ਪਰਛਾਵੇਂ ਅੰਦਰ ਸਿੱਖ ਬਣ ਕੇ ਜੀਣ ਦੀ ਲੋਚਾ

ਪਰਛਾਵੇਂ ਅੰਦਰ ਸਿੱਖ ਬਣ ਕੇ ਜੀਣ ਦੀ ਲੋਚਾ

ਡਾ. ਸੇਵਕ ਸਿੰਘ

ਸਾਲ 2005 ਵਿਚ ਜਦੋਂ ‘ਸਾਹਿਬਜ਼ਾਦੇ’ ਨਾਂ ਦੀ ਕਾਰਟੂਨ ਫਿਲਮ ਆਈ ਸੀ ਤਾਂ ਉਸ ਵੇਲੇ ਹੀ ਕਈ ਸਿੱਖ ਹਲਕਿਆਂ ਵੱਲੋਂ ਪੰਥ ਨੂੰ ਇਸ ਰੁਝਾਨ ਨੂੰ ਨਕਾਰਨ ਦਾ ਸੱਦਾ ਦਿੱਤਾ ਸੀ ਤੇ ਇਸ ਰਾਹ ਨੂੰ ਰੂਹਾਨੀ ਖ਼ੁਦਕੁਸ਼ੀ ਦਾ ਰਾਹ ਦੱਸਿਆ ਸੀ। ਪਰ ਇਹ ਰੁਝਾਨ ਕਿਸੇ ਨਾ ਕਿਸੇ ਹੱਦ ਤਕ ਸਹਿਣ ਕੀਤਾ ਜਾਂਦਾ ਰਿਹਾ ਤੇ ਇਸ ਪਿੱਛੇ ਇਕ ਕਾਰਨ ਇਹ ਸੀ ਕਿ ਕਾਰਟੂਨ ਵਿਧੀ ਨੂੰ ਨਕਲਾਂ ਲਾਹੁਣ ਦੇ ਹੋਰਨਾਂ ਢੰਗਾਂ ਤੋਂ ਵੱਖਰੇ ਤੌਰ ਤੇ ਵੇਖਿਆ ਜਾ ਰਿਹਾ ਸੀ। ਦੂਜਾ ਇਸ ਨੂੰ ਅਜੋਕੇ ਸਮੇਂ ਵਿੱਚ ਪਰਚਾਰ ਦੀ ਲੋੜ ਦੱਸਿਆ ਜਾ ਰਿਹਾ ਸੀ ਤੇ ਕੁਝ ਹਿੱਸੇ ਇਸ ਨੂੰ ਸਿੱਖ ਕਲਾ ਦੇ ਵਿਸਤਾਰ ਵਜੋਂ ਵੇਖ ਰਹੇ ਸਨ। ਇਸ ਰੁਝਾਨ ਨੂੰ ਸਾਲ 2014 ਵਿਚ ਆਈ ‘ਚਾਰ ਸਾਹਿਬਜ਼ਾਦੇ’ ਫਿਲਮ ਮੌਕੇ ਸਭ ਤੋਂ ਵੱਧ ਮਾਨਤਾ ਮਿਲੀ ਪਰ ਨਾਲ ਇਸ ਛੇਤੀ ਇਸ ਦੀ ਸਾਰਥਿਕਤਾ ਬਾਰੇ ਗੰਭੀਰ ਸਵਾਲ ਵੀ ਉੱਠੇ। ਸਾਲ 2015 ਤੇ 2018 ਵਿਚ ਨਾਨਕ ਸ਼ਾਹ ਫ਼ਕੀਰ ਫਿਲਮ ਦਾ ਵਿਰੋਧ ਮੌਕੇ ਸਿੱਖ ਜਗਤ ਨੇ ਇਸ ਰੁਝਾਨ ਨੂੰ ਕਾਫੀ ਹੱਦ ਤਕ ਰੱਦ ਕਰ ਦਿੱਤਾ ਹੈ। ਇਸ ਸਾਰੇ ਵਰਤਾਰੇ ਦੀ ਡੂੰਘੀ ਪੜਤਾਲ ਕਰਦਿਆਂ ਡਾ. ਸੇਵਕ ਸਿੰਘ ਨੇ ਇਕ ਲੰਮੀ ਲਿਖਤ ਦਾ ਪਹਿਲਾ ਹਿੱਸਾ ‘ਸਿੱਖ ਸਿਆਸਤ’ ਤੋਂ ਧੰਨਵਾਦ ਸਹਿਤ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਦੇ ਪਾਠਕਾਂ ਨਾਲ ਸਾਂਝੀ ਕੀਤਾ ਜਾ ਰਿਹਾ ਹੈ। ਆਉਂਦੇ ਦਿਨਾਂ ਵਿਚ ਇਸ ਲਿਖਤ ਦੀਆਂ ਅਗਲੀਆਂ ਕੜੀਆਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ-ਸੰਪਾਦਕ।

ਮਨੁੱਖੀ ਇਤਿਹਾਸ ਵਿਚ ਸਭ ਤੋਂ ਵੱਡਾ ਭੇੜ ਇਸੇ ਗੱਲ ਦਾ ਹੈ ਕਿ ਸਮੁੱਚੇ ਸੰਸਾਰ ਦੀ ਕੀਮਤ ਕਿਸ ਤਰ੍ਹਾਂ ਅਤੇ ਕਿਸ ਅਧਾਰ ਤੇ ਤੈਅ ਹੋਵੇ। ਬਾਕੀ ਸਾਰੇ ਭਾਂਤ ਦੇ ਭੇੜ ਅਤੇ ਵਿਵਾਦ ਇਸੇ ਕੀਮਤ ਤੈਅ ਕਰਨ ਦੇ ਅਧਾਰ ਅਤੇ ਤਰੀਕਿਆਂ ਅਧੀਨ ਆਉਂਦੇ ਹਨ। ਹਰ ਸ਼ੈਅ ਦੀ ਕੀਮਤ ਤੈਅ ਕਰਨ ਦਾ ਸਵਾਲ ਮਨੁੱਖੀ ਸਮਾਜ ਲਈ ਸਦੀਆਂ ਤੋਂ ਮੂਲ ਸਵਾਲ ਹੈ। ਸਭ ਕੁਝ ਦੀ ਕੀਮਤ ਤੈਅ ਕਰਨ ਦਾ ਅਧਾਰ ਕੀ ਹੋਵੇ ਅਤੇ ਕੀਮਤ ਤੈਅ ਕਰਨ ਦਾ ਹੱਕ ਕਿਸ ਕੋਲ ਹੋਵੇ੩ ਇਹੋ ਖਾਸ ਗੱਲਾਂ ਹਨ। ਬੰਦੇ ਨੇ ਕੀਮਤ ਤੈਅ ਕਰਨ ਦਾ ਕੇਂਦਰ ਖੁਦ ਨੂੰ ਮੰਨਣਾ ਹੈ ਜਾਂ ਖੁਦਾ ਨੂੰ, ਇਹ ਮਸਲਾ ਧਰਮ, ਰਾਜਨੀਤੀ ਅਤੇ ਵਪਾਰ ਨੂੰ ਇਕੋ ਜਿੰਨਾ ਅਸਰ ਹੇਠ ਲੈਂਦਾ ਹੈ।
ਜਿਹੜੀਆਂ ਕਦਰਾਂ ਕੀਮਤਾਂ ਨੂੰ ਮੁੱਖ ਰੱਖ ਕੇ ਕੋਈ ਹਕੂਮਤ ਕਿਸੇ ਦੁਬੇਲ ਧਿਰ ਨੂੰ ਖਤਮ ਕਰਨ ਲਈ ਪਰਚਾਰ ਚਲਾਉਂਦੀ ਹੈ, ਜੇ ਦੁਬੇਲ ਧਿਰ ਵੀ ਓਹੀ ਪਰਚਾਰ ਆਪਣੇ ਬਚਾਅ ਲਈ ਕਰੇ ਤਾਂ ਨਤੀਜੇ ਕੀ ਹੋਣਗੇ? ਜਿਹੜੇ ਤਰੀਕੇ ਕੋਈ ਅਜਾਦ ਧਿਰ ਦੂਜਿਆਂ ਨੂੰ ਗੁਲਾਮ ਬਣਾਉਣ ਲਈ ਅਪਣਾਉਂਦੀ ਹੈ ਜੇ ਗੁਲਾਮ ਧਿਰ ਵੀ ਆਪਣੀ ਅਜਾਦੀ ਹਾਸਲ ਕਰਨ ਲਈ ਓਹੀ ਤਰੀਕੇ ਅਪਣਾਏ ਤਾਂ ਨਤੀਜੇ ਕੀ ਹੋਣਗੇ? ਇਹ ਸਵਾਲ ਸਿੱਖਾਂ ਨੂੰ ਪਰਛਾਵਿਆਂ (ਸਿਨੇਮੇ) ਅਤੇ ਬਿਜਲ ਪਰਛਾਵਿਆਂ (ਐਨੀਮੇਸ਼ਨ) ਦੀ ਵਰਤੋਂ ਅਤੇ ਅਸਰ ਦੇ ਸਬੰਧ ਵਿੱਚ ਵਿਚਾਰਨਾ ਚਾਹੀਦਾ ਹੈ, ਭਾਵੇਂ ਪਛੜ ਕੇ ਹੀ ਸਹੀ। ਪਰਛਾਵੇ ਦੀ ਵਰਤੋਂ ਬਾਰੇ ਬਹਿਸਣ ਤੋਂ ਪਹਿਲਾਂ ਇਹਦੇ ਬਾਰੇ ਜਾਣਨਾ ਵੀ ਚਾਹੀਦਾ ਹੈ ਕਿ ਇਹ ਵਰਤਾਰਾ ਕੀ ਹੈ? ਜਿਹੜੇ ਲੋਕਾਂ ਨੇ ਇਹ ਵਿਧੀ ਵਰਤੀ ਹੈ ਉਹਨਾਂ ਦਾ ਕੀ ਤਜਰਬਾ ਰਿਹਾ? ਆਪਣੇ ਵਲੋਂ ਵੀ ਜਾਣਨਾ ਚਾਹੀਦਾ ਹੈ ਕਿ ਇਹ ਵਿਧੀ ਕੀ ਹੈ ਅਤੇ ਇਹਦੇ ਲਾਭ ਹਾਨ ਕੀ ਹਨ?
ਬਹੁਦਿਸ਼ਾਵੀ ਪਰਛਾਵੇਂਕਾਰੀ ਦੇ ਜੁਗ ਵਿੱਚ ‘ਦ ਗੋਸਟ ਸਟੋਰੀ’ ਨਾਂ ਦੀ ਫਿਲਮ ਬਾਰੇ ਚਰਚਾ ਹੋ ਰਹੀ ਹੈ ਕਿ ਉਹਦੇ ਵਿਚਲਾ ਭੂਤ ਕਿਸੇ ਬੰਦੇ ਦਾ ਪਰਛਾਵਾ ਹੈ ਜਾਂ ਬਿਜਲ ਪਰਛਾਵਾ ਹੀ ਹੈ। ਚਰਚਾ ਦੀ ਵਜਹ ਇਹ ਹੈ ਕਿ ਨਾ ਪਰਛਾਵੇ ਦਾ ਚਿਹਰਾ ਵਿਖਾਈ ਦਿੰਦਾ ਹੈ ਅਤੇ ਨਾ ਹੀ ਪਰਛਾਵੇ ਦੀ ਹਿਲਜੁਲ ਮਨੁੱਖਾਂ ਵਾਲੀ ਹੈ। ਸਬੱਬੀਂ ਸਿੱਖਾਂ ਵਿੱਚ ਵੀ ਪਰਛਾਵੇ ਬਾਰੇ ਇਸੇ ਤਰ੍ਹਾਂ ਦੀ ਦਲੀਲਬਾਜੀ ਹੋ ਰਹੀ ਹੈ ਕਿ:
hਇਹ ਕਿਸੇ ਬੰਦੇ ਦਾ ਸਿੱਧਾ ਪਰਛਾਵਾ ਨਹੀਂ ਹੈ।
hਇਹ ਨਵੀਂ ਤਕਨੀਕ ਨਾਲ ਬਣਾਇਆ ਹੈ।
hਇਹ ਨਿਰੋਲ ਚਮਕ ਨਾਲ ਬਣਿਆ ਪਰਛਾਵਾ (ਨਿਰੀ ਜੋਤ) ਹੈ, ਇਹਨੂੰ ਆਮ ਪਰਛਾਵਾ ਨਾ ਮੰਨੋ।
h ਇਹ ਆਮ ਬੰਦੇ ਦੇ ਕੱਦ ਨਾਲੋਂ ਵੱਡਾ ਹੈ, ਇਸ ਕਰਕੇ ਬੰਦਾ ਨਹੀਂ ਜਾਪਦਾ।
ਏਹਨਾਂ ਦਲੀਲਾਂ ਨਾਲ ਸਿੱਧ ਕੀਤਾ ਗਿਆ ਹੈ ਕਿ ਇਹ ਕਰਮ ਨਾ ਸਿੱਖੀ ਸਿਧਾਂਤ ਦੀ ਉਲੰਘਣਾ ਹੈ ਅਤੇ ਨਾ ਹੀ ਗੁਰੂ ਦੀ ਬੇਅਦਬੀ। ਦਲੀਲਬਾਜੀ ਦਾ ਪਹਿਲਾ ਹਿੱਸਾ ਮਨੁੱਖੀ ਪਰਛਾਵੇਂ ਦੀ ਥਾਂ ਬਿਜਲ ਪਰਛਾਵੇਂ ਨੂੰ ਸਹੀ ਠਹਿਰਾਉਣ ਦਾ ਹੈ, ਦੂਜਾ ਹਿੱਸਾ ਪਰਛਾਵਿਆਂ ਰਾਹੀਂ ਪਰਚਾਰ ਦੀ ਲੋੜ ਨੂੰ ਸਹੀ ਠਹਿਰਾਉਣ ਦਾ ਹੈ ਕਿ ਸਿੱਖਾਂ ਨੂੰ ਮਨੁੱਖੀ ਜਾਂ ਬਿਜਲ ਪਰਛਾਵੇਂ ਕਿਉਂ ਜਰੂਰੀ ਹਨ। ਕਈ ਫਿਲਮਾਂ ਬਣ ਗਈਆਂ ਹਨ ਅਤੇ ਦਰਜਨਾਂ ਲੋਕ ਸਾਜੋ ਸਮਾਨ ਜੋੜ ਰਹੇ ਹਨ। ਇਸ ਪਾਸੇ ਜਾਣ ਵਾਲਿਆਂ ਦੀਆਂ ਮੁਖ ਦਲੀਲਾਂ ਹਨ ਕਿ:
hਧਰਮ ਦਾ ਪਰਚਾਰ ਕਰਨ ਲਈ ਅਤੇ ਦੁਨੀਆ ਨਾਲ ਰਲਣ ਲਈ ਨਵੀਂ ਤਕਨੀਕ ਜਰੂਰੀ ਹੈ।
hਆਪਣੀ ਅਗਲੀ ਪੀੜ੍ਹੀ ਅਤੇ ਦੁਨੀਆ ਨੂੰ ਦੱਸਣ ਦਾ ਸਭ ਤੋਂ ਵਧੀਆ ਤਰੀਕਾ ਹੁਣ ਇਹੋ ਹੈ।
h ਜੇ ਆਪਣੇ ਧਰਮ ਇਤਿਹਾਸ ਬਾਰੇ ਆਪ ਨਹੀਂ ਦੱਸਾਂਗੇ ਤਾਂ ਹੋਰ ਕੌਣ ਦੱਸੇਗਾ?
hਜੇ ਸਾਰੀ ਦੁਨੀਆ ਦੇ ਧਰਮ ਇਤਿਹਾਸ ਤੇ ਫਿਲਮਾਂ ਬਣ ਸਕਦੀਆਂ ਹਨ ਤਾਂ ਸਾਡੇ ਤੇ ਕਿਉਂ ਨਹੀਂ?
ਏਹ ਦਲੀਲਾਂ ਕਿਥੋਂ ਆਈਆਂ ਹਨ? ਏਹਨਾਂ ਦੇ ਪਿਛੋਕੜ ਵਿੱਚ ਕਿੰਨੀ ਕੁ ਤਕਨੀਕੀ, ਸਿਧਾਂਤਕ ਅਤੇ ਵਿਹਾਰਕ ਸਮਝ ਮੌਜੂਦ ਹੈ? ਏਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ ਹੈ। ਸਿੱਖ ਕਹਾਉਣ ਵਾਲੇ ਵਪਾਰੀ ਅਤੇ ਹਕੂਮਤਾਂ ਦੇ ਖੈਰ ਖਵਾਹ ਕਦੋਂ ਤੋਂ ਇਸ ਪਿੜ ਨੂੰ ਖਾਲੀ ਜਾਣ ਕੇ ਕਸਰਤਾਂ ਕਰ ਰਹੇ ਹਨ।
ਗੱਲ ਪਰਛਾਵਿਆਂ ਦੀ ਤਕਨੀਕ ਤੋਂ ਸ਼ੁਰੂ ਕਰੀਏ ਤਾਂ 19ਵੀਂ ਸਦੀ ਵਿੱਚ ਪਰਛਾਵਿਆਂ ਦੀ ਤਕਨੀਕ ਆਈ। ਪਹਿਲਾਂ ਅਹਿੱਲ ਪਰਛਾਵੇਂ (ਤਸਵੀਰਾਂ) ਆਏ ਤੇ ਫਿਰ ਹਿਲਦੇ ਪਰਛਾਵਿਆਂ (ਫਿਲਮਾਂ) ਦੀ ਵਾਰੀ ਆਈ। ਪਰਛਾਵੇਂ ਪਹਿਲਾਂ ਚਿੱਟੇ ਕਾਲੇ, ਫਿਰ ਰੰਗਦਾਰ ਅਤੇ ਫਿਰ ਨਿਰੀ ਚਮਕ ਵਾਲੇ ਹੋਏ। ਪਹਿਲਾਂ ਪਰਛਾਵੇਂ ਦੋ ਦਿਸ਼ਾਵੀ ਹੀ ਸਨ ਫਿਰ ਤਿੰਨ, ਚਾਰ ਅਤੇ ਬਹੁਦਿਸ਼ਾਵੀ ਹੋ ਗਏ।
ਥੋੜ੍ਹੀ ਜਿਹੀ ਸਮਝ ਵਾਲਾ ਬੰਦਾ ਵੀ ਜਾਣਦਾ ਹੈ ਕਿ ਸਭ ਪਰਛਾਵੇ ਆਖਰ ਤਾਂ ਪਰਛਾਵੇ ਹੀ ਹਨ, ਉਹ ਕਿਸੇ ਵੀ ਰੂਪ ਵਿੱਚ ਤਿਆਰ ਕੀਤੇ ਗਏ ਹੋਣ, ਦਰਸ਼ਕ ਲਈ ਇਹਦਾ ਮਾਅਨਾ ਕਿੰਨਾ ਕੁ ਹੈ? ਪੁਤਲੀਘਰ ਦੇ ਪਰਦੇ ਉੱਤੇ ਸਭ ਭਾਂਤ ਦੇ ਪਰਛਾਵਿਆਂ ਦੇ ਅਕਾਰ ਇਕੋ ਹੀ ਰੌਸ਼ਨੀ ਨਾਲ ਬਣਦੇ ਹਨ। ਪਰਛਾਵਾ ਚਾਹੇ ਬੰਦੇ ਤੋਂ ਲਵੋ ਚਾਹੇ ਬਿਜਲ ਕਲਾ ਤੋਂ, ਇਹ ਗੱਲ ਦਾ ਤਕਨੀਕੀ ਨੁਕਤੇ ਬਿਨਾ ਕੀ ਫਰਕ ਹੈ? ਆਖਰ ਪਰਦੇ ਉਤੇ ਰੌਸ਼ਨੀ ਨਾਲ ਹੀ ਸਭ ਅਕਾਰ ਰੰਗਾਂ ਵਿਚ ਉਭਰਦੇ ਹਨ। ਕੋਈ ਅਕਾਰ ਸਿਰਫ ਇੱਕ ਰੰਗ ਦਾ ਹੋ ਸਕਦਾ ਹੈ ਨਿਰਾ ਚਿੱਟਾ ਬਰਫ ਵਰਗਾ ਜਾਂ ਚਾਨਣ ਵਰਗਾ, ਕੋਈ ਅਕਾਰ ਸਿਰਫ ਕਾਲਾ ਹੋ ਸਕਦਾ ਹੈ ਜਾਂ ਹੋਰ ਕਿਸੇ ਵੀ ਰੰਗ ਦਾ। ਕਿਸੇ ਪਰਛਾਵੇ ਦਾ ਅਕਾਰ ਦੋ, ਚਾਰ ਜਾਂ ਹਜਾਰ ਰੰਗਾਂ ਦਾ ਵੀ ਹੋ ਸਕਦਾ ਹੈ ਅਤੇ ਹਜਾਰਾਂ ਪਰਛਾਵੇ ਇਕੋ ਰੰਗ ਅਕਾਰ ਦੇ ਵੀ ਹੋ ਸਕਦੇ ਹਨ। ਰੰਗਾਂ ਦੀ ਵੰਨਗੀ, ਗਿਣਤੀ ਅਤੇ ਅਕਾਰ ਨਾਲ ਪਰਛਾਵੇ ਦੀ ਤਾਸੀਰ ਨਹੀਂ ਬਦਲਦੀ ਪਰ ਬੰਦੇ ਤੇ ਪੈਣ ਵਾਲੇ ਅਸਰ ਜਰੂਰ ਬਦਲਦੇ ਹਨ। ਪਰਛਾਵਾ ਕਲਾ ਦੇ ਮਾਹਰ ਜਾਣਦੇ ਹਨ ਕਿ ਕੋਈ ਪਰਛਾਵਾ ਜਿੰਨੀ ਵੱਖਰੀ ਕਿਸਮ ਦਾ ਹੋਏਗਾ, ਦਰਸ਼ਕ ਨੂੰ ਵਧੇਰੇ ਯਾਦ ਰਹੇਗਾ। ‘ਵੀ ਫਾਰ ਵੈਂਡਿਟਾ’ ਨਾਂ ਦੀ ਅੰਗਰੇਜੀ ਫਿਲਮ ਦਾ ਮੁੱਖ ਪਾਤਰ ਸਾਰੀ ਫਿਲਮ ਵਿੱਚ ਆਪਣਾ ਚਿਹਰਾ ਇਕ ਨਕਾਬ ਨਾਲ ਢੱਕ ਕੇ ਰਖਦਾ ਹੈ। ਉਹੀ ਨਕਾਬ ਵੱਖਰੀ ਕਿਸਮ ਦਾ ਹੋਣ ਕਰਕੇ ਬਜਾਰ ਵਿੱਚ ਰਿਵਾਜ ਵਜੋਂ ਬਹੁਤ ਵਿਕਿਆ। ਵੱਖਰਤਾ ਵਾਲਾ ਪਰਛਾਵਾ ਹੀ ਬੰਦੇ ਦੇ ਜਿਹਨ ਵਿੱਚ ਬੁੱਤ ਬਣ ਕੇ ਉਤਰਦਾ ਹੈ। ਜਦੋਂ ਇਕ ਵਾਰ ਕਿਸੇ ਵੀ ਰੂਪ ਵਿੱਚ ਪਰਛਾਵਾ ਨੂੰ ਅਪਣਾ ਲਿਆ ਫਿਰ ਬਾਕੀ ਮੀਨ ਮੇਖ (ਨਿਰੀ ਰੌਸ਼ਨੀ ਜਾਂ ਐਨੀਮੇਸ਼ਨ ਵਰਗੇ ਲਕਬ) ਚਿੱਚੜ ਤੋੜ ਕੇ ਮੱਝ ਦਾ ਭਾਰ ਹੌਲਾ ਕਰਨ ਵਾਲੀ ਗੱਲ ਹੈ।
ਪਰਛਾਵੇਂ ਬਾਰੇ ਏਨੀ ਕੁ ਗੱਲ ਕਾਫੀ ਹੈ। ਅਗਲੀ ਗੱਲ ਹੈ ਨਵੀਂ ਤਕਨੀਕ ਦੀ ਪਰਚਾਰ ਲਈ ਵਰਤੋਂ ਬਾਰੇ।
ਅਮਰੀਕੀ ਵਿਦਵਾਨ ਬਰਨੇਸ ਨੇ ਪਰਛਾਵੇਕਾਰੀ ਬਾਰੇ ਸਾਲ 1928 ਵਿੱਚ ਹੀ ਹਕੂਮਤ ਅਤੇ ਵਪਾਰੀ ਵਰਗ ਲਈ ਸੁਨੇਹੇ ਵਰਗਾ ਇਹ ਤੱਤ ਕੱਢ ਦਿੱਤਾ ਸੀ ਕਿ ਇਹ ਵਿਧੀ ਲੋਕਾਂ ਦੇ ਮਨਾਂ ਵਿੱਚ ਕਿਸੇ ਵੀ ਭਾਵਨਾ, ਵਿਚਾਰ ਜਾਂ ਮਾਨਤਾ ਦਾ ਇਕਸਾਰ ਰੂਪ ਤਿਆਰ ਕਰਨ ਵਿੱਚ ਬੜੀ ਸਹਾਇਤਾ ਕਰੇਗੀ। ਉਸੇ ਵੇਲੇ ਅਡੋਰਨੋ ਵਰਗੇ ਵਿਦਵਾਨਾਂ ਨੇ ਇਸ ਵਿਧੀ ਨੂੰ ਮਨੁੱਖੀ ਅਜਾਦੀ ਲਈ ਖਤਰਾਨਕ ਦਸਦਿਆਂ ਭਵਿੱਖ ਵਿਚ ਹੋਣ ਵਾਲੇ ਅਸਰ ਦੇ ਤੱਤ ਕੱਢੇ। ਉਹਦੇ ਬੋਲ ਸਮੁੱਚੇ ਸੂਚਨਾ ਤੰਤਰ ਬਾਰੇ ਭਵਿੱਖਬਾਣੀ ਵਾਂਗ ਸੱਚ ਹੋ ਰਹੇ ਹਨ। ਇਹਨਾਂ ਵਿਦਵਾਨਾਂ ਦਾ ਸਮਕਾਲੀ ਹਰੋਲਡ ਲਾਸਵੈਲ ਪਰਚਾਰ ਨੂੰ ਸੌਖੇ ਰੂਪ ਵਿੱਚ ਸਮਝਣ ਲਈ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਇਹ ਵੇਖੋ ਪਰਚਾਰ ਰੂਪ ਵਿੱਚ ‘ਕੌਣ, ਕਿਸ ਨੂੰ, ਕਿਸ ਤਰੀਕੇ, ਕੀ ਕਹਿੰਦੈ ਤੇ ਕਾਹਦੇ ਵਾਸਤੇ’ ਕਹਿ ਰਿਹਾ ਹੈ? ਜੋ ਗੱਲਾਂ ਪੌਣੀ ਸਦੀ ਪਹਿਲਾਂ ਲੋਕਾਂ ਨੇ ਤਜਰਬੇ ਅਤੇ ਖੋਜ ਵਜੋਂ ਕਹੀਆਂ ਹਨ ਉਹਨਾਂ ਨੂੰ ਜਾਣਨਾ ਕੋਈ ਨੁਕਸਾਨ ਨਹੀਂ ਹੈ।

ਬਿਜਲਈ ਤਕਨੀਕ ਨਾਲ ਦੁਨੀਆ ਵਿਚ ਹਕੂਮਤਾਂ ਅਤੇ ਵਪਾਰੀਆਂ ਦੀ ਵਧਦੀ ਪਕੜ ਦੇ ਚਲਣ ਨੂੰ ਬਹੁਤ ਵਿਦਵਾਨਾਂ ਨੇ ਸਮਝਿਆ ਹੈ ਅਤੇ ਇਹਦੇ ਨੁਕਸਾਨ ਬਾਰੇ ਬਹੁਤ ਲਿਖਿਆ ਹੈ। ਇਕ ਨਾਵਲਾਕਾਰ (ਹਕਸਲੇ) ਨੇ ਪੌਣੀ ਸਦੀ ਪਹਿਲਾਂ ਇਹ ਕਲਪਨਾ ਕੀਤੀ ਕਿ ਸਰਕਾਰਾਂ ਜਾਂ ਵਪਾਰੀਆਂ ਦੀ ਮੰਗ ਤੇ ਬੰਦੇ ਸੰਦਾਂ ਵਾਂਗ ਕਾਰਖਾਨਿਆਂ ਵਿਚ ਤਿਆਰ ਹੋਇਆ ਕਰਨਗੇ। ਜੇ ਪਰਛਾਵੇਂ ਦੀ ਵਿਧੀ ਸਚਮੁਚ ਹੀ ਧਰਮ ਦੇ ਪਰਚਾਰ ਅਤੇ ਵਾਧੇ ਲਈ ਲਾਹੇਵੰਦ ਹੁੰਦੀ ਤਾਂ ਹਕੂਮਤਾਂ ਅਤੇ ਵਪਾਰੀਆਂ ਨੇ ਇਹਦੇ ਤੇ ਕਦੋਂ ਦੀ ਸਾਰੀ ਦੁਨੀਆ ਵਿੱਚ ਪਾਬੰਦੀ ਲਾਈ ਹੋਣੀ ਸੀ। ਦੁਨੀਆ ਦੇ ਕੁੱਲ ਤਕਨੀਕੀ ਸੰਚਾਰ ਸਾਧਨ ਕਿਵੇਂ ਹਰ ਸਾਲ ਹੋਰ ਥੋੜ੍ਹੇ ਹੱਥਾਂ ਵਿਚ ਸੁੰਗੜ ਰਹੇ ਹਨ ਇਹ ਗੱਲ ਤਕਨੀਕ ਦੀ ਵਰਤੋਂ ਬਾਰੇ ਆਪਣੇ ਆਪ ਵਿੱਚ ਹੀ ਬਹੁਤ ਕੁਝ ਦਸਦੀ ਹੈ।

ਅਸਲ ਗੱਲ ਇਹ ਹੈ ਕਿ ਸਿੱਖ ਸਿਧਾਂਤ, ਇਤਿਹਾਸ ਅਤੇ ਪਰੰਪਰਾ ਅਨੁਸਾਰ ਕੋਈ ਮਨੁੱਖ ਗੁਰੂ ਦਾ ਸਵਾਂਗ ਨਹੀਂ ਰਚ ਸਕਦਾ। ਜਦੋਂ ਸਵਾਂਗ ਦੀ ਮਨਾਹੀ ਹੈ ਫਿਰ ਇਹ ਕਿਸੇ ਰੂਪ ਵਿੱਚ ਹੋਵੇ ਜਾਂ ਨਾ ਹੋਵੇ ਉਹਦੇ ਬਾਰੇ ਬਹਿਸ ਕਾਹਦੇ ਵਾਸਤੇ? ਇਹ ਮਨੁੱਖੀ ਅਤੇ ਬਿਜਲ ਪਰਛਾਵੇਂ ਦੇ ਫਰਕ ਦੇ ਰੌਲੇ ਦੀ ਸੰਭਾਵਨਾ ਆਈ ਹੀ ਕਿਥੋਂ? ਇਹ ਮੂਲ ਵਿਚਾਰਣ ਵਾਲੀ ਗੱਲ ਹੈ।

