‘ਵੰਦੇ ਮਾਤਰਮ’ ਦਾ ਅਸਲੀ ਸੱਚ ਤੇ ਸਾਰ-ਅੰਸ਼

‘ਵੰਦੇ ਮਾਤਰਮ’ ਦਾ ਅਸਲੀ ਸੱਚ ਤੇ ਸਾਰ-ਅੰਸ਼

ਰਾਜਵਿੰਦਰ ਸਿੰਘ ਰਾਹੀ (ਫੋਨ : 98157-51332)
ਦਿੱਲੀ ਵਿਚ ਦਿਆਲ ਸਿੰਘ ਕਾਲਜ ਦਾ ਨਾਂਅ ”ਵੰਦੇ ਮਾਤਰਮ ਮਹਾਂਵਿਦਿਆਲਾ” ਰੱਖ ਦੇਣ ਨਾਲ ‘ਵੰਦੇ ਮਾਤਰਮ’ ਬਾਰੇ ਇੱਕ ਵਾਰ ਫਿਰ ਚਰਚਾ ਸ਼ੁਰੂ ਹੋ ਗਈ ਹੈ। ਪਰ ‘ਵੰਦੇ ਮਾਤਰਮ’ ਦਾ ਜਨਮ ਕਦੋਂ, ਕਿਹੜੀ ਕੁੱਖ ਵਿਚੋਂ, ਤੇ ਕਿਹੜੀ ਦਾਈ ਦੇ ਹੱਥੋਂ ਹੋਇਆ ਸੀ ਅਤੇ ਇਸ ਦੀ ਪਰਵਰਸ਼ ਕਿਹੋ ਜਿਹੇ ਸੱਭਿਆਚਾਰਕ ਤੇ ਰਾਜਸੀ ਮਾਹੌਲ ਵਿਚ ਹੋਈ ਸੀ ਦੀ ਜਾਣਕਾਰੀ ਵਗ਼ੈਰ ਪੂਰਾ ਸੱਚ ਸਮਝਿਆ ਨਹੀਂ ਜਾ ਸਕਦਾ।
ਇਹ ਗੀਤ ਬੰਗਾਲੀ ਦੇ ਮਸ਼ਹੂਰ ਲੇਖਕ ਬੰਕਿਮ ਚੰਦਰ ਚੈਟਰਜੀ ਵਲੋਂ ਲਿਖਿਆ ਗਿਆ ਹੈ। ਬੰਕਿਮ ਚੰਦਰ ਦਾ ਜਨਮ 27 ਜੂਨ, 1838 ‘ਚ ਹੋਇਆ ਜਦ ਆਧੁਨਿਕ ਭਾਰਤ ਦੇ ਪਿਤਾਮਾ ਕਹੇ ਜਾਣ ਵਾਲੇ ਤੇ ‘ਬ੍ਰਹਮੋ ਸਮਾਜ’ ਦੇ ਸੰਸਥਾਪਕ ਰਾਜਾ ਰਾਮ ਮੋਹਨ ਰਾਏ ਨੂੰ ਕਾਲ ਵੱਸ ਹੋਇਆਂ ਪੰਜ ਸਾਲ ਬੀਤ ਚੁੱਕੇ ਸਨ। ਬੰਕਿਮ ਚੰਦਰ ਨੇ 1856 ਵਿਚ ਪ੍ਰੈਜੀਡੈਂਸੀ ਕਾਲਜ ਕਲਕੱਤਾ ਵਿਚ ਬੀ.ਏ. ‘ਚ ਦਾਖਲਾ ਲਿਆ ਤੇ 1858 ਵਿਚ ਨਵੀਂ ਬਣੀ ਕਲਕੱਤਾ ਯੂਨੀਵਰਸਿਟੀ ‘ਚੋਂ ਪਹਿਲੇ ਨੰਬਰ ‘ਤੇ ਆਉਣ ਵਾਲੇ ਦੋ ਵਿਦਿਆਰਥੀਆਂ ਵਿਚੋਂ ਉਹ ਇਕ ਸਨ। ਇਸ ਤੋਂ ਬਾਅਦ ਉਹ ਡਿਪਟੀ ਮੈਜਿਸਟਰੇਟ ਨਿਯੁਕਤ ਹੋ ਗਿਆ। 1865 ਵਿਚ ਬੰਕਿਮ ਨੇ ਬੰਗਲਾ ਭਾਸ਼ਾ ਦਾ ਪਹਿਲਾ ਨਾਵਲ ‘ਦੁਰਗੇਸ਼ ਨੰਦਨੀ’ ਲਿਖਿਆ। ਬੰਗਲਾ ਦਾ ਹੀ ਪਹਿਲਾ ਆਧੁਨਿਕ ਰਸਾਲਾ ‘ਬੰਗ ਦਰਸ਼ਨ’ ਸ਼ੁਰੂ ਕਰਕੇ ਸੰਪਾਦਿਤ ਕੀਤਾ। 