ਸੂਰਮਗਤੀ ਦੀ ਅਦਭੁਤ ਮਿਸਾਲ : ਲਾਸਾਨੀ ਸ਼ਹੀਦ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ

ਸੂਰਮਗਤੀ ਦੀ ਅਦਭੁਤ ਮਿਸਾਲ : ਲਾਸਾਨੀ ਸ਼ਹੀਦ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ

ਗੁਰਮੇਜ ਸਿੰਘ ਸੰਧੂ (ਫੋਨ (408)401-5952)

ਸ੍ਰੀ ਅਨੰਦਪੁਰ ਸਾਹਿਬ ਵਿਖੇ ਚੋਜੀ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਿਰਾਲੇ ਚੋਜਾਂ ਅਰਥਾਤ ਬੀਰ- ਰਸੀ ਕਰਤਬਾਂ ਨੂੰ ਵੇਖ ਕੇ ਅਤੇ ਖਾਲਸੇ ਦੀ ਨਿਰਾਲੀ ਚੜ੍ਹਤ ਨੂੰ ਤਕ ਕੇ ਪਹਾੜੀ ਰਾਜੇ ਗੁਰੂਘਰ ਨਾਲ ਢਿਡੋਂ ਬਹੁਤ ਖ਼ਾਰ ਖਾਣ ਲਗ ਪਏ ਸਨ। ਉਨ੍ਹਾਂ ਦੇ ਪਲੀਤ ਇਰਾਦੇ ਉਦੋਂ ਉਘੜ ਕੇ ਸਾਹਮਣੇ ਆ ਗਏ ਜਦ ਉਨ੍ਹਾਂ ਸਰਹਿੰਦ ਦੇ ਨਵਾਬ ਵਜੀਰ ਖ਼ਾਂ ਨੂੰ ਡੂੰਘੀ ਸਾਜ਼ਸ਼ ਅਧੀਨ ਚਿਠੀ ਲਿਖ ਭੇਜੀ ਕਿ ਗੁਰੂ ਗੋਬਿੰਦ ਸਿੰਘ ਮੁਗ਼ਲ ਸਰਕਾਰ ਲਈ, ਤੁਹਾਡੇ ਲਈ ਅਤੇ ਸਾਡੇ ਲਈ ਵੀ ਬਹੁਤ ਵਡਾ ਖ਼ਤਰਾ ਹਨ। ਇਸ ਖਤਰੇ ਦਾ ਇਲਾਜ ਸਾਨੰ ਸਭ ਨੂੰ ਮਿਲਕੇ ਹਰ-ਹੀਲੇ ਅਵਸ਼ ਕਰਨਾ ਚਾਹੀਦਾ ਹੈ।
ਸੰਮਤ 1758 ਦੇ ਸ਼ੁਰੂ ਵਿਚ ਵਜ਼ੀਰ ਖਾਂ ਨੇ ਪੈਦਾ ਖ਼ਾਂ ਅਤੇ ਦੀਨਾ ਬੇਗ ਦੀ ਕਮਾਨ ਹੇਠ ਦਸ ਹਜ਼ਾਰ ਫੌਜ ਗੁਰੂ ਜੀ ਵਿਰੁਧ ਭੇਜੀ। ਵੀਹ ਹਜ਼ਾਰ ਫੌਜ ਬਾਈਧਾਰ ਦੇ ਰਾਜਿਆਂ ਦੀ ਵੀ ਸੀ। ਇਸ ਤਰ੍ਹਾਂ ਇਸ ਮਿਲਵੀਂ ਧਾੜ ਨੇ ਸ੍ਰੀ ਅਨੰਦਪੁਰ ਸਾਹਿਬ ‘ਤੇ ਹਮਲਾ ਕਰ ਦਿੱਤਾ। ਇਸ ਜੰਗ ਵਿਚ ਪੈਂਦੇ ਖ਼ਾਂ ਗੁਰੂ ਪਾਤਿਸ਼ਾਹ ਦੇ ਤੀਰ ਦਾ ਸ਼ਿਕਾਰ ਹੋ ਗਿਆ। ਉਸ ਨੂੰ ਡਿਗਿਆਂ ਵੇਖ ਪਹਾੜੀ ਰਾਜੇ ਤੇ ਉਨ੍ਹਾਂ ਦੇ ਪਹਾੜੀਏ ਫੌਜੀ ਹਰਨ ਹੋ ਗਏ। ਦੀਨਾ ਬੇਗ਼ ਵੀ ਫਟੜ ਹੋ ਗਿਆ ਅਤੇ ਸ਼ਾਹੀ ਫੌਜ ਵੀ ਤਿੱਤਰ ਹੋ ਗਈ। ਭਾਂਜ ਖਾਣ ਮਗਰੋਂ ਉਹ ਆਰਾਮ ਨਾਲ ਨਾ ਬੈਠੇ ਅਤੇ ਉਨ੍ਹਾਂ ਫੈਸਲਾ ਕੀਤਾ ਕਿ ਅਗੇ ਨਾਲੋਂ ਵੱਧ ਤਿਆਰੀ ਕਰਕੇ ਅਨਦਪੁਰ ਦੁਆਲੇ ਘੇਰਾ ਘਤ ਲਿਆ ਜਾਏ ਅਤੇ ਅੰਦਰ ਰਸਦ-ਪਾਣੀ ਜਾਣੋਂ ਰੋਕਿਆ ਜਾਵੇ।
ਇਸ ਸਾਜਿਸ਼ ਅਧੀਨ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਨੂੰ ਗੁਰੂ ਜੀ ਵਿਰੁਧ ਬਹੁਤ ਉਕਸਾਇਆ। ਔਰੰਗਜ਼ੇਬ ਨੇ ਸੂਬਾ ਲਾਹੌਰ ਤੇ ਸੂਬਾ ਸਰਹਿੰਦ ਨੂੰ ਹੁਕਮ ਭੇਜਿਆ ਕਿ ਪਹਾੜੀ ਰਾਜਿਆਂ ਦੇ ਨਾਲ ਹੋ ਕੇ ਗੁਰੂ ਜੀ ਵਿਰੁਧ ਤੁਰਤ ਹਮਲਾ ਕੀਤਾ ਜਾਵੇ। ਇਸ ਹੁਕਮ ਮੂਜਬ ਲਾਹੌਰ, ਸਰਹਿੰਦ ਅਤੇ ਬਾਈਧਾਰ  ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਸ੍ਰੀ ਅਨੰਦਪੁਰ ਸਾਹਿਬ ‘ਤੇ ਹੱਲਾ ਬੋਲ ਦਿੱਤਾ। ਸ੍ਰੀ ਅਨੰਦਪੁਰ ਸਾਹਿਬ ਦੁਆਲੇ ਘੇਰਾ ਲੰਮਾ ਚਿਰ ਜਾਰੀ ਰਿਹਾ। ਕੁਝ ਸਮੇਂ ਮਗਰੋਂ ਕਿਲ੍ਹੇ ਵਿਚਲੇ ਸਾਰੇ ਸਿਖਾਂ ਦੀ ਰਾਇ ਕਿਲ੍ਹਾ ਖਾਲੀ ਕਰ ਜਾਣ ਦੇ ਹਕ ਵਿਚ ਹੋ ਗਈ। ਪਹਾੜੀ ਰਾਜਿਆਂ ਤੇ ਸ਼ਾਹੀ ਫੌਜਾ ਦੇ ਫੌਜਦਾਰਾਂ ਨੇ ਸਹੁੰਆਂ ਖਾ ਕੇ ਭਰੋਸਾ ਦਿਵਾਇਆ ਕਿ ਗੁਰੂ ਜੀ ਨੂੰ ਕਿਸੇ ਕਿਸਮ ਦੀ ਜੋਖ਼ੋਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਆਪ ਜਿਥੇ ਚਾਹੁਣ ਜਾ ਸਕਦੇ ਹਨ। ਇਸ ਤਰ੍ਹਾਂ ਗੁਰੂ ਸਾਹਿਬ ਨੇ 6 ਪੋਹ ਸੰਮਤ 1761 ਮੁਤਾਬਕ 20 ਦਸੰਬਰ 1704 ਈਸਵੀ ਨੂੰ ਕਿਲ੍ਹਾ ਖਾਲੀ ਕਰ ਦਿਤਾ ਅਤੇ ਰੋਪੜ ਵਲ ਨੂੰ ਚਾਲੇ ਪਾ ਦਿੱਤੇ।
ਵੈਰੀਆਂ ਨੇ ਆਪਣੀਆਂ ਕਸਮਾਂ ਭੁਲਾ ਕੇ ਗੁਰੂ ਜੀ ਉਪਰ ਪਿਛੋਂ ਹੱਲਾ ਕਰ ਦਿੱਤਾ। ਸਰਸਾ ਨਦੀ ਦੇ ਕੰਢੇ ਘਮਸਾਨ ਦੀ ਲੜਾਈ ਹੋਈ। ਸਰਸਾ ਪਾਰ ਕਰਨ ਸਮੇਂ ਗੁਰੂ ਜੀ ਦਾ ਬਹੁਤ ਸਾਰਾ ਸਮਾਨ ਤੇ ਅਨੇਕਾਂ ਕੀਮਤੀ ਕਾਵਿ ਗ੍ਰੰਥ ਸਰਸਾ ਦੀ ਭੇਟ ਚੜ੍ਹ ਗਏ।  ਸ੍ਰੀ ਮਾਤਾ ਗੁਜਰੀ ਜੀ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਗੁਰੂ ਸਾਹਿਬ ਨਾਲੋਂ ਵਿਛੜ ਗਏ। ਗੁਰੂ ਸਾਹਿਬ ਵਡੇ ਦੋ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਚਾਲੀ ਸਿੰਘਾਂ ਸਮੇਤ ਚਮਕੌਰ ਸਾਹਿਬ ਪਹੁੰਚ ਗਏ। ਚਮਕੌਰ ਦੀ ਕੱਚੀ ਗੜ੍ਹੀ ਵਿਚੋਂ ਗੁਰੂ ਸਾਹਿਬ ਨੇ ਪਿੱਛਾ ਕਰ ਰਹੀ ਮੁਗਲੀਆ ਫੌਜ ਦਾ ਟਾਕਰਾ ਕੀਤਾ। ਮੁੱਠੀ ਭਰ ਸਿੰਘਾਂ ਨੇ ਦੁਸ਼ਮਣ ਦੇ ਟਿੱਡੀ ਦਲ ਦਾ ਟਾਕਰਾ ਅਜਿਹੀ ਸੂਰਮਗਤੀ ਨਾਲ ਡੱਟ ਕੇ ਕੀਤਾ ਕਿ ਵੈਰੀਆਂ ਦੇ ਛੱਕੇ ਛੁਡਾ ਦਿਤੇ।  ਇਸ ਜੰਗ ਵਿਚ ਦਸਮੇਸ਼ ਪਿਤਾ ਜੀ ਦੇ ਦੋਵੇਂ ਵਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ, ਪੰਜਾਂ ਪਿਆਰਿਆਂ ਵਿਚੋਂ ਤਿੰਨ ਪਿਆਰੇ ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਅਤੇ ਭਾਈ ਹਿੰਮਤ ਸਿੰਘ ਜੀ, ਦਿੱਲੀ ਤੋਂ ਨੌਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਉਣ ਵਾਲੇ ਰੰਗਰੇਟੇ ਸਿੱਖ ਭਾਈ ਜੀਵਨ ਸਿੰਘ ਜੀ ਅਤੇ ਹੋਰ ਸਿੰਘ ਇਕ-ਇਕ ਕਰਕੇ ਕਈਆਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਸ਼ਹੀਦ ਹੋ ਗਏ। ਕੇਵਲ ਪੰਜ ਸਿੰਘ ਬਾਕੀ ਰਹਿ ਗਏ। ਉਨ੍ਹਾਂ ਪੰਜਾਂ ਸਿੰਘਾਂ ਨੇ ਗੁਰਮਤਾ ਸੋਧਕੇ ਗੁਰੂ ਜੀ ਅਗੇ ਬੇਨਤੀ ਕੀਤੀ ਕਿ ਆਪ ਜੀ ਹੁਣ ਗੜ੍ਹੀ ਵਿਚੋਂ ਚਲੇ ਜਾਓ। ਗੁਰੂ ਸਾਹਿਬ ਜਾਣਾ ਨਹੀਂ ਸਨ ਚਾਹੁੰਦੇ। ਪ੍ਰੰਤੂ ਉਨ੍ਹਾਂ ਪੰਜਾਂ ਸਿੰਘਾਂ ਨੇ ਕਿਹਾ, ੨ ਆਪ ਜੀ ਦਾ ਹੁਕਮ ਹੈ ਕਿ ਪੰਜ ਸਿੰਘ ਰਲਕੇ ਗੁਰੂ ਦੀ ਓਟ ਲੈਕੇ ਜੋ ਫੈਸਲਾ ਕਰਨ, ਉਹ ਪੰਜਾਂ ਪਿਆਰਿਆ ਦਾ ਫੈਸਲਾ ਹੋਵੇਗਾ ਅਤੇ ਆਪ ਉਸ ਨੂੰ ਪੰਥ ਦਾ ਹੁਕਮ ਸਮਝਕੇ ਪ੍ਰਵਾਨ ਕਰੋਗੇ। ਅਸੀਂ ਪੰਜਾਂ ਪਿਆਰਿਆ ਦੀ ਹੈਸੀਅਤ ਵਿੱਚ, ਆਪ ਜੀ ਦੇ ਬਖ਼ਸ਼ੇ ਹੋਏ ਅਧਿਕਾਰ  ਦੀ ਰੌਸ਼ਨੀ ਵਿਚ ਆਪ ਨੂੰ ਹੁਕਮ ਕਰਦੇ ਹਾਂ ਕਿ ਆਪ ਜੀ ਗੜ੍ਹੀ ਛੱਡ ਦਿਓ। ਇਹ ਪੰਥ ਦਾ ਹੁਕਮ ਹੈ। ਹਜ਼ੂਰ ਦੇ ਜੀਵਨ ਨਾਲ ਪੰਥ ਜੀਊਹੈ। ਆਪ ਪੰਥ ਨੂੰ ਚੜ੍ਹਦੀਆਂ ਕਲਾਂ ਵਿਚ ਲਿਜਾਕੇ ਪ੍ਰਫੁਲਤ ਕਰ ਸਕੋਗੇ।” ਕਲਗੀਧਰ ਪਾਤਿਸ਼ਾਹ ਨੇ ਇਹ ਸਲਾਹ ਮੰਨ ਲਈ। ਪੰਜਾਂ ਸਿੰਘਾਂ ਨੂੰ ਗੜ੍ਹੀ ਦੀ ਅਟਾਰੀ ਵਿਚਲੇ ਆਪਣੇ ਆਸਨ ਉਪਰ ਬਿਠਾਇਆ। ਆਪਣੀ ਕਲਗੀ ਤੇ ਤੁਰਰ੍ਹਾ ਲਾਹਕੇ ਆਪ ਨੇ ਭਾਈ ਸੰਗਤ ਸਿੰਘ ਨੂੰ ਪਹਿਨਾਇਆ। ਫੇਰ ਹਜੂਪਾਤਿਸ਼ਾਹ ਨੇ ਪੰਜਾਂ ਸਿੰਘਾਂ ਦੀ ਪ੍ਰਦੱਖਣਾ ਕੀਤੀ ਤੇ ਉਨ੍ਹਾਂ ਸਨਮੁਖ ਮੱਥਾ ਟੇਕਿਆ। ਇਸ ਤਰ੍ਹਾਂ ਆਪ ਨੇ ਗੁਰਤਾ ਪੰਥ ਨੂੰ ਬਖ਼ਸ਼ੀ। ਫਿਰ ਆਪ ਜੀ ਰਾਤ ਦੇ ਸਮੇਂ ਗੜ੍ਹੀ ਵਿਚੋਂ ਨਿਕਲ ਤੁਰੇ। ਬਾਹਰ ਜਾ ਕੇ ਆਪ ਜੀ ਨੇ ਤਾੜੀ ਮਾਰੀ ਅਤੇ ਉਚੀ ਅਵਾਜ਼ ਵਿਚ ਮੁਗਲੀਆ ਫੌਜਾਂ ਨੂੰ ਸੁਣਾ ਦਿੱਤਾ ਕਿ ੨ਗੁਰੂ ਜੀ ਚਲਿਆ ਜੇ ਗੜ੍ਹੀ ਵਿਚੋਂ।”
ਚਮਕੌਰ ਦੀ ਗੜ੍ਹੀ ਨੂੰ ਛੱਡ ਸਤਿਗੁਰ ਮਾਛੀਵਾੜੇ ਦੇ ਜੰਗਲਾਂ ਵਿਚੋਂ ਵਿਚਰਦੇ ਜਟਪੁਰੇ ਪੁਜੇ। ਓਥੇ ਰਾਇਕੋਟ ਦਾ ਮੁਸਲਮਾਨ ਸਰਦਾਰ ਰਾਏ ਕਲ੍ਹਾ ਆਪ ਦੇ ਦਰਸ਼ਨਾਂ ਲਈ ਹਾਜਰ ਹੋਇਆ। ਉਸ ਨੇ ਬੇਨਤੀ ਕੀਤੀ ਕਿ ਮੈਂ ਹਰ ਪ੍ਰਕਾਰ ਦੀ ਸੇਵਾ ਲਈ ਹਾਜਰ ਹਾਂ – ਕੋਈ ਸੇਵਾ ਬਖਸ਼ੋ। ਗੁਰੂ ਜੀ ਦੇ ਕਹਿਣ ‘ਤੇ ਉਸ ਨੇ ਆਪਣੇ ਮਾਹੀ (ਚਰਵਾਹੇ) ਨੂਰੇ ਨੂੰ ਸਰਹਿੰਦ ਭੇਜਿਆ ਤਾਂ ਜੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨਾਲ ਜੋ ਵਾਪਰੀ ਉਸ ਦਾ ਵਿਥਾਰ-ਪੂਰਬਕ ਪਤਾ ਲਿਆਵੇ। ਰਾਏ ਕਲ੍ਹੇ ਦਾ ਭੇਜਿਆ ਹੋਇਆ ਨੂਰਾ ਮਾਹੀ ਸਰਹਿੰਦੋਂ ਸਾਰਾ ਹਾਲ ਪਤਾ ਕਰਕੇ ਬਹੁਤ ਛੇਤੀ ਵਾਪਸ ਜੱਟਪੁਰੇ ਆ ਗਿਆ। ਉਸ ਨੇ ਆ ਕੇ ਨੀਰ ਵਹਾÀਂਦਿਆਂ ਦਰਦ-ਭਰੀ ਆਵਾਜ਼ ਵਿਚ ਦਸਿਆ –
ਸਰਸਾ ਨਦੀ ਪਾਰ ਕਰਨ ਸਮੇਂ ਮਾਤਾ ਗੁਜਰੀ ਜੀ ਆਪਣੇ ਦੋਂਹ ਛੋਟੇ ਪੋਤਰਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਸਮੇਤ ਜਦ ਵਹੀਰ ਨਾਲੋਂ ਵਿਛੜ ਗਏ ਤਾਂ ਛੇਤੀ ਹੀ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਉਨ੍ਹਾਂ ਨੂੰ ਮਿਲ ਪਿਆ। ਉਹ ਗੁਰੂ-ਪ੍ਰਵਾਰ ਨੂੰ ਆਪਣੇ ਪਿੰਡ ਖੇੜੀ ਵਿਖੇ ਆਪਣੇ ਘਰ ਲੈ ਗਿਆ। ਉਹ ਦਿਲ ਦਾ ਖੋਟਾ ਤੇ ਲੂਣ-ਹਰਾਮੀ ਨਿਕਲਿਆ। ਉਸ ਨੇ ਰਾਤ ਵੇਲੇ ਮਾਤਾ ਜੀ ਦਾ ਸਾਰਾ ਧਨ ਚੁਰਾ ਲਿਆ। ਅਗਲੇ ਦਿਨ ਉਸ ਨੇ ਸੂਬਾ ਸਰਹਿੰਦ ਪਾਸ ਜਾ ਚੁਗਲੀ ਕੀਤੀ। ਨਵਾਬ ਨੇ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਸਰਹਿੰਦ ਵਿਖੇ ਠੰਢੇ ਬੁਰਜ ਵਿਚ ਕੈਦ ਕਰ ਦਿੱਤਾ।
ਅਗਲੇ ਦਿਨ 11 ਪੋਹ ਨੂੰ ਵਜ਼ੀਰ ਖ਼ਾਂ ਦੀ ਕਚਹਿਰੀ ਵਿਚ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ। ਕਚਹਿਰੀ ਵਿਚ ਦਾਖ਼ਲ ਹੋਣ ‘ਤੇ ਦੋਹਾਂ  ਛੋਟੇ ਸਾਹਿਬਜ਼ਾਦਿਆਂ ਨੇ ਉੱਚੀ ਗਰਜਵੀਂ ਆਵਾਜ਼ ਵਿੱਚ ‘ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।।’ ਬੁਲਾਈ ਅਤੇ ਛਾਤੀਆਂ ਤਾਣ ਕੇ ਖੜੇ ਹੋ ਗਏ। ਵਖ਼ਾਂ ਨੇ ਕਿਹਾ ਤੁਹਾਡਾ ਪਿਤਾ ਤੇ ਦੋਵੇਂ ਵੱਡੇ ਸਾਹਿਬਜ਼ਾਦੇ ਕਤਲ ਕੀਤੇ ਜਾ ਚੁਕੇ ਹਨ। ਤੁਸੀਂ ਆਪਣੀਆ ਜਾਨਾਂ ਬਚਾ ਸਕਦੇ ਹੋ। ਤੁਹਾਨੂੰ ਬੜੇ ਸੁੱਖ-ਆਰਾਮ, ਉੱਚੇ ਮੁਰਤਬੇ ਤੇ ਜਗੀਰਾਂ ਦਿੱਤੀਆਂ ਜਾਣਗੀਆਂ। ਤੁਸੀਂ ਕਲਮਾ ਪੜ੍ਹਕੇ ਦੀਨ ਕਬੂਲ ਕਰ ਲਵੋ। ਅਗੋਂ ਸਾਹਿਬਜ਼ਾਦਿਆਂ ਨੇ ਬੜੀ ਦਲੇਰੀ ਨਾਲ ਕਿਹਾ, ‘ਅਸੀਂ ਪੰਚਿਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੰਤਾਨ ਹਾਂ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਹਾਂ। ਅਸੀਂ ਧਰਮ ਲਈ ਸ਼ਹੀਦ ਹੋਣਾ ਜਾਣਦੇ ਹਾਂ। ਅਸੀਂ ਸ੍ਰੀ ਦਸਮੇਸ਼ ਜੀ ਦੇ ਸਪੁਤਰ ਹਾਂ। ਸਾਨੂੰ ਧਰਮ ਦੀ ਖ਼ਾਤਰ ਸੁਖ ਤਿਆਗ ਕੇ ਦੁਖ ਝਲਣ ਦੀ ਜਾਚ ਹੈ। ਅਸੀਂ ਆਪਣਾ ਧਰਮ ਤਿਆਗ ਕੇ ਜੀਉਣ ਲਈ ਤਿਆਰ ਨਹੀਂ। ਤੁਹਾਡਾ ਜਿਵੇਂ ਜੀ ਕਰਦਾ ਹੈ ਕਰ ਲਵੋ।’
ਸਾਹਿਬਜ਼ਾਦਿਆਂ ਦੇ ਇਹ ਦਲੇਰਾਨਾ ਤੇ ਸੂਰਮਗਤੀ ਭਰਪੂਰ ਜਵਾਬ ਸੁਣ ਕੇ ਨਵਾਬ ਦੇ ਪੇਸ਼ਕਾਰ ਸੁੱਚਾਂ ਨੰਦ  ਬ੍ਰਾਹਮਣ ਨੇ ਕਿਹਾ ਇਹ ਸੱਪ ਦੇ ਬੱਚੇ ਹਨ-ਰੰਚ-ਮਾਤਰ ਵੀ ਤਰਸ ਦੇ ਲਾਇਕ ਨਹੀਂ। ਇਨ੍ਹਾਂ ਨੂੰ ਕਤਲ ਕਰ ਦੇਣਾ ਹੀ ਠੀਕ ਹੈ। ਨਵਾਬ ਮਲੇਰਕੋਟਲੇ ਨੇ ਕਿਹਾ ਕਿ ਇਨ੍ਹਾਂ ਨਿਰਦੋਸ਼ ਮਾਸੂਮ ਬੱਚਿਆਂ ਨੂੰ ਕਤਲ ਕਰਨਾ ਠੀਕ ਨਹੀਂ ਪਰ ਉਸਦੀ ਕਿਸੇ ਇਕ ਨਾ ਸੁਣੀ।
12 ਪੋਹ ਨੂੰ ਸਾਹਿਬਜ਼ਾਦਿਆਂ ਨੂੰ ਫਿਰ ਕਚਹਿਰੀ ਵਿਚ ਸਦਿਆ ਗਿਆ। ਦੁਬਾਰਾ ਅਨੇਕਾਂ ਲਾਲਚ ਤੇ ਡਰਾਵੇ ਦਿੱਤੇ ਗਏ ਪਰ ਉਹ ਧਰਮੋਂ ਨਾ ਡੋਲੇ। ਨਵਾਬ ਨੇ ਹੁਕਮ ਦਿੱਤਾ ਕਿ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਕੇ ਕਤਲ ਕੀਤਾ ਜਾਵੇ। ਇਸ ਹੁਕਮ ਅਨੁਸਾਰ 13 ਪੋਹ ਵਾਲੇ ਦਿਨ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੀਹਾਂ ਵਿਚ ਚਿਣਿਆ ਗਿਆ। ਜਦ ਕੰਧ ਮੋਢਿਆਂ ਤੋਂ Àਪਰ ਹੋ ਗਈ ਤਾਂ ਸਾਹਿਬਜ਼ਾਦਿਆਂ ਦੇ ਸੀਸ ਉਤਾਰੇ ਗਏ। ਆਪਣੇ ਪੋਤਰਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਮਾਤਾ ਗੁਜਰੀ ਜੀ ਉਨ੍ਹਾਂ ਦੇ ਮਗਰੇ ਮਗਰ ਸੱਚਖੰਡ ਨੂੰ ਚੜ੍ਹਾਈ ਕਰ ਗਏ।
ਪਰਲ ਪਰਲ ਅੱਥਰੂ ਕੇਰਦਾ ਨੂਰਾ ਮਾਹੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਨਵਾਬ ਵਜ਼ੀਰ ਖ਼ਾਂ ਦੇ ਜੁਦੀ ਵਾਰਤਾ ਸੁਣਾਈ ਗਿਆ। ਰਾਏ ਕਲਾ ਤੇ ਹੋਰ ਸੁਣਨ ਵਾਲੇ ਭੁੱਬੀਂ ਰੋਈ ਗਏ ਪਰ ਪੰਥ ਦੇ ਵਾਲੀ ਅਡੋਲ ਬੈਠੇ ਰਹੇ। ਹੱਥ ਵਿਚਲੇ ਤੀਰ ਦੀ ਨੋਕ ਨਾਲ ਉਹ ਸਹਿਜ-ਸੁਭਾ ਕਾਹੀ ਦੇ ਬੂਟੇ ਦੀ ਜੜ੍ਹ ਫੋਲ ਰਹੇ ਸਨ। ਨੂਰੇ ਮਾਹੀ ਨੇ ਵਾਰਤਾ ਖ਼ਤਮ ਕੀਤੀ – ਕਾਹੀ ਦਾ ਬੂਟਾ ਪੁਟਿਆ ਗਿਆ – ਗੁਰੂ ਜੀ ਦਾ ਹੱਥ ਰੁਕ ਗਿਆ ਤਾਂ ਹਜ਼ੂਰ ਨੇ ਫੁਰਮਾਇਆ :
”ਸਾਹਿਬਜ਼ਾਦੇ ਅਮਰ ਹਨ – ਮੇਰਾ ਪੁੱਤਰ ਖਾਲਸਾ ਅਮਰ ਹੈ – ਜਿਵੇਂ ਇਸ ਦੱਭ ਦੇ ਬੂਟੇ ਦੀ
ਜੜ੍ਹ ਪੁਟੀ ਗਈ ਹੈ, ਇਸੇ ਤਰ੍ਹਾਂ ਹੀ ਇਹਨਾਂ ਮੁਗਲਾਂ ਦੀ ਜੜ੍ਹ ਪੁਟੀ ਗਈ ਹੈ। ਸਰਹਿੰਦ ਦੀ
ਇੱਟ ਨਾਲ ਇੱਟ ਖੜਕੇਗੀ ਅਤੇ ਖਾਲਸੇ ਦੀ ਫਤਹਿ ਹੋਵੇਗੀ।”