ਗੁਰਦੁਆਰਿਆਂ ਵਿੱਚ ਭਾਰੂ ਹੋਇਆ ਪ੍ਰਬੰਧਕੀ ਆਤੰਕ

ਗੁਰਦੁਆਰਿਆਂ ਵਿੱਚ ਭਾਰੂ ਹੋਇਆ ਪ੍ਰਬੰਧਕੀ ਆਤੰਕ

ਬਲਕਾਰ ਸਿੰਘ (ਪ੍ਰੋ.)
ਸੰਪਰਕ : 93163-01328

ਇਸੇ ਮਹੀਨੇ ਮੈਂ ਆਪਣੇ ਇੱਕ ਮਿੱਤਰ ਦੀ ਪਤਨੀ ਦੇ ਭੋਗ ‘ਤੇ ਸਿੰਘ ਸਭਾ ਗੁਰਦੁਆਰਾ ਮਾਲ ਰੋਡ ਪਟਿਆਲਾ ਗਿਆ ਤਾਂ ਵੇਖਿਆ ਕਿ ਵੱਡੀ ਗਿਣਤੀ 70ਵਿਆਂ ਤੋਂ ਟੱਪਿਆਂ ਹੋਇਆਂ ਦੀ ਸੀ। ਮੇਰਾ ਮਿੱਤਰ ਆਪ ਲਕਵੇ ਦਾ ਝੰਬਿਆ ਹੋਇਆ ਹੈ ਅਤੇ ਬਾਹਰ ਹੀ ਕੁਰਸੀ ‘ਤੇ ਬੈਠਾ ਆਉਣ ਵਾਲਿਆਂ ਨੂੰ ਮਿਲ ਰਿਹਾ ਸੀ। ਉਸ ਨੂੰ ਤੁਰਨ ਵਾਸਤੇ ਇੱਕ ਬੰਦੇ ਦਾ ਸਹਾਰਾ ਲੈਣਾ ਪੈਂਦਾ ਹੈ। ਮੈਂ ਵੀ ਮੱਥਾ ਟੇਕ ਕੇ ਉਸ ਕੋਲ ਹੀ ਆ ਗਿਆ। ਉਸ ਦੇ ਧੀ-ਜਵਾਈ ਅਤੇ ਨੂੰਹ-ਪੁੱਤ ਕੈਨੇਡਾ ਤੋਂ ਉਚੇਚੇ ਆਏ ਹੋਏ ਸਨ ਅਤੇ ਸਾਰੇ ਪ੍ਰਬੰਧ ਦੀ ਦੇਖ ਭਾਲ ਕਰ ਰਹੇ ਸਨ। ਚਾਹ ਪਾਣੀ ਅਤੇ ਕੁਰਸੀਆਂ ਦਾ ਸ਼ਾਮਿਆਨੇ ਸਮੇਤ ਚੰਗਾ ਪ੍ਰਬੰਧ ਸੀ ਅਤੇ ਜੋ ਥੱਲੇ ਨਹੀਂ ਬੈਠ ਸਕਦੇ ਸਨ, ਉਹ ਬਾਹਰ ਹੀ ਬੈਠੇ ਹੋਏ ਸਨ। ਭੋਗ ਪੈਣ ਦੇ ਨੇੜੇ ਪ੍ਰੋ. ਸਿੱਧੂ ਨੂੰ ਪੁੱਛਿਆ ਗਿਆ ਕਿ ਉਹ ਅਰਦਾਸ ਮੌਕੇ ਅੰਦਰ ਜਾਣਾ ਚਾਹੁੰਦੇ ਹਨ? ਉਸ ਦਾ ਉੱਤਰ ਸੀ ਕਿ ਗੁਰੂ ਕੋਲ ਹਾਜ਼ਰੀ ਤਾਂ ਲੁਆਉਣੀ ਹੀ ਹੈ ਕਿਉਂਕਿ ਉਸੇ ਦੇ ਆਸਰੇ ਤਾਂ ਤੁਰੇ ਫਿਰਦੇ ਹਾਂ। ਮੈਨੂੰ ਉਸ ਦਾ ਜਜ਼ਬਾ ਬੜਾ ਚੰਗਾ ਲੱਗਿਆ। ਉਸ ਤੋਂ ਪਹਿਲਾਂ ਮੇਰੇ ਵਰਗਾ ਇੱਕ ਹੋਰ ਮੈਨੂੰ ਕਹਿ ਚੁੱਕਾ ਸੀ ਕਿ ਮੈਂ ਮੱਥਾ ਟੇਕਕੇ ਸਿੱਧਾ ਬਾਹਰ ਆ ਗਿਆ ਕਿਉਂਕਿ ਜੇ ਬੈਠਦਾ ਤਾਂ ਉਠਿਆ ਨਹੀਂ ਜਾਣਾ ਸੀ। ਉਸ ਦੀ ਪਤਨੀ ਗੋਡਿਆਂ ਕਰਕੇ ਮੱਥਾ ਟੇਕਣ ਵੀ ਨਹੀਂ ਜਾ ਸਕੀ ਸੀ ਕਿਉਂਕਿ ਉਸ ਨੂੰ ਡਾਕਟਰਾਂ ਨੇ ਪੌੜੀਆਂ ਚੜ੍ਹਨ ਤੋਂ ਮਨ੍ਹਾਂ ਕੀਤਾ ਹੋਇਆ ਸੀ। ਫ਼ੈਸਲਾ ਇਹ ਹੋਇਆ ਕਿ ਕੁਝ ਕੁਰਸੀਆਂ ਦਾ ਪ੍ਰਬੰਧ ਕਰ ਲਿਆ ਜਾਵੇ। ਹਾਲਾਂਕਿ ਪਹਿਲਾਂ ਕੁਰਸੀਆਂ ਹੁੰਦੀਆਂ ਸਨ, ਪਰ ਅੱਜ ਨਹੀਂ ਸਨ।
ਬਾਹਰ ਬੈਠੇ ਬਜ਼ੁਰਗਾਂ ਵਿੱਚ ਇਹ ਚਰਚਾ ਚੱਲਦੀ ਰਹੀ ਕਿ ਗੁਰਦੁਆਰਿਆਂ ਵਿੱਚ ਸ਼ਰਧਾਵਾਨਾਂ ਦੀਆਂ ਸਰੀਰਿਕ ਮਜਬੂਰੀਆਂ ਨਾਲ ਨਿਭ ਸਕਣ ਦੀ ਉਸ ਤਰ੍ਹਾਂ ਕੋਈ ਵਿਵਸਥਾ ਨਹੀਂ ਹੈ ਜਿਸ ਨਾਲ ਸ਼ਰਧਾਵਾਨ ਦੀ ਸ਼ਰਧਾ ਵਿੱਚ ਰੁਕਾਵਟ ਨਾ ਪੈਂਦੀ ਹੋਵੇ। ਇਹ ਸਵਾਲ ਵੀ ਉਠਾਇਆ ਗਿਆ ਕਿ ਬਾਣੀ ਨਾਲੋਂ ਰਹਿਤ ਮਰਿਆਦਾ ਨੂੰ ਵੱਧ ਮਾਨਤਾ ਦੇਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਰਸੀ ਹੋਈ ਸਿੱਖ ਚੇਤਨਾ ਵਾਲੇ ਇਹ ਵੀ ਕਹਿ ਰਹੇ ਸਨ ਕਿ ਧਰਮ ‘ਤੇ ਸਿਆਸਤ ਦਾ ਕਬਜ਼ਾ ਹੋਣ ਨਾਲ ਹੀ ਇਹੋ ਜਿਹੇ ਵਰਤਾਰਿਆਂ ਦਾ ਬੋਲਬਾਲਾ ਹੁੰਦਾ ਜਾ ਰਿਹਾ ਹੈ। ਇੱਕ ਬਜ਼ੁਰਗ ਦਾ ਵਿਚਾਰ ਸੀ ਕਿ ੴ ਨਾਲੋਂ ਖੰਡੇ ਨੂੰ ਪਹਿਲ ਦਿੱਤੀ ਜਾਣ ਲੱਗੀ ਹੈ। ਸਵਾਲਾਂ ਦਾ ਇਹ ਵਹਿਣ ਬਿਨਾਂ ਜਵਾਬਾਂ ਤੋਂ ਸਿੱਖੀ ਦੀ ਵਰਤਮਾਨ ਦਸ਼ਾ ਅਤੇ ਦਿਸ਼ਾ ਦੀ ਵਿਆਖਿਆ ਲੱਗ ਰਿਹਾ ਸੀ।