ਜਦੋਂ ਤੋਂ ਪਰਛਾਵਿਆਂ ਦਾ ਚਲਣ ਹੋਇਆ ਹੈ ਓਦੋਂ ਤੋਂ ਹੀ ਸਾਡੇ ਕੁਝ ਲੋਕਾਂ ਨੂੰ ਲਗਦਾ ਹੈ ਜੇ ਪਰਛਾਵਿਆਂ ਦੀ ਸ਼ਰਨ ਵਿੱਚ ਨਾ ਗਏ ਤਾਂ ਸਾਡੇ ਧਰਮ ਦਾ ਪਰਚਾਰ ਨਹੀਂ ਹੋਏਗਾ। ਉਹ ਭਾਂਤ ਭਾਂਤ ਦੀਆਂ ਦਲੀਲਾਂ ਲੈ ਕੇ ਆ ਰਹੇ ਹਨ। ਕੁਝ ਆਪਣੇ ਬੱਚਿਆਂ ਦੇ ਪੱਖ ਤੋਂ ਵੇਖਦੇ ਹਨ ਕਿ ਅੱਜਕੱਲ੍ਹ ਦੇ ਜਮਾਨੇ ਵਿਚ ਸਿੱਖਣ ਸਿਖਾਉਣ ਦਾ ਸਭ ਤੋਂ ਵਧੀਆ ਅਤੇ ਸੌਖਾ ਰਾਹ ਹੀ ਇਹੋ ਹੈ। ਜੇ ਅਸੀਂ ਇਹ ਰਾਹ ਨਾ ਅਪਣਾਇਆ ਤਾਂ ਸਾਡੇ ਬੱਚੇ ਧਰਮ ਤੋਂ ਅਣਜਾਣ ਰਹਿ ਜਾਣਗੇ ਅਤੇ ਦੁਨੀਆ ਦੀ ਦੌੜ ਵਿੱਚ ਵੀ ਪਿੱਛੇ ਰਹਿ ਜਾਣਗੇ। ਜਿਹੜੇ ਜਿਆਦਾ ਸਿਆਣਿਆਂ ਦੀ ਗਿਣਤੀ ਵਿੱਚ ਆਉਂਦੇ ਹਨ ਉਹ ਇਹਦੇ ਨਾਲ ਇਕ ਹੋਰ ਪੱਖ ਵੀ ਵੇਖ ਰਹੇ ਹਨ ਕਿ ਸਿੱਖ ਸਭਿਆਚਾਰ ਦੇ ਵਿਕਾਸ ਲਈ ਸਿੱਖ ਕਲਾ ਦਾ ਉਠਣਾ ਅਤੇ ਫੈਲਣਾ ਜਰੂਰੀ ਹੈ। ਪਤਾ ਨਹੀਂ ਉਹਨਾਂ ਨੂੰ ਕਿਉਂ ਲਗਦਾ ਹੈ ਕਿ ਜੇ ਸਿੱਖਾਂ ਦੇ ਪੁੱਤਾਂ ਨੇ ਅਗਲੀ ਪੀੜ੍ਹੀ ਨੂੰ ਨਕਲੀ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਨਾ ਵਿਖਾਇਆ ਤਾਂ ਉਹ ਸਿੱਖ ਨਹੀਂ ਬਣਨਗੇ। ਉਹਨਾਂ ਦੀ ਸਮਝ ਅਨੁਸਾਰ ਮਨੁੱਖੀ ਜਾਂ ਬਿਜਲਈ ਪਰਛਾਵੇ ਇਸ ਲਈ ਬਣਨੇ ਅਤੇ ਚੱਲਣੇ ਜਰੂਰੀ ਹਨ ਕਿਉਂਕਿ ਇਹ ਸਿੱਖ ਕਲਾ ਵਜੋਂ ਸਾਡੀ ਵਿਰਾਸਤ ਦਾ ਅੰਗ ਬਣਨਗੇ ਅਤੇ ਸਾਡੇ ਵਿਰਸੇ ਨੂੰ ਅਮੀਰ ਕਰਨਗੇ।

ਅੱਜ ਪੂਰੀ ਦੁਨੀਆ ਵਿੱਚ ਜਿਹੜੇ ਲੋਕ ਬੁੱਤਾਂ-ਤਸਵੀਰਾਂ ਨੂੰ ਨਹੀਂ ਮੰਨਦੇ ਸਨ ਉਹ ਵੀ ਪਰਛਾਵਿਆਂ ਦੇ ਪਰਛਾਵੇਂ ਹੇਠ ਆ ਗਏ ਹਨ। ਪਰਛਾਵਿਆਂ ਨੂੰ ਆਪਣੇ ਧਰਮ ਜਾਂ ਆਪਣੀ ਵੱਖਰੀ ਪਛਾਣ ਨੂੰ ਕਾਇਮ ਰੱਖਣ ਅਤੇ ਫੈਲਾਉਣ ਦਾ ਸਾਧਨ ਸਮਝਣ ਦੀ ਮਾਨਤਾ ਅੱਜ ਦੁਨੀਆ ਦੇ ਕਾਫੀ ਵੱਡੇ ਹਿੱਸੇ ਅੰਦਰ ਵਸੀ ਹੋਈ ਹੈ, ਜਿਨ੍ਹਾਂ ਵਿਚੋਂ ਸਿੱਖ ਵੀ ਇਕ ਹਨ।

ਅਲੀਬਾਬਾ ਨਾਮ ਦੇ ਸਭ ਤੋਂ ਵੱਡੇ ਬਿਜਾਲ ਟਿਕਾਣੇ ਦੇ ਮਾਲਕ ਜੈਕ ਮਾ (ਜੋ ਥੋੜ੍ਹੇ ਸਮੇਂ ਵਿੱਚ ਹੀ ਅਰਬਾਂਪਤੀ ਹੋ ਗਿਆ ਹੈ) ਨੇ ਇਸੇ ਸਾਲ ਦੁਨੀਆ ਦੀ ਸਲਾਨਾ ਵਪਾਰਕ ਮਿਲਣੀ ਦੌਰਾਨ ਕਿਹਾ ਹੈ ਕਿ ਆਉਣ ਵਾਲੇ 30 ਸਾਲਾਂ ਤੱਕ ਤਕਨੀਕੀ ਨੌਕਰੀਆਂ ਬਿਜਲਈ ਹੋਂਦਾਂ ਨੇ ਸਾਂਭ ਲੈਣੀਆਂ ਹਨ। ਇਸ ਕਰਕੇ ਮਨੁੱਖਤਾ ਕੋਲ ਹੁਣ ਇਹੋ ਬਚਦਾ ਹੈ ਕਿ ਆਪਣੇ ਬੱਚਿਆ ਨੂੰ ਉਹ ਸਿਖਾਏ ਜੋ ਬਿਜਲਈ ਸੰਦ ਨਹੀਂ ਕਰ ਸਕਦੇ। ਉਹ ਕਹਿੰਦਾ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਅਸਲ ਮਨੁੱਖੀ ਗੁਣ ਸਿਖਾਉਣੇ ਪੈਣਗੇ। ਮਨੁੱਖੀ ਗੁਣ ਓਹੀ ਹਨ ਜੋ ਬੰਦੇ ਨੂੰ ਮਸ਼ੀਨਾਂ ਤੋਂ ਵੱਖ ਕਰਦੇ ਹਨ। ਮਨੁੱਖ ਅੰਦਰ ਗੁਣਾਂ ਦੀ ਜੜ੍ਹ ਧਰਮ ਵਿੱਚ ਪਈ ਹੈ। ਇਸ ਤਰ੍ਹਾਂ ਧਰਮ ਹੀ ਉਹ ਧੁਰਾ ਹੈ ਜੋ ਮਨੁੱਖ ਨੂੰ ਅੰਦਰੂਨੀ ਅਤੇ ਬਾਹਰੀ ਹਮਲਿਆਂ ਦੀ ਮਾਰ ਤੋਂ ਬਚਾ ਸਕਦਾ ਹੈ ਪਰ ਅਸੀਂ ਧਰਮ ਨੂੰ ਕਿਸੇ ਸੰਦ, ਤਕਨੀਕੀ ਜਾਣਕਾਰੀ ਜਾਂ ਖਿਆਲ ਵਾਂਗ ਪਰਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ।ਇਹ ਵੱਡੀ ਉਲਟੀ ਖੇਡ ਹੈ।

ਤਕਨੀਕ ਨੂੰ ਧਰਮ ਵਾਂਗ ਮੰਨਣ ਵਾਲੇ ਸਿੱਖਾਂ ਨੂੰ ਲਗਦਾ ਹੈ ਕਿ ਭਾਰਤ ਵਰਗੇ ਢਾਂਚੇ ਅੰਦਰ ਪਰਚਾਰ ਕਰਨ ਨਾਲ ਉਹ ਵਧੇਰੇ ਗਿਣਤੀ ਤੱਕ ਆਪਣੀ ਗੱਲ ਪਹੁੰਚਾ ਲੈਣਗੇ। ਉਹ ਸਿੱਖੀ ਦੀ ਗੱਲ ਹੋਰਾਂ ਤੱਕ ਉਸ ਰੂਪ ਵਿੱਚ ਕਿਉਂ ਪਹੁੰਚਾਉਣੀ ਚਾਹੁੰਦੇ ਹਨ ਜਿਸ ਰੂਪ ਵਿਚ ਉਹ ਆਪ ਵੀ ਨਹੀਂ ਜੀਅ ਰਹੇ? ਇਤਿਹਾਸ ਨੂੰ ਸੇਧ ਲੈਣ ਲਈ ਪੜਣਾ ਤਾਂ ਠੀਕ ਹੈ ਪਰ ਉਹਦੇ ਪਰਚਾਰ ਰਾਹੀਂ ਆਪੇ ਨੂੰ ਬਚਾਉਣ ਦੀ ਕੋਸ਼ਿਸ਼ ਬਚਕਾਨਾ ਕਰਮ ਹੈ। ਜਿਹੜੇ ਲੋਕ ਸੱਤਾਹੀਣ ਹੁੰਦਿਆਂ ਆਪਣਾ ਇਤਿਹਾਸ ਦੂਜਿਆਂ ਸਾਹਮਣੇ ਧਰਮ ਪਰਚਾਰ ਵਜੋਂ ਜਾਂ ਗੌਰਵਸ਼ਾਲੀ ਵਿਰਸੇ ਵਜੋ ਪੇਸ਼ ਕਰਦੇ ਹਨ, ਉਹ ਆਪਣੀ ਚੰਗਿਆਈ ਦੇ ਸਬੂਤ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੁਨੀਆ ਦੇ ਵਿਹਾਰਕ ਖੇਡੇ ਵਿੱਚ ਕੋਈ ਕਮਜੋਰ ਜਦੋਂ ਕਿਸੇ ਤਕੜੇ ਸਾਹਮਣੇ ਆਪਣੇ ਪਿਛੋਕੜ ਦੇ ਤਕੜੇ ਹੋਣ ਦੀ ਗੱਲ ਕਰਦਾ ਹੈ ਤਾਂ ਕੀ ਹਾਸਲ ਕਰ ਸਕਦਾ ਹੈ?
ਪਰਚਾਰ ਦਾ ਆਸਰਾ ਲੈਣ ਵਾਲੇ ਲੋਕ ਜਾਂ ਤਾਂ ਇਤਿਹਾਸ ਅਤੇ ਧਰਮ ਦੇ ਫਰਕ ਨੂੰ ਨਹੀਂ ਸਮਝਦੇ ਅਤੇ ਜਾਂ ਫਿਰ ਉਹਨਾਂ ਦੇ ਇਰਾਦੇ ਬਹੁਤੇ ਸਾਫ ਨਹੀਂ ਹਨ। ਉਹ ਜਾਣੇ ਅਣਜਾਣੇ ਆਪਣੇ ਪੁਰਖਿਆਂ ਦੀ ਕਾਰਗੁਜਾਰੀ ਨੂੰ ਤਕੜਿਆਂ ਦੀ ਲੋੜ ਅਨੁਸਾਰ ਢਾਲ ਕੇ ਪੇਸ਼ ਕਰਦੇ ਹਨ ਤਾਂਕਿ ਤਰਸ ਪਰਾਪਤ ਹੋ ਸਕੇ। ਜਿਸ ਧਰਮ ਦੇ ਲੋਕਾਂ ਨੇ ਦੂਜਿਆਂ ਨੂੰ ਆਪਣੇ ਅੰਦਰੋਂ ਵੱਡੇ ਜਾਂ ਤਕੜੇ ਮੰਨ ਲਿਆ ਹੈ, ਉਹ ਅਸਲ ਵਿੱਚ ਧਾਰਮਿਕ ਨਹੀਂ ਰਹਿ ਜਾਂਦੇ ਕਿਉਂਕਿ ਧਰਮ ਦੇ ਮਾਪਦੰਡ ਰਾਜਨੀਤੀ ਜਾਂ ਬਜਾਰ ਦੇ ਨਹੀਂ ਹੁੰਦੇ।

ਪਰਛਾਵੇਂਕਾਰੀ ਰੰਗ ਅਤੇ ਅਵਾਜ ਨਾਲ ਸਿਰਫ ਦ੍ਰਿਸ਼ ਨੂੰ ਹੀ ਸੀਮਤ ਨਹੀਂ ਕਰਦੀ ਸਗੋਂ ਦਰਸ਼ਕ ਦੇ ਮਨ ਉਤੇ ਪੈਣ ਵਾਲੇ ਅਸਰ ਰਾਹੀਂ ਉਹਦੀ ਭਾਵਨਾ ਅਤੇ ਕਲਪਨਾ ਨੂੰ ਵੀ ਸੀਮਤ ਕਰਦੀ ਹੈ। ਹਕੂਮਤਾਂ ਮਨੁੱਖ ਦੇ ਅਚੇਤ ਨੂੰ ਇਸੇ ਤਰ੍ਹਾਂ ਦੀ ਤਕਨੀਕ ਨਾਲ ਕਾਬੂ ਕਰਦੀਆਂ ਹਨ, ਜੋ ਦ੍ਰਿਸ਼ ਰਾਹੀਂ ਮਨੁੱਖ ਦੇ ਅੰਦਰ ਸਿਰਫ ਬੁੱਤ ਬਣਕੇ ਹੀ ਨਹੀਂ ਉਤਰਦੀ ਸਗੋਂ ਉਹਦੀ ਸੋਚ ਅੰਦਰ ਵੀ ਤਬਦੀਲੀ ਲਿਆਉਂਦੀ ਹੈ। ਅਜਿਹੀ ਤਬਦੀਲੀ ਜੋ ਮਨੁੱਖ ਦੇ ਆਪਣੇ ਦਿਮਾਗ ਦੀ ਪਕੜ ਤੋਂ ਬਾਹਰੀ ਹੁੰਦੀ ਹੈ।

ਕੁਝ ਲੋਕ ਪਰਛਾਵੇਕਾਰੀ ਦਾ ਪੱਖ ਪੂਰਨ ਲਈ ਚਲੰਤ ਨੇਤਾਵਾਂ ਵਾਂਗ ਕਹਿੰਦੇ ਹਨ ਕਿ ਲੋਕਾਂ ਨੂੰ ਸਿਖਿਆ ਮਿਲਦੀ ਹੈ ਤੇ ਉਹ ਜਾਗਰੂਕ ਹੁੰਦੇ ਹਨ। ਉਹ ਇਹਦਾ ਸਬੂਤ ਦਿੰਦੇ ਹਨ ਕਿ (ਧਰਮ ਜਾਂ ਇਤਿਹਾਸ ਨਾਲ ਸਬੰਧਤ) ਕਿਸੇ ਨਾਟਕ ਜਾਂ ਫਿਲਮ ਨੂੰ ਵੇਖ ਕੇ ਲੋਕ ਰੋਂਦੇ ਜਾਂ ਭਾਵਕ ਹੋਏ ਨਿਕਲਦੇ ਹਨ। ਇਹ ਦਾਅਵਾ ਜਾਂ ਧਾਰਨਾ ਬਹੁਤ ਪਰਚਲਤ ਹੈ ਪਰ ਸਮਝਣ ਵਾਲੀ ਗੱਲ ਹੈ ਕਿ ਲੋਕਾਂ ਦਾ ਨਾਟਕ ਜਾਂ ਫਿਲਮ ਵੇਖ ਕੇ ਰੋਣਾ (ਵੇਖ ਕੇ ਤੁਰੰਤ ਮਿਲੀ ਸਿਖਿਆ ਦਾ ਅਸਰ ਨਹੀਂ ਹੁੰਦਾ ਸਗੋਂ) ਉਹਨਾਂ ਅੰਦਰ ਪਹਿਲਾਂ ਤੋਂ ਪਈ ਭਾਵਨਾ ਅਤੇ ਜਾਣਕਾਰੀ ਹੁੰਦੀ ਹੈ ਜੋ ਅਚੇਤ ਰੂਪ ਵਿੱਚ ਵਿਰਸੇ ਵਿਚੋਂ ਮਿਲੀ ਹੁੰਦੀ ਹੈ। ਅੰਦਰ ਪਿਆ ਅਹਿਸਾਸ ਹੀ ਬਾਹਰੀ ਕਾਰਨ ਨਾਲ ਉਠਦਾ ਹੈ। ਪਰਛਾਵੇ ਦੇ ਵਪਾਰੀ ਨੇ ਤਾਂ ਰੰਗ ਅਤੇ ਅਵਾਜ ਦੀ ਕਲਾ ਨਾਲ ਵਿਰਸੇ ਦੀ ਉਹ ਅਚੇਤ ਅਮੀਰੀ ਨੂੰ ਆਪਣੇ ਹੱਕ ਵਿਚ ਵਰਤ ਲਿਆ ਹੁੰਦਾ ਹੈ। ਦਰਸ਼ਕ ਦਾ ਰੋਣਾ ਆਪਣੇ ਅੰਦਰ ਪਈ ਅਮੀਰੀ ਨੂੰ ਵੇਖ ਖੁਸ਼ ਹੋਣ ਦਾ ਸਬੱਬ ਹੁੰਦਾ ਹੈ। ਬਦਕਿਸਮਤੀ ਨਾਲ ਜਦੋਂ ਹੀ ਉਹਨੂੰ ਇਸ ਅਮੀਰੀ ਦਾ ਪਤਾ ਲਗਦਾ ਹੈ ਉਦੋਂ ਹੀ ਇਹ ਵਿਰਸੇ ਦੀ ਭਾਵਕ ਅਮੀਰੀ, ਉਸ ਝੂਠੇ ਪਰਛਾਵੇਂ ਨੇ ਲੁੱਟ ਲਈ ਹੁੰਦੀ ਹੈ ਜੀਹਨੂੰ ਵੇਖ ਕੇ ਖੁਸ਼ੀ ਹੋਈ ਹੁੰਦੀ ਏ। ਦੇਸ਼ ਕਾਲ ਦੀਆਂ ਹੱਦਾਂ ਤੋਂ ਪਾਰ ਦੀ ਡੂੰਘੀ ਪਈ ਪਵਿੱਤਰਤਾ, ਜਿਸ ਨੂੰ ਦਰਸ਼ਕ ਆਪ ਵੀ ਨਹੀਂ ਜਾਣਦਾ ਹੁੰਦਾ ਉਹ ਕਿਸੇ ਵਪਾਰੀ ਨੇ ਇਤਿਹਾਸ ਦੇ ਦ੍ਰਿਸ਼ ਬਣਾਏ ਪਰਛਾਵੇਂ ਰਾਹੀਂ ਚੁਰਾ ਲਈ ਹੁੰਦੀ ਹੈ। ਦਰਸ਼ਕ ਦੇ ਪੱਲੇ ਉਹ ਪਰਛਾਵਾ ਰਹਿ ਜਾਂਦਾ ਹੈ ਜੋ ਉਹਦੀਆਂ ਅੱਖਾਂ ਰਾਹੀਂ ਉਹਦੇ ਮਨ ਵਿੱਚ ਬੁੱਤ ਬਣਕੇ ਉਤਰ ਗਿਆ ਹੁੰਦਾ ਹੈ। ਇਸ ਤਰ੍ਹਾਂ ਪਰਛਾਵਿਆਂ ਦੇ ਦਰਸ਼ਕ ਆਪਣੇ ਚਿਤੋਂ ਜਾਗੇ ਹੋਏ ਪਰ ਅਸਲ ਵਿੱਚ ਲੁੱਟ ਹੋ ਕੇ ਆਪਣੇ ਘਰੀਂ ਪਰਤਦੇ ਹਨ। ਗੁਰੂ ਸਾਹਿਬ ਅਤੇ ਜਿਹੜੇ ਸ਼ਹੀਦਾਂ ਦਾ ਨਾਮ ਲੈਣ ਨਾਲ ਸਿੱਖ ਦੇ ਸਰੀਰ ਨੂੰ ਜਿਹੜੀ ਝਰਨਾਹਟ ਛਿੜਦੀ ਹੈ ਉਹਨਾਂ ਨੂੰ ਪਰਦੇ ਉਤਲਾ ਪਰਛਾਵਾ ਹੰਢਾ ਲੈਂਦਾ ਹੈ ਤਾਂ ਉਹਦੀ ਪਵਿੱਤਰਤਾ ਉਡ ਜਾਂਦੀ ਹੈ ਫਿਰ ਨਹੀਂ ਪਰਤਦੀ। ਜਦੋਂ ਲੋਕ ਸਰੋਤੇ ਵਜੋਂ ਕਿਸੇ ਕਥਾ ਵਿਖਿਆਨ ਨੂੰ ਸੁਣ ਕੇ ਰੋਂਦੇ ਹਨ ਤਾਂ ਉਹਨਾਂ ਦੀ ਭਾਵਕਤਾ ਡੁੱਲਦੀ ਹੈ ਪਰ ਮਨ ਅੰਦਰ ਕੋਈ ਬੁੱਤ ਨਹੀਂ ਬਣਦਾ ਇਸ ਕਰਕੇ ਅਹਿਸਾਸ ਸਜਰਾ ਕੁਆਰਾ ਹੀ ਰਹਿੰਦਾ ਹੈ ਉਹਨੂੰ ਕਿਸੇ ਰੰਗ ਅਕਾਰ ਦੇ ਪਰਛਾਵੇਂ ਨੇ ਮੈਲਾ ਨਹੀਂ ਕੀਤਾ ਹੁੰਦਾ। ਅਰੂਪ ਸ਼ਬਦਾਂ ਨੇ ਵਿਰਾਸਤ ਦਾ ਅਰੂਪ ਅਹਿਸਾਸ ਹੀ ਕਰਾਇਆ ਹੁੰਦਾ ਹੈ।

ਨਵੀਂ ਤਕਨੀਕ ਦਾ ਅਸਰ ਆਮ ਫਿਲਮਾਂ ਵੇਖਣ ਵਾਲੇ ਜਾਂ ਸ਼ੀਸੇ ਤੇ ਖੇਡਣ ਵਾਲੇ ਲੋਕਾਂ ਨਾਲ ਵਾਪਰਦੀਆਂ ਘਟਨਾਵਾਂ ਤੋਂ ਵੇਖਿਆ ਜਾ ਸਕਦਾ ਹੈ। ਕੰਮਪਿਊਟਰ ਅੱਗੇ ਬੈਠ ਕੇ ਖੇਡਣ ਵਾਲੇ ਬੱਚੇ ਮਨ ਕਰਕੇ ਸ਼ੀਸੇ ਦੇ ਰੰਗਾਂ ਵਿੱਚ ਏਨਾ ਡੂੰਘਾ ਚਲੇ ਜਾਂਦੇ ਹਨ ਕਿ ਉਹ ਆਪਣੇ ਸਰੀਰ ਤੋਂ ਟੁਟ ਜਾਂਦੇ ਹਨ। ਜਿਸ ਨੂੰ ਡਾਕਟਰਾਂ ਦੀ ਬੋਲੀ ਵਿੱਚ ਸਰੀਰ ਵਿਚੋਂ ਪਾਣੀ ਘਟਣਾ ਕਹਿੰਦੇ ਹਨ। ਉਸ ਸ਼ੀਸੇ ਉਤਲੇ ਰੰਗ ਅਤੇ ਅਵਾਜਾਂ ਉਹਨਾਂ ਬੱਚਿਆਂ ਦੀਆਂ ਭਾਵਨਾਵਾਂ ਨੂੰ ਇਸ ਹੱਦ ਤੱਕ ਕਾਬੂ ਕਰਦੀਆਂ ਹਨ ਕਿ ਉਹ ਆਪਣਾ ਆਪ ਨਹੀਂ ਛੁਡਾ ਸਕਦੇ। ਬਿਜਲਈ ਸੰਦਾਂ ਨਾਲ ਖੇਡਦਿਆਂ ਅਜਿਹੀਆਂ ਮੌਤਾਂ ਦੀਆਂ ਹਾਲੇ ਇਕ ਦੁਕਾ ਖਬਰਾਂ ਮਿਲਣ ਲੱਗੀਆਂ ਹਨ ਪਰ ਬੱਚਿਆਂ ਦਾ ਆਪਣੇ ਮਾਪਿਆਂ ਨਾਲੋਂ ਟੁਟਣਾ ਅਤੇ ਸਮਾਜਕ ਰੁਝੇਵਿਆਂ ਵਿਚ ਹਿੱਸਾ ਨਾ ਲੈਣਾ, ਨਵੀਂ ਤਕਨੀਕ ਰਾਹੀਂ ਆਈ ਦ੍ਰਿਸ਼ ਗੁਲਾਮੀ ਦਾ ਵੱਡਾ ਸਬੂਤ ਬਣ ਕੇ ਸਾਹਮਣੇ ਆ ਰਹੇ ਹਨ। ਬਲਿਊ ਵੇਲ੍ਹ ਨਾਮ ਦੀ ਬਿਜਲ ਖੇਡ ਨੇ ਕਿੰਨੇ ਅੱਲੜ੍ਹ ਮੁੰਡੇ ਕੁੜੀਆਂ ਦੀਆਂ ਬੇਕਿਰਕੀ ਨਾਲ ਜਾਨਾਂ ਲੈ ਕੇ ਸਾਰੀ ਦੁਨੀਆ ਦੇ ਸਾਹਮਣੇ ਸੱਚ ਪਰਗਟ ਕਰ ਦਿੱਤਾ ਹੈ ਕਿ ਬਿਜਲ ਜਾਲ ਅੰਦਰ ਮਨੁੱਖਤਾ ਦੀ ਹਸਤੀ ਕਿਹੋ ਜਿਹੀ ਹੋਏਗੀ।

ਜਿਹੜੇ ਲੋਕ ਆਪਣੀ ਅਕਲ ਦੇ ਹਿਸਾਬ ਨਾਲ ਮਨੁੱਖ ਦੀਆਂ ਪੁਰਾਣੀਆਂ ਕਮਜੋਰੀਆਂ ਨੂੰ ਇਹ ਪਰਛਾਵੇ ਦੀ ਨਵੀਂ ਤਕਨੀਕ ਨਾਲ ਰੋਕਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਪੰਜਾਬ ਦੇ ਪਿੰਡਾਂ ਵਿਚ ਵਾਪਰੀਆਂ ਕਹਾਣੀਆਂ ਦਾ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਅਫੀਮ ਛੁਡਾਉਣ ਲਈ ਮੋਰਫਿਨ ਦੇ ਟੀਕੇ ਲਾਏ ਜਾਂਦੇ ਸਨ ਤਾਂ ਲੋਕ ਅਫੀਮ ਦੀ ਥਾਂ ਟੀਕੇ ਤੇ ਹੀ ਲੱਗ ਜਾਂਦੇ ਸਨ। ਨਵੀਂ ਤਕਨੀਕ ਆਪਣੇ ਆਪ ਵਿਚ ਹੀ ਅਜਿਹਾ ਨਸ਼ਾ ਹੈ ਜੀਹਦਾ ਕੋਈ ਤੋੜ ਨਹੀਂ ਹੈ ਸਿਵਾਏ ਇਹਦੇ ਤਿਆਗ ਦੇ। ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਲੋਕਾਂ ਨੂੰ ਨਿਰਾਸ਼ਾ ਅਤੇ ਉਦਾਸੀ ਤੋਂ ਬਚਣ ਲਈ ਡਾਕਟਰੀ ਸਲਾਹ ਵਿੱਚ ਤਕਨੀਕੀ ਚੀਜਾਂ ਤੋਂ ਦੂਰ ਰਹਿਣ ਦੀ ਹਿਦਾਇਤ ਭਾਰੂ ਹੁੰਦੀ ਜਾ ਰਹੀ ਹੈ। ਅਸੀਂ ਇਸੇ ਤਕਨੀਕ ਨਾਲ ਧਰਮ ਸਿਖਾਉਣਾ ਚਾਹੁੰਦੇ ਹਾਂ।

ਪਰਚਾਰ ਕਿਸੇ ਅਸੂਲ ਨਾਲੋਂ ਕਿਸੇ ਬੰਦੇ ਦੇ ਨਾਮ ਨੂੰ ਚਮਕਾਉਣ ਲਈ ਵਧੇਰੇ ਸਹਾਇਕ ਹੁੰਦਾ ਹੈ। ਇਸ ਕਰਕੇ ਹੀ ਧਰਮ ਦੇ ਅਸੂਲ ਦਾ ਪਰਚਾਰ ਕਰਨ ਵਾਲੇ ਲੋਕ ਵੀ ਆਪਣੀ ਸੋਭਾ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਲਈ ਧਰਮ ਅੰਦਰ ਅਸੂਲਾਂ ਨੂੰ ਕਮਾਉਣ ਤੋਂ ਬਿਨਾ ਪਰਚਾਰਨਾ ਫੋਕਟ ਕਰਮ ਕਿਹਾ ਗਿਆ ਹੈ।

ਇਹ ਗੱਲ ਬੜੀ ਸਾਫ ਸਿੱਧੀ ਹੈ ਕਿ ਕਿਸੇ ਨਕਲਚੀਏ (ਐਕਟਰ) ਨੂੰ ਪਰਛਾਵਿਆਂ ਦੇ ਵਪਾਰੀ ਕਰੋੜਾਂ ਰੁਪਏ ਕਲਾ ਪਰੇਮ ਕਰਕੇ ਨਹੀਂ ਦਿੰਦੇ ਅਤੇ ਨਾ ਹੀ ਸਰਕਾਰਾਂ ਇਹ ਖਰਬਾਂ ਅਰਬਾਂ ਦੇ ਧੰਧੇ ਨੂੰ ਸਿਰਫ ਮਨੋਰੰਜਨ ਕਰਕੇ ਚਲਣ ਦਿੰਦੀਆਂ ਹਨ। ਇਕ ਸਦੀ ਵਿੱਚ ਤਕਨੀਕੀ ਤਰੱਕੀ, ਹਕੂਮਤੀ ਥਾਪੜੇ ਅਤੇ ਅੰਨ੍ਹੇ ਲਾਲਚ ਕਾਰਨ ਇਹ (ਪਰਛਾਵੇਂ ਦਾ) ਧੰਧਾ ਏਨਾ ਤਾਕਤਵਰ ਹੋ ਗਿਆ ਹੈ ਕਿ ਇਸ ਨੇ ਬੰਦੇ ਦੀ ਚੇਤਨਾ ਨੂੰ ਮਧੋਲ ਕੇ ਰੱਖ ਦਿੱਤਾ ਹੈ। ਹੁਣ ਹਕੂਮਤਾਂ ਅਤੇ ਵੱਡੇ ਵਪਾਰੀ ਇਕ ਦੂਜੇ ਨੂੰ ਹਰਾਉਣ ਲਈ ਫੌਜਾਂ ਨਾਲੋਂ ਵਧੇਰੇ ਪੈਸਾ ਇਸ ਧੰਧੇ ਵਿੱਚ ਖਪਾ ਰਹੇ ਹਨ। ਪਰਛਾਵਿਆਂ ਦਾ ਮਨੁੱਖੀ ਜਿੰਦਗੀ ਤੇ ਐਨਾ ਅਸਰ ਹੋ ਗਿਆ ਹੈ ਕਿ ਅਸਲੀ ਜੰਗਾਂ ਅਤੇ ਖੇਡ ਮੁਕਾਬਲਿਆਂ ਦਾ ਮੁੱਲ ਵੀ ਪਰਛਾਵਿਆਂ ਰਾਹੀਂ ਤੈਅ ਹੁੰਦਾ ਹੈ। ਜੇ ਧਰਮ ਦੇ ਅਰਥ ਵੀ ਪਰਛਾਵਿਆਂ ਨੇ ਤੈਅ ਕਰਨੇ ਹਨ ਤਾਂ ਮਨੁੱਖ ਕੋਲ ਕੁਦਰਤੀ ਜਿੰਦਗੀ ਦਾ ਕੋਈ ਵੀ ਅਧਾਰ ਨਹੀਂ ਰਹੇਗਾ। ਧਰਮ ਮਨੁੱਖ ਦਾ ਆਪਣੇ ਆਪ ਨਾਲ ਲੜਣ ਦਾ ਪਹਿਲਾ ਅਤੇ ਆਖਰੀ ਕਿਲਾ ਹੈ। ਜੇ ਮਨੁੱਖ ਨੇ ਕਲਪਨਾ ਵਾਲੇ ਸੰਦਾਂ ਅਤੇ ਵਿਧੀ ਲਈ ਇਸ ਕਿਲੇ ਦਾ ਬੂਹਾ ਆਪੇ ਖੋਹਲ ਦਿੱਤਾ ਤਾਂ ਧਰਤੀ ਸਮੇਤ ਸਭ ਅਕਾਸ ਪਤਾਲਾਂ ਵਿਚ ਬੰਦੇ ਕੋਲ ਕੋਈ ਥਾਂ ਨਹੀਂ ਰਹਿਣੀ।

ਨਵੀਂ ਤਕਨੀਕ ਦਾ ਅਸਰ ਸਾਡੇ ਆਲੇ ਦੁਆਲੇ ਵੀ ਹੋ ਰਿਹਾ ਹੈ, ਉਹ ਵੇਖਣਾ ਬਣਦਾ ਹੈ। ਸਾਡੀਆਂ ਅੱਖਾਂ ਸਾਹਮਣੇ ਲੋਕ ਜਿੰਦਗੀ ਨੂੰ ਫਿਲਮ ਵਰਗੀ ਦੂਰੀ ਤੋਂ ਵੇਖਣ ਲੱਗ ਗਏ ਹਨ ਅਤੇ ਸ਼ੀਸ਼ਿਆਂ ਤੇ ਬਣਦੇ ਪਰਛਾਵਿਆਂ ਦੇ ਸੰਗ ਜਿੰਦਗੀ ਵਾਂਗ ਜੀਣ ਲੱਗ ਪਏ ਹਨ। ਕਿਸੇ ਮਰਦੇ ਨੂੰ ਬਚਾਉਣ ਦੀ ਥਾਂ ਲੋਕ ਉਹਦੇ ਪਰਛਾਵੇਂ ਕੈਦ ਕਰਨ ਵਿੱਚ ਰੁਝ ਜਾਂਦੇ ਹਨ। ਦੱਖਣੀ ਭਾਰਤ ਵਿੱਚ ਨਕਲਚੀਆਂ ਦੇ ਮੰਦਰ ਬਣ ਜਾਣਾ ਕੋਈ ਸਧਾਰਨ ਵਰਤਾਰਾ ਨਹੀਂ ਹੈ। ਇਹ ਗੱਲਾਂ ਗਵਾਹੀ ਹਨ ਕਿ ਮਨੁੱਖਤਾ ਦੇ ਕੁੱਲ ਦੁਖ ਦਰਦਾਂ ਤੋਂ ਲੈ ਕੇ ਇਨਕਲਾਬਾਂ ਤੱਕ ਕਿਵੇਂ ਸਭ ਕੁਝ ਪਰਛਾਵਿਆਂ ਦੀ ਵਿਧੀ ਰਾਹੀਂ ਸਿਰਫ ਮਨੋਰੰਜਨ ਦਾ ਸਾਧਨ ਬਣ ਗਏ ਹਨ।

ਪੁਤਲੀਘਰਾਂ ਵਿਚ ਚਲਣ ਵਾਲੇ ਪਰਛਾਵੇਂ ਤਾਂ ਹੁਣ ਬਿਜਲ ਜਗਤ ਦਾ ਛੋਟਾ ਹਿੱਸਾ ਬਣ ਗਏ ਹਨ। ਜਗਦੇ ਸ਼ੀਸੇ ਅਤੇ ਮਕੱੜਜਾਲ ਬਹੁਤ ਵੱਡੇ ਹੋ ਗਏ ਹਨ। ਅਸੀਂ ਇਹ ਪਰਛਾਵਿਆਂ ਵਾਲੀ ਤਕਨੀਕ ਓਦੋਂ ਵਰਤਣੀ ਚਾਹੁੰਦੇ ਹਾਂ ਜਦੋਂ ਇਹਨੂੰ ਬਣਾਉਣ ਵਾਲੇ ਇਹਦੇ ਬੁਰੇ ਅਸਰਾਂ ਤੋਂ ਬਚਣ ਦੇ ਉਪਾਅ ਸੋਚ ਰਹੇ ਹਨ। ਪਰਛਾਵਿਆਂ ਦੀ ਦੁਨੀਆ ਨਾਲ ਬੰਦੇ ਦਾ ਰਿਸ਼ਤਾ ਏਨਾ ਵਧ ਗਿਆ ਹੈ ਕਿ ਧਰਤੀ ਉਤੇ ਕੋਈ ਵੀ ਐਸੀ ਥਾਂ ਨਹੀਂ ਜਿਥੇ ਇਤਿਹਾਸ ਵਿਚ ਕਦੇ ਵੀ ਐਨੇ ਬੰਦੇ ਇਕ ਵਾਰ ਇਕੱਠੇ ਹੋਏ ਹੋਣ ਜਿੰਨੇ ਇਕੋ ਵੇਲੇ ਗੂਗਲ ਜਾਂ ਫੇਸਬੁਕ ਤੇ ਹੁੰਦੇ ਹਨ। ਇਥੇ ਬੰਦੇ ਸੱਚ ਲੱਭਣ ਜਾਂ ਸਿੱਖਣ ਨਹੀਂ ਆਉਂਦੇ ਸਗੋਂ ਇਥੇ ਬੰਦੇ ਜਿੰਦਗੀ ਤੋਂ, ਅਸਲੀਅਤ ਤੋਂ ਦੂਰ ਹੋਣ ਅਤੇ ਸਦਾ ਲਈ ਗੁਆਚ ਜਾਣ ਲਈ ਆਉਂਦੇ ਹਨ।

ਇਹ ਸੱਚ ਹੈ ਕਿ ਅਸੀਂ ਆਮ ਜਿੰਦਗੀ ਵਿੱਚ ਤਕਨੀਕੀ ਸੰਦਾਂ ਅਤੇ ਵਿਧੀਆਂ ਤੋਂ ਬਿਲਕੁਲ ਦੂਰ ਨਹੀਂ ਹੋ ਸਕਦੇ ਪਰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਸੰਦ ਜਾਂ ਕਿਸੇ ਵਿਧੀ ਦੀ ਵਰਤੋਂ ਕਿਸ ਰੂਪ ਵਿੱਚ ਕਿਸ ਹੱਦ ਤੱਕ ਹੋ ਸਕਦੀ ਹੈ। ਜਦੋਂ ਲੋਕ ਬਿਜਲਈ ਜਗਤ ਦੇ ਅਸਰ ਤੋਂ ਬਚਣ ਲਈ ਧਰਮ ਦੀ ਸ਼ਰਨ ਜਾਣ ਲੱਗ ਪਏ ਹਨ ਓਦੋਂ ਅਸੀਂ ਸਮੇਂ ਨੂੰ ਉਲਟਾ ਗੇੜਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਈ ਲੋਕਾਂ ਨੂੰ ਇਹ ਗੱਲ ਹੈਰਾਨੀ ਵਾਲੀ ਲੱਗ ਸਕਦੀ ਹੈ ਕਿ ਪੱਛਮੀ ਮੁਲਕਾਂ ਦੇ ਲੋਕ ਬਿਜਲ ਜਗਤ ਦੇ ਅਸਰ ਤੋਂ ਬਚਣ ਲਈ ਇਸਲਾਮ ਧਾਰਨ ਕਰ ਰਹੇ ਹਨ ਭਾਵੇਂ ਕਿ ਇਸਲਾਮ ਦੀ ਸਭ ਤੋਂ ਵੱਧ ਨਿੰਦਿਆ ਵੀ ਓਥੇ ਹੀ ਹੋ ਰਹੀ ਹੈ।

ਪਰਛਾਵਿਆਂ ਦੀ ਵਕਾਲਤ ਕਰਨ ਵਾਲੇ ਸੱਜਣ ਦੁਨੀਆ ਨਾਲ ਰਲਣ ਦੀ ਗੱਲ ਕਰ ਰਹੇ ਹਨ ਪਰ ਇਹ ਫਰਕ ਨਹੀਂ ਕਰ ਰਹੇ ਕਿ ਕਿਸ ਦੁਨੀਆ ਨਾਲ ਰਲਣ ਜਾ ਰਹੇ ਹਾਂ? ਜਿਹੜੇ ਮੁਲਕ ਪਿਛਲੀ ਸਦੀ ਵਿੱਚ ਗੁਲਾਮ ਸਨ ਅੱਜ ਉਹ ਆਪਣੇ ਆਪ ਵਿੱਚ ਦੁਨੀਆ ਹਨ। ਸ਼ਾਇਦ ਉਹਨਾਂ ਗੁਲਾਮ ਮੁਲਕਾਂ ਨਾਲ ਰਲਣ ਦੀ ਕੋਸ਼ਿਸ਼ ਹੋ ਰਹੀ ਹੈ। ਧਰਮ ਦਾ ਨਿਆਰਾਪਣ ਦੁਨੀਆ ਦੀ ਚਾਲ ਵਿੱਚ ਰਲ ਕੇ ਨਾ ਪਰਚਾਰਿਆ ਜਾ ਸਕਦਾ ਹੈ ਨਾ ਬਚਾਇਆ ਜਾ ਸਕਦਾ ਹੈ। ਪਰਛਾਵਿਆਂ ਦਾ ਆਸਰਾ ਲੈਣ ਦੀ ਇੱਛਾ ਜਿੰਦਗੀ ਛੱਡ ਕੇ ਕਲਪਨਾ ਵਿੱਚ ਜੀਣ ਦੀ ਕਸਰਤ ਹੈ। ਹਰੇਕ ਧਿਰ ਆਪਣੀ ਬਿਮਾਰੀ ਦੀ ਪਛਾਣ, ਇਲਾਜ ਅਤੇ ਪਰਹੇਜ ਆਪ ਕਰੇ ਤਾਂ ਹੀ ਸਾਵੀ ਰਹਿ ਸਕਦੀ ਹੈ। ਧਰਮ ਅਤੇ ਚੰਗਿਆਈ ਮਨੁੱਖ ਦੇ ਅਮਲ ਨਾਲ ਹੀ ਫੈਲਦੇ ਹਨ। ਪਰਚਾਰ ਨਾਲ ਤਾਂ ਲੋਕ ਆਵਾਜਾਈ ਦੇ ਨੇਮ ਵੀ ਨਹੀਂ ਮੰਨਦੇ ਜਿਹੜੇ ਹਰ ਬੰਦੇ ਨੂੰ ਰਟਾਏ ਜਾਂਦੇ ਹਨ ਅਤੇ ਥਾਂ ਥਾਂ ਲਿਖ ਕੇ ਲਾਏ ਜਾਂਦੇ ਹਨ।

