ਆਨੰਦਪੁਰ ਤੋਂ ਸਰਹਿੰਦ ਤੱਕ ਸ਼ਹਾਦਤਾਂ ਦਾ ਸਫ਼ਰ

ਆਨੰਦਪੁਰ ਤੋਂ ਸਰਹਿੰਦ ਤੱਕ ਸ਼ਹਾਦਤਾਂ ਦਾ ਸਫ਼ਰ

ਕਰਮਜੀਤ ਸਿੰਘ, ਸੀਨੀਅਰ ਪੱਤਰਕਾਰ (ਫੋਨ ਸੰਪਰਕ: 99150-9106)
ਦਸੰਬਰ ਮਹੀਨੇ ਦੇ ਦਿਨ ਸਮੁੱਚੀ ਮਾਨਵਤਾ ਦੇ ਇਤਿਹਾਸ ਲਈ, ਵਿਸ਼ੇਸ਼ ਕਰਕੇ ਖਾਲਸੇ ਲਈ, ਰੂਹਾਨੀ ਉਦਾਸੀ ਦੇ ਦਿਨ ਹਨ ਜਦੋਂ ਸਾਡੀਆਂ ਅੱਖਾਂ ਸੁੱਚੇ ਹੰਝੂਆਂ ਨੂੰ ਸੱਦਾ ਦਿੰਦੀਆਂ ਹਨ। ਸਮਾਂ ਤੇਜ਼ੀ ਨਾਲ ਪਿਛਾਂਹ ਵੱਲ ਮੁੜਦਾ ਹੈ ਜਦੋਂ ਸਾਡੀਆਂ ਯਾਦਾਂ ਆਨੰਦਪੁਰ, ਸਰਸਾ ਨਦੀ, ਚਮਕੌਰ, ਮਾਛੀਵਾੜਾ ਅਤੇ ਸਰਹਿੰਦ ਦੀਆਂ ਪਰਿਕਰਮਾ ਕਰਨ ਲੱਗ ਜਾਂਦੀਆਂ ਹਨ। ਇਹ 1704 ਈਸਵੀ ਦੀਆਂ ਗੱਲਾਂ ਹਨ ਜਦੋਂ 20-21 ਦਸੰਬਰ ਤੋਂ ਲੈ ਕੇ 26 ਦਸੰਬਰ ਤੱਕ ਸ਼ਹਾਦਤਾਂ ਦੇ ਸਫ਼ਰ ਦੀ ਸੱਤ ਦਿਨਾਂ ਦੀ ਸਾਚੀ ਸਾਖੀ ਭਾਵੇਂ ਦਿਮਾਗਾਂ ਨੂੰ ਸੁੰਨ ਕਰ ਦਿੰਦੀ ਹੈ ਪਰ ਰੂਹਾਂ ਨੂੰ ਰੁਸ਼ਨਾਉਂਦੀ ਵੀ ਹੈ। ਇਹ ਉਹ ਸੁਭਾਗੇ ਦਿਨ ਸਨ ਜਦੋਂ ਖਾਲਸਾ ਪੰਥ ਦੇ ਸਦ-ਜਾਗਤ ਯੋਧਿਆਂ ਨੇ ਉਹ ਕ੍ਰਿਸ਼ਮੇ ਕੀਤੇ, ਉਹ ਚਮਤਕਾਰ ਵਿਖਾਏ ਕਿ ਇਤਿਹਾਸ ਦੇ ਗਹਿਰ-ਗੰਭੀਰ ਵਿਦਿਆਰਥੀ ਵੀ ਹੈਰਾਨ ਹੀ ਹੋ ਸਕਦੇ ਹਨ। ਜਰਮਨੀ ਦੇ ਫਿਲਾਸਫਰ ਹੀਗਲ ਨੇ ਬਾਦਸ਼ਾਹ ਦੇ ਸੰਕਲਪ ਤੇ ਇਤਿਹਾਸ ਵਿਚ ਇਸ ਦੀ ਲੋੜ ਤੇ ਮਹੱਤਤਾ ਉੱਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਪਰਮਾਤਮਾ ਬਾਦਸ਼ਾਹ ਦੇ ਰਾਹੀਂ ਇਸ ਧਰਤੀ ਉਤੇ ਮਾਰਚ ਕਰਦਾ ਹੈ, ਪਰ 17ਵੀਂ ਸਦੀ ਵਿਚ ਗੁਰੂ ਗੋਬਿੰਦ ਸਿੰਘ ਨੇ ਜਮਹੂਰੀਅਤ ਦਾ ਇਕ ਨਵਾਂ ਸੰਕਲਪ ਇਸ ਧਰਤੀ ‘ਤੇ ਉਤਾਰਿਆ ਤੇ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਨਜ਼ਰਾਂ ਵਿਚ ਖਾਲਸਾ ਹੀ ‘ਪੂਰਾ ਸਤਿਗੁਰੂ’ ਹੈ ਅਤੇ ਉਹ ਹੀ ਇਸ ਧਰਤੀ ਦਾ ਬਾਦਸ਼ਾਹ ਹੈ। ਇਨ੍ਹਾਂ ਹੀ ਦਿਨਾਂ ਵਿਚ ਖਾਲਸੇ ਨੇ ਇਹ ਪ੍ਰਤੱਖ ਕਰ ਵਿਖਾਇਆ ਕਿ ਉਹ ਸੱਚਮੁੱਚ ਹੀ ਗੁਰੂ ਗੋਬਿੰਦ ਸਿੰਘ ਦੀ ‘ਜਾਨ ਕੀ ਜਾਨ’ ਹੈ, ‘ਇਸ਼ਟ ਔਰ ਮਿੱਤਰ’ ਹੈ, ‘ਗਿਆਨ ਤੇ ਬੁੱਧ’ ਦਾ ਸਰਸਬਜ਼ ਚਸ਼ਮਾ ਹੈ ਤੇ ‘ਅਕਾਲ ਪੁਰਖ ਕੀ ਫੌਜ’ ਹੈ।
ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਏ ਦਰਦਨਾਕ ਸਫ਼ਰ ਵਿਚ ਖਾਲਸਾ ਪੰਥ ਨੇ ਦਸਮੇਸ਼ ਪਿਤਾ ਦੀ ਅਗਵਾਈ ਵਿਚ ਇਸ ਧਰਤੀ ‘ਤੇ ਇਕ ਅਜਿਹਾ ਮਾਰਚ ਕੀਤਾ ਕਿ ਇਤਿਹਾਸ ਇਕ ਵਾਰ ਤਾਂ ਸ਼ਾਇਰਾਨਾ ਅੰਦਾਜ਼ ਵਿਚ ਝੂਮ ਉੱਠਿਆ। ਜੇ ਫਲਸਫ਼ਾਨਾ ਅੰਦਾਜ਼ ਵਿਚ ਇਸ ਅਵਸਥਾ ਅਤੇ ਇਸ ਸੱਤ ਦਿਨਾਂ ਦੇ ਪੈਂਡੇ ਨੂੰ ਅੱਖਰਾਂ ਤੇ ਵਾਕਾਂ ਵਿਚ ਬੰਨ੍ਹਣਾ ਹੋਵੇ ਤਾਂ ਅਸੀਂ ਇਹ ਦਾਅਵਾ ਕਰ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਪੰਥ ਕੁਝ ਚਿਰ ਲਈ ਇਕ ਰੂਪ ਹੋ ਗਏ ਸਨ ਜਾਂ ਇਉਂ ਕਹਿ ਲਓ ਕਿ ਸ਼ਬਦ-ਸੁਰਤਿ ਦਾ ਪੈਗ਼ਾਮ ਇਤਿਹਾਸ ਵਿਚ ਉੱਤਰ ਆਇਆ ਸੀ। ਦਸਵੇਂ ਗੁਰੂ ਇਸ ਅਵਸਥਾ ਦੇ ਚਸ਼ਮਦੀਦ ਗਵਾਹ ਬਣੇ। ਜਦੋਂ ਉਹ ਖਾਲਸਾ ਪੰਥ ਦੇ ਹੁਕਮ ਅਨੁਸਾਰ ਚਮਕੌਰ ਦੀ ਗੜ੍ਹੀ ਛੱਡ ਰਹੇ ਸਨ ਤਾਂ ਉੱਚੇ ਸੁੱਚੇ ਸਿਧਾਂਤਾਂ ਦਾ ਗਵਾਹ ਬਣਦੀ ਇਹ ਅਜਬ ਘਟਨਾ ਖਾਲਸਾ ਪੰਥ ਦੇ ਗੁਰੂ ਹੋਣ ਦਾ ਇਕ ਇਲਾਹੀ ਐਲਾਨਨਾਮਾ ਹੀ ਤਾਂ ਸੀ।
ਵੱਡੇ ਸਾਕੇ ਕਰਨ ਵਾਲੀਆਂ ਦੋ ਨਿੱਕੀਆਂ ਜਿੰਦਾਂ-ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ਬਦ ਨਮੋ-ਨਮੋ, ਨੇਤ-ਨੇਤ ਦੀ ਸਥਿਤੀ ਅਖਤਿਆਰ ਕਰ ਲੈਂਦੇ ਹਨ, ਕਿਉਂਕਿ ਇਹ ਸਾਕਾ ਦਿਲਾਂ ਤੇ ਦਿਮਾਗਾਂ ਨੂੰ ਵੀ ਕੰਬਣੀ ਛੇੜ ਦਿੰਦਾ ਹੈ, ਜਿਥੇ ਨਿਰਮਲ ਮਾਸੂਮੀਅਤ ਦੇ ਦੋ ਰੂਹਾਨੀ ਫੁੱਲ ਜਿਉਂਦੇ ਦੀਵਾਰਾਂ ਵਿਚ ਚਿਣ ਦਿੱਤੇ ਗਏ ਸਨ। ਦਸਮੇਸ਼ ਪਿਤਾ ਦੇ ਬਿੰਦੀ ਪੁੱਤਰਾਂ ਨੇ ਜਿਵੇਂ ਸ਼ਹਾਦਤਾਂ ਦੇ ਜਾਮ ਪੀਤੇ ਅਤੇ ਜਿਵੇਂ ਮਗਰੋਂ ਦਸਮੇਸ਼ ਪਿਤਾ ਦੇ ਨਾਦੀ ਪੁੱਤਰਾਂ ਨੇ ਇਸ ਦਾ ਇਤਿਹਾਸਕ ਜਵਾਬ ਦਿੱਤਾ, ਉਸ ਤੋਂ ਪਤਾ ਲੱਗਦਾ ਹੈ ਕਿ ਨੀਲੇ ਘੋੜੇ ਦੇ ਸ਼ਾਹਸਵਾਰ ਦੀ ਅਗਵਾਈ ਵਿਚ ਨਾਦੀ ਤੇ ਬਿੰਦੀ ਪੁੱਤਰਾਂ ਵਿਚ ਕੋਈ ਭੇਦ-ਭਾਵ ਨਹੀਂ ਸੀ ਰਹਿ ਗਿਆ। ਸਿੱਖ ਇਤਿਹਾਸ ਦਾ ਇਹ ਨਿਰਮਲ ਨਜ਼ਾਰਾ, ਜਿਸ ਵਿਚ ਪਵਿੱਤਰਤਾ ਦੇ ਅਨੇਕ ਰੰਗ ਹਨ, ਉਹ ਦ੍ਰਿਸ਼ ਇਸ ਧਰਤੀ ‘ਤੇ ਵੱਸਦੀਆਂ ਹੋਰ ਕੌਮਾਂ ਨੂੰ ਵੀ ਇਹ ਸੰਦੇਸ਼ ਦਿੰਦਾ ਹੈ ਕਿ ਸੱਚੀ-ਸੁੱਚੀ, ਸਹੀ ਤੇ ਇਤਿਹਾਸ ਨੂੰ ਪ੍ਰਣਾਈ ਰਾਜਨੀਤਕ ਤੇ ਧਾਰਮਿਕ ਲੀਡਰਸ਼ਿਪ ਦੇ ਮਾਪਦੰਡ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ।
ਇਹ ਘਟਨਾ ਅੱਜ ਦੇ ਸਿਆਸਤਦਾਨਾਂ ਲਈ ਵੀ ਇਕ ਚੰਗਾ ਸਬਕ ਹੈ। ਚੋਟੀ ਦੇ ਸਿਆਸਤਦਾਨਾਂ ਵੱਲੋਂ ਆਪਣੇ ਪੁੱਤਰਾਂ-ਧੀਆਂ ਨੂੰ ਰਾਜਨੀਤੀ ਵਿਚ ਲਿਆਉਣ ਦੀ ਇੱਛਾ ਜਾਂ ਤਮੰਨਾ ਕੋਈ ਮਾੜੀ ਗੱਲ ਨਹੀਂ, ਪਰ ਜਦੋਂ ਉਹ ਜੀਵਨ ਦੇ ਖੱਟੇ-ਮਿੱਠੇ, ਕੰਡਿਆਲੇ ਅਤੇ ਬਿਖੜੇ ਰਾਹਾਂ ਦਾ ਅਨੁਭਵ ਅਤੇ ਸਵਾਦ ਚੱਖੇ ਤੋਂ ਬਿਨਾਂ ਹੀ ਆਪਣੇ ਮਾਪਿਆਂ ਦੇ ਬਲਵਾਨ ਮੋਢਿਆਂ ‘ਤੇ ਚੜ੍ਹ ਕੇ ਅਤੇ ਧਨ-ਦੌਲਤ ਦੀ ਜੁਗਤ ਵਰਤ ਕੇ ਉਹ ਟੀਸੀ ਦਾ ਬੇਰ ਬਣ ਜਾਂਦੇ ਹਨ ਅਤੇ ਜਦੋਂ ਜਥੇਬੰਦੀ ਦੇ ਅੰਦਰ ਦਹਾਕਿਆਂ ਤੋਂ ਸੰਘਰਸ਼ ਕਰ ਰਹੇ ਕੁਰਬਾਨੀ ਵਾਲੇ ਆਪਣੇ ਹੀ ਸਾਥੀਆਂ ਦੇ ਉਤੋਂ ਦੀ ਛਾਲ ਮਾਰ ਕੇ ਉੱਚੀਆਂ ਪਦਵੀਆਂ ‘ਤੇ ਸੁਸ਼ੋਭਿਤ ਹੋ ਜਾਂਦੇ ਹਨ ਤਾਂ ਫਿਰ ਇਹੋ ਜਿਹੇ ਰਾਜਸੀ ਆਗੂ ਜੇ ਗੰਭੀਰ ਵਿਚਾਰ ਦੇਣ ਦੇ ਨਾਟਕ ਵੀ ਰਚ ਲੈਣ ਤਾਂ ਵੀ ਉਹ ਵਿਚਾਰ ਕੌਮ ਦੀ ਰੂਹ ਦੇ ਹਾਣੀ ਨਹੀਂ ਬਣ ਸਕਦੇ। ਅੱਜ ਸਿੱਖ ਸਿਆਸਤ ਵਿਚ ਇਹੋ ਕੁਝ ਹੀ ਹੋ ਰਿਹਾ ਹੈ। ਹਰਿਓ ਬੂਟ ਤਾਂ ਟਾਵੇਂ-ਟਾਵੇਂ ਹੀ ਰਹਿ ਗਏ ਹਨ।
ਚਮਕੌਰ ਦੀ ਜੰਗ ਸੰਸਾਰ ਦੀਆਂ ਜੰਗੀ ਯਾਦਗਾਰਾਂ ਦੀ ਅਨੋਖੀ ਜੰਗ ਸੀ। ਸੰਸਾਰ ਦੀਆਂ ਦੋ ਹੀ ਬੇਜੋੜ ਜੰਗਾਂ ਹਨ- ਇਕ ਕਰਬਲਾ ਦੀ ਜੰਗ ਜਿਸ ਵਿਚ ਹਜ਼ਰਤ ਮੁਹੰਮਦ ਸਾਹਿਬ ਦਾ ਦੋਹਤਾ ਸ਼ਹੀਦ ਹੁੰਦਾ ਹੈ ਅਤੇ ਦੂਜੀ ਚਮਕੌਰ ਦੀ ਜੰਗ। ਪਰ ਚਮਕੌਰ ਦੀ ਜੰਗ ਇਸ ਲਈ ਬੇਜੋੜ ਜੰਗ ਗਿਣੀ ਜਾਂਦੀ ਹੈ ਕਿਉਂਕਿ ਇਸ ਵਿਚ ਇਕ ਪਾਸੇ 40 ਸਿੰਘ ਅਤੇ ਦੂਜੇ ਪਾਸੇ ਲੱਖਾਂ ਹੀ ਵੈਰੀ ਸਨ। ਇਥੇ ਹੀ ਬੱਸ ਨਹੀਂ ਸਗੋਂ ਕੁਦਰਤ ਦੀਆਂ ਤਾਕਤਾਂ ਵੀ ਖਾਲਸੇ ਦੇ ਖਿਲਾਫ਼ ਆਣ ਖਲੋਤੀਆਂ ਸਨ। ਸਰਸਾ ਨਦੀ ਚੜ੍ਹੀ ਹੋਈ ਸੀ, ਉਪਰ ਪਹਾੜਾਂ ‘ਤੇ ਬਰਫ ਸੀ ਤੇ ਸੀਤ ਠੰਢੀ ਹਵਾ ਨੇ ਸ਼ਮਸ਼ੀਰ ਦਾ ਰੂਪ ਧਾਰਨ ਕਰ ਲਿਆ ਸੀ। ਪਰ ਕਰੜੇ ਇਮਤਿਹਾਨ ਦੀ ਇਸ ਘੜੀ ਵਿਚ, ਦੁਖਾਂ ਦੇ ਇਨ੍ਹਾਂ ਪਲਾਂ ਵਿਚ ਗੁਰਬਾਣੀ ਦੇ ਕਥਨ ਅਨੁਸਾਰ ਖਾਲਸਾ ਦੁੱਖਾਂ ਵਿਚ ਸੁੱਖਾਂ ਦਾ ਜਸ਼ਨ ਮਨਾ ਰਿਹਾ ਸੀ। ‘ਦੁਖਿ ਵਿਚਿ ਸੂਖ ਮਨਾਈ’ (ਪੰਨਾ 757)। ਇਥੇ ਹੀ ‘ਸਵਾ ਲਾਖ ਸੇ ਏਕ ਲੜਾਊਂ’ ਦਾ ਆਦਰਸ਼ ਐਲਾਨਨਾਮਾ ਅਮਲਾਂ ਵਿਚ ਉਤਾਰਿਆ ਸੀ। ਐਮਰਸਨ ਨੇ ਕਿੰਨਾ ਸੋਹਣਾ ਲਿਖਿਆ ਹੈ ਕਿ ਮੌਤ ਤਾਂ ਸਭ ਨੂੰ ਹੀ ਇਕ ਦਿਨ ਆਉਣੀ ਹੈ, ਪਰ ਮਹਾਨ ਪ੍ਰਾਪਤੀਆਂ ਇਕ ਅਜਿਹੀ ਯਾਦਗਾਰ ਨੂੰ ਜਨਮ ਦਿੰਦੀਆਂ ਹਨ, ਜੋ ਉਦੋਂ ਤੱਕ ਕਾਇਮ ਰਹਿੰਦੀ ਹੈ ਜਦੋਂ ਤੱਕ ਸੂਰਜ ਠੰਢਾ ਨਹੀਂ ਹੋ ਜਾਂਦਾ। ਚਮਕੌਰ ਦੀ ਜੰਗ ਵੀ ਯਾਦਗਾਰਾਂ ਵਿੱਚੋਂ ਸਿਰਮੌਰ ਯਾਦਗਾਰ ਹੈ। ਚਮਕੌਰ ਦੀ ਜੰਗ ਇੱਕ ਤਰ੍ਹਾਂ ਨਾਲ ਸਮਾਜਿਕ, ਰਾਜਨੀਤਕ ਤੇ ਧਾਰਮਿਕ ਮੋਰਚਾ ਵੀ ਸੀ, ਜਦੋਂ ਗੁਰੂ ਗੋਬਿੰਦ ਸਿੰਘ ਨੇ ਭਾਈ ਸੰਗਤ ਸਿੰਘ ਦੇ ਸਿਰ ਉੱਤੇ ਕਲਗੀ ਸਜਾ ਕੇ ਅਨਿਆਂ, ਨਾਬਰਾਬਰੀ ਤੇ ਜ਼ੁਲਮ ਦੇ ਹਰ ਕਿਲ੍ਹੇ ਨੂੰ ਢਾਹ ਕੇ ਗਰੂ ਨਾਨਕ ਸਾਹਿਬ ਦੇ ਇਸ ਫੁਰਮਾਨ ਉੱਤੇ ਫੁੱਲ ਚੜ੍ਹਾਏ ਕਿ ਉਹ ਸਮਾਜ ਦੇ ਉਸ ਲਿਤਾੜੇ ਵਰਗ ਨਾਲ ਖੜ੍ਹੇ ਹਨ ਜਿਨ੍ਹਾਂ ਨੂੰ ਜਾਤ-ਪਾਤ ਦੇ ਪੈਰੋਕਾਰ ਹੰਕਾਰ ਵਿੱਚ ਸਭ ਤੋਂ ਨੀਚ ਕਹਿੰਦੇ ਹਨ, ”ਨੀਚਾਂ, ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ। ਨਾਨਕੁ ਤਿਨ ਕੈ ਸੰਗ ਸਾਥਿ ਵਡਿਆ ਸਿਉ ਕਿਆ ਰੀਸੁ (ਪੰਨਾ 15)”।
ਫਿਰ ਮਾਛੀਵਾੜੇ ਦੇ ਜੰਗਲ ਵਿੱਚ ਸੰਘਣੇ ਅੰਬਾਂ ਦੇ ਝੁੰਡ ਦੇ ਨੇੜੇ ਇੱਕ ਖੂਹ ਕੋਲ ‘ਮਿੱਤਰ ਪਿਆਰੇ ਨੂੰ’, ਸ਼ਬਦ ਦੀ ਗੂੰਜ ਵੀ ਇੱਕ ਲਲਕਾਰ ਹੈ: ਉਨ੍ਹਾਂ ਤਾਕਤਾਂ ਦੇ ਖ਼ਿਲਾਫ਼ ਜੋ ਇਸ ਰੂਹਾਨੀ ਦੁਨਿਆਵੀ ਸ਼ਬਦ ਵਿੱਚ ਸੂਲ, ਵਿੰਗ, ਖੰਜਰ ਤੇ ਖੇੜਿਆਂ ਦਾ ਰੂਪ ਧਾਰ ਕੇ ਦੁਖਾਂ, ਤਕਲੀਫ਼ਾਂ ਤੇ ਮੁਸੀਬਤਾਂ ਦਾ ਕਾਰਨ ਬਣੀਆਂ ਹਨ। ਪਰ ਗੁਰੂ ਸਾਹਿਬ ਨੂੰ ਮੁਸੀਬਤਾਂ ਦੇ ਇਹ ਪਹਾੜ ਵੀ ‘ਯਾਰੜੇ ਦਾ ਸੱਥਰ” ਹੀ ਲੱਗਦੇ ਹਨ ਅਤੇ ਇਹ ਸ਼ਬਦ ਜੰਗ ਜਾਰੀ ਰੱਖਣ ਦਾ ਇੱਕ ਇਕਰਾਰਨਾਮਾ ਵੀ ਹੈ ਜੋ ਅੱਗੇ ਜਾ ਕੇ ਦੀਨਾ ਕਾਂਗੜ ਦੇ ਅਸਥਾਨ ‘ਤੇ ‘ਜ਼ਫਰਨਾਮਾ’ ਦੇ ਰੂਪ ਵਿੱਚ ਪ੍ਰਗਟ ਹੋਇਆ।
ਕੌਣ ਸਨ ਨਬੀ ਖਾਂ ਤੇ ਗਨੀ ਖਾਂ? ਘੋੜਿਆਂ ਦੇ ਇਹ ਵਪਾਰੀ ਗੁਰੂ ਗੋਬਿੰਦ ਸਿੰਘ ਨੂੰ ਸੱਚੀ ਮੁਹੱਬਤ ਕਰਨ ਵਾਲੀਆਂ ਰੂਹਾਂ ਸਨ। ਚਮਕੌਰ ਦੀ ਜੰਗ ਖ਼ਤਮ ਹੋਣ ਪਿੱਛੋਂ ਦੂਰ-ਦੂਰ ਤੱਕ ਸਾਰੇ ਰਸਤਿਆਂ ਅਤੇ ਡਾਂਡੇ-ਮੀਂਡੇ ਰਾਹਾਂ ਉੱਤੇ ਅਤੇ ਅਣਜਾਣ ਪਗਡੰਡੀਆਂ ‘ਤੇ ਵੀ ਗੁਰੂ ਸਾਹਿਬ ਦੀ ਭਾਲ ਵਿੱਚ ਪਹਿਰੇ ਲੱਗੇ ਹੋਏ ਸਨ। ਪਰ ਇਨ੍ਹਾਂ ਦੋਵਾਂ ਭਰਾਵਾਂ ਨੇ ਗੁਰੂ ਸਾਹਿਬ ਨੂੰ ‘ਉੱਚ ਦਾ ਪੀਰ’ ਬਣਾ ਕੇ ਆਲਮਗੀਰ ਤੱਕ ਸਫ਼ਰ ਕੀਤਾ। ਉਨ੍ਹਾਂ ਸਿੱਧ ਕੀਤਾ ਕਿ ਉਹ ਸੱਚਮੁੱਚ ਹੀ ਇਸਲਾਮ ਦੀ ਧੁਰ ਅੰਦਰਲੀ ਜਗਦੀ ਮਘਦੀ ਜਰਖੇਜ਼ ਚੇਤਨਾ ਦੇ ਹਾਣੀ ਸਨ। ਪਰ ਦੂਜੇ ਪਾਸੇ ਗੰਗੂ ਰਸੋਈਏ ਨੇ ਪਨਾਹ ਵਿੱਚ ਆਏ ਦੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਗ੍ਰਿਫ਼ਤਾਰ ਕਰਵਾ ਕੇ ਇੱਕ ਅਜਿਹਾ ਗੁਨਾਹ ਕੀਤਾ ਜੋ ਸ਼ਾਇਦ ਜੂਡਸ ਇਸਕਾਰੀਓਟ ਤੋਂ ਵੀ ਕਿਤੇ ਵੱਧ ਸੀ, ਜਿਸ ਨੇ ਪ੍ਰਭੂ ਯਸੂ ਮਸੀਹ ਨੂੰ ਫੜਾਉਣ ਦਾ ਘੋਰ ਪਾਪ ਕੀਤਾ ਸੀ। ਗੰਗੂ ਨੇ ਏਡਾ ਵੱਡਾ ਵਿਸ਼ਵਾਸਘਾਤ ਕਿਉਂ ਕੀਤਾ? ਇਹ ਅਜੇ ਤੱਕ ਭੇਤ ਹੀ ਬਣਿਆ ਹੋਇਆ ਹੈ।
ਜਦੋਂ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਦੀਵਾਨ ਸੁੱਚਾ ਨੰਦ ਅਤੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਦਾ ਜ਼ਿਕਰ ਆਉਂਦਾ ਹੈ, ਜਿਸ ਵਿੱਚ ਸੁੱਚਾ ਨੰਦ ਬਹਿਸ ਦੌਰਾਨ ‘ਸੱਪਾਂ ਦੇ ਬੱਚੇ ਸੱਪ ਹੀ ਰਹਿਣਗੇ’ ਦਾ ਤਰਕ ਦੇ ਕੇ ਸਾਹਿਬਜ਼ਾਦਿਆਂ ਲਈ ਸਜ਼ਾ-ਏ-ਮੌਤ ਦੀ ਸਲਾਹ ਦਿੰਦਾ ਹੈ ਜਦਕਿ ਸ਼ੇਰ ਮੁਹੰਮਦ ਖਾਂ ਦੀ ਜਾਗੀ ਜ਼ਮੀਰ ਬੱਚਿਆਂ ਉੱਤੇ ਅਜਿਹਾ ਜ਼ੁਲਮ ਢਾਹੁਣ ਤੋਂ ਵਜ਼ੀਰ ਖਾਂ ਨੂੰ ਰੋਕਦੀ ਹੈ। ਓੜਕ ਬੱਚਿਆਂ ਨੂੰ ਨੀਹਾਂ ਵਿੱਚ ਜਿਉਂਦੇ ਚਿਣ ਕੇ ਨਿਰਮਲ ਮਾਸੂਮੀਅਤ ਦਾ ਕਤਲ ਕਰ ਦਿੱਤਾ ਜਾਂਦਾ ਹੈ। ਸ਼ੇਰ ਮੁਹੰਮਦ ਖਾਂ ਦੀ ਜਾਗੀ ਜ਼ਮੀਰ ਵਿੱਚੋਂ ਉੱਠੀ ਆਵਾਜ਼ ਨੂੰ ਇਤਿਹਾਸ ਅਤੇ ਖਾਲਸਾ ਅੱਜ ਤੱਕ ‘ਹਾਅ ਦੇ ਨਾਅਰੇ’ ਨਾਲ ਯਾਦ ਕਰਦਾ ਹੈ। ਮਾਤਾ ਗੁਜਰੀ ਜੀ ਵੀ ਕਹਿਰ ਦੇ ਇਸ ਸਦਮੇ ਨੂੰ ਸਹਿ ਨਾ ਸਕੇ ਅਤੇ ਉਹ ਵੀ ਸ਼ਹੀਦ ਹੋ ਗਏ। ਇੰਜ, 26 ਦਸੰਬਰ ਨੂੰ ਸ਼ਹਾਦਤਾਂ ਦਾ ਇਹ ਸੱਤ ਦਿਨਾਂ ਦਾ ਸਫ਼ਰ ਦਰਦਨਾਕ ਯਾਦਾਂ ਛੱਡ ਕੇ ਸਮਾਪਤ ਹੁੰਦਾ ਹੈ।
ਚਮਕੌਰ ਦੀ ਜੰਗ ਜਿੱਥੇ ਰੂਹਾਨੀ ਤੇ ਇਤਿਹਾਸਕ ਰੰਗਾਂ ਦਾ ਇਸ ਧਰਤੀ ਉੱਤੇ ਇੱਕ ਸੁਹਾਵਣਾ ਮੇਲਾ ਹੈ, ਉੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਿਰਭਉ ਤੇ ਨਿਰਵੈਰ ਮਾਸੂਮੀਅਤ ਦਾ ਕਤਲ ਹੈ। ਸਾਹਿਬਜ਼ਾਦਿਆਂ ਨੂੰ ਕਤਲ ਕਰਨ ਦਾ ਇਰਾਦਾ ਮਾਸੂਮੀਅਤ ਨੂੰ ਇਸ ਧਰਤੀ ਤੋਂ ਖ਼ਤਮ ਕਰਨ ਦਾ ਯਤਨ ਸੀ, ਪਰ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦੇ ਕੇ ਇਸ ਧਰਤੀ ਉੱਤੇ ਮਾਸੂਮੀਅਤ ਦਾ ਪਰਚਮ ਬੁਲੰਦ ਕੀਤਾ। ਇਸ ਮਾਸੂਮੀਅਤ ਵਿੱਚ ਗਿਆਨ ਦੇ ਚਾਨਣ ਦੀਆਂ ਕਿਰਨਾਂ ਵੀ ਹਾਜ਼ਰ-ਨਾਜ਼ਰ ਹਨ ਜੋ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਦਲੇਰਾਨਾ ਜਵਾਬਾਂ ਵਿੱਚੋਂ ਮਿਲਦੀਆਂ ਹਨ।