ਕਿਹੜੇ ਸਵਾਲ ਦਾ ਉਤਰ ਲੱਭਣ ਦੀ ਲੋੜ ਹੈ

ਕਿਹੜੇ ਸਵਾਲ ਦਾ ਉਤਰ ਲੱਭਣ ਦੀ ਲੋੜ ਹੈ

ਮਹਿੰਦਰ ਸਿੰਘ ਖਹਿਰਾ

ਬ੍ਰਾਹਮਣਵਾਦੀ ਸੰਘ (ਆਰ.ਐੱਸ.ਐੱਸ.) ਭਾਰਤੀ ਢਾਂਚੇ ਅਧੀਨ ਰਹਿੰਦੇ ਮੁਸਲਮਾਨਾਂ, ਸਿੱਖਾਂ, ਈਸਾਈਆਂ ਤੇ ਬੋਧੀਆਂ ਤੋਂ ਇਲਾਵਾ ਡਾ: ਅੰਬੇਡਕਰ ਦੇ ਮਿਸ਼ਨ ਨੂੰ ਸਮਰਪਿਤ ਦਲਿਤਾਂ ਵਿਰੁੱਧ ਵੀ ਬਹੁਤ ਹੀ ਘਿਨਾਉਣੀਆਂ ਸਾਜਿਸ਼ਾਂ ਵਿੱਚ ਸਰਗਰਮ ਹੈ। ਇਸ ਜਥੇਬੰਦੀ ਦਾ ਮੱਕੜੀ ਜਾਲ ਹਿੰਦੋਸਤਾਨ ਦੇ ਹਰ ਖੇਤਰ ਵਿੱਚ ਹੈ ਪਰ ਇਹ ਲਿਖਤ ਦਾ ਕੇਂਦਰ ਬਿੰਦੂ ਇਸ ਜਥੇਬੰਦੀ ਦੀਆਂ ਸਿੱਖਾਂ ਨਾਲ ਸਬੰਧਤ ਕਾਰਾਵਾਈਆਂ ਹੀ ਹਨ।

ਜਦੋਂ ਤੋਂ ਦੇਸ਼ ਵਿੱਚ ਆਰ.ਐੱਸ.ਐੱਸ./ਬੀ.ਜੇ.ਪੀ. ਦੀ ਸਰਕਾਰ ਮੋਦੀ ਦੀ ਅਗਵਾਈ ਹੇਠ ਹੋਂਦ ਵਿੱਚ ਆਈ ਹੈ, ਉਸ ਸਮੇਂ ਤੋਂ ਹੀ ਬੀ.ਜੇ.ਪੀ. ਦੇ ਨੇਤਾ ਬੜੇ ਹੈਂਕੜ ਭਰੇ ਬਿਆਨ ਭਾਰਤ ਦੇ ਮੁੱਖ ਧਾਰਾ ਮੀਡੀਏ ਵਿੱਚ ਦਿੰਦੇ ਆ ਰਹੇ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਦਿੱਲੀ ਦੇ ਸੂਬਾ ਪ੍ਰਧਾਨ ਰਿਖਬਰ ਚੰਦ ਜੈਨ ਇਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ‘ਚ ਸਪੱਸ਼ਟ ਸ਼ਬਦਾਂ ਵਿੱਚ ਕਹਿੰਦਾ ਹੈ ਕਿ ਸੰਵਿਧਾਨ ਵਿੱਚ ‘ਹਿੰਦੂ ਰਾਸ਼ਟਰ’ ਲਿਖਆ ਹੋਵੇ ਜਾਂ ਨਾ, ਹਿੰਦੂ ਰਾਸ਼ਟਰ ਤਾਂ ਹੈ ਹੀ। ਹਿੰਦੂ ਬਹੁ-ਗਿਣਤੀ ਹਨ, ਇਸ ਲਈ ਹਿੰਦੂ ਰਾਸ਼ਟਰ ਹੈ। ਇਹ ਸਾਡੀ ਪੁਰਾਤਨ ਪਛਾਣ ਹੈ। ਸਾਡੇ ਧਰਮ ਵਿੱਚ ਸਹਿਣ ਸ਼ੀਲਤਾ ਅਤੇ ਸਾਰਿਆਂ ਨੂੰ ਸਵੀਕਾਰ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ, ਅਸੀਂ ਇਹ ਕਰ ਵੀ ਰਹੇ ਹਾਂ। ਵਰ੍ਹਿਆਂ ਤੋਂ ਇਹੀ ਕਰਦੇ ਆਏ ਹਾਂ ਤਾਂ ਹੀ ਇਹ ਲੋਕ (ਗ਼ੈਰ ਹਿੰਦੂ) ਇਥੇ ਹਨ।

ਆਰ.ਐੱਸ.ਐੱਸ. ਦਾ ਮੁਖੀ ਮੋਹਨ ਭਾਗਵਤ ਵੀ ਬਾਰ-ਬਾਰ ਇਹ ਬਿਆਨ ਦੇ ਰਿਹਾ ਹੈ ਕਿ ਹਿੰਦੋਸਤਾਨ ਹਿੰਦੂਆਂ ਦਾ ਦੇਸ਼ ਹੈ ਅਤੇ ਮੋਹਨ ਭਾਗਵਤ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਹਿੰਦੂ ਧਰਮ ਦੇ ਵਿੱਚ ਹੋਰ ਪੰਥਾਂ (ਖਾਲਸਾ ਪੰਥ) ਨੂੰ ਹਜ਼ਮ ਕਰਨ ਦੀ ਤਾਕਤ ਹੈ, ਇਹ ਹਾਜ਼ਮਾ ਥੋੜ੍ਹਾ ਵਿਗੜ ਗਿਆ ਸੀ, ਹੁਣ ਇਹ ਹਾਜ਼ਮਾ ਰਾਸ਼ਟਰੀ ਸਿੱਖ ਸੰਗਤ ਰੂਪੀ ਦਵਾਈ ਨਾਲ ਠੀਕ ਕੀਤਾ ਜਾਵੇਗਾ।ਇਸ ਕਰਕੇ ਹੀ ਸਿੱਖ ਧਰਮ ਦੇ ਨਿਆਰੇਪਣ ਅਤੇ ਖਾਲਸਾ ਪੰਥ (ਸਿੱਖ ਕੌਮ) ਦੀ ਸੁਤੰਤਰ ਅਤੇ ਅੱਡਰੀ ਅਜ਼ਾਦ ਹੋਂਦ ਹਸਤੀ ਦਾ ਮਲੀਆਮੇਟ ਕਰਕੇ ਸਿੱਖ ਧਰਮ ਦਾ ਹਿੰਦੂ ਧਰਮ ਨਾਲ ਮਿਲਗੋਭਾ ਕਰਨ ਲਈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ ਤਸਵੀਰ ਨੂੰ ਦਸ਼ਮੇਸ਼ ਪਿਤਾ ਦੀ ਆਤਮਿਕ ਚਿੰਨ੍ਹ ਵਜੋਂ ਸਥਾਪਤ ਕਰਕੇ ਭੋਲੇ ਭਾਲੇ ਸਿੱਖਾਂ ਨੂੰ ਮੂਰਤੀ-ਪੂਜਾ ਵੱਲ ਨੂੰ ਤੋਰਿਆ ਜਾ ਰਿਹਾ ਹੈ। ਆਰ.ਐੱਸ.ਐੱਸ. ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜਾ ਮਨਾਉਣ ਦੀ ਆੜ ਹੇਠ ਇਹ ਪ੍ਰਚਾਰ, ਕਰ ਅਤੇ ਕਰਵਾ ਰਹੀ ਹੈ ਕਿ

(1) ਸਿੱਖ ਗੁਰੂ ਸਾਹਿਬਾਨ ਹਿੰਦੋਸਤਾਨ ਦੇ ਰਾਸ਼ਟਰੀ ਆਗੂ ਹਨ।

(2) ਗੁਰਬਾਣੀ ਐਸੀ ਗਿਆਨ ਗੰਗਾ ਹੈ ਜੋ ਵੇਦਾਂ ਦੀ ਗੰਗੋਤਰੀ ਵਿੱਚੋਂ ਫੁੱਟਦੀ ਹੈ ਅਤੇ ਜਪੁ ਜੀ ਗੀਤਾ ਦਾ ਛੋਟਾ ਰੂਪ ਹੈ।

(3) ਜਿਹੜੇ ਸਿੱਖ ਸਿੱਖਾਂ ਨੂੰ ਵੱਖਰੀ ਕੌਮ ਦੱਸਦੇ ਹਨ, ਉਹ ਅੱਤਵਾਦੀ ਤੇ ਵੱਖਵਾਦੀ ਹਨ।

ਆਰ.ਐੱਸ.ਐੱਸ. ਤੇ ਭਾਜਪਾ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸੌ ਕਰੋੜ ਦੀ ਲਾਗਤ ਵਾਲੇ ਪ੍ਰੋਗਰਾਮ ਦਾ ਅਸਲ ਨਿਸ਼ਾਨਾ ਹੈ ਦਸ਼ਮੇਸ਼ ਦੇ ਅੰਮ੍ਰਿਤ, ਸਿੱਖੀ ਦੀ ਰਹਿਤ, ਗੁਰੂ ਗ਼੍ਰੰਥ, ਗੁਰੂ ਖਾਲਸਾ ਪੰਥ ਦੀ ਗੁਰਿਆਈ, ਸਿੱਖ ਇਤਿਹਾਸ ਦੇ ਜੁਝਾਰੂ ਖਾਲਸੇ ਨੂੰ ਖਤਮ ਕਰਕੇ ਸਥਾਈ ਬਹੁ-ਗਿਣਤੀ ਸੱਭਿਆਚਾਰ ਵਿੱਚ ਇਸ ਤਰ੍ਹਾਂ ਰੰਗ ਦੇਣਾ ਕਿ ਸਿੱਖ ਕੌਮ ਦੀ ਵੱਖਰੀ ਪਛਾਣ ਹੀ ਮਿਟ ਜਾਵੇ ਅਤੇ ਸਿੱਖ ਹਮੇਸ਼ਾ ਲਈ ਭਾਰਤ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿਣ, ਅਰਥਾਤ ਬਹੁ-ਗਿਣਤੀ ਦੀ ਗੁਲਾਮੀ ਖਿੜ੍ਹੇ ਮੱਥੇ ਪ੍ਰਵਾਨ ਕਰ ਲੈਣ।