ਧਰਮ ਸੱਚ ਰੂਪ ਹੈ ਜਿਸਨੂੰ ਗੁਰੂ ਸਾਹਿਬ ਵੀ ਅਕਹਿ ਆਖ ਸਮਝਾਉਂਦੇ ਹਨ। ਅਸੀਂ ਉਸਨੂੰ ਆਪਣੀ ਕਲਪਨਾ ਨਾਲ ਪਰਛਾਵੇਂ ਵਿੱਚ ਬੰਨ੍ਹ ਕੇ ਪੇਸ਼ ਕਰਨ ਦੀ ਗੁਸਤਾਖੀ ਕਰਨਾ ਚਾਹੁੰਦੇ ਹਾਂ ਉਹ ਵੀ ਧਰਮ ਸੇਵਾ ਦੇ ਰੂਪ ਵਿੱਚ। ਇਹ ਗੁਸਤਾਖੀ ਉਞ ਤੇ ‘ਨਾਨਕ ਨਾਮ ਜਹਾਜ ਹੈ’ ਤੇ ‘ਸਵਾ ਲਾਖ ਸੇ ਏਕ ਲੜਾਉਂ’ ਵਰਗੀਆਂ ਫਿਲਮਾਂ ਧਰਮ ਪਰਚਾਰ ਵਜੋਂ ਵਿਖਾ ਕੇ ਲੰਮੇ ਚਿਰ ਤੋਂ ਹੋ ਰਹੀ ਹੈ ਪਰ ਦਰਬਾਰ ਸਾਹਿਬ ਦਾ ਕੀਰਤਨ ਪਰਛਾਵੇਂ ਰੂਪ ਵਿੱਚ ਲਿਆਉਣਾ ਅਜਿਹਾ ਕਦਮ ਸੀ, ਜੋ ਨਹੀਂ ਹੋਣਾ ਚਾਹੀਦਾ ਸੀ। ਕੀਰਤਨ ਸੁਣਨ ਤੱਕ ਹੀ ਕੀਰਤਨ ਹੈ। ਜਦੋਂ ਸਿੱਖਾਂ ਦੇ ਅੱਧ ਮੁੰਦੇ ਨੈਣਾਂ ਵਾਲੇ ਸਿਰ ਜਗਦੇ ਹੋਏ ਸ਼ੀਸ਼ੇ ਦੇ ਰੰਗਾਂ ਸਾਹਮਣੇ ਦਰਬਾਰ ਸਾਹਿਬ ਵਾਂਗ ਝੁਕ ਗਏ ਤਾਂ ਵੱਡਾ ਇਤਿਹਾਸਕ ਛਲਾਵਾ ਹੋਇਆ ਜੋ ਪੂਰੇ ਪੰਥ ਨੂੰ ਮਹਿਸੂਸ ਨਾ ਹੋਇਆ। ਸਭ ਨੇ ਨਵੀਂ ਤਕਨੀਕ ਦਾ ਸ਼ੁਕਰ ਕੀਤਾ ਕਿ ਘਰ ਬੈਠੇ ਦਰਬਾਰ ਸਾਹਿਬ ਦੇ ਦਰਸ਼ਨ, ਹਰ ਰੋਜ ਉਹ ਵੀ ਅੰਮ੍ਰਿਤ ਵੇਲੇ ਹੋ ਰਹੇ ਹਨ। ਜੋ ਦਰਸ਼ਨ ਸਿੱਖਾਂ ਦੀ ਜਿੰਦਗੀ ਦੀ ਵੱਡੀ ਲੋਚਾ ਹੁੰਦੀ ਸੀ ਉਹ ਦਰਸ਼ਨ ਸ਼ੀਸ਼ੇ ਨੇ ਲੁੱਟ ਲਏ ਤੇ ਪਰਛਾਵਾ ਸੱਚ ਹੋ ਗਿਆ। ਜੋ ਦਰਸ਼ਨ ਸਿੱਖ ਨੇ ਅਰਦਾਸ ਰੂਪ ਵਿੱਚ ਮੰਗਿਆ ਸੀ ਉਹ ਵਪਾਰੀ ਨੇ ਬੋਤਲ ਵਿੱਚ ਸਮੁੰਦਰ ਵਿਖਾਉਣ ਵਾਂਗ ਪਰਛਾਵੇਂ ਰੂਪ ਵਿੱਚ ਹਾਜਰ ਕਰਕੇ ਸਿੱਖ ਨੂੰ ਠੱਗ ਲਿਆ। ਭੋਲੇ ਪਾਤਸ਼ਾਹ ਲੁੱਟਾ ਹੋ ਕੇ ਵੀ ਸ਼ੁਕਰਾਨੇ ਨਾਲ ਭਰੇ ਹੋਏ ਹਨ। ਜਿਹੜੇ ਲੋਕ ਕਦੇ ਅੰਮ੍ਰਿਤਸਰ ਦੇ ਰਾਹ ਪਿਆਂ ਵੀ ਸਤਿਕਾਰ ਨਾਲ ਭਰ ਜਾਂਦੇ ਸਨ ਹੁਣ ਓਹੀ ਲੋਕ ਜਗਦੇ ਸ਼ੀਸੇ ਦੇ ਕੀਰਤਨ ਸਾਹਮਣੇ ਬੈਠ ਕੇ ਗੱਲਾਂ ਕਰਦੇ ਰਹਿੰਦੇ ਹਨ। ਇਹ ਜਗਦੇ ਸ਼ੀਸ਼ੇ ਨੂੰ ਸੀਸ ਝੁਕਾਉਣ ਦੀ ਸਜਾ ਹੈ ਕਿ ਮੰਜੀ ਸਾਹਿਬ ਦੀਵਾਨ ਹਾਲ ਸਮੇਤ ਸਭ ਵੱਡੇ ਗੁਰਦੁਆਰੇ ਬਿਜਲਮੰਡੀ ਦੀ ਮੁਕਾਬਲੇਬਾਜੀ ਦੇ ਅੱਡੇ ਬਣਦੇ ਜਾ ਰਹੇ ਹਨ। ਕਥਾਵਾਚਕ ਅਤੇ ਪਰਚਾਰਕ ਇਹਨਾਂ ਥਾਂਵਾਂ ਤੋਂ ਆਪਣੀ ਭਰਵੀਂ ਹਾਜਰੀ ਲਵਾਉਣ ਲਈ ਮੰਡੀ ਦੇ ਅਣਦਿਸਦੇ ਭਾਰ ਹੇਠ ਪਿਸ ਰਹੇ ਹਨ। ਉਹ ਸਿੱਖ ਹੋਣ ਨਾਲੋਂ ਚੰਗੇ ਵਿਦਵਾਨ ਬੁਲਾਰੇ ਹੋਣ ਦੇ ਸਾਂਚੇ ਵਿੱਚ ਫਸਦੇ ਜਾ ਰਹੇ ਹਨ। ਪੰਥ ਅੰਦਰ ਬਿਜਲ ਪਰਛਾਵਿਆਂ ਦੇ ਚਲਣ ਦੀ ਤਤਕਾਲੀ ਜੜ੍ਹ ਇਥੇ ਪਈ ਹੈ।

ਹਰ ਸਿੱਖ ਜਾਣਦਾ ਹੈ ਕਿ ਬਿਨ ਮੰਗਿਆਂ ਗੁਰੂ ਹੀ ਦੇ ਸਕਦਾ ਹੈ ਸਰਕਾਰਾਂ ਜਾਂ ਵਪਾਰੀ ਨਹੀਂ। ਬਿਜਲ ਪਰਛਾਵੇਂ ਦਾ ਚਲਣ ਰਾਸ ਲੀਲਾ ਨੂੰ ਜਾਣ ਵਾਲਾ ਰਾਹ ਹੀ ਹੈ। ਇਹ ਦਿੱਲੀ ਦੇ ਫੌਜੀ ਵਪਾਰੀ ਦੀ ਕਾਹਲ ਦੀ ਦੇਣ ਹੈ ਕਿ ਉਹਨੇ ਆਂਡਾ ਲੈਣ ਦੀ ਥਾਂ ਮੁਰਗੀ ਮਾਰਨੀ ਚਾਹੀ ਤੇ ਪੰਥ ਜਾਗ ਪਿਆ। ਜੇ ਕੋਈ ਸਰਕਾਰ ਕਦੇ ਕੁਝ ਬਿਨਾ ਮੰਗੇ ਜਾਂ ਮਿਹਨਤ ਕਰੇ ਬਗੈਰ ਦੇਵੇ ਤਾਂ ਉਹ ਰਿਸ਼ਵਤ, ਲੁੱਟ ਜਾਂ ਬੇਈਮਾਨੀ ਹੀ ਹੁੰਦੀ ਹੈ। ਹਕੂਮਤ ਜਾਂ ਵਪਾਰੀ ਜਦੋਂ ਵੀ ਗੁਰੂ ਵਾਂਗ ਵਿਹਾਰ ਕਰਦੇ ਹਨ ਤਾਂ ਸਿੱਖ ਨੂੰ ਜਰੂਰ ਖਬਰਦਾਰ ਹੋਣਾ ਚਾਹੀਦਾ ਹੈ।

ਇਹ ਮਾਮਲੇ ਦੇ ਸਬੰਧ ਵਿਚ (ਸਕੂਲੀ ਪੜ੍ਹਾਈ ਛੱਡ ਕੇ ਖੇਤੀ ਵਿੱਚ ਪਏ) ਇਕ ਨੌਜਵਾਨ ਦੀ ਗੱਲ ਬੜੀ ਵਾਰ ਚੇਤੇ ਆਉਂਦੀ ਹੈ ਜੋ ਉਹਨੇ ‘ਸਾਡਾ ਹੱਕ’ ਫਿਲਮ ਵੇਲੇ ਕਹੀ। ਉਹਨੇ ਸਾਰੇ ਪਰਸੰਗ ਨੂੰ ਇਕੋ ਵਾਕ ਵਿਚ ਨਿਬੇੜ ਦਿੱਤਾ ਕਿ ‘ਜਿਹੜੀ ਚੀਜ ਸਿੱਖਾਂ ਨੂੰ ਕੋਈ ਸਰਕਾਰ ਬਿਨਾ ਨੁਕਸਾਨ ਕਰਾਇਆਂ ਦਿੰਦੀ ਐ ਉਹ ਸਿੱਖਾਂ ਲਈ ਜਰੂਰ ਨੁਕਸਾਨ ਵਾਲੀ ਹੋਊ’।

(ਚਲਦਾ…)
(‘ਸਿੱਖ ਸਿਆਸਤ’ ਤੋਂ ਧੰਨਵਾਦ ਸਹਿਤ)