ਪੰਜਾਬੀ ਮਾਂ-ਬੋਲੀ ਦੇ ਮਸਲੇ ਤੇ ਮਾਤਮ

ਪੰਜਾਬੀ ਮਾਂ-ਬੋਲੀ ਦੇ ਮਸਲੇ ਤੇ ਮਾਤਮ

ਪ੍ਰੋ. ਕੁਲਵੰਤ ਸਿੰਘ ਔਜਲਾ (ਸੰਪਰਕ: 01822-235343)

ਆਪਾ-ਧਾਪੀ, ਅਵਸਰਵਾਦ, ਆਤੰਕ ਤੇ ਅਜਾਰੇਦਾਰੀ ਨਾਲ ਬੁਰੀ ਤਰ੍ਹਾਂ ਪੀੜਤ ਪੰਜਾਬ ਕੋਲ ਮਸਲਿਆਂ ਤੇ ਮੁੱਦਿਆਂ ਦੀ ਘਾਟ ਨਹੀਂ। ਨਸ਼ਾਖੋਰੀ, ਬੇਰੁਜ਼ਗਾਰੀ, ਵਾਤਾਵਰਣ ਦਾ ਵਿਗਾੜ, ਗੁੰਡਾਗਰਦੀ, ਭ੍ਰਿਸ਼ਟਾਚਾਰ, ਅਸ਼ਲੀਲਤਾ, ਖ਼ੁਦਕੁਸ਼ੀਆਂ ਅਤੇ ਮਾਤ-ਭਾਸ਼ਾ ਅਜਿਹੇ ਮੁੱਦੇ ਹਨ ਜਿਨ੍ਹਾਂ ਬਾਰੇ ਸੰਵੇਦਨਸ਼ੀਲ ਤੇ ਸੁਹਿਰਦ ਸੰਵਾਦ ਦੀ ਲੋੜ ਹੈ, ਪਰ ਵਿਆਹਾਂ ਤੇ ਮਰਨਿਆਂ ਦੇ ਦੇਹਧਾਰੀ, ਦਿਖਾਵਾਪ੍ਰਸਤ ਤੇ ਦੁਕਾਨਦਾਰੀ ਦੈਂਤ ਦੇ ਜੁਬਾੜਿਆਂ ‘ਚ ਫਸੇ ਹੋਏ ਪੰਜਾਬ ਕੋਲ ਲੋੜ ਜੋਗੀ ਜੁਅਰਤ, ਜੁੰਬਿਸ਼ ਤੇ ਜ਼ੁਬਾਨ ਵੀ ਬਚੀ ਨਹੀਂ। ਇੰਨੇ ਸ਼ੋਹਦੇ ਤੇ ਸਾਹਸੱਤਹੀਣ ਸਮਿਆਂ ਅੰਦਰ ਮਾਂ-ਬੋਲੀ ਲਈ ਕੁਝ ਧਿਰਾਂ ਵੱਲੋਂ ਆਵਾਜ਼ ਉਠਾਉਣੀ ਚੰਗਾ ਵਰਤਾਰਾ ਹੈ। ਖ਼ਬਰਾਂ ਵਿੱਚ ਖ਼ਾਸ ਬਣੇ ਰਹਿਣ ਦੇ ਇੱਛੁਕ ਲੋਕਾਂ ਵੱਲੋਂ ਵੀ ਹੇਜ ਤੇ ਹਮਾਇਤ ਦੀਆਂ ਬਾਤਾਂ ਪਾਈਆਂ ਜਾ ਰਹੀਆਂ ਹਨ। ਅਜਿਹੀਆਂ ਬਾਤਾਂ ਤੇ ਬਤੰਗੜ ਵਕਤੀ ਥਰਥਰਾਹਟ ਪੈਦਾ ਕਰਦੇ ਹਨ। ਅਜਿਹੀ ਥਰਥਰਾਹਟ ਨੂੰ ਕਿਸੇ ਸੰਭਾਵੀ ਤੇ ਸੰਗਠਿਤ ਲਹਿਰ ਵਿੱਚ ਢਾਲਣ ਲਈ ਲੋੜੀਂਦੀ ਜੁਗਤ, ਜ਼ਿਆਰਤ ਤੇ ਜ਼ਿੰਦਾਦਿਲੀ ਲੱਭਣੀ ਔਖਾ ਕਾਰਜ ਹੈ।
ਸ਼ਖ਼ਸੀਅਤ, ਸ਼ੋਹਰਤ ਤੇ ਸਦਾਰਤ ਨੇ ਅਜੋਕੇ ਬੰਦੇ ਨੂੰ ਖ਼ੁਦਪ੍ਰਸਤ ਤੇ ਖ਼ਬਤੀ ਬਣਾ ਦਿੱਤਾ ਹੈ। ਬੰਦੇ ਕੋਲ ਗੁਜ਼ਾਰੇ ਜੋਗੀ ਵਫ਼ਾ ਤੇ ਵਫ਼ਾਦਾਰੀ ਵੀ ਨਹੀਂ ਰਹੀ। ਇਸੇ ਕਰਕੇ ਹੁਣ ਪੰਜਾਬ ਵਿੱਚ ਧਿਰਾਂ, ਧੜਿਆਂ ਤੇ ਧਾਰਨਾਵਾਂ ਦੀ ਬਲਸ਼ਾਲੀ ਬਹੁਲਤਾ ਹੈ। ਨੈਤਿਕਤਾ, ਨਿਹੁੰ ਤੇ ਨੇਕਨਾਮੀਆਂ ਕਰਨ ਤੇ ਕਮਾਉਣ ਵਾਲੇ ਲੋਕ ਖ਼ਾਮੋਸ਼ ਤੇ ਖ਼ਤਮ ਹੋ ਗਏ ਜਾਪਦੇ ਹਨ। ਵਿਚਾਰਧਾਰਕ ਜਾਂ ਰਾਜਨੀਤਕ ਹੋਂਦ ਤੇ ਹਸਤੀ ਜਦੋਂ ਕਦੇ ਸਤਾਉਂਦੀ ਹੈ ਤਾਂ ਫ਼ਰੇਬੀ ਤੇ ਫਰਾਡ ਬੰਦੇ ਵੀ ਲਾਹਾ ਲੈਣ ਵੱਲ ਰੁਚਿਤ ਹੋ ਜਾਂਦੇ ਹਨ। ਸੱਚੇ ਤੇ ਸੰਜੀਦਾ ਲੋਕ ਸਿਰਫ਼ ਦੇਖਦੇ ਰਹਿੰਦੇ ਹਨ। ਸਿਰਫ਼ ਝਾੜੂ ਕੂਚੀਆਂ ਨਾਲ ਕੁਝ ਵੀ ਸੁਧਰਨ ਵਾਲਾ ਨਹੀਂ। ਸਾਨੂੰ ਆਪਣੀਆਂ ਦਾਅਪੇਚੀ ਦੇਹਾਂ ਅੰਦਰ ਬੁਰੀ ਤਰ੍ਹਾਂ ਤੜਪਦੀ ਤੇ ਤਰਸਦੀ ਹਉਂ ਤੇ ਹਸਤੀ ਨੂੰ ਸੋਧਣ ਤੇ ਸੰਵਾਰਨ ਦੀ ਲੋੜ ਹੈ। ਸਿਤਮ ਇਹ ਹੈ ਕਿ ਅਜੋਕੀ ਤਾਕਤਵਰ ਤੰਤਰੀ ਤਕਨੀਕ ਤੇ ਤਰੱਕੀ ਤਾਂ ਵਕਤ ਦੀ ਸੰਭਾਵਨਾ ਨੂੰ ਚੂਸਣ ਦੇ ਰਾਹ ਤੁਰੀ ਹੋਈ ਹੈ। ਮਾਂ-ਬੋਲੀ ਦੇ ਹੇਜ ਤੇ ਹਮਾਇਤ ਦਾ ਮਸਲਾ ਅੰਦਰੂਨੀ ਸੰਭਾਵਨਾ, ਸਾਹਸ ਤੇ ਸ਼ਕਤੀ ਨੂੰ ਬਚਾਉਣ ਨਾਲ ਜੁੜਿਆ ਹੋਇਆ ਹੈ:
ਪਹਿਲਾਂ ਮਾਂ ਬੋਲੀ ਨੂੰ ਭੁੱਲੇ, ਹੁਣ ਭੁੱਲਾਂਗੇ ਮਾਵਾਂ ਨੂੰ,
ਇੱਕ ਦਿਨ ਓੜਕ ਤਰਸ ਜਾਵਾਂਗੇ,
ਤੂਤ ਟਾਹਲੀ ਦੀਆਂ ਛਾਵਾਂ ਨੂੰ।
ਵੱਡਾ ਬਣਨ ਦੀ ਦੌੜ ਵਿੱਚ ਨਰੋਈਆਂ ਨਿਆਮਤਾਂ ਗਵਾ ਲਈਆਂ। ਪਹਿਲਾਂ ਛਾਵਾਂ ਵਰਗੀਆਂ ਮਾਵਾਂ ਗਵਾਈਆਂ, ਫੇਰ ਚੰਡ ਕੇ ਰੱਖਣ ਵਾਲੇ ਅਧਿਆਪਕ ਗਵਾਏ ਤੇ ਹੁਣ ਸਭ ਕੁਝ ਗਵਾਉਣ ਦੇ ਰਾਹ ਤੁਰ ਪਏ ਹਾਂ। ਕਾਲਜ ਪੜ੍ਹਦੇ ਜ਼ਿਆਦਾਤਰ ਬੱਚਿਆਂ ਨੂੰ ਸ਼ੁੱਧ ਤੇ ਸੁਭਾਵਿਕ ਪੰਜਾਬੀ ਲਿਖਣੀ ਤੇ ਬੋਲਣੀ ਨਹੀਂ ਆਉਂਦੀ। ਅਫ਼ਸਰਸ਼ਾਹੀ ਦੀਆਂ ਉਪਰੋਂ ਠੋਸੀਆਂ ਨੀਤੀਆਂ ਅਨੁਸਾਰ ਚੱਲ ਰਹੀ ਸਿੱਖਿਆ ਪ੍ਰਣਾਲੀ ਆਪਣੇ ਮੂਲ ਮਕਸਦ ਨਾਲੋਂ ਟੁੱਟ ਕੇ ਵਪਾਰੀ ਤੇ ਵਕਤਟਪਾਊ ਹੋ ਗਈ ਹੈ।
ਅਸੀਂ ਲਗਪਗ ਸਾਰਿਆਂ ਨੇ ਠੋਸੇ ਜਾ ਰਹੇ ਸਭ ਕੁਝ ਨੂੰ ਸਵੀਕਾਰ ਕਰ ਲਿਆ ਹੈ। ਬੱਚੇ ਅੰਗਰੇਜ਼ੀ ਸੰਸਥਾਵਾਂ ਵਿੱਚ ਪੜ੍ਹਦੇ ਹਨ। ਕਾਰਡ ਅਸੀਂ ਅੰਗਰੇਜ਼ੀ ਵਿੱਚ ਛਪਵਾਉਂਦੇ ਹਾਂ। ਬਾਰ੍ਹਵੀਂ ਜਮਾਤ ਤੋਂ ਬਾਅਦ ਹਰ ਬੱਚਾ ਵਿਦੇਸ਼ ਜਾਣ ਲਈ ਕਾਹਲਾ ਹੋ ਜਾਂਦਾ  ਹੈ। ਚੈਨਲਾਂ ‘ਤੇ ਪਰੋਸੀ ਜਾ ਰਹੀ ਅਸ਼ਲੀਲਤਾ ਤੇ ਅਦਾਕਾਰੀ ਦੇ ਪ੍ਰਭਾਵ ਅਧੀਨ ਸਾਡੇ ਧੀਆਂ ਪੁੱਤਰ ਨਾਂਹਮੁਖੀ ਤੇ ਨਿਹੁੰਮੁਕਤ ਹੋਣ ਨੂੰ ਫਿਰਦੇ ਹਨ। ਲੇਖਕਾਂ ਤੇ ਬੁੱਧੀਜੀਵੀਆਂ ਸਮੇਤ ਪੂਰਾ ਪੰਜਾਬ ਪੜ੍ਹਨ ਲਿਖਣ ਤੋਂ ਅਵਾਜ਼ਾਰ ਤੇ ਅਸਤ ਹੋ ਗਿਆ  ਹੈ। ਵਿੱਦਿਅਕ ਤੇ ਪ੍ਰਸ਼ਾਸਕੀ ਸੰਗਠਨਾਂ ਦੇ ਫੇਲ੍ਹ ਹੋ ਜਾਣ ਦੀ ਸੰਭਾਵਨਾ ਬਣੀ ਹੋਈ ਹੈ। ਸਿਆਸਤ ਦੀ ਰੂਹ ਤੇ ਰੂਪ ਪ੍ਰੋਫੈਸ਼ਨਲ ਤੇ ਪੇਟਭਰੂ ਹੋ ਗਏ ਹਨ। ਅਸੀਂ ਸਿਆਸਤ ਦੇ ਗ਼ੁਲਾਮ ਹੋ ਗਏ ਹਾਂ। ਅਜਿਹੇ ਮਾਤਮੀ ਮਾਹੌਲ ਵਿੱਚ ਆਦਰਸ਼ਾਂ ਤੇ ਅਰਮਾਨਾਂ ਦੇ ਖ਼ੁਆਬ ਉਗਾਉਣੇ ਆਸਾਨ ਨਹੀਂ:
ਇਸ ਤਰ੍ਹਾਂ ਵੀ ਹੋਣਾ ਸੀ ਸਾਡੇ ਹੀ ਸਮਿਆਂ ‘ਚ ਅਖ਼ੀਰ ਨੂੰ
ਕਿ ਨੀਹਾਂ ਨੇ ਭੁੱਲ ਜਾਣਾ ਸੀ, ਸਾਈਂ ਮੀਆਂ ਮੀਰ ਨੂੰ।
ਕਮਜ਼ੋਰ ਤੇ ਕੰਮਚਲਾਊ ਸਿਆਸਤਦਾਨਾਂ ਦੇ ਸਮਝੌਤਿਆਂ ਤੇ ਸਹੀਬੰਦੀਆਂ ਦੀ ਗੁੱਝੀ ਤੇ ਗੁੰਝਲਦਾਰ ਪੀੜ ਨੇ ਪੰਜਾਬੀਆਂ ਨੂੰ ਹੰਭਾ ਦਿੱਤਾ ਹੈ। ਲਟਕ  ਲਟਕ ਕੇ ਮਸਲੇ ਤੇ ਮਾਮਲੇ ਅਤਿਅੰਤ ਪੀਢੇ ਤੇ ਪ੍ਰਾਣਹੀਣ ਹੋ ਗਏ ਹਨ। ਆਗੂਆਂ ਦੀਆਂ ਮਾਰੂ ਤੇ ਮੋਹਹੀਣ ਨੀਤੀਆਂ ਪ੍ਰਤੀ ਪੰਜਾਬੀਆਂ ਅੰਦਰ ਉਦਾਸੀਨ ਜਿਹਾ ਰੋਸ ਜਗਦਾ-ਬੁਝਦਾ ਰਹਿੰਦਾ ਹੈ। ਇਸ ਰੋਸ ਤੇ ਗੁੱਸੇ ਵਿੱਚੋਂ ਵਕਤੀ ਤੌਰ ‘ਤੇ ਪੈਦਾ ਹੋਈਆਂ ਕਈ ਲਹਿਰਾਂ ਦਾ ਸੰਤਾਪ ਤੇ ਸਿਤਮ ਵੀ ਪੰਜਾਬ ਨੇ ਬਥੇਰਾ ਹੰਢਾਇਆ  ਹੈ। ਸੱਤਾ ਦੇ ਕੇਂਦਰੀਵਾਦ ਨੇ ਪੰਜਾਬ ਨੂੰ ਉਲਝਾਉਣ ਤੇ ਭਟਕਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਖ਼ੈਰਾਤਾਂ ਤੇ ਖ਼ੁਆਬ ਖਿਆਲੀਆਂ ਦੇ ਨਸ਼ੱਈ ਪੰਜਾਬ ਦੇ ਸਿਆਸਤਦਾਨ ਲਗਾਤਾਰ ਵਿਕਦੇ ਤੇ ਵਿਗੜਦੇ ਗਏ। ਦੀਨ, ਦੀਨਾਈ ਤੇ ਦਿਆਨਤਦਾਰੀ ਵਿਹੂਣੇ ਸੱਤਾਧਾਰੀ ਲੋਕ ਪੰਜਾਬ ਦੇ ਅੰਗ ਅੰਗ ਨੂੰ ਕਰਜ਼ਾਈ ਕਰਨ ਦੇ ਮੋਹਤਬਰ ਬਣੇ। ਕਰਜ਼ਾਈ ਬੰਦਾ ਕਰਮਸ਼ੀਲ ਤੇ ਕਮਾਊ ਨਹੀਂ ਹੋ ਸਕਦਾ। ਦਿਸ਼ਾਹੀਣ ਤੇ ਦਾਅਪੇਚਕ ਲੋਕਾਂ ਲਈ ਆਪਸ ਵਿੱਚ ਲੜਨਾ ਸੌਖਾ ਤੇ ਸੁਖਾਵਾਂ ਹੋ ਜਾਂਦਾ ਹੈ। ਆਪਸ ਵਿੱਚ ਲੜਨ ਲਈ ਅਸੀਂ ਕਾਫ਼ੀ ਮੁਹਾਰਤੀ ਹੋ ਗਏ ਹਾਂ। ਨਿੱਤ ਸਰਬੱਤ ਦੀ ਅਰਦਾਸ ਦਾ ਹੋਕਾ ਦੇਣ ਵਾਲੇ ਲੋਕ ਜਾਤਾਂ, ਟੱਬਰਾਂ, ਭਾਸ਼ਾਵਾਂ, ਨਸਲਾਂ, ਕੌਮਾਂ, ਪਰਿਵਾਰਾਂ ਤੇ ਧੜਿਆਂ ਵਿੱਚ ਪੂਰੀ ਤਰਤੀਬ ਤੇ ਤਾਕਤ ਨਾਲ ਵੰਡੇ ਗਏ ਹਾਂ। ਸਿਰਫ਼ ਇਹ ਕਹਿਣ  ਨਾਲ ਨਹੀਂ ਸਰਨਾ ਕਿ ਸਾਡੀ ਮਾਂ-ਬੋਲੀ, ਗੁਰੂਆਂ, ਭਗਤਾਂ, ਫ਼ਕੀਰਾਂ ਦੀ ਸਰਬਸਾਂਝੀ ਤੇ ਸਦਭਾਵੀ ਕਲਮ ਵਿੱਚੋਂ ਪੈਦਾ ਹੋਈ ਹੈ, ਇਸ ਲਈ ਇਸ ਨੇ ਮਰਨਾ ਨਹੀਂ। ਅਜਿਹੇ ਦਾਅਵੇ ਤੇ ਦਲੀਲਾਂ ਹੁਣ ਬੇਦਮ ਹੋ ਗਈਆਂ ਹਨ। ਕਿਰਦਾਰ, ਕਰਮ ਤੇ ਕਾਬਲੀਅਤ ਬਿਨਾਂ ਨਵੀਆਂ ਪੀੜ੍ਹੀਆਂ  ਨੇ ਸਾਡੇ ਆਸ਼ਕ ਨਹੀਂ ਬਣਨਾ। ਜਦੋਂ ਬੰਦੇ ਕੋਲ ਸੂਰਬੀਰਤਾ ਤੇ ਸੰਵੇਦਨਾ ਨਾ ਰਹੇ ਉਦੋਂ ਬੰਦਾ ਸ਼ਹੀਦੀਆਂ ਤੇ ਸ਼ਹਾਦਤਾਂ ਦੇ ਨਾਂ ‘ਤੇ ਸਿਆਸਤ ਕਰਨ ਲੱਗ ਪੈਂਦਾ ਹੈ। ਸਾਡੇ ਬੋਲਣ ਤੇ ਲਿਖਣ ਦੀ ਆਜ਼ਾਦੀ ਨੂੰ ਧਮਕੀਆਂ ਮਿਲ ਰਹੀਆਂ ਹਨ। ਸਾਡੀ ਆਵਾਜ਼ ਨੀਵੀਂ ਤੇ ਨਿਰਜਿੰਦ ਹੋ ਗਈ ਹੈ। ਕਮਦਿਲ ਤੇ ਕਮਜ਼ੋਰ ਆਵਾਜ਼ਾਂ ਸਮੂਹ ਆਵਾਜ਼ ਬਣ ਕੇ ਪੂਰੇ ਵਜ਼ਨ ਤੇ ਵਫ਼ਾਦਾਰੀ ਨਾਲ ਆਪਣੇ ਹੱਕ ਨਹੀਂ ਮੰਗ ਰਹੀਆਂ। ਮਾਂ-ਬੋਲੀ ਲਈ ਉੱਠਣ ਵਾਲੀਆਂ ਆਵਾਜ਼ਾਂ ਪੂਰੇ ਆਵਾਮ ਦੀ ਤਕੜੀ ਤੇ ਤਿੱਖੀ ਸ਼ਮੂਲੀਅਤ ਤੇ ਸਨੇਹ ਨਾਲ ਬਲਸ਼ਾਲੀ ਹੋਣੀਆਂ ਚਾਹੀਦੀਆਂ ਹਨ।
ਇਸ ਸਭ ਕਾਸੇ ਬਾਰੇ ਵੱਖ ਵੱਖ ਧੜਿਆਂ ਤੇ ਧਾਰਨਾਵਾਂ ਦਾ ਸ਼ੋਰਵੰਤ ਸੰਵਾਦ ਬਾਦਸਤੂਰ ਜਾਰੀ  ਹੈ, ਪਰ ਪੰਜਾਬ ਦੀਆਂ ਅਵਾਜ਼ਾਰ ਤੇ ਆਤੁਰ ਪ੍ਰਸਥਿਤੀਆਂ ਨੂੰ ਵੱਡੀ ਰਚਨਾਤਮਿਕ ਕਰਵਟ ਵਿੱਚ ਤਬਦੀਲ ਕਰਨ ਲਈ ਸੰਭਾਵੀ ਤੇ ਸੁਭਾਵਿਕ ਹੌਸਲਾ ਤੇ ਹਰਕਤ ਗ਼ੈਰਹਾਜ਼ਰ ਹੈ। ਨਾਵਾਂ ਤੇ ਥਾਵਾਂ ਨਾਲ ਜੁੜੀਆਂ ਤਹਿਰੀਕਾਂ ਤੇ ਤਰੰਗਾਂ ਨੂੰ ਬੇਦਲੀਲੇ ਢੰਗ ਨਾਲ ਬਦਲਣ ਦਾ ਜਬਰ ਵੀ ਆਰੰਭ ਹੋ ਗਿਆ ਹੈ। ਅਸਹਿਣਸ਼ੀਲਤਾ ਦਾ ਵਕਤ ਨੂੰ ਗੂੰਗਾ ਤੇ ਗ਼ੁਲਾਮ ਕਰਨ ਦਾ ਹੌਸਲਾ ਵਧਦਾ ਜਾ ਰਿਹਾ ਹੈ। ਬੋਲਣ ਤੇ ਸੁਣਨ ਵਾਲੇ ਥੋੜ੍ਹੇ ਤੇ ਦੇਖਣ ਵਾਲੇ ਬਹੁਤੇ ਰਹਿ ਗਏ ਹਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਕੇਂਦਰ ਦੀ ਤਰਜੀਹ ਕਦੇ ਵੀ ਨੇਕ ਨਹੀਂ ਰਹੀ। ਉਸ ਦੀਆਂ ਨੀਤੀਆਂ ਤੇ ਨੀਅਤ ਹਮੇਸ਼ਾਂ ਪੰਜਾਬ ਤੇ ਪੰਜਾਬੀ ਦੀ ਸ਼ਨਾਖ਼ਤ ਤੇ ਸੀਰਤ ਨੂੰ ਮਸਲਣ ਤੇ ਮਰੋੜਨ ਦੀ ਰਹੀ ਹੈ। ਪੰਜਾਬੀਆਂ ਕੋਲ ਆਪਣੀ ਸ਼ਨਾਖ਼ਤ ਤੇ ਸਨਦ ਲਈ ਲੜਨ ਵਾਸਤੇ ਦਿਆਨਤਦਾਰੀ ਤੇ ਦੂਰਦ੍ਰਿਸ਼ਟ ਅਗਵਾਈ ਦੀ ਘਾਟ ਹੈ। ਵੱਖ ਵੱਖ ਧਿਰਾਂ ਦੇ ਨੇਤਾ ਲੋਕ ਆਪਣੇ ਆਪਣੇ ਹਿੱਤਾਂ ਲਈ ਵਿਕਦੇ ਤੇ ਵਿਚਲਿਤ ਹੁੰਦੇ ਆਏ ਹਨ। ਇਨ੍ਹਾਂ ਦਾ ਢਿੱਡ ਭਰਨ ਵਿੱਚ ਨਹੀਂ ਆਉਂਦਾ। ਮੂਰਤਾਂ ਤੇ ਸੂਰਤਾਂ ਲਈ ਰੀਝਣ ਤੇ ਪਸੀਜਣ ਵਾਲੇ ਲੋਕਾਂ ਕੋਲ ਆਵਾਮ ਦੇ ਹੱਕਾਂ ਲਈ ਲੜਨ ਵਾਸਤੇ ਬਹਾਦਰੀ ਤੇ ਬੁਲੰਦੀ ਖ਼ਤਮ ਹੋ ਜਾਂਦੀ ਹੈ। ਦੇਹ ਤੇ ਦਿਖਾਵਟ ਦੇ ਪੱਖ ਤੋਂ ਹੋਇਆ ਵਾਧਾ ਤੇ ਵਿਕਾਸ ਦਿਲ ਪਰਚਾਉਣ ਲਈ ਕਾਫ਼ੀ ਹੁੰਦਾ ਹੈ।
ਪੰਜਾਬ ਦਾ ਪ੍ਰਸ਼ਾਸਕੀ ਲਾਣਾ ਸੁਹਿਰਦ ਤੇ ਸੁਪਨਸ਼ੀਲ ਨਹੀਂ। ਕੁਰਸੀਆਂ ‘ਚ ਚਿਣੀ ਹੋਈ ਇਸ ਤਾਕਤਵਰ ਤੇ ਤਾਨਾਸ਼ਾਹ ਜਮਾਤ ਨੇ ਫਾਈਲ-ਵਰਕ ਦਾ ਡਸਟਬਿਨ ਖ਼ਜ਼ਾਨਾ ਵਧਾਉਣ ਦਾ ਮੁਹਾਰਤੀ ਕਿੱਤਾ ਸੰਭਾਲਿਆ ਹੋਇਆ ਹੈ। ਜ਼ਾਤਾਂ ਦੇ ਧੜਿਆਂ ‘ਚ ਵੰਡੀਆਂ ਹੋਈਆਂ ਵੱਡੀਆਂ ਕੁਰਸੀਆਂ ਫਾਈਲਾਂ ਨੂੰ ਵੀ ਪੰਜਾਬੀ ਨਹੀਂ ਹੋਣ ਦਿੰਦੀਆਂ। ਪੰਜਾਬੀ ਹੋਣਾ ਮਹਿਜ਼ ਨਾਅਰਾ ਤੇ ਨਾਮ ਬਣ ਗਿਆ ਹੈ। ਆਪਣੀਆਂ ਗੱਦੀਆਂ ਨੂੰ ਸੁਰੱਖਿਅਤ ਰੱਖਣ ਤੇ ਆਪਣੇ ਢਿੱਡਾਂ ਨੂੰ ਭਰਨ ਦੇ ਲਾਲਚ ਤੇ ਲੋੜਾਂ ਹਿੱਤ ਸੱਤਾਧਾਰੀ ਲੋਕਾਂ ਤੇ ਪ੍ਰਸ਼ਾਸਕੀ ਕੁਰਸੀਆਂ ਨੇ ਆਪਸ ਵਿੱਚ ਮਤਲਬੀ ਤੇ ਮੌਕਾਪ੍ਰਸਤ ਸਾਂਝ ਤੇ ਭਾਈਵਾਲੀ ਪਾਈ ਹੋਈ ਹੈ। ਪੰਜਾਬ ਦੇ ਤਮਾਮ ਮਸਲਿਆਂ ਨੂੰ ਅੰਕੜਿਆਂ ਤੇ ਦਾਅਵਿਆਂ ਦੇ ਅੱਖੀਂ ਘੱਟਾ ਪਾਊ ਮੁਹਾਜ਼ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਦੋਹਾਂ ਧਿਰਾਂ ਦਾ ਸਵੈ-ਸਾਂਝਾ ਤੇ ਸੁਚੇਤ ਮੁਹਾਜ਼ ਨਿੱਜੀ ਪ੍ਰਭੂਸਤਾ ਦਾ ਹਮਾਇਤੀ ਹੈ। ਨਿੱਜੀ ਪ੍ਰਭੂਸਤਾ ਨੇ ਪਾਠਾਂ, ਪਾਠਸ਼ਾਲਾਵਾਂ ਤੇ ਪਾਪਾਂ ਨੂੰ ਲੋਟੂ ਵਪਾਰ-ਘਰਾਂ ਦਾ ਰੂਪ ਦੇ ਦਿੱਤਾ ਹੈ। ਵਪਾਰੀਆਂ ਦੇ ਢਿੱਡ ਨੇਕੀਆਂ, ਨੇਕਨੀਅਤਾਂ ਤੇ ਨੇਕਕਰਮਾਂ ਨਾਲ ਨਹੀਂ ਭਰਦੇ। ਅਜਿਹੇ ਤ੍ਰਾਸਦਿਕ ਤੇ ਤਿਲਕਵੇਂ ਸਮਿਆਂ ਵਿੱਚ ਮਾਂ-ਬੋਲੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨੀ ਸ਼ੁਭ ਸ਼ਗਨ ਤੇ ਸੁਨੇਹਾ ਹੈ। ਸਾਨੂੰ ਪਰ ਥੋੜ੍ਹੇ-ਥੋੜ੍ਹੇ ਦੁੱਧ ਧੋਤੇ ਹੋਣ ਦੀ ਲੋੜ ਹੈ। ਫੋਕੇ ਦਾਅਵਿਆਂ ਤੇ ਦਿਖਾਵਿਆਂ ਦੇ ਫੋਟੋ-ਸ਼ੋਆਂ ਨਾਲ ਦੁਕਾਨਾਂ ਤਾਂ ਚੱਲਦੀਆਂ ਰਹਿਣਗੀਆਂ, ਪਰ ਪੰਜਾਬੀ ਬੋਲੀ ਦਾ ਕੁਝ ਸੰਵਰਨਾ ਨਹੀਂ। ਪ੍ਰਮਾਣਿਕ ਤੇ ਪਾਕ ਕਾਰਜਾਂ ਨਾਲ ਪੰਜਾਬੀ ਬੋਲੀ ਦਾ ਰੁਤਬਾ ਤੇ ਰੋਅਬ ਉੱਚਾ ਕਰਨ ਦੀ ਲੋੜ ਹੈ। ਚੰਗੀਆਂ ਤੇ ਮਿਆਰੀ ਕਿਤਾਬਾਂ, ਫ਼ਿਲਮਾਂ, ਨਾਟਕਾਂ ਤੇ ਪੇਸ਼ਕਾਰੀਆਂ ਦੀ ਘਾਟ ਰੜਕਦੀ ਹੈ। ਅਸ਼ਲੀਲ ਗੀਤਾਂ ਦੇ ਬਹਾਨੇ ਪੰਜਾਬੀ ਬੋਲੀ ਨਾਲ ਹੋ ਰਿਹਾ ਖ਼ੇਹ ਖਿਲਵਾੜ ਕਿੰਨਾ ਕੁ ਚਿਰ ਬਰਦਾਸ਼ਤ ਕਰੀ ਜਾਵਾਂਗੇ। ਚੈਨਲਾਂ ਉਪਰ ਵੱਖ ਵੱਖ ਪ੍ਰੋਗਰਾਮ ਪੇਸ਼ ਕਰ ਰਹੇ ਐਂਕਰ ਗ਼ਲਤ ਉਚਾਰਣ ਤੇ ਪੁੱਠੀਆਂ ਸਿੱਧੀਆਂ ਹਰਕਤਾਂ ਨਾਲ ਪੰਜਾਬੀ ਬੋਲੀ ਦੀ ਨਾਕਾਰਾਤਮਕ ਸੇਵਾ ਕਰ ਰਹੇ ਹਨ। ਪੈਸੇ ਵੱਟੇ ਤਨ ਤੇ ਤਹਿਰੀਕਾਂ ਵੇਚਣ ਲਈ ਪੰਜਾਬੀ ਸਭ  ਤੋਂ ਮੋਹਰੀ ਹਨ। ਪੰਜਾਬੀ ਬੋਲੀ ਨੂੰ ਤਰਜੀਹ ਤੇ ਤਾਕਤ ਮਿਲਣੀ ਚਾਹੀਦੀ ਹੈ। ਪੰਜਾਬੀ ਠੀਕ ਬੋਲਣ ਤੇ ਲਿਖਣ ਦੀ ਜਾਚ ਸਾਨੂੰ ਕੌਣ ਸਿਖਾਵੇਗਾ? ਵਿੰਗੇ-ਟੇਢੇ ਮੂੰਹ ਬਣਾ ਕੇ ਪੰਜਾਬੀ ਬੋਲਣ ਵਾਲੀਆਂ ਸਾਡੀਆਂ ਧੀਆਂ ਡਾਢੀਆਂ ਅਸੱਭਿਅਕ ਲੱਗਦੀਆਂ ਹਨ। ਰੋਟੀ ਲਈ ਕੀਤੇ ਜਾ ਰਹੇ ਨਾਚ ਪੰਜਾਬ ਲਈ ਵੱਡੀ ਚੁਣੌਤੀ ਬਣੇ ਹੋਏ ਹਨ। ਸ਼ਰਮ, ਸ਼ਾਇਸਤਗੀ ਤੇ ਸ਼ਰਾਫ਼ਤ ਸਾਡੀਆਂ ਗੁੜ੍ਹਤੀਆਂ ਵਿੱਚੋਂ ਲੋਪ ਹੋ ਗਈ ਹੈ। ਰੋਟੀ ਖਾਤਰ ਲਿਫਣ ਤੇ ਲਿਬੜਨ ਨਾਲੋਂ ਸੰਘਰਸ਼ ਤੇ ਸਾਦਗੀ ਕਿਤੇ ਚੰਗੀ ਹੈ।
ਅਜਿਹੇ ਉਦਾਸ ਸਮਿਆਂ ਵਿੱਚ ਹਾਅ ਦਾ ਨਾਅਰਾ ਮਾਰਨ ਵਾਲਾ ਹਰ ਸ਼ਖ਼ਸ ਤੇ ਸੰਸਥਾ ਵਧਾਈ ਦੀ ਪਾਤਰ ਹੈ। ਅੱਖਰ ਬੀਜਣੇ ਤੇ ਸੁਪਨੇ ਉਗਾਉਣੇ ਪੁੰਨ ਦਾ ਕਾਰਜ ਹਨ। ਅਜਿਹੇ ਕਾਰਜਾਂ ਲਈ ਸੁਭਾਵਿਕ ਤੇ ਸੁਖਾਵੇਂ ਮਾਹੌਲ ਲਈ ਯਤਨ ਕਰਨੇ ਚਾਹੀਦੇ ਹਨ। ਚੰਗੇ ਅਧਿਆਪਕ ਤੇ ਚੰਗੇ ਮਾਪੇ ਹੀ ਮਾਂ-ਬੋਲੀ ਦੀ ਰਾਖੀ ਤੇ ਰੂਹ ਦੇ ਮੁੱਲਵਾਨ ਤੇ ਮੋਢੀ ਪਹਿਰੇਦਾਰ ਹਨ। ਬੱਚਿਆਂ ਨੂੰ ਪਦਾਰਥਾਂ ਦੀ ਥਾਂ ਅੱਖਰਾਂ ਲਈ ਉਤੇਜਿਤ ਕਰਨਾ ਸਾਡੀ ਪਹਿਲੀ ਪਹਿਲ ਹੋਣੀ ਚਾਹੀਦੀ ਹੈ:
ਆਓ ਬੀਜੀਏ ਘਰ-ਘਰ ਅੰਦਰ ਮਾਂ ਅੱਖਰਾਂ ਦੀ  ਦਾਬਾਂ
ਅੱਖਰਾਂ ਦੀ ਕੁੱਖ ਵਿੱਚੋਂ ਉੱਗਦੇ ਵੇਦ ਗ੍ਰੰਥ, ਕਿਤਾਬਾਂ।