ਸਾਨੂੰ ਯਾਦ ਰਹੇ ਕਿ ਵਿਸਾਖੀ 1978 ਦੇ ਨਿਰੰਕਾਰੀ ਕਾਂਡ ਤੋਂ ਬਾਅਦ ਸਿੱਖ ਕੌਮ ਨੂੰ ਯੋਜਨਾਬੱਧ ਤਰੀਕੇ ਨਾਲ ਬਦਨਾਮ ਅਤੇ ਰੁੱਸਵਾ ਕਰਨ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਇਸੇ ਹੀ ਸਬੰਧ ਵਿੱਚ ‘ਇੰਡੀਅਨ ਐਕਸਪ੍ਰੈੱਸ’ ਨੇ ਆਪਣੇ 12-13 ਅਤੇ 14 ਮਈ 1982 ਦੇ ਪਰਚਿਆਂ ਵਿੱਚ ਅਰੁਣ ਸ਼ੋਰੀ ਨਾਂ ਦੇ ਆਪਣੇ ਹੀ ਇਕ ਕਾਲਮ ਨਵੀਸ ਦੇ ਤਿੰਨ ਲੇਖ ਛਾਪੇ ਸਨ। ਇਨ੍ਹਾਂ ਲੇਖਾਂ ਦੁਆਰਾ ਇਸ ਕਾਲਮ ਨਵੀਸ ਨੇ ਸਿੱਖ ਕੌਮ ਦੇ ਪਰਮ-ਪਵਿੱਤਰ ਸਿਧਾਂਤਾਂ ਅਤੇ ਰਵਾਇਤਾਂ ਦਾ ਮੂੰਹ ਮੁਹਾਂਦਰਾ ਹੀ ਨਹੀਂ ਵਿਗਾੜਿਆ, ਸਗੋਂ ਉਨ੍ਹਾਂ ਦੀ ਖਿੱਲ੍ਹੀ ਉਡਾਉਣ ਦੀ ਅਤਿ ਨਿੰਦਾ ਜਨਕ ਕੋਸ਼ਿਸ਼ ਵੀ ਕੀਤੀ ਤਾਂ ਜੋ ਸਮੁੱਚੀ ਸਿੱਖ ਕੌਮ ਨੂੰ ਨਸ਼ਰ ਅਤੇ ਨਿਰ-ਉਤਸ਼ਾਹ (4emorali੍ਰe) ਕੀਤਾ ਜਾ ਸਕੇ। ਇਨ੍ਹਾਂ ਲੇਖਾਂ ਦਾ ਸਾਰ-ਅੰਸ਼ ਸੀ ਕਿ ”ਸਿੱਖ ਕੌਮ ਹਮੇਸ਼ਾ ਤੋਂ ਹੀ ਦੇਸ਼ ਧ੍ਰੋਹੀ ਰਹੀ ਹੈ। ਸਿੱਖ ਕੌਮ ਦੇ ਆਗੂ ਹਮੇਸ਼ਾ ਬੇ-ਸਮਝ ਅਤੇ ਬੇ-ਮਕਸਦ ਹੀ ਰਹੇ ਹਨ, ਜਿਸ ਕਾਰਨ ਉਹ ਇਤਿਹਾਸ ਵਿੱਚ ਕਦੇ ਵੀ ਕੋਈ ਉਸਾਰੂ ਭੂਮਿਕਾ ਨਹੀਂ ਨਿਭਾ ਸਕੇ ।”

(ਹਾਲਾਂਕਿ ਸੱਚ ਇਹ ਹੈ ਕਿ ਜੇ ਸਿੱਖ ਨਾ ਹੁੰਦੇ ਤਾਂ ਭਾਰਤ ਨਾਂਅ ਦਾ ਕੋਈ ਦੇਸ਼ ਵਜੂਦ ਵਿੱਚ ਹੀ ਨਹੀਂ ਸੀ ਆਉਣਾ ਅਤੇ ਅਰੁਣ ਸ਼ੋਰੀ ਵਰਗਿਆਂ ਦੀ ਸੁੰਨਤ ਹੋਈ ਹੋਣੀ ਸੀ) ਅਤੇ ਸਿੱਖ ਕੌਮ ਨਾਲ ਭਾਰਤ ਵਿੱਚ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਹੋ ਰਿਹਾ, ‘ਪੰਥ ਨੂੰ ਖਤਰੇ’ ਦਾ ਨਾਅਰਾ ਐਵੇਂ ਸ਼ੋਸ਼ਾ ਹੀ ਹੈ–ਸਿੱਖ ਤਾਂ ਹਿੰਦੂ ਮਤ ਦਾ ਹਿੱਸਾ ਹੀ ਹਨ, ਇਨ੍ਹਾਂ ਦੀ ਆਪਣੀ ਨਾਂ ਤਾਂ ਕੋਈ ਅੱਡਰੀ ਹਸਤੀ ਅਤੇ ਨਾ ਕੋਈ ਅਡੱਰਾ ਮਜ੍ਹਬ। ਖਾਲਸਾ ਦਾ ਮਤਲਬ ਕੇਵਲ ਖਾਲਸ (Pure) ਹੈ ਅਤੇ ਇਸ ਦੇ ਕਕਾਰ ਅਤੇ ਰਹਿਤ ਮਰਿਯਾਦਾ ਵਕਤੀ ਹੀ ਸੀ, ਜਿਸ ਦੀ ਅਜੋਕੀ ਦੁਨੀਆਂ ਵਿੱਚ ਕੋਈ ਤੁੱਕ ਨਹੀਂ ਹੈ। ਇਥੇ ਵੀ ਦੱਸਣਯੋਗ ਹੈ ਕਿ ਸ: ਦਵਿੰਦਰ ਸਿੰਘ ਦੁੱਗਲ ਨੇ ਅਰੁਣ ਸ਼ੋਰੀ ਦੇ ਉਕਤ ਲੇਖਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਸੀ, ਸ: ਦਵਿੰਦਰ ਸਿੰਘ ਦੇ ਜੁਆਬੀ ਲੇਖਾਂ ਨੂੰ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਨੇ ਕਿਤਾਬਚੇ ਦੇ ਰੂਪ ਵਿੱਚ ਛੱਪਵਾਇਆ ਸੀ, ‘ਸਿੱਖ ਕੌਮ ਦਾ ਸ਼ਾਨਦਾਰ ਵਿਰਸਾ’।

ਆਪਣੇ ਲੇਖਾਂ ਦੇ ਅੰਤ ਵਿੱਚ ਅਰੁਣ ਸ਼ੋਰੀ ਨੇ ਭਾਰਤ ਸਰਕਾਰ ਨੂੰ ਦੋ ਸਲਾਹਾਂ ਦਿੱਤੀਆਂ (1) ਜੇ ਮੁਲਕ ਵਿੱਚ ਅਮਨ ਚੈਨ ਨਾਲ ਰਹਿਣਾ ਚਾਹੁੰਦੇ ਹੋ ਤਾਂ ਸਿੱਖ ਕੌਮ ਨੂੰ ਪੂਰੀ ਸਖਤੀ ਨਾਲ ਦਬਾਉ ਅਤੇ ਇਸ ਨੂੰ ਉਤਨੀ ਦੇਰ ਤੱਕ ਸੁੱਖ ਦਾ ਸਾਹ ਨਾ ਲੈਣ ਦਿਉ, ਜਦ ਤੱਕ ਇਹ ਆਪਣੀ ਅੱਡਰੀ ਹਸਤੀ ਮਿਟਾ ਕੇ ਹਿੰਦੂ ਧਰਮ ਵਿੱਚ ਸ਼ਾਮਿਲ ਨਹੀਂ ਹੋ ਜਾਂਦੀ। ਇਸੇ ਹੀ ਉਦੇਸ਼ ਲਈ ਕੌਮ ਪ਼੍ਰਸਤੀ ਦੇ ਇਸ ਠੇਕੇਦਾਰ ਨੇ ਭਾਰਤੀ ਸੰਵਿਧਾਨ ਦੀਆਂ ਕੁਝ ਕੁ ਧਾਰਾਵਾਂ ਨੂੰ ਅੱਖੋਂ ਉਹਲੇ ਕਰਕੇ ਭਾਰਤ ਸਰਕਾਰ ਨੂੰ ਇਹ ਸਲਾਹ ਵੀ ਦਿੱਤੀ ਸੀ ਕਿ ਭਾਰਤ ਵਰਸ਼ ਵਿੱਚ ਵੱਸਣ ਵਾਲੀਆਂ ਸਾਰੀਆਂ ਕੌਮਾਂ ‘ਤੇ ਇਕੋ ਜਿਹਾ ਹੀ ਸਿਵਲ ਕੋਡ ਅਰਥਾਤ ਹਿੰਦੂ ਕੋਡ ਬਿੱਲ ਸਖਤੀ ਨਾਲ ਲਾਗੂ ਕੀਤਾ ਜਾਵੇ, ਭਾਵੇਂ ਕਿਸੇ ਕੌਮ ਦੀਆਂ ਵਿਸ਼ੇਸ਼ ਧਾਰਮਿਕ ਜਾਂ ਸੱਭਿਆਚਾਰਕ ਰਵਾਇਤਾਂ ਅਤੇ ਰੀਤਾਂ ਕੁਝ ਵੀ ਹੋਣ”।