ਜਦੋਂ ਮੇਰੇ ਮਿੱਤਰ ਨੂੰ ਸਹਾਰੇ ਨਾਲ ਅਰਦਾਸ ਵਿੱਚ ਸ਼ਾਮਲ ਹੋਣ ਲਈ ਲੈ ਜਾਣ ਵਾਸਤੇ ਤਿਆਰੀ ਸ਼ੁਰੂ ਹੋਈ ਤਾਂ ਚਾਰ ਪੰਜ ਕੁਰਸੀਆਂ ਅੰਦਰ ਉਸ ਥਾਂ ‘ਤੇ ਰੱਖ ਲਈਆਂ ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਿੱਚ ਫ਼ਰਕ ਨਾ ਪੈਂਦਾ ਹੋਵੇ। ਮੈਂ ਅਜੇ ਕੁਰਸੀ ‘ਤੇ ਬੈਠਾ ਹੀ ਸੀ ਕਿ ਇੱਕ ਗੁਰਸਿੱਖ ਮੁਲਾਜ਼ਮ ਕੁਰਸੀਆਂ ਬਾਹਰ ਕੱਢਣ ਦਾ ਹੁਕਮ ਜਿਸ ਤਰ੍ਹਾਂ ਸੁਣਾ ਰਿਹਾ ਸੀ, ਉਸ ਨਾਲ ਲੱਗ ਰਿਹਾ ਸੀ ਕਿ ਇੱਕ ਮਰਿਆਦਾ ਦੀ ਪਾਲਣਾ ਵਾਸਤੇ ਇੱਕ ਮਰਿਆਦਾ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ। ਮੇਰੇ ਅੰਦਰਲਾ ਪ੍ਰੋਫੈਸਰ ਹਰਕਤ ਵਿੱਚ ਆ ਗਿਆ ਕਿਉਂਕਿ ਮੈਨੂੰ ਲੱਗਿਆ ਕਿ ਇਸ ਨੌਜਵਾਨ ਨੂੰ ਮੇਰੇ ਜਿੰਨਾ ਮਰਿਆਦਾ ਦਾ ਪਤਾ ਨਹੀਂ ਹੈ। ਕੁਰਸੀ ਤੋਂ ਉੱਠਣ ਦਾ ਹੁਕਮ ਸੁਣਕੇ ਮੈਂ ਉਸ ਦੀ ਬਾਂਹ ਫੜਕੇ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉਹ ਹੋਰ ਵੀ ਉੱਚੀ ਸੁਰ ਵਿੱਚ ਕਹਿਣ ਲੱਗਾ ਕਿ ਪਹਿਲਾਂ ਬਾਂਹ ਛੱਡ। ਮੈਂ ਇਹ ਵੀ ਨਾ ਕਹਿ ਸਕਿਆ ਕਿ ਬਾਂਹ ਤਾਂ ਪੁੱਤਰਾ ਮੈਂ ਇਸ ਕਰਕੇ ਫੜੀ ਹੈ ਕਿਉਂਕਿ ਮੈਨੂੰ ਆਸਰੇ ਦੀ ਲੋੜ ਹੈ। ਇੰਨੇ ਵਿੱਚ ਇੱਕ ਹਿੰਦੂ ਪ੍ਰੋਫੈਸਰ ਆ ਗਿਆ ਅਤੇ ਉਸ ਨੂੰ ਸਮਝਾਉਣ ਲੱਗਾ ਕਿ ਪ੍ਰੋਫੈਸਰ ਸਾਹਿਬ ਦੀ ਬਾਈਪਾਸ ਸਰਜਰੀ ਹੋਈ ਹੈ ਅਤੇ ਇਹ ਭੁੰਜੇ ਨਹੀਂ ਬੈਠ ਸਕਦਾ। ਗੱਲ ਨੂੰ ਵਧਣ ਤੋਂ ਰੋਕਣ ਲਈ ਮੈਂ ਕਿਹਾ ਕਿ ਮੈਨੂੰ ਆਪਣਾ ਫਿਕਰ ਨਹੀਂ ਹੈ, ਪਰ ਮੇਰੇ ਮਿੱਤਰ ਦਾ ਕੀ ਬਣੇਗਾ ਕਿਉਂਕਿ ਉਹ ਤਾਂ ਬਿਨਾਂ ਆਸਰੇ ਖਲੋ ਵੀ ਨਹੀਂ ਸਕਦਾ। ਕੁਰਸੀਆਂ ਚੁੱਕ ਦਿੱਤੀਆਂ ਗਈਆਂ ਤੇ ਮੈਂ ਇਹ ਵੇਖਣ ਲਈ ਬੈਠ ਗਿਆ ਕਿ ਵੇਖਾਂ ਮੇਰੇ ਮਿੱਤਰ ਦਾ ਕੀ ਬਣਦਾ ਹੈ? ਮੇਰੇ ਕੋਲੋਂ ਬੈਠਿਆ ਨਹੀਂ ਗਿਆ ਅਤੇ ਮੈਨੂੰ ਬਾਹਰ ਆਉਣਾ ਪਿਆ। ਅੱਗੇ ਮੇਰੇ ਨਾਲੋਂ ਉਮਰ ਵਿੱਚ ਬਹੁਤ ਛੋਟਾ ਸਥਾਪਿਤ ਸਰਜਨ ਬੈਠਾ ਸੀ ਕਿਉਂਕਿ ਉਸ ਨੂੰ ਰੀੜ੍ਹ ਦੀ ਤਕਲੀਫ਼ ਨਾਲ ਜੂਝਣਾ ਪੈ ਰਿਹਾ ਸੀ। ਅਰਦਾਸ ਉਪਰੰਤ ਸਰਜਨ ਦੀ ਪਤਨੀ ਡਾ. ਸਾਹਿਬ ਲਈ ਪ੍ਰਸ਼ਾਦ ਲੈ ਕੇ ਆਈ ਅਤੇ ਉਹੀ ਅਸੀਂ ਸਾਰਿਆਂ ਨੇ ਕਿਣਕਾ ਕਿਣਕਾ ਵੰਡ ਕੇ ਛਕਿਆ।
ਭੋਗ ਉਪਰੰਤ ਲੰਗਰ ਤਾਂ ਭੋਗ ਵਾਲੇ ਕਾਰਡਾਂ ਵਿੱਚ ਹੀ ਲਿਖਿਆ ਹੁੰਦਾ ਹੈ ਅਤੇ ਸਾਹਮਣੇ ਬੋਰਡ ਵੀ ਲੱਗਾ ਹੋਇਆ ਸੀ ‘ਲੰਗਰ ਦਾ ਰਸਤਾ’। ਸਾਰਾ ਪ੍ਰਬੰਧ ਬੈਰਿਆਂ ਕੋਲ ਸੀ ਅਤੇ ਪ੍ਰਬੰਧ ਵੀ ਬਹੁਤ ਵਧੀਆ ਕੀਤਾ ਹੋਇਆ ਸੀ। ਜਿਹੜੀਆਂ ਕੁਰਸੀਆਂ ਲੰਗਰ ਹਾਲ ਵਿੱਚ ਇੱਕ ਪਾਸੇ ਰੱਖੀਆਂ ਹੋਈਆਂ ਸਨ, ਉਹੀ ਕੁਰਸੀਆਂ ਕਿਸੇ ਵੇਲੇ ਗੁਰਦੁਆਰੇ ਦੇ ਅੰਦਰ ਰੱਖੀਆਂ ਹੁੰਦੀਆਂ ਸਨ। ਕੌਣ ਕਿਸ ਤੋਂ ਪੁੱਛੇ ਕਿ ਜੋ ਸੰਗਤ ਨੇ ਪਕਾਇਆ ਨਹੀਂ ਅਤੇ ਸੰਗਤ ਨੇ ਵਰਤਾਇਆ ਨਹੀਂ, ਉਹ ਲੰਗਰ ਕਿਵੇਂ ਹੋਇਆ? ਆਸਥਾ ਦੇ ਖੇਤਰ ਵਿੱਚ ਜਿਸ ਤਰ੍ਹਾਂ ਦਾ ਵਰਤਾਰਾ ਆਮ ਹੁੰਦਾ ਜਾ ਰਿਹਾ ਹੈ, ਉਸ ਨਾਲ ਧਰਮ ਦੇ ਕੋਮਲ ਪਹਿਲੂ ਗੁੰਮ ਹੁੰਦੇ ਜਾ ਰਹੇ ਹਨ ਅਤੇ ਪ੍ਰਬੰਧਕੀ ਆਤੰਕ ਦਾ ਬੋਲਬਾਲਾ ਹੁੰਦਾ ਜਾ ਰਿਹਾ ਹੈ।
ਕਿਸੇ ਵੇਲੇ ਸਿੱਖਾਂ ਕੋਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਸੰਸਥਾਵਾਂ ਸਨ, ਪਰ ਉਹ ਵੀ ਇਸ ਵੇਲੇ ਪ੍ਰਬੰਧਕੀ-ਅਪਹਰਣ ਦਾ ਸ਼ਿਕਾਰ ਹੋ ਗਈਆਂ ਹਨ। ਇਸੇ ਦਾ ਸਿੱਟਾ ਹੈ ਕਿ ਬਾਣੀ ਦੇ ਆਧਾਰ ‘ਤੇ ਪੈਦਾ ਹੋਇਆ ਆਮ ਬੰਦੇ ਵਾਲਾ ਸਿੱਖ ਧਰਮ, ਖ਼ਾਸ ਬੰਦਿਆਂ ਦੀ ਸਿਆਸਤ ਵਾਲਾ ਸਿੱਖ ਧਰਮ ਹੁੰਦਾ ਜਾ ਰਿਹਾ ਹੈ। ਇਸ ਵਿੱਚੋਂ ਨਿਕਲਣ ਵਾਸਤੇ ਲੋੜੀਂਦੀ ਚੇਤਨਾ ਲਹਿਰ ਨੂੰ ਧਰਮ ਪ੍ਰਚਾਰ ਦੇ ਨਾਮ ਹੇਠ ਦਬਾਉਣ ਦੀ ਪ੍ਰਬੰਧਕੀ-ਸਿਆਸਤ ਰੁਕਦੀ ਨਜ਼ਰ ਨਹੀਂ ਆਉਂਦੀ ਕਿਉਂਕਿ ‘ਮੈਂ ਗੁਰੂ ਦਾ ਹਾਂ’ ਵਾਲੀ ਸਿੱਖ ਲਹਿਰ, ‘ਗੁਰੂ ਮੇਰਾ ਹੈ’ ਦੀ ਪੰਥਕ-ਸਿਆਸਤ ਸਮਝੀ ਜਾਣ ਲੱਗੀ ਹੈ। ਇਸੇ ਦਾ ਸਿੱਟਾ ਹੈ ਕਿ ਗੁਰਦੁਆਰਿਆਂ ਵਿੱਚ ਵੀ ਹਲੀਮ ਨੈਤਿਕਤਾ ਦੀ ਥਾਂ ‘ਤੇ ਪ੍ਰਬੰਧਕੀ ਆਤੰਕ ਭਾਰੂ ਹੁੰਦਾ ਜਾ ਰਿਹਾ ਹੈ।