ਦਿਆਲ ਸਿੰਘ ਕਾਲਜ: ਹੁਣ ਆਵਾਜ਼ ਬੁਲੰਦ ਕਰਨ ਦਾ ਵੇਲਾ

ਦਿਆਲ ਸਿੰਘ ਕਾਲਜ: ਹੁਣ ਆਵਾਜ਼ ਬੁਲੰਦ ਕਰਨ ਦਾ ਵੇਲਾ

ਭਾਈ ਅਸ਼ੋਕ ਸਿੰਘ ਬਾਗੜੀਆਂ (ਸੰਪਰਕ: 98140-95308)
ਭਾਰਤ ਦੀ ਕੌਮੀ ਰਾਜਧਾਨੀ ਵਾਲੇ ਸ਼ਹਿਰ ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਖ਼ਿਲਾਫ਼ ਸਾਰਾ ਸਿੱਖ ਜਗਤ ਲਾਮਬੰਦ ਹੋਇਆ, ਜਿਸ ਕਾਰਨ ਕੇਂਦਰ ਸਰਕਾਰ ਵੱਲੋਂ ਪੂਰੇ ਸਿੱਖ ਸਮਾਜ ਨੂੰ ਭਰੋਸਾ ਦਿਵਾਉਣਾ ਪਿਆ ਕਿ ਸਰਕਾਰ ਅਜਿਹਾ ਨਹੀਂ ਹੋਣ ਦੇਵੇਗੀ। ਇਸ ਭਰੋਸੇ ਦੇ ਬਾਵਜੂਦ ਦਿਆਲ ਸਿੰਘ ਕਾਲਜ ਦੀ ਮੈਨੇਜਮੈਂਟ ਦੇ ਮੁਖੀ ਵੱਲੋਂ ਅਜਿਹਾ ਬਿਆਨ ਦੇਣਾ ਕਿ ਸਰਕਾਰ ਦਾ ਇਸ ਸੰਸਥਾ ਵਿੱਚ ਦਖ਼ਲ ਦੇਣ ਦਾ ਕੋਈ ਹੱਕ ਨਹੀਂ, ਮੰਦਭਾਗੀ ਗੱਲ ਹੈ ਅਤੇ ਇਹ ਕੱਟੜ ਸੰਸਥਾਵਾਂ ਦਾ ਸਰਕਾਰ ਉੱਤੇ ਦਬਦਬਾ ਸਪੱਸ਼ਟ ਦੱਸਦੀ ਹੈ। ਸਰਕਾਰ ਵੱਲੋਂ ਇਸ ਭਰੋਸੇ ਦੇ ਬਾਵਜੂਦ ਦਿਆਲ ਸਿੰਘ ਕਾਲਜ ਦਾ ਨਾਮ ਦੁਬਾਰਾ ਵੰਦੇ ਮਾਤਰਮ ਦਿਆਲ ਸਿੰਘ ਕਾਲਜ ਰੱਖ ਦੇਣਾ ਸੁਭਾਵਿਕ ਨਹੀਂ ਸਮਝਿਆ ਜਾ ਸਕਦਾ। ਕੋਈ ਅਜਿਹਾ ਅਦਾਰਾ, ਚਾਹੇ ਤਾਲੀਮੀ ਹੈ ਜਾਂ ਕੋਈ ਹੋਰ, ਸਰਕਾਰ ਦੇ ਕਹੇ ਦੇ ਉਲਟ ਨਹੀਂ ਜਾ ਸਕਦਾ।
ਇਸ ਖ਼ਬਰ ਨੇ ਸਭ ਨੂੰ ਡੂੰਘੀ ਸੋਚ ਲਈ ਮਜਬੂਰ ਕੀਤਾ ਹੈ। ਇਹ ਕਹਿਣਾ ਕਿ ਵੰਡ ਤੋਂ ਬਾਅਦ ਸਿੱਖ ਭਾਈਚਾਰੇ ਦੇ ਜੋ ਲੋਕ ਇਧਰ ਹਿੰਦੁਸਤਾਨ ਆਏ, ਉਨ੍ਹਾਂ ਦੇ ਪੱਲੇ ਕੁਝ ਨਹੀਂ ਸੀ। ਇਹੋ ਜਿਹੀ ਸੌੜੀ ਸੋਚ ਵਾਲਿਆਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ
ਹਿੰਦੁਸਤਾਨ ਵਿੱਚ ਹਿੰਦੂਤਵ ਜੋ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ, ਉਸ ਨਿੱਘ ਹੇਠਾਂ ਜੋ ਅੱਗ ਬਲ ਰਹੀ ਹੈ, ਉਸ ਵਿੱਚ ਲੱਖਾਂ ਸਿੱਖਾਂ ਨੇ ਆਪਣਾ ਜੀਵਨ ਬਲੀਦਾਨ ਕੀਤਾ ਹੈ। ਉਹ ਆਰਐੱਸਐੱਸ ਵਾਂਗ ਆਜ਼ਾਦੀ ਦੀ ਲੜਾਈ ਸਮੇਂ ਖ਼ਾਮੋਸ਼ ਨਹੀਂ ਸਨ ਬੈਠੇ ਰਹੇ। ਭਾਰਤ ਦੀ ਆਜ਼ਾਦੀ ਲਈ ਹੀ ਉਹ ਆਪਣੇ ਘਰ-ਬਾਰ, ਕਾਰੋਬਾਰ ਭੇਟ ਚਾੜ੍ਹ ਕੇ ਇੱਧਰ ਆਏ ਸਨ ਅਤੇ ਇੱਧਰ ਆ ਕੇ ਵੀ ਉਨ੍ਹਾਂ ਨੇ ਆਪਣੀ ਹੱਡ ਭੰਨਵੀਂ ਮਿਹਨਤ ਨਾਲ ਹਿੰਦੁਸਤਾਨ ਨੂੰ ਭੁੱਖਮਰੀ ਨਾਲ ਲੜਨ ਦੇ ਕਾਬਲ ਬਣਾਇਆ ਅਤੇ ਅਨਾਜ ਦੀ ਪੈਦਾਵਾਰ ਨਾਲ ਇਸ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕੀਤਾ। ਅੱਜ ਜਿਸ ਸਮੇਂ ਆਰਐੱਸਐੱਸ ਭਾਰਤੀ ਸਮਾਜ ਵਿੱਚ ਨਫ਼ਰਤ ਫੈਲਾ ਰਹੀ ਹੈ, ਕਰਮ-ਕਾਂਡ ਅਤੇ ਜਾਤ-ਪਾਤ ਨੂੰ ਦੁਬਾਰਾ ਸੁਰਜੀਤ ਕੀਤਾ ਜਾ ਰਿਹਾ ਹੈ, ਉੱਥੇ ਸਿੱਖ ਸਮਾਜ ਦੁਨੀਆਂ ਨੂੰ ਗੁਰੂਆਂ ਦਾ ਸ਼ਾਂਤੀ ਦਾ ਸੰਦੇਸ਼ ਦੇ ਰਿਹਾ ਹੈ ਅਤੇ ਮਿਲ ਬੈਠ ਕੇ ਰਹਿਣ ਦਾ ਹੋਕਾ ਦੇ ਰਹੇ ਹਨ। ਜਿੱਥੇ ਦੁਨੀਆਂ ਵਿੱਚ ਹਿੰਦੂਤਵੀ ਤਾਕਤਾਂ ਦੀ ਨਿੰਦਾ ਹੋ ਰਹੀ ਹੈ, ਉੱਥੇ ਸਿੱਖਾਂ ਦੇ ਮਾਨਵਤਾ ਦੀ ਸੇਵਾ ਦੇ ਕੰਮਾਂ ਨੂੰ ਦੁਨੀਆਂ ਦਾ ਹਰ ਦੇਸ਼ ਅਤੇ ਹਰ ਤਬਕਾ ਸਰਾਹ ਰਿਹਾ ਹੈ।
ਦੂਸਰਾ, ਇਹ ਸ਼ਬਦ ਵੰਦੇ ਮਾਤਰਮ ਜਿਸ ਉਪਰ ਕਮਿਊਨਿਸਟਾਂ, ਦਲਿਤ ਅਤੇ ਮੁਸਲਮਾਨ ਭਾਈਚਾਰੇ ਨੂੰ ਇਤਰਾਜ਼ ਹੈ, ਉਸ ‘ਤੇ ਹੁਣ ਸਿੱਖ ਵੀ ਇਤਰਾਜ਼ ਕਰਦੇ ਹਨ। ਇਹ ਸਾਰਾ ਕੁਝ ਸੁਭਾਵਿਕ ਨਹੀਂ ਹੈ। ਵੰਦੇ ਮਾਤਰਮ ਸ਼ਬਦ ਦੀ ਕਾਢ ਮੁਸਲਮਾਨ ਭਾਈਚਾਰੇ ਖ਼ਿਲਾਫ਼ ਹਿੰਦੂ ਭਾਈਚਾਰੇ ਨੂੰ ਉਕਸਾਉਣ ਲਈ ਬੰਕਿਮਚੰਦਰ ਚੈਟਰਜੀ ਨੇ ਕੀਤੀ, ਜਿਸ ਨੂੰ ਤਾਲੀਮ ਮੁਸਲਮਾਨ ਟਰੱਸਟ ਵੱਲੋਂ ਦਿਵਾਈ ਗਈ ਸੀ। ਉਸ ਵੱਲੋਂ ਲਿਖੇ ਨਾਵਲ ‘ਆਨੰਦ ਮੱਠ’ ਵਿੱਚ ਮੱਠ ਦੇ ਪੁਜਾਰੀਆਂ ਨੂੰ ਹਿੰਦੂ ਨੌਜਵਾਨਾਂ ਵਿੱਚ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤ ਪੈਦਾ ਕਰਨ ਲਈ ਕਿਹਾ ਗਿਆ ਹੈ। ਹੁਣ ਇਹੋ ਜਿਹੇ ਸ਼ਬਦ ਨੂੰ ਦਿਆਲ ਸਿੰਘ ਕਾਲਜ ਵਰਗੇ ਅਦਾਰੇ ਨਾਲ  ਜੋੜਨਾ ਭਾਰਤ ਦੀਆਂ ਦੋ ਘੱਟ ਗਿਣਤੀਆਂ ਵਿਚਕਾਰ ਮਤਭੇਦ ਪੈਦਾ ਕਰਨ ਦਾ ਮਨਸੂਬਾ ਜਾਪਦਾ ਹੈ।
ਇਸੇ ਪ੍ਰਸੰਗ ਵਿੱਚ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਸਿਆਸੀ ਮਤਭੇਦ ਮਿਟਾ ਕੇ ਅਤੇ ਛੋਟੇ ਹਿਤਾਂ ਤੋਂ ਉਪਰ ਉੱਠ ਕੇ ਪੰਜਾਬ ਅਤੇ ਪੰਜਾਬੀਆਂ ਦੀਆਂ ਮੰਗਾਂ ਮਨਾਉਣ ਵਾਸਤੇ ਦਿੱਲੀ ਸਰਕਾਰ ਉੱਤੇ ਸਾਂਝਾ ਦਬਾਓ ਪਾਉਣ। ਦਿਆਲ ਸਿੰਘ ਕਾਲਜ ਦਾ ਨਾਮ ਵਿਗਾੜਨ ਜਾਂ ਹੋਰ ਇਸ ਵਰਗੇ ਮਸਲਿਆਂ ਵਿੱਚ ਸੰਘ ਪਰਿਵਾਰ ਦੀ ਦਖ਼ਲਅੰਦਾਜ਼ੀ ਖ਼ਿਲਾਫ਼ ਇਕੱਠੇ ਹੋ ਕੇ ਉਹ ਬਤੌਰ ਪੰਜਾਬੀ ਜਾਂ ਸਿੱਖ ਆਵਾਜ਼ ਬੁਲੰਦ ਕਰਨ, ਤਾਂ ਹੀ ਨਫ਼ਰਤ ਭੜਕਾਉਣ ਵਾਲੀਆਂ ਇਸ ਤਰ੍ਹਾਂ ਦੀਆਂ ਤਾਕਤਾਂ ਨੂੰ ਠੱਲ੍ਹ ਪਾਈ ਜਾ ਸਕੇਗੀ।