ ਨਹੀਂ ਉਚਾਰੀ। ਫਿਰ ਵੀ ਉਹਨਾਂ ਨੇ ਉਸ ਪਰਵਰਦਿਗਾਰ ਦਾ ਸ਼ੁਕਰੀਆ ਕੀਤਾ ਅਤੇ ਮੂੰਹੋਂ ਕਿਹਾ, ‘ਤੇਰਾ ਭਾਣਾ ਮੀਠਾ ਲਾਗੇ।’
ਸ਼ਹੀਦ ਕਿਸੇ ਤੋਂ ਡਰਦਾ ਨਹੀਂ, ਕਿਸੇ ਨੂੰ ਡਰਾਉਂਦਾ ਨਹੀਂ। ਉਹ ਆਪਣੇ ਨਾਲ ਹੋ ਰਹੀਆਂ ਵਧੀਕੀਆਂ ਨੂੰ, ਆਪਣੀ ਸੱਚਾਈ ਪੇਸ਼ ਕਰਨ ਲਈ ਬਰਦਾਸ਼ਤ ਕਰਦਾ ਹੈ ਅਤੇ ਫਿਰ ਇਕ ਉਹ ਸਮਾਂ ਵੀ ਆਉਂਦਾ ਹੈ ਜਦੋਂ ਉਸ ਦੀ ਸ਼ਹੀਦੀ ਤੋਂ ਬਾਅਦ ਉਸ ਉੱਤੇ ਜ਼ੁਲਮ ਕਰਨ ਵਾਲੇ ਉਸ ਦਾ ਨਾਂ ਲੈਣ ਤੋਂ ਵੀ ਥਰ ਥਰ ਕੰਬਦੇ ਹਨ।
ਸ਼ਹੀਦ ਦਾ ਸਫ਼ਰ ਬੜਾ ਲੰਮਾ ਹੁੰਦਾ ਹੈ, ਉਸ ਦਾ ਪੈਂਡਾਂ ਬਿਖੜਾ ਹੁੰਦਾ ਹੈ। ਉਸ ਦੀ ਮੰਜ਼ਿਲ ਭਾਵੇਂ ਦੂਰ ਹੁੰਦੀ ਹੈ, ਪਰ ਉਸ ਨੂੰ ਪਤਾ ਹੁੰਦਾ ਹੈ ਕਿ ਉਹ ਜਲਦੀ ਹੀ ਆਪਣੀ ਮੰਜ਼ਿਲ ‘ਤੇ ਪਹੁੰਚ ਜਾਵੇਗਾ।
ਅਫਸੋਸ ਅੱਜ ਸਿੱਖ ਕੌਮ ਸ਼ਹੀਦਾਂ ਦੇ ਸ਼ਹੀਦੀ ਦਿਨ ਤਾਂ ਮਨਾ ਰਹੀ ਹੈ, ਪਰ ਉਹਨਾਂ ਦੇ ਪਾਏ ਪੂਰਨਿਆਂ ‘ਤੇ ਚੱਲਣ ਦਾ ਖੂਬਸੂਰਤ ਫਰਜ਼ ਸੰਜੀਦਗੀ ਨਾਲ ਨਹੀਂ ਨਿਭਾ ਰਹੀ। ਇਸ ਮਿਲਾਵਟ ਵਾਲੇ ਯੁੱਗ ਵਿਚ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਸਹੀ ਮੁੱਲ ਨਹੀਂ ਪੈ ਰਿਹਾ। ਸ਼ਹੀਦਾਂ ਨੂੰ ਅਸੀਂ ਨਤਮਸਤਕ ਹਾਂ  ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦਿਆਂ, ਸਿੱਖ ਕੌਮ ਦੀ ਲਾਜ ਰੱਖੀ ਹੈ। ਆਪਣੇ ਖੂਨ ਦਾ ਕਤਰਾ-ਕਤਰਾ ਦੇਸ਼ ਕੌਮ ਦੇ ਲੇਖੇ ਲਾ ਕੇ ਸ਼ਹੀਦ ਖੁਸ਼ ਹੁੰਦਾ ਹੈ। ਕਿਸੇ ਪ੍ਰਤੀ, ਵੈਰ, ਵਿਰੋਧ, ਈਰਖਾ ਅਤੇ ਸਾੜਾ ਕਰਨ ਵਾਲੇ ਸ਼ਹੀਦ ਨਹੀਂ ਹੋ ਸਕਦੇ। ਸ਼ਹੀਦੀ ਇਕ ਸੰਕਲਪ ਹੈ, ਇਕ ਨਿਸ਼ਚਾ ਹੈ, ਇੱਕ ਦ੍ਰਿੜ ਇਰਾਦਾ ਹੈ। ਇਹ ਮੌਤ ਦਾ ਉਹ ਖ਼ਾਸ ਰੂਪ ਹੁੰਦਾ ਹੈ, ਜੋ ਕਿਸੇ ਸਿਧਾਂਤ ਦੀ ਖਾਤਰ ਅਪਣਾਇਆ ਗਿਆ ਹੁੰਦਾ ਹੈ। ਸ਼ਹੀਦ ਸ਼ਬਦ ਪੜ੍ਹਨ ਵਾਲਿਆਂ ਲਈ ਸਿਰਫ਼ ਹਿਕ ਸਤਿਕਾਰਤ ਸ਼ਬਦ ਹੈ, ਇਸ ਦੀ ਪਰਿਭਾਸ਼ਾ-ਲਿਖੀ ਜਾਂ ਸੁਣਾਈ ਨਹੀਂ ਜਾ ਸਕਦੀ। ਇਹ ਤਾਂ ਸਿਰਫ਼ ਇਕ ਸੋਚਣ ਤੇ ਸਮਝਣ ਵਾਲਾ ਜਜ਼ਬਾ ਹੈ, ਜਦੋਂ ਖ਼ੂਨ ਖੌਲ ਜਾਵੇ, ਜਦ ਬੰਦਾ ਉੱਠ ਖਲੋਵੇ। ਸ਼ਹੀਦ ਉਹ ਪੂਰਨੇ ਪਾ ਜਾਂਦੇ ਹਨ ਕਿ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਸੋਹਲੇ ਗਾਉਂਦੀਆਂ ਹਨ।
ਵੈਰ-ਭਾਵ ਤੋਂ ਉੱਪਰ ਉੱਠ ਕੇ ਸ਼ਹੀਦ ਸਰਬੱਤ ਦਾ ਭਲਾ ਮੰਗਦੇ ਹਨ। ਦੇਸ਼ ਕੌਮ ਦੇ ਲੇਖੇ ਆਪਣੀਆਂ ਜਾਨਾਂ ਲਾ ਦੇਣੀਆਂ, ਸ਼ਹੀਦ ਦਾ ਮੁੱਖ ਮੰਤਵ ਹੁੰਦਾ ਹੈ। ਸ਼ਹੀਦ ਦਾ ਮਿਸ਼ਨ ਆਪਣੇ ਫੈਸਲੇ ਤੇ ਅਟੱਲ ਰਹਿਣਾ ਹੁੰਦਾ ਹੈ।
‘ਤੇਰਾ ਭਾਣਾ ਮੀਠਾ ਲਾਗੇ’ ਕਹਿਣ ਵਾਲੇ ਸ਼ਹੀਦ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ‘ਤੇ ਆਉ ਅਸੀਂ ਵੀ ਪ੍ਰਣ ਕਰੀਏ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ।