ਅਜਮੇਰ ਸਿੰਘ, ਇਕ ਇਤਿਹਾਸਕਾਰ ਜਾਂ ਨਵੇਂ ਇਤਿਹਾਸ ਦਾ ਨਿਰਮਾਤਾ!

ਅਜਮੇਰ ਸਿੰਘ, ਇਕ ਇਤਿਹਾਸਕਾਰ ਜਾਂ ਨਵੇਂ ਇਤਿਹਾਸ ਦਾ ਨਿਰਮਾਤਾ!

ਗੁਰਜੀਤ ਕੌਰ (ਫੋਨ ਸੰਪਰਕ: 713-469-2474)

ਸਰਦਾਰ ਅਜਮੇਰ ਸਿੰਘ ਹੁਰਾਂ ਨਾਲ ਮੇਰੀ ਜਾਣ-ਪਛਾਣ ਕੁਝ ਖ਼ਾਸ ਪੁਰਾਣੀ ਨਹੀਂ, ਸ਼ਾਇਦ ਇਕ ਸਾਲ ਵੀ ਨਹੀਂ ਪੂਰਾ ਟੱਪਿਆ ਹੋਣਾ। ਇਸ ਦਾ ਮੈਨੂੰ ਡੂੰਘਾ ਅਫਸੋਸ ਹੈ ਕਿਉਂ ਜੋ ਸਰਦਾਰ ਸਾਹਿਬ ਹੁਰਾਂ ਵਰਗੀਆਂ ਸਖ਼ਸ਼ੀਅਤਾਂ ਜਿਹੜੀਆਂ ਰਵਾਇਤ ਤੋਂ ਹਟ ਕੇ ਨਿਵੇਕਲੀ ਗੱਲ ਕਰਨ ਦੀ ਸੂਝ-ਬੂਝ ਰੱਖਣ ਦੇ ਸਮਰੱਥ ਹੋਣ, ਨਾਲ ਜਾਣ ਪਛਾਣ ਜਾਂ ਮੇਲ ਜੋਲ ਜਿੰਨਾ ਪੁਰਾਣਾ ਹੋਵੇ ਓਨਾ ਲਾਹੇਵੰਦਾ।
ਕੋਈ ਚਾਰ ਕੁ ਸਾਲ ਪਹਿਲਾਂ ਮੈਨੂੰ ਦਿੱਲੀ ਦੇ ਫਤਿਹ ਨਗਰ ਇਲਾਕੇ ਵਿਚ ਕਿਸੇ ਦੁਕਾਨ ‘ਤੇ ‘ਗਦਰੀ ਬਾਬਰੇ ਕੌਣ ਸਨ’ ਸਿਰਲੇਖ ਹੇਠ ਕਿਤਾਬ ਦਿਸੀ। ਮੈਂ ਸਿਰਲੇਖ ਤੋਂ ਪ੍ਰਭਾਵਿਤ ਹੋ ਕੇ ਉਹ ਕਿਤਾਬ ਝੱਟ ਖਰੀਦ ਲਈ ਕਿਉਂ ਜੋ ਮੈਨੂੰ ਪਤਾ ਸੀ ਕਿ ਇਸ ਵਿਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਦਾ ਜ਼ਿਕਰ ਜ਼ਰੂਰ ਹੋਣਾ ਹੈ ਕਿਉਂਕਿ ਉਹ ਵੀ ਇਸ ਲਹਿਰ ਵਿਚ ਸਰਗਰਮ ਸਨ। ਬਦਕਿਸਮਤੀ ਨਾਲ ਹਿਊਸਟਨ ਵਾਪਸ ਪਰਤਣ ‘ਤੇ ਉਹ ਕਿਤਾਬ ਮੇਰੇ ਕੋਲੋਂ ਕਿਸੇ ਨੇ ਪੜ੍ਹਨ ਲਈ ਮੰਗੀ ਅਤੇ ਮੈਂ ਉਸ ਨੂੰ ਪੜ੍ਹਨ ਤੋਂ ਹੁਣ ਤੱਕ ਵਾਂਝੀ ਰਹਿ ਗਈ। ਸਮਾਂ ਲੰਘੀ ਗਿਆ। ਵਕਤਨ-ਫ-ਵਕਤਨ ਸਰਦਾਰ ਸਾਹਿਬ ਦਾ ਚਿਹਰਾ ਯੂਟਿਊਬ ਖੋਲ੍ਹਿਆਂ ਦਿਸ ਪੈਂਦਾ ਸੀ ਪਰ ਕਦੇ ਵੀ ਉਹਨਾਂ ਦੇ ਪੇਜ ਖੋਲਣ ਦੀ ਜ਼ਹਿਮਤ ਨਹੀਂ ਸੀ ਕੀਤੀ। ਇਸ ਦਾ ਕਾਰਨ ਸੀ ਉਹਨਾਂ ਦੇ ਨਾਂ ਨਾਲ ਲੱਗਿਆ ‘ਹਿਸਟੋਰੀਅਨ’ ਸ਼ਬਦ ਦਾ ਵਿਸ਼ੇਸ਼ਣ, ਕਿਉਂਕਿ ਆਮ ਵੇਖਿਆ ਜਾਂਦਾ ਹੈ ਕਿ ਲੋਕ ਥੋੜੀ ਜਿਹੀ ਪ੍ਰਸਿੱਧੀ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਆਪ ਨੂੰ ਬਾਕੀਆਂ ਤੋਂ ਵੱਖਰਾ ਸਾਬਤ ਕਰਨ ਲਈ ਇਹੋ ਜਿਹੇ ਹਥਕੰਡੇ ਦਾ ਵੀ ਉਪਯੋਗ ਕਰਦੇ ਹਨ। ਜਿਸ ਸਮਾਜ ਵਿਚ ਮੈਂ ਪੈਦਾ ਹੋਈ, ਉਸ ਦੀ ਇਹ ਵਿਸ਼ੇਸ਼ਤਾ ਹੈ ਕਿ ਉਸ ਵਿਚ ਸਿਰਨਾਵੇਂ, ਵਿਸ਼ੇਸ਼ਣ, ਸਿਰਪਾਓ ਅਤੇ ਖ਼ਿਤਾਬ ਰਿਉੜੀਆਂ ਤੋਂ ਵੀ ਮਾਮੂਲੀ ਕਰਾਰ ਦੇ ਦਿੱਤੇ ਗਏ ਹਨ ਕਿਉਂਕਿ ਰਿਉੜੀਆਂ ਖਰੀਦਣ ਲਈ ਤਾਂ ਪੈਸੇ ਲੱਗਦੇ ਹਨ ਅਤੇ ਉਹਨਾਂ ਨੂੰ ਅਹਿਮੀਅਤ ਦੇਣ ਦਾ ਕੋਈ ਮੌਕਾ ਜਾਂ ਮੌਸਮ ਹੁੰਦਾ ਹੈ ਪਰ ਕਿਸੇ ਨੂੰ ਖ਼ਿਤਾਬ, ਸਰਨਾਵਾਂ ਆਦਿ ਦੇਣ ਲਈ ਕਿਸੇ ਸੇਲ, ਭਾਅ ਜਾਂ ਮੌਸਮ ਦੀ ਲੋੜ ਨਹੀਂ। ਲੋੜ ਹੈ ਅਤੇ ਸਿਰਫ਼ ਥੋੜਾ ਗ਼ੈਰਜ਼ਿੰਮੇਵਾਰ ਅਤੇ ਚਾਪਲੂਸ ਹੋਣ ਦੀ, ਦਿਮਾਗ਼ ਜਾਂ ਦਿਲ ਦੇ ਅਕਾਰ ਨੂੰ ਅਣਗੌਲਿਆ ਕਰ ਕੇ ਢਿੱਡ ਦੇ ਅਕਾਰ ਨੂੰ ਤਰਜੀਹ ਦੇਣ ਦੀ, ਤਰੀਫ਼, ਖੁਸ਼ਾਮਦ ਅਤੇ ਕਦਰ ਵਿਚਕਾਰਲੇ ਅੰਤਰ ਨੂੰ ਆਪਣੇ ਸ਼ਬਦਕੋਸ਼ ਵਿਚੋਂ ਕੱਢਣ ਦੀ ਅਤੇ ਇਹਨਾਂ ਸਭ ‘ਤੇ ਮੋਹਰ ਲਾਉਣ ਲਈ ਕੁਝ ਕੁ ਭੌਤਿਕ ਵਸਤਾਂ ਦੀ। ਸੱਚ ਜਾਣਿਓ ਕਈ ਵਾਰ ਤਾਂ ਇਹ ਲਫ਼ਜ ਸਿਰਨਾਵੇਂ ਘੱਟ ਅਤੇ ਬੰਦੇ ਦੀ ਛੇੜ ਜ਼ਿਆਦਾ ਲਗਦੇ ਹਨ, ਜਿਸ ਅੰਦਾਜ਼ ਨਾਲ ਬਗ਼ੈਰ ਸੋਚਿਆਂ ਸਮਝਿਆਂ ਇਹ ਵਰਤੇ ਜਾਂਦੇ ਹਨ।
ਦਿਨ ਲੰਘੀ ਗਏ ਫਿਰ ਮੈਂ ਵੇਖਿਆ ਕਿ ਜਨਾਬ ਵਿਦੇਸ਼ਾਂ ਵਿਚ ਵੀ ਸਰਗਰਮ ਨੇ। ਮੇਰਾ ਸ਼ੱਕ ਪੱਕਾ ਹੋ ਗਿਆ ਕਿ ਇਹ ਉਹਨਾਂ ਕਰਮਾਂ ਵਾਲਿਆਂ ਵਿਚੋਂ ਹੀ ਨੇ ਜਿਹੜੇ ਜੋਸ਼ੋ-ਖਰੋਸ਼ ਨਾਲ ਗੁਰੂਆਂ ਦੀਆਂ ਜੀਵਨੀਆਂ ਅਤੇ ਬਾਣੀ ਦੀ ਕੀਮਤ ਵਸੂਲ ਕੇ ਅਤੇ ਵਾਪਸ ਆਪਣੀ ਜਨਮ ਭੂਮੀ ‘ਤੇ ਪਰਤ ਕੇ ਐਸ਼ ਪ੍ਰਸਤੀ ਕਰਦੇ ਹਨ ਅਤੇ ਆਪਣੇ ਆਪ ਨਾਲ ਸਿਰਨਾਵੇਂ ਜੋੜ ਕੇ ਲੋਕਾਂ ਨੂੰ ਭਰਮ ਭੁਲੇਖਿਆਂ ਵਿਚ ਪਾਈ ਰੱਖਦੇ ਹਨ। ਸਮਾਂ ਲੰਘੀ ਗਿਆ। ਇਕ ਦਿਨ ਸਬੱਬੀ ਮੈਂ ਵੇਖਿਆ ਕਿ ਜਨਾਬ ਦਾ ਇੰਟਰਵਿਊ ਚੱਲ ਰਿਹਾ ਹੈ ਅਤੇ ਪਿੱਛੇ ਅੰਬੀਆਂ ਦਾ ਬੂਟਾ ਹੈ। ਮੈਨੂੰ ਪੂਰਾ ਦਰਖ਼ਤ ਵੇਖਣ ਦੀ ਲਾਲਸਾ ਹੋਈ ਅਤੇ ਮੈਂ ਵੀਡਿਓ ਵੇਖਣੀ ਚਾਲੂ ਕਰ ਦਿੱਤੀ। ਬੱਸ ਫਿਰ ਕੀ ਸੀ ਪੰਜ ਘੜੀਆਂ ਵਿਚ ਹੀ ਦਰਖ਼ਤ ਵਿਸਰ ਗਿਆ ਅਤੇ ਹੈਰਤਅੰਗੇਜ਼ੀ ਦੀ ਹੱਦ ਤੱਕ ਅਫ਼ਸੋਸ ਹੋਇਆ ਕਿ ਜਨਾਬ ਉਹੀ ਸਨ ਜਿਹਨਾਂ ਦੀ ਮੈਂ ਕਿਤਾਬ ਥੋੜੇ ਸਾਲ ਪਹਿਲਾਂ ਖਰੀਦੀ ਸੀ। ਜਿਸ ਵਿਸ਼ੇਸ਼ਣ ਦੀ ਅਲਰਜੀ ਕਰਕੇ ਮੈਂ ਉਹਨਾਂ ਨੂੰ ਸੁਣਨਾ ਨਹੀਂ ਸਾਂ ਚਾਹੁੰਦੀ ਉਸੇ ਸ਼ਬਦ ਨੇ ਹੁਣ ਮੇਰੇ ਅੰਦਰ ਕਈ ਅਫਸੋਸਜਨਕ ਸ਼ੱਕ ਅਤੇ ਸਵਾਲ ਪੈਦਾ ਕਰ ਦਿੱਤੇ। ਮੈਨੂੰ ਲੱਗਿਆ ਕਿ ਇਕ ਛੋਟਾ ਜਿਹਾ ਸਰਨਾਵਾਂ ਲਾ ਕੇ ਉਹਨਾਂ ਦੀ ਖੋਜ ਅਤੇ ਸੂਖ਼ਮਤਾ ਨ ਾਲ ਨਾਇਨਸਾਫ਼ੀ ਹੀ ਨਹੀਂ ਕੀਤੀ ਜਾ ਰਹੀ ਸਗੋਂ ਉਹਨਾਂ ਦਾ ਵਿਅਕਤੀਤਵ ਵੀ ਬੌਣਾ ਦਰਸਾਇਆ ਜਾ ਰਿਹਾ ਹੈ। ਇਤਿਹਾਸਕਾਰ ਜਾਂ ਹਿਸਟੋਰੀਅਨ ਸ਼ਬਦਾਂ ਨਾਲ ਉਹਨਾਂ ਦੇ ਵਿਅਕਤੀਤਵ ਦਾ ਦੂਰ ਦੂਰ ਤੱਕ ਵਾਸਤਾ ਨਹੀਂ। ਇਹਨਾਂ ਸ਼ਬਦਾਂ ਦੀ ਪਰਿਭਾਸ਼ਾ ਦੀ ਹੱਦਬੰਦੀ ਵਿਚ ਜਨਾਬ ਦੀ ਕਾਰਜ ਪ੍ਰਣਾਲੀ, ਕਾਰਜਸ਼ਮਤਾ, ਉੱਦਮ ਅਤੇ ਸੰਵੇਦਨਾ ਸਮਾਉਂਦੀ ਹੀ ਨਹੀਂ।
ਇਤਿਹਾਸਕਾਰ ਕੀ ਹੁੰਦਾ ਹੈ? ਉਹ ਵਿਅਕਤੀ ਜਿਹੜਾ ਕਿ ਭੂਤਕਾਲ ਵਿਚ ਵਾਪਰੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਵਰਤਾਰਿਆਂ ਨੂੰ ਵਰਤਮਾਨ ਦੇ ਸਮਾਜ ਅੱਗੇ ਪੇਸ਼ ਕਰਨ ਵਿਚ ਮੁਹਾਰਤ ਹਾਸਲ ਕਰੇ। ਉਸ ਦੀ ਖੋਜ ‘ਕਿਵੇਂ’ ਸ਼ਬਦ ਦੇ ਆਲੇ ਦੁਆਲੇ ਘੁੰਮਦੀ ਹੈ। ਉਹ ਸਭ ਕੁਝ ਕਿਉਂ ਵਾਪਰਿਆ ਜੇ ਉਹ ਜਾਣਨਾ ਵੀ ਚਾਹੇ ਤਾਂ ਵੀ ਉਹ ਉਸ ਵਰਤਾਰੇ ਪ੍ਰਤੀ ਸੰਵੇਦਨਸ਼ੀਲ ਨਹੀਂ ਹੋਵੇਗਾ। ਉਦਾਹਰਣ ਵਜੋਂ ਮਨੂੰਸਮ੍ਰਿਤੀ ਨੂੰ ਲਾਗੂ ਕਰਨ ਵਾਲਾ ਕੋਈ ਬ੍ਰਾਹਮਣ ਸੀ। ਚਤੁਰੰਗਮ (ਸਤਰੰਜ) ਦੀ ਖੋਜ ਕਿਸੇ ਬ੍ਰਾਹਮਣ ਨੇ ਚੌਥੀ ਸ਼ਤਾਬਦੀ ਵਿਚ ਕੀਤੀ। ਸੰਨ 1947 ਤੋਂ ਬਾਅਦ ਭਾਰਤ ਵਿਚ ਕਿੰਨੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਆਏ ਅਤੇ ਕਿਹੜੀਆਂ ਕਿਹੜੀਆਂ ਪ੍ਰਸ਼ਾਸਨਿਕ ਪਦਵੀਆਂ ਕਿਹਨੂੰ ਕਿਹਨੂੰ ਮਿਲੀਆਂ। ਖਾਲਸਾ ਰਾਜ ਦਾ ਆਰੰਭ ਅਤੇ ਅੰਤ ਕਦੋਂ ਹੋਇਆ, ਇਹ ਸਭ ਕਿਸੇ ਇਤਿਹਾਸਕਾਰ ਦਾ ਹੀ ਵਿਸ਼ਾ ਹੈ।
ਹੁਣ ਅਸੀਂ ਪੜਚੋਲ ਕਰੀਏ ਆਪਣੀ ਮੱਤ ਦੀ ਕਿ ਅਜਮੇਰ ਸਿੰਘ ਦਾ ਜਾਂ ਉਹਨਾਂ ਵਰਗੀ ਕਿਸੇ ਹੋਰ ਸ਼ਖ਼ਸ਼ੀਅਤ ਦਾ ਮੰਤਵ ਸਾਨੂੰ ਸਿਰਫ਼ ਇਤਿਹਾਸ ਦਾ ਬੋਧ ਕਰਾਉਂਣਾ ਜਾਂ ਕਿਸੇ ਕਾਲ ਵਿਸ਼ੇਸ਼ ਦੀ ਜਾਣਕਾਰੀ ਦੇਣ ਦੀ ਹੱਦ ਤੱਕ ਸੀਮਤ ਹੈ? ਇਤਿਹਾਸਕ ਪਹਿਲੂਆਂ ਦੀ ਪੜਚੋਲ ਕਿਸੇ ਇਤਿਹਾਸਕਾਰ ਵਜੋਂ ਨਾ ਕਰ ਕੇ ਕੀ ਉਹ ਬਤੌਰ ਇਤਿਹਾਸ ਦੇ ਵਿਦਿਆਰਥੀ, ਕਰਦੇ ਪ੍ਰਤੀਤ ਨਹੀਂ ਹੁੰਦੇ ਅਤੇ ਵਿਦਿਆਰਥੀ ਵੀ ਉਹ ਜਿਸ ਨੇ ਇਤਿਹਾਸ ਦੀ ਖੋਜ ਦੇ ਨਾਲ ਨਵਾਂ ਇਤਿਹਾਸ ਸਿਰਜ ਕੇ ਲੋਕਾਂ ਦੇ ਸਾਹਮਣੇ ਰੱਖ ਦਿੱਤਾ। ਹਕੀਕਤ ਇਹ ਹੈ ਕਿ ਜੋ ਕੰਮ ਉਹ ਕਰ ਰਹੇ ਹਨ ਉਹ ਕਿਸੇ ਖੋਜੀ ਜਾਂ ਸੰਵੇਦਨਸ਼ੀਲ ਵਿਸ਼ਲੇਸ਼ਕ ਦੇ ਨੇ ਅਤੇ ਜਿਹੜੇ ਇਤਿਹਾਸ ਨੂੰ ਵਾਚੇ ਬਗ਼ੈਰ ਨਹੀਂ ਹੋ ਸਕਦੇ। ਚੌਥੀ ਸ਼ਤਾਬਦੀ ਵਿਚ ਸੀਸਾ ਨਾਂ ਦੇ ਵਿਅਕਤੀ ਨੇ ਜੇ ਸ਼ਤਰੰਜ ਦੀ ਖੋਜ ਕੀਤੀ ਅਤੇ ਉਸ ਵਿਚ ਬ੍ਰਾਹਮਣ (ਅਜੋਕੇ ਵਜ਼ੀਰ ਜਾਂ ਰਾਣੀ) ਨੂੰ ਹੀ ਸਾਰੇ ਅਖ਼ਤਿਆਰ ਕਿਉਂ ਦਿੱਤੇ ਗਏ? ਮਨੂੰ ਸਮ੍ਰਿਤੀ ਲਾਗੂ ਕਰਨ ਦੀ ਲੋੜ ਕਿਉਂ ਪਈ? ਇੱਕ ਖ਼ਾਸ ਭਾਈਚਾਰੇ (ਮਹਿਜ਼ ਤੇਰਾਂ ਫੀਸਦੀ ਲੋਕਾਂ) ਦੇ ਹਿੱਸੇ ਅਖੌਤੀ ਆਜ਼ਾਦੀ ਤੋਂ ਬਾਅਦ ਨੱਬੇ ਫੀਸਦੀ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਢਾਂਚਾ ਕਿਵੇਂ ਅਤੇ ਕਿਉਂ ਆ ਗਿਆ? ਖਾਲਸਾ ਰਾਜ ਦਾ ਅੰਤ ਕਿਉਂ ਹੋਇਆ ? ਇਸ ਪ੍ਰਕਾਰ ਉਹਨਾਂ ਦੀ ਸਾਰੀ ਖੋਜ ਦਾ ਆਧਾਰ ‘ਕਿਉਂ’ ‘ਤੇ ਟਿਕਿਆ ਹੈ ਅਤੇ ਆਪਣੇ ਮੰਤਵ ਦੀ ਪ੍ਰਾਪਤੀ ਲਈ ਇਤਿਹਾਸਕ ਘਟਨਾਵਾਂ ਨੂੰ ਅਧਾਰ ਬਣਾਉਣਾ ਉਹਨਾਂ ਦੀ ਸ਼੍ਰੋਮਣੀ ਜ਼ਰੂਰਤ ਹੈ ਜਾਂ ਦੂਜੇ ਲਫ਼ਜਾਂ ਵਿਚ ਕਹਿ ਲਓ ਕਿ ਸਾਨੂੰ ਇਸ ਦੇ ਕਾਬਲ ਬਣਾ ਰਹੇ ਹਨ ਕਿ ਥੇਹ ਨੂੰ ਵੇਖ ਕੇ ਅਸੀਂ ਦੱਸ ਸਕੀਏ ਕਿ ਇਮਾਰਤ ਆਪਣੇ ਸਮੇਂ ਵਿਚ ਕਿੰਨੀ ਬੁਲੰਦ ਸੀ। ਹੁਣ ਕਿਉਂਕਿ ਸਾਨੂੰ ਉਹਨਾਂ ਪਾਸੋਂ ਬਹੁਤ ਕੁਝ ਨਵਾਂ ਸੁਣਨ ਨੂੰ ਮਿਲਦਾ ਹੈ ਇਸ ਕਰਕੇ ਇਤਿਹਾਸਕਾਰ ਵਰਗਾ ‘ਟਾਈਟਲ’ ਉਹਨਾਂ ਦੇ ਗਲ ਪਾ ਕੇ ਉਹਨਾਂ ਪਾਸੋਂ ਦਿੱਤੀ ਜਾਣਕਾਰੀ ਦੀ ਡੂੰਘਾਈ ਨੂੰ ਸਮਝਣ ਤੋਂ ਨਿਜਾਤ ਹਾਸਲ ਕਰ ਲੈਂਦੇ ਹਾਂ।
ਹੁਣ ਜੇ ਮੈਂ ਆਪਣੀ ਗੱਲ ਕਰਾਂ ਅਤੇ ਮੈਨੂੰ ਪਹਿਲੀ ਵਾਰ ਜਦੋਂ ਉਹਨਾਂ ਨੂੰ ਸੁਣਨ ਦਾ ਮੌਕਾ ਮਿਲਿਆ ਅਤੇ ਪਹਿਲਿਆਂ ਪੰਜਾਂ ਮਿੰਟਾਂ ਤੋਂ ਬਾਅਦ ਹਰਪਾਲ ਸਿੰਘ ਪੰਨੂੰ ਦੀ ਲਿਖੀ ਕਿਤਾਬ ਵਿਚ ਦਰਜ ਚੌਦਵੀਂ ਸਦੀ ਦੇ ਫਕੀਰ ਹਾਫਿਜ਼ ਸ਼ਿਰਾਜ਼ੀ ਵਲੋਂ ਲਿਖਿਆ ਕਲਾਮ ਉਹਨਾਂ ‘ਤੇ ਲਾਗੂ ਹੁੰਦਾ ਪ੍ਰਤੀਤ ਹੋਇਆ :
”ਬੌਣੇ ਬਾਦਸ਼ਾਹ ਮਾਸੂਮ ਲੋਕਾਂ ਨੂੰ
ਪਿੰਜਰਿਆਂ ‘ਚ ਬੰਦ ਕਰ ਕੇ
ਜਦੋਂ ਸੌਂ ਜਾਂਦੇ ਨੇ
ਅਸੀਂ ਫਕੀਰ ਲੋਕ ਸਾਰੀ ਸਾਰੀ ਰਾਤ
ਚਾਬੀਆਂ ਵੰਡਦੇ ਫਿਰਦੇ ਹਾਂ।”
ਜਾਂ ਫਿਰ ਅਗਲੀ ਸਦੀ ਵਿਚ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਸੋਂ ਰਾਗ ਵਡਹੰਸੁ ਵਿਚ ਰਚਿਆ ਫੁਰਮਾਨ ਯਾਦ ਆਇਆ :
”ਮਨਿ ਮੇਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ।।
ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੇ ਕੋਇ।।”
ਜਾਂ ਫਿਰ ਮੈਨੂੰ ਯਾਦ ਆਈ ਸੱਠ ਦੇ ਦਹਾਕੇ ਦੇ ਅੰਤ ਵਿਚ ਸੰਪੂਰਨ ਸਿੰਘ ਕਾਲਰਾ (ਗੁਲਜ਼ਾਰ) ਵੱਲੋਂ ਲਿਖੀ ਗਈ ਰਚਨਾ :
ਹਮਕੋ ਮਨ ਕੀ ਸ਼ਕਤੀ ਦੇਨੇ, ਮਨ ਵਿਜੈ ਕਰੇਂ।
ਦੂਸਰੋਂ ਕੀ ਜੈ ਸੇ ਪਹਿਲੇ, ਖ਼ੁਦ ਕੋ ਜੈ ਕਰੇਂ।
ਮੈਨੂੰ ਤੇ ਇੰਝ ਵੀ ਪ੍ਰਤੀਤ ਹੁੰਦਾ ਹੈ ਕਿ ਜੇ ਕਿਤੇ ਸ਼ਹੀਦ ਭਗਤ ਸਿੰਘ ਦੀ ਫਾਂਸੀ ਟਲ ਜਾਂਦੀ ਅਤੇ ਉਹਨਾਂ ਨੂੰ ਵੀ ਇਤਿਹਾਸਕਾਰ ਹੀ ਕਿਹਾ ਜਾਣਾ ਸੀ ਕਿਉਂਕਿ ਸਮਾਜਵਾਦ ਨੂੰ ਸਥਾਪਿਤ ਕਰਨ ਦੀ ਜੁਗਤ ਅਤੇ ਪ੍ਰੇਰਣਾ ਉਹਨਾਂ ਨੂੰ ਇਤਿਹਾਸ ਵਿਚੋਂ ਹੀ ਮਿਲੀ ਸੀ। ਕਿਉਂਕਿ ਜਿਹੜੇ ਬੰਦੇ ਆਪਣੀ ਹਸਰਤਾਂ ਨੂੰ ਲੈ ਕੇ ਦੁਨੀਆਂ ਤੋਂ ਚਲੇ ਜਾਂ ਭੇਜ ਦਿੱਤੇ ਜਾਂਦੇ ਹਨ ਅਸੀਂ ਜਿਹੜੇ ਕਿ ਬੋਝਿਆਂ ਵਿਚ ਹੀ ਖਿਤਾਬ ਪਾਈ ਘੁੰਮਦੇ ਹਾਂ, ਮਿੰਟ ਨਹੀਂ ਲਾਉਂਦੇ ਮਤਾ ਫਰਮਾਉਣ ਲੱਗੇ। ਮੇਰੇ ਹਿਸਾਬ ਨਾਲ ਖਾੜਕੂਵਾਦ ਵਿਚ ਸ਼ਾਮਲ ਸਾਰੇ ਮਰਜੀਵੜੇ ਇਤਿਹਾਸਕਾਰ ਹੀ ਸਨ ਕਿਉਂਕਿ ਸਿਰੜੀ ਹੋਣ ਦੀ ਪ੍ਰੇਰਣਾ ਅਤੇ ਸ਼ਕਤੀ ਉਹਨਾਂ ਨੂੰ ਅਜ਼ੀਮ ਖ਼ਾਲਸਾਈ ਇਤਿਹਾਸ ਤੋਂ ਹੀ ਮਿਲੀ।
ਹਿਰਖ ਹੁੰਦਾ ਹੈ ਵੇਖ ਕੇ ਇਹੋ ਜਿਹੀਆਂ ਸਖ਼ਸ਼ੀਅਤਾਂ ਦੀਆਂ ਅਣਥੱਕ ਕਾਰਗੁਜ਼ਾਰੀਆਂ ਨੂੰ ਅਸੀਂ ਸਿਰਫ਼ ਸੁਣਨ ਤੱਕ ਹੀ ਸੀਮਤ ਰੱਖਦੇ ਹਾਂ। ਜਾਂ ਕਹਿ ਲਵੋ ਕਿ ਉਹਨਾਂ ਵਲੋਂ ਪ੍ਰਗਟਾਈ ਵੇਦਨਾ ਸਾਡੇ ਮਨਪ੍ਰਚਾਵੇ ਦਾ ਸਾਧਨ ਬਣਦੀ ਹੈ। ਇਸ ਦੀ ਪ੍ਰਤੱਖ ਮਿਸਾਲ ਹੈ ਕਿ ਉਹਨਾਂ ਦੇ ਰੂਬਰੂ ਹੋਇਆਂ ਅਸੀਂ ਫੋਨ ਬੰਦ ਕਰਨੇ ਭੁੱਲ ਜਾਂਦੇ ਹਾਂ, ਚਲਦੀ ਚਰਚਾ ਵਿਚ ਸਪੀਕਰ ਦਾ ਰੁਖ ਬਦਲਣਾ ਸਾਨੂੰ ਚੇਤੇ ਆਉਂਦਾ ਹੈ। ਵਿਸ਼ੇ ਦੀ ਚਰਮਸੀਮਾਂ ‘ਤੇ ਪਹੁੰਚਣ ਤੋਂ ਬਾਅਦ ਉਹਨਾਂ ਦੇ ਗਲ ਦੁਆਲੇ ਸਿਰੋਪਾਓ ਪਾ ਕੇ ਗੋਸ਼ਟੀ ਵਿਚ ਵਿਘਨ ਪਾਉਂਦੇ ਹਾਂ। ਆਲੇ ਦੁਆਲੇ ਘੁੰਮ ਘੁੰਮ ਕੇ ਤਸਵੀਰਾਂ ਖਿੱਚਦੇ ਰਹਿੰਦੇ ਹਾਂ। ਉਹਨਾਂ ਦੀ ਗੱਲ ਅਸੀਂ ਜੇ ਕਿਤੇ ਗੰਭੀਰਤਾ ਨਾਲ ਲੈਣੀ ਸ਼ੁਰੂ ਕਰੀਏ ਤਾਂ ਉਹਨਾਂ ਨੂੰ ਸੱਦਾ ਪੱਤਰ ਦੇਣ ਤੋਂ ਪਹਿਲਾਂ ਅਸੀਂ ਸੌ ਵਾਰ ਸੋਚੀਏ ਕਿ ਜੇ ਇਹੋ ਜਿਹੀ ਸਖ਼ਸ਼ੀਅਤ ਜਿਹੜੀ ਕਿ ਕੌਮ ਪ੍ਰਤੀ ਬੇਹੱਦ ਚਿੰਤਤ ਹੈ, ਨੇ ਸਾਡੇ ਦਰਮਿਆਨ ਵਖਰੇਵਿਆਂ ਜਾਂ ਮਨ-ਮੁਟਾਓ ਦਾ ਕਾਰਨ ਪੁੱਛ ਲਿਆ ਤਾਂ ਅਸੀਂ ਕੀ ਜੁਆਬ ਦੇਵਾਂਗੇ। ਆਪਸੀ ਗਲਤਫ਼ਹਿਮੀਆਂ ਦਾ ਹੱਲ ਅਸੀਂ ਨਵਾਂ ਗੁਰਦੁਆਰਾ ਬਣਾ ਕੇ ਲੱਭਦੇ ਹਾਂ। ਕੀ ਇਸ ਦਾ ਕੋਈ ਸੰਤੋਸ਼ਜਨਕ ਸਪੱਸ਼ਟੀਕਰਨ ਅਸੀਂ ਦੇ ਸਕਾਂਗੇ ਕਿਉਂਕਿ ਸਿੰਘ ਸਾਹਿਬ ਦੀ ਕਲਮ ਜਿਸ ਪ੍ਰਕਾਰ ਕਿਸੇ ਗੁਰੂ ਦੇ ਸਿੱਖ ਦਾ ਕਿਰਦਾਰ ਬਿਆਨ ਕਰ ਰਹੀ ਹੈ ਅਸੀਂ ਤਾਂ ਉਸ ਦੇ ਨੇੜੇ ਤੇੜੇ ਵੀ ਨਹੀਂ ਖੜ੍ਹੇ। ਹੁਣ ਅਸੀਂ ਗੰਭੀਰਤਾ ਨਾਲ ਆਪਣੇ ਆਪ ਤੋਂ ਪੁੱਛੀਏ ਕਿ ਕੀ ਅਸੀਂ ਉਸ ਸ਼ਖ਼ਸ਼ ਦੀ ਖੋਜ ਨਾਲ ਨਿਆਂ ਕਰ ਰਹੇ ਹਾਂ?