1870 ਵਿਚ ਉਸ ਵਲੋਂ ਸੰਸਕ੍ਰਿਤ ਤੇ ਬੰਗਲਾ ਭਾਸ਼ਾ ਦਾ ਮਿਲਗੋਭਾ ‘ਵੰਦੇ ਮਾਤਰਮ’ ਗੀਤ ਲਿਖਿਆ ਗਿਆ  ਤੇ 1882 ਵਿਚ ਉਸ ਦਾ ਨਾਵਲ ‘ਅਨੰਦ ਮੱਠ’ ਪ੍ਰਕਾਸ਼ਤ ਹੋਇਆ, ਜਿਸ ਵਿਚ ਇਹ ਗੀਤ, ਪਾਤਰਾਂ ਦੇ ਮੁੱਖ ਗੀਤ ਵਜੋਂ ਫਿੱਟ ਕੀਤਾ ਗਿਆ। ਉਸ ਨੇ 14 ਨਾਵਲ ਲਿਖਣ ਤੋਂ ਇਲਾਵਾ ਧਾਰਮਿਕ, ਦਾਰਸ਼ਨਿਕ ਤੇ ਸਮਾਜਿਕ ਵਿਸ਼ਿਆਂ ‘ਤੇ ਦਰਜਨਾਂ ਹੀ ਲੇਖ ਲਿਖੇ ਸਨ ਜਿਹਨਾਂ ਵਿਚ ਉਸ ਦੀ ਪੁਸਤਕ ‘ਮਾਈ ਦੁਰਗਾ ਪੂਜਾ’ ਵੀ ਆ ਜਾਂਦੀ ਹੈ।
ਹਿੰਦੂ ਰਾਸ਼ਟਰਵਾਦੀਆਂ ਵਲੋਂ ਬੰਕਿਮ ਚੰਦਰ ਨੂੰ ਆਧੁਨਿਕ ਰਾਸ਼ਟਰਵਾਦ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਹ ਤਮਾਮ ਉਮਰ ਆਪਣੀਆਂ ਰਚਨਾਵਾਂ ਵਿਚ ਸਮੂਹ ਮੁਸਲਮ ਭਾਈਚਾਰੇ ਪ੍ਰਤੀ ਘੋਰ ਨਫਰਤ ਫੈਲਾਉਂਦਾ ਰਿਹਾ ਸੀ ਤੇ ਹਿੰਦੂ ਅਤੀਤ ਨੂੰ ਸੁਰਜੀਤ ਕਰਨ ਦਾ ਪ੍ਰਚਾਰ ਕਰਦਾ ਰਿਹਾ ਸੀ। ਉਸ ਦੇ ਇਹਨਾਂ ਵਿਚਾਰਧਾਰਕ ਝੁਕਾਵਾਂ ਬਾਰੇ ਬੰਗਾਲ ਦੇ ਸਾਰੇ ਬੁੱਧੀਜੀਵੀ ਇਕਮੱਤ ਹਨ। ਬੰਗਾਲੀ ਦੇ ਮਸ਼ਹੂਰ ਅੰਗਰੇਜ਼ੀ ਲੇਖਕ ਨਿਰਾਦ ਸੀ. ਚੌਧਰੀ ਅਨੁਸਾਰ : ”ਬੰਕਿਮ ਚੰਦਰ ਚੈਟਰਜੀ… ਮਹਾਨ ਹਿੰਦੂ ਬੁੱਧਜੀਵੀਆਂ ਵਿਚੋਂ ਇਕ ਹੈ, ਜਿਸ ਦੀ ਸ਼ਾਇਦ ਸਮੁੱਚੇ ਹਿੰਦੂ ਅਤੀਤ ਵਿਚ ਸਿਰਫ ਮਹਾਨ ਸ਼ੰਕਰ (ਅਚਾਰੀਆ) ਨਾਲ ਬਰਾਬਰੀ ਕੀਤੀ ਜਾ ਸਕਦੀ ਹੈ।”
ਬੰਕਿਮ ਚੰਦਰ ਦੇ ਮਨ ਵਿਚ ਮੁਸਲਮਾਨਾਂ ਪ੍ਰਤੀ ਕਿੰਨੀ ਨਫ਼ਰਤ ਭਰੀ ਹੋਈ ਸੀ, ਇਸ ਦਾ ਅੰਦਾਜ਼ਾ ਨਿਰਾਦ ਚੌਧਰੀ ਦੇ ਹੇਠ ਲਿਖੇ ਕਥਨ ਤੋਂ ਲਾਇਆ ਜਾ ਸਕਦਾ ਹੈ :
”ਬੰਕਿਮ ਚੈਟਰਜੀ ਅਤੇ ਰਮੇਸ਼ ਚੰਦਰਾ ਦੱਤ ਨੇ ਆਪਣੇ ਇਤਿਹਾਸਕ ਰੋਮਾਂਸ ਵਿਚ, ਮੁਸਲਮਾਨ ਸ਼ਾਸਨ ਵਿਰੁੱਧ ਹਿੰਦੂ ਵਿਦਰੋਹ ਦੀ ਜੈ-ਜੈਕਾਰ ਕੀਤੀ ਹੈ ਅਤੇ ਮੁਸਲਮਾਨਾਂ ਨੂੰ ਨੀਚ ਦਿਖਾਇਆ ਹੈ। ਚੈਟਰਜੀ ਤਾਂ ਜ਼ਿੱਦੀ ਤੇ ਕਰੋਧੀ ਢੰਗ ਨਾਲ ਮੁਸਲਮ ਵਿਰੋਧੀ ਸੀ।”
ਬੰਕਿਮ ਚੰਦਰ ਚੈਟਰਜੀ ਵਲੋਂ ਹਿੰਦੂ ਅਤੀਤ ਦੀ ਜੋ ਜੈ-ਜੈਕਾਰ ਕੀਤੀ ਜਾਂਦੀ ਸੀ, ਮੁਲਕ ਰਾਜ ਅਨੰਦ ਵਲੋਂ ਫਰਵਰੀ 1928 ਵਿਚ ਕੀਤੀ ਇਕ ਮੁਲਾਕਾਤ ਦੌਰਾਨ ਰਵਿੰਦਰ ਨਾਥ ਟੈਗੋਰ ਨੇ ਉਸ ਦਾ ਪ੍ਰਸ਼ਸੰਾ ਭਰੇ ਲਹਿਜ਼ੇ ਵਿਚ ਇਸ ਤਰ•ਾਂ ਜ਼ਿਕਰ ਕੀਤਾ ਹੈ :