ਅੱਜ ਸੰਘ ਅਤੇ ਭਾਜਪਾ ਸਰਕਾਰ ਸਿੱਖ ਕੌਮ ਦੀ ਅੱਡਰੀ ਤੇ ਸੁਤੰਤਰ ਹਸਤੀ ਖਤਮ ਕਰਨ ਲਈ ਅਰੁਣ ਸ਼ੋਰੀ ਦੀਆਂ ਸਲਾਹਾਂ ‘ਤੇ ਹੀ ਅਮਲ ਕਰਦੀ ਨਜ਼ਰ ਆ ਰਹੀ ਹੈ। ਉਸ ਵੇਲੇ ਅਰੁਣ ਸ਼ੋਰੀ ਨੂੰ ਸ: ਦਵਿੰਦਰ ਸਿੰਘ ਵੱਲੋਂ ਦਿੱਤੇ ਹੋਏ ਮੂੰਹ ਤੋੜਵੇਂ ਜੁਆਬੀ ਲੇਖਾਂ ਨੂੰ ਜਿਵੇਂ ਧਰਮ ਪ੍ਰਚਾਰ ਕਮੇਟੀ ਨੇ ਕਿਤਾਬਚੇ ਦੇ ਰੂਪ ਵਿੱਚ ਛਪਵਾ ਕੇ ਵੰਡਿਆ ਸੀ, ਪਰ ਅੱਜ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ (ਜਿਸ ਨੇ ਸਟੇਟ ਨਾਲ ਇਸ ਕਰਕੇ ਮੱਥਾ ਲਾਇਆ ਸੀ ਕਿ ਸਿੱਖ ਇਕ ਵੱਖਰੀ ਕੌਮ ਹੈ ਤੇ ਅਸੀਂ ਭਾਰਤ ਵਿੱਚ ਪਹਿਲੇ ਦਰਜੇ ਦੇ ਸ਼ਹਿਰੀ ਬਣ ਕੇ ਰਹਿਣਾ ਹੈ, ਗੁਲਾਮ ਬਣ ਕੇ ਨਹੀਂ ਰਹਿਣਾ) ਦੇ ਵਚਨਾਂ ਨੂੰ ਕਿਤਾਬਚਿਆਂ ਦੀ ਸ਼ਕਲ ਵਿੱਚ ਛਪਵਾ ਕੇ ਵੰਡਣ ਅਤੇ ਪ਼੍ਰਚਾਰਨ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵਾਰਸ ਕਹਾਉਣ ਵਾਲੇ ਅਤੇ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਵਾਲੇ ਕੰਨੀਂ ਕਿਉਂ ਕਤਰਾ ਰਹੇ ਹਨ? ਇਸ ਸੁਆਲ ਦਾ ਜੁਆਬ ਲੱਭਣਾ ਸਮੇਂ ਦੀ ਮੁੱਖ ਲੋੜ ਹੈ। ਸੰਘ ਅਤੇ ਰਾਸ਼ਟਰੀ ਸਿੱਖ ਸੰਗਤ ਦਾ ਵਿਰੋਧ ਕਰਨ ਲਈ ਕੇਵਲ ਬਿਆਨ ਦੇਣੇ ਹੀ ਕਾਫੀ ਨਹੀਂ ਹਨ, ਅਮਲੀ ਤੌਰ ‘ਤੇ ਗੁਰੂ ਗ਼੍ਰੰਥ, ਗੁਰੂ ਖਾਲਸਾ ਪੰਥ ਦੇ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰਨ ਵਾਸਤੇ ਸਿੱਖ ਸੰਸਥਾਵਾਂ ਨੂੰ ਸ਼ਿੱਦਤ ਨਾਲ ਉਪਰਾਲੇ ਕਰਨੇ ਚਾਹੀਦੇ ਹਨ।
(‘ਸਿੱਖ ਸਿਆਸਤ’ ਵਿਚੋਂ ਧੰਨਵਾਦ ਸਹਿਤ)