ਅਸਲ ਵਿਚ ਸਰਦਾਰ ਅਜਮੇਰ ਸਿੰਘ ਜਾਂ ਫਿਰ ਜਿਹਨਾਂ ਦੇ ਨਕਸ਼ੇ-ਕਦਮ ‘ਤੇ ਉਹ ਚੱਲੇ, ਇਹਨਾਂ ਸਾਰੀਆਂ ਸਖ਼ਸ਼ੀਅਤਾਂ ਬਾਰੇ ਕੋਈ ਵੀ ਸ਼ਬਦਿਕ ਪਰਿਭਾਸ਼ਾ ਨਹੀਂ ਦਿੱਤੀ ਜਾ ਸਕਦੀ। ਇਹ ਲੋਕ ਇਸ ਖ਼ਾਸ ਸੋਚ ਦੇ ਅਧੀਨ ਜ਼ਿੰਦਗੀ ਬਤੀਤ ਕਰਦੇ ਹਨ ਅਤੇ ਸਮਾਂ ਆਉਣ ‘ਤੇ ਉਸ ਸੋਚ ਦਾ ਹੀ ਹਿੱਸਾ ਬਣ ਜਾਂਦੇ ਹਨ। ਅਸਮਾਨ ਵਿਚ ਚੰਨ ਤਾਂ ਸਭ ਲਈ ਨਿਕਲਦਾ ਹੈ ਪਰ ਚੰਨ ਵੇਖਣ ਲਈ ਚੁਬਾਰੇ ਨੂੰ ਪੌੜੀ ਕੇਵਲ ਇਹੋ ਜਿਹੀਆਂ ਰੂਹਾਂ ਹੀ ਲਾਉਂਦੀਆਂ ਹਨ। ਗੁਰੂ ਦਾ ਭਓ ਅਤੇ ਉਸ ਨਾਲ ਪਿਆਰ ਸਭ ਦੇ ਹਿੱਸੇ ਨਹੀਂ ਆਉਂਦਾ ਅਤੇ ਗੁਰੂ ਵਲੋਂ ਦਰਸਾਇਆ ਰੂਹਾਨੀਅਤ ਵੱਲ ਜਾਂਦਾ ਰਾਹ ਤਲਾਸ਼ਣ ਦੀ ਹਿੰਮਤ ਇਹਨਾਂ ਵਰਗੇ ਚੰਦ ਲੋਕ ਹੀ ਕਰਦੇ ਹਨ।
”ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਂਝੀ ਸਗਲ ਜਹਾਨੈ।।
ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪ ਪਛਾਣੈ।।
ਗੁਰ ਪਰਸਾਦੀ ਜੀਵਤੁ ਮਰੈ ਮਨ ਹੀ ਤੇ ਮਨੁ ਮਾਨੈ।।”
ਕੇਵਲ ਕੁਝ ਕੁ ਬੰਦੇ ਹੀ ਗੁਰੂ ਦਾ ਫੁਰਮਾਣ ਸਮਝਣ ਨੂੰ ਆਪਣੀ ਜ਼ਿੰਦਗੀ ਦਾ ਅੰਤਮ ਮਕਸਦ ਬਣਾਉਂਦੇ ਹਨ। ਸਾਡੀ ਜ਼ਿੰਦਗੀ ਕਿਉਂਕਿ ਭੌਤਿਕਤਾ ਦੀ ਹੁੰਦੀ ਹੈ ਅਤੇ ਸਾਨੂੰ ਆਪਣਾ ਆਪ ਇਹਨਾਂ ਤੋਂ ਵੱਖਰਾ ਲੱਗਦਾ ਹੈ ਅਤੇ ਅਸੀਂ ਪ੍ਰਗਟਵਾ ਤਾਂ ਕਰਦੇ ਹਾਂ ਇਹਨਾਂ ਦੇ ਪ੍ਰਸ਼ੰਸ਼ਕ ਹੋਣ ਦਾ ਪਰ ਅਸਲ ਵਿਚ ਅਸੀਂ ਇਹਨਾਂ ਦੇ ਦਰਸ਼ਕ ਹੁੰਦੇ ਹਾਂ ਅਤੇ ਉਹ ਬੰਦੇ ਦੇ ਪ੍ਰਯਤਨਾਂ ਨੂੰ ਅਸੀਂ ਉਦੋਂ ਬੇਅਰਥ ਵੀ ਕਰ ਦਿੰਦੇ ਹਾਂ ਜਦੋਂ ਇਹੋ ਜਿਹੀਆਂ ਸਖ਼ਸ਼ੀਅਤਾਂ ਨਾਲ ਖਾਸਾ ਸਮਾਂ ਬਿਤਾਉਦ ਤੋਂ ਬਾਅਦ ਅਸੀਂ ਫਿਰ ‘ਮੈਂ’ ਅਤੇ ‘ਤੂੰ’ ਬਣ ਕੇ ਹੀ ਰਹਿ ਜਾਂਦੇ ਹਾਂ। ‘ਅਸੀਂ’ ਸ਼ਬਦ ਨਾਲ ਸਾਡਾ ਫਾਸਲਾ ਫਿਰ ਵੀ ਕੋਹਾਂ ਦਾ ਹੀ ਰਹਿੰਦਾ ਹੈ। ਇਹਨਾਂ ਰੂਹਾਂ ਰਾਹੀਂ ਅਸੀਂ ਕੁਝ ਕੁ ਸਮੇਂ ਵਿਚ ਹੀ ਸਭ ਕੁਝ ਬਦਲ ਦੇਣਾ ਚਾਹੁੰਦੇ ਹਾਂ। ਜਦ ਕਿ ਗੁਰੂ ਨੇ ਫੁਰਮਾਨ ਸਾਰਿਆਂ ਲਈ ਹੀ ਦਿੱਤਾ ਹੈ :