”ਬੰਕਿਮ ਚੈਟਰਜੀ ਕੁੱਝ ਕੁੱਝ ਰਾਮ ਮੋਹਨ ਰਾਏ ਨਾਲ ਮਿਲਦਾ ਹੈ। ਰਾਮ ਮੋਹਨ ਰਾਏ ਹਿੰਦੂਵਾਦ ਨੂੰ ਢਹਿੰਦੀ ਕਲਾ ਵਿਚੋਂ ਕੱਢਣ ਲਈ ਵੇਦਾਂ ਦੀ ਬ੍ਰਹਿਮੰਡੀ ਫਿਲਾਸਫੀ ਲਿਆਉਣਾ ਚਾਹੁੰਦਾ ਸੀ, ਜਦਕਿ ਬੰਕਿਮ ਅਜੋਕੇ ਹਿੰਦੂਵਾਦ ਵਿਚ ਸੁਧਾਰਾਂ ਲਈ ਯਤਨਸ਼ੀਲ ਸੀ।”
ਬੰਕਿਮ ਚੰਦਰ ਚਾਹੁੰਦਾ ਸੀ ਕਿ ਜੇਕਰ ਯੂਰਪੀਅਨ ਸਾਇੰਸ ਅਤੇ ਮਕੈਨੀਕਲ ਸ਼ਿਲਪ ਦਾ ਭਾਰਤ ਦੀ ਦਾਰਸ਼ਨਿਕ ਵਿਚਾਰਧਾਰਾ ਨਾਲ ਮੇਲ ਹੋ ਜਾਵੇ ਤਾਂ ਮਨੁੱਖ ਰੱਬ ਬਣ ਜਾਵੇਗਾ। ਉਸ ਦੀ ਇਸੇ ਫਿਲਾਸਫੀ ਵਿਚੋਂ ਹੀ ਅੰਗਰੇਜ਼ਾਂ ਨਾਲ ਦੋਸਤੀ ਤੇ ਮੁਸਲਮਾਨਾਂ ਪ੍ਰਤੀ ਨਫਰਤ ਨਿਕਲਦੀ ਸੀ। ਆਪਣੇ ਨਾਵਲ ‘ਅਨੰਦ ਮੱਠ’ ਵਿਚ ਉਹ ਇਸੇ ਫਿਲਾਸਫੀ ਦਾ ਪ੍ਰਚਾਰ ਕਰਦਾ ਹੈ। ਅਰਵਿੰਦੋ ਘੋਸ਼ ਨੇ ਬੰਕਿਮ ਚੰਦਰ ਨੂੰ ਰਾਸ਼ਟਰਵਾਦ ਦਾ ਰਿਸ਼ੀ ਕਿਹਾ ਹੈ।
‘ਅਨੰਦ ਮੱਠ’ ਦਾ ਸੰਖੇਪ ਸਾਰ ਅੰਸ਼
ਬੰਕਿਮ ਚੈਟਰਜੀ ਦੇ ਨਾਵਲ ‘ਅਨੰਦ ਮੱਠ’ ਦੀ ਕਾਲਪਨਿਕ ਕਹਾਣੀ ਸੰਨ 1769 ਤੋਂ ਸ਼ੁਰੂ ਹੁੰਦੀ ਹੈ ਜਦ ਬੰਗਾਲ ਪ੍ਰੈਜੀਡੈਂਸੀ ਉੱਤੇ ਨਵਾਬ ਮੁਹੰਮਦ ਰੇਜ਼ਾ ਖਾਨ ਦਾ ਰਾਜ ਹੈ ਪਰ ਲੋਕਾਂ ਤੋਂ ਟੈਕਸ ਉਗਰਾਹੁਣ ਦਾ ਕੰਮ ਅੰਗਰੇਜ਼ਾਂ ਦੀ ਜੌਹਨ ਕੰਪਨੀ (ਈਸਟ ਇੰਡੀਆ ਕੰਪਨੀ ਦਾ ਬਦਲਵਾਂ ਨਾਂਅ) ਕਰਦੀ ਹੈ। ਇੱਕ ਰਾਤ ਹਿੰਦੂ ਸਨਿਆਸੀ ਇਕੱਤਰ ਹੋ ਕੇ ‘ਵੰਦੇ ਮਾਤਰਮ’ ਦੇ ਨਾਅਰੇ ਮਾਰਦੇ ਹੋਏ ਆਮ ਮੁਸਲਮਾਨਾਂ ਦਾ ਕਤਲੇਆਮ ਸ਼ੁਰੂ ਕਰ ਦਿੰਦੇ ਹਨ ਤੇ ਉਹ ਨਵਾਬ ਦਾ ਰਾਜ ਖਤਮ ਕਰਕੇ ਰਾਜ ਅੰਗਰੇਜਾਂ ਦੇ ਹੱਥ ਸੌਂਪ ਦਿੰਦੇ ਹਨ। ਉਸ ਸਮੇਂ ਤੋਂ ਹੀ ‘ਵੰਦੇ ਮਾਤਰਮ’ ਦਾ ਨਾਅਰਾ ਮੁਸਲਮਾਨ ਭਾਈਚਾਰੇ ਲਈ ਤੋਹੀਨ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹਿੰਦੂ ਰਾਸ਼ਰਟਵਾਦੀਆਂ ਲਈ ਤਾਕਤ ਅਤੇ ਪ੍ਰੇਰਨਾ ਦਾ ਸਰੋਤ। ‘ਵੰਦੇ ਮਾਤਰਮ’ ਅਸਲ ਵਿਚ ਦੁਰਗਾ ਮਾਤਾ ਦੀ ਉਸਤਤ ਵਿਚ ਗਾਈ ਗਈ ਭੇਟਾ ਹੈ, ਜਿਸ ਦਾ ਅਰਥ ਹੈ ਮਾਂ ਤੈਨੂੰ ਪ੍ਰਨਾਮ ।
ਇਹ ਗੁੰਝਲ ਅਤੇ ਅੜਾਉਣੀ ਵੀ ਕੋਈ ਘੱਟ ਦਿਲਚਸਪ ਨਹੀਂ ਹੈ ਕਿ ਜੇਕਰ ਇਹ ਨਾਵਲ ਅੰਗਰੇਜ਼ਾਂ ਦਾ ਰਾਜ ਸਥਾਪਤ ਕਰਨ ਦੀ ਗੱਲ ਕਰਦਾ ਹੈ ਤਾਂ ਅੰਗਰੇਜ਼ਾਂ ਨੂੰ ਕੱਢਣ ਲਈ ਸੰਘਰਸ਼ ਕਰ ਰਹੇ ਬੰਗਾਲ ਦੇ ਹਥਿਆਰਬੰਦ ਹਿੰਦੂ ਰਾਸ਼ਟਰਵਾਦੀਆਂ ਵਲੋਂ ਇਸ ਨਾਵਲ ਅਤੇ ‘ਵੰਦੇ ਮਾਤਰਮ’ ਗੀਤ ਨੂੰ ਆਪਣਾ ਮਾਰਗ ਦਰਸ਼ਕ ਕਿਉਂ ਤੇ ਕਿਸ ਲਈ ਬਣਾਇਆ ਗਿਆ? ਬੰਗਾਲ ਵਿਚ 1905 ਵਿਚ ਹਿੰਦੂ ਰਾਸ਼ਟਰਵਾਦੀਆਂ ਦੇ ਦੋ ਗਰੁੱਪ ਕੰਮ ਕਰ ਰਹੇ ਸਨ। ‘ਅਨੁਸ਼ੀਲਨ ਸੰਮਤੀ’ ਅਤੇ ‘ਵਿਪਲਵੀ ਅਥਵਾ ਯੁਗਾਂਤਰ’ ਗਰੁੱਪ ਵਾਲੇ। ਦੋਵਾਂ ਦਾ ਹੀ ਨਾਅਰਾ ‘ਵੰਦੇ ਮਾਤਰਮ’ ਸੀ ਤੇ ਦੋਵਾਂ ਦਾ ਹੀ ਮਾਰਗ ਦਰਸ਼ਕ ‘ਅਨੰਦ ਮੱਠ’ ਸੀ। ‘ਵਿਪਲਵੀ’ ਗਰੁੱਪ ਦੇ ਮੁੱਖ ਪਰਚੇ ਦਾ ਨਾਂਅ ਹੀ ‘ਵੰਦੇ ਮਾਤਰਮ’ ਸੀ ਜਿਸ ਨੂੰ ਅਰਬਿੰਦੋ ਘੋਸ਼ ਵਲੋਂ ਸੰਪਾਦਿਤ ਕੀਤਾ ਜਾਂਦਾ ਸੀ। 1907 ਵਿਚ ਜਦ ਸਰਕਾਰ ਵਲੋਂ ‘ਵੰਦੇ ਮਾਤਰਮ’ ਨੂੰ ‘ਦੇਸ਼ ਧਰੋਹ’ ਦੇ ਦੋਸ਼ ਵਿਚ ਜ਼ਬਤ ਕਰ ਲਿਆ ਗਿਆ ਤਾਂ ਅਰਬਿੰਦੋ ਘੋਸ਼ ਵਲੋਂ ਨਵਾਂ ਪਰਚਾ ‘ਸੰਧਿਆ’ ਕੱਢਿਆ ਗਿਆ, ਜਿਸ ਵਿਚ ਉਸ ਨੇ ਪਾਠਕਾਂ ਨੂੰ ਅਪੀਲ ਕੀਤੀ ਕਿ ‘ ਉਹ ‘ਵੰਦੇ ਮਾਤਰਮ’ ਨੂੰ ਆਪਣਾ ਰਾਸ਼ਟਰੀ ਗੀਤ ਸਮਝਣ ਤੇ ‘ਅਨੰਦ ਮੱਠ’ ਵਿਚ ਦਰਸਾਏ ਗਏ ਆਦਰਸ਼ਾਂ ਦਾ ਪਾਲਣ ਕਰਨ।’ ਇਸ ਪਰਚੇ ਵਿਚ ਹੀ ਪਾਠਕਾਂ ਨੂੰ ਕਿਹਾ ਗਿਆ ਸੀ ਕਿ ‘ਹਰ ਸ਼ਹਿਰ ਅਤੇ ਹਰ ਪਿੰਡ ਵਿਚ ‘ਅਨੰਦ ਮੱਠ’ ਦੀ ਸਥਾਪਨਾ ਕੀਤੀ ਜਾਵੇ… ਤਾਂ ਮਾਤਾ ਦਾ ਨਾਂਅ ਸਪਤਕੋਟੀ ਕੰਠ ਨਾਲ ਗੂੰਜੇਗਾ ਤੇ ਹਰ ਪਾਸਿਓਂ ‘ਵੰਦੇ ਮਾਤਰਮ’ ਦੀ ਆਵਾਜ਼ ਆਵੇਗੀ।’
ਇਸ ਗੀਤ ਨੂੰ ਹਰਮਨ ਪਿਆਰਤਾ ਉਸ ਵਕਤ 1905 ਵਿਚ ਮਿਲਣੀ ਸ਼ੁਰੂ ਹੋਈ ਜਦ ਵਾਇਸਰਾਏ ਲਾਰਡ ਕਰਜਨ ਵਲੋਂ ਬੰਗਾਲ  ਵੰਡ ਦੇ ਵਿਰੋਧ ਵਜੋਂ ਸਵਦੇਸੀ ਅਦੋਲਨਕਾਰੀ ਨੇ ਇਸ ਗੀਤ ਦੇ ਮੁਖੜੇ ‘ਵੰਦੇ ਮਾਤਰਮ’ ਨੂੰ ਇਕ ਨਾਅਰੇ ਦੇ ਤੌਰ ਤੇ ਅਪਣਾ ਲਿਆ। 1905 ਵਿਚ ਹੀ ‘ਵੰਦੇ ਮਾਤਰਮ ਸੰਪਰਦਾ’ ਦਾ ਗਠਨ ਕੀਤਾ ਗਿਆ। ਇਸੇ ਦੌਰਾਨ ਹੀ ‘ਸਵਦੇਸ ਸੇਵਕ ਸੰਪਰਦਾ’ ਦੀਆਂ ਟੋਲੀਆਂ ਇਸ ਗੀਤ ਨੂੰ ਪਿੰਡਾਂ ਵਿਚ ਘੁੰਮ ਫਿਰ ਕੇ ਗਾਉਣ ਲੱਗੀਆਂ। ਅਕਤੂਬਰ 1905 ਵਿਚ ‘ਰਾਖੀ ਬੰਧਨ ‘ ਦੇ ਤਿਉਹਾਰ ‘ਤੇ ਰਵਿੰਦਰ ਨਾਥ ਟਗੋਰ ਦੀ ਅਗਵਾਈ ਵਿਚ ਜੋ ਜਲੂਸ ਨਿਕਲਿਆ, ਉਸ ਵਿਚ ਇਹ ਗੀਤ ਗਾਇਆ ਗਿਆ, ਜਿਸ ਨਾਲ ਇਸ ਦੀ ਹਰਮਨ ਪਿਆਰਤਾ ਵਿਚ ਢੇਰ ਵਾਧਾ ਹੋਇਆ। ਟੈਗੋਰ ਨੇ 1880 ਵਿਚ ਹੀ ਇਸ ਗੀਤ ਦੀ ਤਰਜ ਬਣਾ ਲਈ ਸੀ ਜੋ ਬੰਕਿਮ ਚੰਦਰ ਦੀ ਹਾਜ਼ਰੀ ਵਿਚ ਗਾਈ ਗਈ ਸੀ। 1905 ਵਿਚ ਜਦ ਕਾਂਗਰਸ ਦੀ ਬਨਾਰਸ ਕਾਨਫਰੰਸ ਹੋਈ ਤਾਂ ਇਸ ਗੀਤ ਨੂੰ ਗੋਖਲੇ ਦੀ ਸਿਫਾਰਸ ‘ਤੇ ਟੈਗੋਰ ਦੀ ਭਤੀਜੀ ਸਰਲਾ ਦੇਵੀ ਚੌਧਰਾਣੀ ਨੇ ਗਾਇਆ। ਤਾਂ ਉਸ ਨੇ ਅੰਤਲੇ ਸ਼ਬਦਾਂ ਵਿਚੋਂ ਸੱਤ ਕਰੋੜ ਭਾਰਤੀ ਹਟਾਅ ਕੇ ਤੀਹ ਕਰੋੜ ਕਰ ਦਿੱਤਾ , ਜਿਸ ਨਾਲ ਸਾਰਾ ਭਾਰਤ ਇਸ ਗੀਤ ਦੇ ਘੇਰੇ ਵਿਚ ਆ ਗਿਆ ਜਦ ਕਿ ਬੰਕਮ ਚੰਦਰ ਨੇ ਇਸ ਨੂੰ ਸਿਰਫ ਬੰਗਾਲ ਪ੍ਰੈਜੀਡੈਂਸ਼ੀ ਤੱਕ ਹੀ ਸੀਮਤ ਰੱਖਿਆ ਸੀ। 1906 ਵਿਚ ਪੈਥਾਫੋਨ ਨਾਮੀ ਗ੍ਰਾਮੋਫੋਨ ਕੰਪਨੀ ਨੇ ‘ਵੰਦੇ ਮਾਤਰਮ ‘ਦਾ ਰਿਕਾਰਡ ਕੱਢਿਆ , ਜਿਸ ‘ਤੇ ਸਰਕਾਰ ਨੇ ਪਾਬੰਦੀ ਲਗਾ ਦਿੱਤੀ। 1906 ਵਿਚ ਹੀ ਰਾਵਿੰਦਰ ਨਾਥ ਟੈਗੋਰ ਦੇ ਭਤੀਜੇ ਅਵਨੇਂਦਰ ਨਾਥ ਟੈਗੋਰ ਵਲੋਂ ਭਾਰਤ ਮਾਤਾ ਦਾ ਚਿਤਰ ਬਣਾਇਆ ਗਿਆ, ਜਿਸ ਦੇ ਵੱਖ-ਵੱਖ ਹੱਥਾਂ ਵਿਚ ਖਾਣ ਪੀਣ ਵਾਲੀਆਂ ਚੀਜਾਂ ਦਿਖਾਈਆਂ ਗਈਆਂ ਸਨ। ਬਾਅਦ ਵਿਚ ਕਿਸੇ ਨੇ ਇਸ ਦੇ ਇਕ ਹੱਥ ਵਿਚ ਤਲਵਾਰ ਵੀ ਫੜਾਅ ਦਿੱਤੀ ਸੀ । ਬੁੱਤ ਪੂਜ ਬੰਗਾਲੀ ਭਾਈਚਾਰੇ ਨੇ ਦੁਰਗਾ ਮਾਤਾ ਨੂੰ ਭਾਰਤ ਮਾਤਾ ਦੇ ਰੂਪ  ਵਿਚ ਪ੍ਰਵਰਤਿਤ ਕਰ ਲਿਆ ਸੀ। ਉਦੋਂ ਤੋਂ ਹੀ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ’ ਦਾ ਸੰਕਲਪ ਇੱਕ ਦੂਜੇ ਨਾਲ ਅੰਤਰ ਸਬੰਧਿਤ ਹੋ ਗਏ ਹਨ। ਵੱਖ-ਵੱਖ ਭਾਸ਼ਾਵਾਂ ‘ਚ ਅਨੁਵਾਦ ਹੋਣ ਕਰਕੇ 1920 ਤੱਕ ‘ਵੰਦੇ ਮਾਤਰਮ’ ਰਾਸ਼ਟਰੀ ਗੀਤ ਵਜੋਂ ਸਥਾਪਤ ਹੋ ਗਿਆ ਸੀ। ਪੰਜਾਬੀ ਵਿਚ ਇਸ ਦਾ ਅਨੁਵਾਦ ਮੁਨਸ਼ਾ ਸਿੰਘ ਦੁਖੀ ਨੇ ਕੀਤਾ ਸੀ ਜੋ 1927 ਦੇ ‘ਫੁਲਵਾੜੀ’ ਵਿਚ ਛਪਿਆ। ਦੁਖੀ ਨੇ ਹੀ ‘ਅਨੰਦ ਮੱਠ’ ਦਾ ਅਨੁਵਾਦ ਕੀਤਾ ਸੀ ਜੋ ‘ਦੇਸ਼ ਭਗਤੀ ‘ ਦੇ ਅਨੁਵਾਨ ਤਹਿਤ ਛਪਿਆ ਸੀ।
ਪਰ ਸ਼ੁਰੂ ਤੋਂ ਹੀ ‘ਵੰਦੇ ਮਾਤਰਮ’ ਦਾ ਨਾਅਰਾ ਮੁਸਲਮਾਨਾਂ ਤੇ ਹਿੰਦੂ ਰਾਸ਼ਟਰਵਾਦੀਆਂ ਦਰਮਿਆਨ ਟਕਰਾਉ ਦਾ ਕਾਰਨ ਬਣ ਗਿਆ ਸੀ। 1906 ਵਿਚ ਪੂਰਬੀ ਬੰਗਾਲ ਦੇ ਬਾਰੀਸਾਲ ਜ਼ਿਲ•ੇ ਵਿਚ ਉਸ ਵਕਤ ਝੜਪਾ ਹੋਈਆਂ ਜਦ ਕੁਛ ਹਿੰਦੂਆਂ ਨੇ ਮਸਜਿਦ ਅੱਗੇ ਖੜ ਕੇ ‘ਵੰਦੇ ਮਾਤਰਮ’ ਦੇ ਨਾਅਰੇ ਲਗਾਏ। ਜਦ 1907 ਵਿਚ ਕਾਂਗਰਸ ਨੇ ਅੰਗਰੇਜਾਂ ਵਿਰੁਧ ਬਾਈਕਾਟ ਅੰਦੋਲਨ ਚਲਾਇਆ ਤਾਂ ਮੁਸਲਮਾਨਾਂ ਨੇ ਇਸ ਵਿਚ ਭਾਗ ਨਾ ਲਿਆ। 30 ਦਸੰਬਰ 1908 ਨੂੰ ਜਦ  ਅੰਮ੍ਰਿਤਸਰ ਵਿਚ ਆਲ ਇੰਡੀਆ ਮੁਸਲਮ ਲੀਗ ਦਾ ਸਮਾਗਮ ਹੋਇਆ ਤਾਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਈਅਦ ਅਲੀ ਇਮਾਮ ਨੇ ਰਾਖੀ ਬੰਧਨ ਅਤੇ ‘ਵੰਦੇ ਮਾਤਰਮ’ ਨੂੰ ਹਿੰਦੂ ਰਾਸ਼ਟਰਵਾਦ ਦੇ ਚਿੰਨ ਦੱਸਿਆ। ਇੱਕੋ ਰੱਬ ਨੂੰ ਮੰਨਣ ਵਾਲੇ ਮੁਸਲਮਾਨਾਂ ਨੂੰ ਇਸ ਗੀਤ ਵਿਚਲੀ ਬੁੱਤ ਪਰੱਸਤੀ ਪ੍ਰਰਵਾਨ ਨਹੀਂ ਸੀ। ਭਾਰਤੀ ਕਮਿਉਨਿਸਟ ਪਾਰਟੀ ਦੇ ਸੰਸਥਾਪਕਾਂ ‘ਚੋਂ ਇੱਕ ਕਾਮਰੇਡ ਮੁਜੱਫਰ ਅਹਿਮਦ ਨੇ ਆਪਣੀ ਆਤਮ ਕਥਾ ‘ਚ ਲਿਖਿਆ ਹੈ ਕਿ ”ਅਨੰਦ ਮੱਠ ਸ਼ੁਰੂ ਤੋਂ ਅੰਤ ਤੱਕ ਫਿਰਕੂ ਦਵੈਸ਼ ਨਾਲ ਭਰਿਆ ਹੋਈਆ ਹੈ। ਇੱਕ ਮੁਸਲਮਾਨ ਲੜਕਾ ਜੋ ਪਾਲਣ ਪੋਸ਼ਣ ਦੀ ਵਜਾ ਕਾਰਨ ਇੱਕ ਈਸ਼ਵਰਵਾਦੀ ਹੁੰਦਾ ਹੈ ਨੂੰ ‘ਵੰਦੇ ਮਾਤਰਮ’ ਪ੍ਰਵਾਨ ਨਹੀਂ ਹੋ ਸਕਦਾ।”  ਮੁਹੰਮਦ ਅਲੀ ਜਿਨਾਹ ਅਤੇ ਹੋਰ ਮੁਸਲਮ ਆਗੂਆਂ ਨੇ ਵੀ ਇਸ ਨਾਅਰੇ ਦਾ ਵਿਰੋਧ ਜਾਰੀ ਰੱਖਿਆ ਸੀ। 1937 ਵਿਚ ਜਦ ਮੱਧ ਪ੍ਰਦੇਸ ਵਿਚ ਕਾਂਗਰਸ ਦੀ ਸਰਕਾਰ ਬਣੀ ਤਾਂ ਉਸ ਨੇ ‘ਵਿਦਿਆ ਮੰਦਰ’ ਦੇ ਨਾਂਅ ‘ਤੇ ਜੋ ਸਕੂਲ ਖੋਲੇ ਉਹਨਾਂ ਵਿਚ ‘ਵੰਦੇ ਮਾਤਰਮ’ ਗੀਤ ਗਾਉਣ ਨੂੰ ਪ੍ਰਤਸਾਹਿਤ ਕੀਤਾ ਗਿਆ ਪਰ ਜਿਨਾਹ ਨੇ ਇਸ ਦਾ ਕਰੜਾ ਵਿਰੋਧ ਕੀਤਾ। ਜਿਸ ਦੇ ਸਿੱਟੇ ਵਜੋਂ ਕਾਂਗਰਸ ਨੇ 1937 ਵਿਚ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕੀਤਾ, ਤਾਂ ਕਮੇਟੀ ਨੇ ਇਸ ਗੀਤ ਦੇ ਬੁੱਤ ਪਰਸਤੀ ਵਾਲੇ ਹਿੱਸੇ ਛਾਂਟ ਕੇ ਸੰਪਾਦਤ ਹਿੱਸੇ ਨੂੰ ਰਾਸ਼ਟਰੀ ਗੀਤ ਦੇ ਤੌਰ ‘ਤੇ ਪ੍ਰਵਾਨ ਕਰ ਲਿਆ। ਨਹਿਰੂ ਨੇ 20 ਅਕਤੂਬਰ 1937 ਨੂੰ ਕਾਂਗਰਸ ਕਾਰਜ ਕਾਰਨੀ ਦੀ ਮੀਟਿੰਗ ਤੋਂ ਛੇ ਦਿਨ ਪਹਿਲਾਂ ‘ਅਨੰਦ ਮੱਠ’ ਦਾ ਅੰਗਰੇਜੀ ਅਨੁਵਾਦ ਪੜ•ਕੇ ਮਹਿਸੂਸ ਕੀਤਾ ਕਿ ਇਹ ਨਾਵਲ ਵਾਕਿਆ ਹੀ ਮੁਸਲਮਾਨਾਂ ਨੂੰ ਚਿੜਾਉਣ ਵਾਲਾ ਹੈ। ਪਰ ਇਸ ਦੇ ਬਾਵਜੂਦ ਵੀ ਹਿੰਦੂ ਰਾਸ਼ਟਵਾਦੀਆਂ ਨੇ ਨਾ ਹੀ ‘ਅਨੰਦ ਮੱਠ’ ਦਾ ਤੇ ਨਾ ਹੀ ‘ਵੰਦੇ ਮਾਤਰਮ’ ਦਾ ਮੋਹ ਤਿਆਗਿਆ ਸੀ। ਹਿੰਦੂ ਮਹਾਂ ਸਭਾ ਅਤੇ ਡੈਮੋਕ੍ਰੇਟਿਕ ਸਵਰਾਜ ਪਾਰਟੀ ਨੇ 26 ਅਕਤੂਬਰ 1937 ਨੂੰ ਪੂਨੇ ਅਤੇ ਬੰਬਈ ਵਿਚ ‘ਵੰਦੇ ਮਾਤਰਮ’ ਦਿਵਸ ਮਨਾਏ। 1938 ਵਿਚ ਜਦ ਹਿੰਦੂ ਮਹਾਂ ਸਭਾ ਦਾ ਸਮਾਗਮ ਨਾਗਪੁਰ ਵਿਚ ਹੋਇਆ ਤਾਂ ਵੀਰ ਸਾਵਰਕਰ ਨੇ ਆਪਣੇ ਭਾਸ਼ਣ ਦਾ ਅੰਤ ‘ਵੰਦੇ ਮਾਤਰਮ’ ਨਾਲ ਕੀਤਾ । ਐਮ.ਐਸ ਗੋਵਲਕਰ ਨੇ ਆਪਣੀ ਪੁਸਤਕ ‘bunch of thoughts’ ਵਿਚ ਬੰਕਮ ਚੰਦਰ ਅਤੇ ‘ਵੰਦੇ ਮਾਤਰਮ’ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ। ਮੈਡਮ ਕਾਮਾ ਨੇ 1910 ਵਿਚ ਜਨੇਵਾ ਤੋਂ,ਵਰਿੰਦਰ ਚਟੋਪਾਧਿਆ ਨੇ ਬਰਲਿਨ ਤੋਂ ਅਤੇ ਲਾਲਾ ਲਾਜਪਤ ਰਾਏ ਨੇ ਪੰਜਾਬ ਤੋਂ ‘ਵੰਦੇ ਮਾਤਰਮ’ ਨਾਂਅ ਦੇ ਪਰਚੇ ਕੱਢੇ ਸਨ।
1950 ਵਿਚ ਸੰਵਿਧਾਨ ਸਭਾ ਨੇ ਰਾਜਿੰਦਰ ਪ੍ਰਸਾਦ ਦੇ ਕਹਿਣ ‘ਤੇ ਸੋਧੇ ਹੋਏ ‘ਵੰਦੇ ਮਾਤਰਮ’ ਨੂੰ ਜਨ ਗਨ ਮਨ ਦੇ ਨਾਲ ਹੀ ਰਾਸ਼ਟਰੀ ਗੀਤ ਵਜੋਂ ਪ੍ਰਵਾਨ ਕਰ ਲਿਆ ਅਤੇ 24 ਜਨਵਰੀ 1950 ਨੂੰ ਸੰਵਿਧਾਨ ਸਭਾ ਦੀ ਸਮਾਪਤੀ ‘ਤੇ ਦੋਨੋ ਗੀਤ ਗਾਏ ਗਏ।
ਅਜ਼ਾਦੀ ਦੇ ਦਹਾਕਿਆਂ ਬਾਅਦ ਵੀ ‘ਵੰਦੇ ਮਾਤਰਮ’ ਦਾ ਮੋਹ ਅਤੇ ਵਿਰੋਧ ਨਿਰੰਤਰ ਚੱਲਦਾ ਆ ਰਿਹਾ ਹੈ। ਟੈਗੋਰ ਤੋਂ ਲੈ ਕੇ ਏ.ਆਰ ਰਹਿਮਾਨ ਤੱਕ ਦਰਜਨਾਂ ਸੰਗੀਤਕਾਰ ਇਸ ਦੀਆਂ ਤਰਜਾਂ ਬਣਾ  ਚੁੱਕੇ ਹਨ। ਬੰਗਾਲੀ ਰਾਸ਼ਟਰਵਾਦੀਆਂ ਤੋਂ ਲੈ ਕੇ ਅੰਨਾ ਹਜ਼ਾਰੇ ਤੇ ਆਮ ਆਦਮੀ ਪਾਰਟੀ ਤੱਕ ਇਸ ਨੂੰ ਨਾਅਰੇ ਦੇ ਤੌਰ ‘ਤੇ ਅਪਣਾ ਚੁੱਕੇ ਹਨ। ਇਸ ਦੇ ਨਾਲ ਹੀ ਬਹੁ ਕੌਮੀ , ਬਹੁ ਧਰਮੀ ਭਾਰਤ ਨੂੰ ਹਿੰਦੂ ਰਾਸ਼ਟਰ ਵਿਚ ਤਬਦੀਲ ਕਰਨ ਵਾਲੀਆਂ ਤਾਕਤਾਂ ‘ਵੰਦੇ ਮਾਤਰਮ’ ਨੂੰ ਇੱਕ ਸੰਦ ਦੇ ਤੌਰ ‘ਤੇ ਵਰਤਣਾ ਚਾਹੁੰਦੀਆਂ ਹਨ । 25 ਅਪ੍ਰੈਲ 1998 ਨੂੰ ਉਤਰ ਪ੍ਰਦੇਸ ਦੀ ਭਾਜਪਾ ਸਰਕਾਰ ਨੇ ‘ਕਲਪ ਯੋਜਨਾ’ ਦੇ ਨਾਂਅ ਹੇਠ ਐਲਾਨ ਕੀਤਾ ਸੀ ਕਿ ਸਕੂਲਾਂ ਵਿਚ ਲਾਜ਼ਮੀ ਤੌਰ ‘ਤੇ ‘ਵੰਦੇ ਮਾਤਰਮ’ ਗਾਇਆ ਜਾਵੇ । ਪਰ ਮੁਸਲਮਾਨਾਂ ਵਲੋਂ ਵਿਰੋਧ ਕਰਨ ‘ਤੇ ਇਹ ਫੈਸਲਾ ਵਾਪਸ ਲੈਣਾ ਪਿਆ ਸੀ। ਹੁਣ ਵੀ ਉਹੀ ਤਾਕਤਾਂ ‘ਵੰਦੇ ਮਾਤਰਮ’ ਨੂੰ ਇੱਕ ਹਥਿਆਰ ਦੇ ਤੌਰ ‘ਤੇ ਵਰਤ ਕੇ ਆਪਣੇ ਮਨਸੂਬਿਆਂ ਵਿਚ ਸਫਲ ਹੋਣਾ ਚਾਹੁੰਦੀਆਂ ਹਨ।