‘ਹਸਤੀ ਸਿਰਿ ਜਿਉਂ ਅਕਸ ਹੈ ਅਹਰਣਿ ਜਿਉ ਸਿਰ ਦੇਇ।।
ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ।।
ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ।।’
ਗੱਲ ਇਥੇ ਹੀ ਮੁਕਦੀ ਜਾਪਦੀ ਹੈ ਕਿ ਚੰਨ ਦੇ ਸੁਹੱਪਣ ਨੂੰ ਅਸੀਂ ਉਦੋਂ ਤੱਕ ਬਿਆਨ ਨਹੀਂ ਕਰ ਸਕਾਂਗੇ ਜਦ ਤੱਕ ਚੁਬਾਰੇ ਨੂੰ ਪੌੜੀ ਅਸੀਂ ਆਪ ਨਹੀਂ ਲਾਵਾਂਗੇ। ਸਰਦਾਰ ਅਜਮੇਰ ਸਿੰਘ ਹੁਰਾਂ ਦੀ ਗੱਲ ਵੀ ਤਦ ਤਕ ਨਹੀਂ ਸਮਝ ਸਕਾਂਗੇ ਜਦ ਕਿ ਗੁਰੂ ਦੇ ਵਿਚਾਰ ਨਾਲ ਆਪ ਨਹੀਂ ਪਿਆਰ ਪਾਉਂਦੇ। ਅਸੀਂ ਵੀ ਗ਼ਲਤ ਹੋ ਸਕਦੇ ਹਾਂ। ਇਹ ਕਬੂਲਣ ਦੀ ਦਲੇਰੀ ਆਪਣੇ ਆਪ ਅੰਦਰ ਨਹੀਂ ਪੈਦਾ ਕਰਦੇ ਅਤੇ ਗੁਰੂ ਦੇ ਵਿਚਾਰ ਰਾਹੀਂ ਗੁਰੂ ਦਾ ਕਿਰਦਾਰ ਸਮਝਣ ਵੱਲ ਨਹੀਂ ਤੁਰਦੇ। ਨਹੀਂ ਤਾਂ ਗੋਸ਼ਟੀਆਂ ਚਲਦੀਆਂ ਰਹਿਣੀਆਂ ਹਨ। ਫਾਸਲੇ ਵੀ ਰਹਿਣੇ ਹਨ ਅਤੇ ਮੂਲਵਾਨ ਵਕਤ ਹਥੋਂ ਨਿਕਲੀ ਜਾਂਦਾ ਹੈ।
ਅੰਤ ਵਿਚ ਮੈਂ ਇਹੀ ਕਹਾਂਗੀ ਕਿ ਜਿਸ ਕਿਸੇ ਸਖ਼ਸ਼ੀਅਤ ਨੂੰ ਵੀ ਨਿਜੀ ਅਤੇ ਕੌਮੀ ਫਾਇਦੇ ਵਿਚ ਅੰਤਰ ਪਤਾ ਲੱਗ ਗਿਆ ਉਹ ਆਪਣੇ ਪਿਛੋਕੜ ਪ੍ਰਤੀ ਉਤਸੁਕ ਹੋਵੇਗਾ, ਵਰਤਮਾਨ ਪ੍ਰਤੀ ਕਾਰਜਸ਼ੀਲ ਅਤੇ ਭਵਿੱਖ ਪ੍ਰਤੀ ਚਿੰਤਤ। ਉਹ ਅਣਭੋਲ ਹੀ ਦੋ ਧੜਿਆਂ ਵਿਚ ਵੰਡੇ ਸਮਾਜ ਦਾ ਹਿੱਸਾ ਬਣ ਜਾਵੇਗਾ। ਇਕ ਧੜਾ ਉਹ ਜੋ ਉਸ ਦੇ ਮਗਰ ਲੱਗਣ ਲਈ ਯਤਨਸ਼ੀਲ ਹੈ ਅਤੇ ਦੂਜਾ ਉਹ ਜਿਹੜਾ ਉਹਨੂੰ ਮਗਰੋਂ ਲਾਹੁਣ ਲਈ ਕਿਉਂਕਿ ਗੁਰੂ ਦੀ ਮਿਹਰ ਦੀ ਸਾਖ ਜਿੰਨੀ ਗੁਰੂ ਦੀ ਰਾਹ ‘ਤੇ ਚੱਲਣ ਵਾਲੇ ਆਪਣੇ ਪੱਲੇ ਇਕੱਠੀ ਕਰ ਲੈਂਦੇ ਹਨ ਉਹ ਉਹਨਾਂ ਲਈ ਹਿਰਖ ਦਾ ਕਾਰਨ ਬਣਦੇ ਹਨ ਜਿਹੜੇ ਇਸ ਤੋਂ ਵਾਂਝੇ ਰਹਿ ਜਾਣ।
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ।