ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਂ ਰਵੀਸ਼ ਕੁਮਾਰ ਦੀ ਚਿੱਠੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਂ ਰਵੀਸ਼ ਕੁਮਾਰ ਦੀ ਚਿੱਠੀ

ਦੁੱਖ ਦੀ ਗੱਲ ਹੈ ਕਿ ਮਾੜੀ ਭਾਸ਼ਾ ਅਤੇ ਧਮਕੀ ਦੇਣ ਵਾਲੇ ਕੁੱਝ ਲੋਕਾਂ ਨੂੰ ਤੁਸੀਂ ਟਵਿਟਰ ‘ਤੇ ਫਾਲੋ ਕਰਦੇ ਹੋ। ਜਨਤਕ ਤੌਰ ‘ਤੇ ਵਿਖਾਈ ਦੇਣ ਅਤੇ ਵਿਵਾਦ ਹੋਣ ਤੋਂ ਬਾਅਦ ਵੀ ਫਾਲੋ ਕਰਦੇ ਹੋ। ਭਾਰਤ ਦੇ ਪ੍ਰਧਾਨ ਮੰਤਰੀ ਦੀ ਕੰਪਨੀ ‘ਚ ਅਜਿਹੇ ਲੋਕ ਹਨ। ਇਹ ਨਾ ਉਨ੍ਹਾਂ ਦੀ ਵਡਿਆਈ ਹੈ ਅਤੇ ਨਾ ਹੀ ਉਨ੍ਹਾਂ ਦੇ ਅਹੁਦੇ ਲਈ ਚੰਗਾ ਹੈ।
ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ,
ਉਮੀਦ ਹੀ ਨਹੀਂ, ਸਗੋਂ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਠੀਕ-ਠਾਕ ਹੋਵੋਗੇ। ਮੈਂ ਹਮੇਸ਼ਾ ਤੁਹਾਡੀ ਸਿਹਤ ਦੀ ਕਾਮਨਾ ਕਰਦਾ ਰਹਿੰਦਾ ਹਾਂ। ਤੁਸੀਂ ਬੇਸ਼ੁਮਾਰ ਊਰਜਾ ਦੇ ਧਨੀ ਬਣੇ ਰਹੋ। ਇਸ ਦੀ ਦੁਆ ਕਰਦਾ ਹਾਂ। ਚਿੱਠੀ ਦਾ ਉਦੇਸ਼ ਸੀਮਤ ਹੈ। ਸੋਸ਼ਲ ਮੀਡੀਆ ਦੇ ਮੰਚਾਂ ‘ਤੇ ਭਾਸ਼ਾਈ ਲਹਿਜ਼ੇ ਨੂੰ ਕੁਚਲਿਆ ਜਾ ਰਿਹਾ ਹੈ। ਇਸ ‘ਚ ਤੁਹਾਡੀ ਅਗਵਾਈ ‘ਚ ਚੱਲਣ ਵਾਲੇ ਸੰਗਠਨ ਦੇ ਮੈਂਬਰਾਂ, ਸਮਰਥਕਾਂ ਤੋਂ ਇਲਾਵਾ ਵਿਰੋਧੀਆਂ ਦੇ ਸੰਗਠਨ ਅਤੇ ਮੈਂਬਰ ਵੀ ਸ਼ਾਮਲ ਹਨ। ਇਸ ਵਿਹਾਰ ਅਤੇ ਪਤਨ ‘ਚ ਸ਼ਾਮਲ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਦੁੱਖ ਦੀ ਗੱਲ ਹੈ ਕਿ ਗੰਦੀ ਭਾਸ਼ਾ ਅਤੇ ਧਮਕੀ ਦੇਣ ਵਾਲੇ ਕੁਝ ਲੋਕਾਂ ਨੂੰ ਤੁਸੀਂ ਟਵਿਟਰ ‘ਤੇ ਫਾਲੋ ਕਰਦੇ ਹੋ। ਜਨਤਕ ਤੌਰ ‘ਤੇ ਸਾਹਮਣੇ ਆਉਣ, ਵਿਵਾਦ ਹੋਣ ਦੇ ਬਾਅਦ ਵੀ ਫਾਲੋ ਕਰਦੇ ਹੋ। ਭਾਰਤ ਦੇ ਪ੍ਰਧਾਨ ਮੰਤਰੀ ਦੀ ਕੰਪਨੀ ‘ਚ ਅਜਿਹੇ ਲੋਕ ਹੋਣ, ਇਹ ਨਾ ਤਾਂ ਤੁਹਾਡੇ ਲਈ ਚੰਗਾ ਹੈ ਅਤੇ ਨਾ ਹੀ ਤੁਹਾਡੇ ਅਹੁਦੇ ਲਈ। ਕਿਸੇ ਖਾਸ ਯੋਗਤਾ ਕਾਰਨ ਤੁਸੀਂ ਕਿਸੇ ਨੂੰ ਫਾਲੋ ਕਰਦੇ ਹੋਵੋਗੇ। ਪਰ ਤੁਹਾਨੂੰ ਪੂਰੀ ਉਮੀਦ ਹੈ ਕਿ ਧਮਕਾਉਣ, ਗਾਲਾਂ ਕੱਢਣ ਅਤੇ ਫਿਰਕੂਵਾਦ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਤੁਸੀਂ ਫਾਲੋ ਕਰਨ ਲਈ ਕਾਬਲ ਨਹੀਂ ਮੰਨਦੇ ਹੋਵੋਗੇ।
ਤੁਹਾਡੇ ਕੰਮਾਂ ‘ਚ ਰੁੱਝੇ ਹੋਣ ਦੀ ਗੱਲ ਨੂੰ ਮੈਂ ਸਮਝ ਸਕਦਾ ਹਾਂ, ਪਰ ਤੁਹਾਡੀ ਟੀਮ ਇਹ ਸੁਨਿਸ਼ਚਿਤ ਕਰ ਸਕਦੀ ਹੈ ਕਿ ਤੁਸੀਂ ਅਜਿਹੇ ਕਿਸੇ ਵਿਅਕਤੀ ਨੂੰ ਟਵਿਟਰ ‘ਤੇ ਫਾਲੋ ਨਾ ਕਰੋ। ਇਹ ਲੋਕ ਤੁਹਾਡੇ ਮਾਣ ਨੂੰ ਨੁਕਸਾਨ ਪਹੁੰਚਾ ਰਹੇ ਹਨ। ਭਾਰਤ ਦੀ ਜਨਤਾ ਨੇ ਤੁਹਾਨੂੰ ਬਹੁਤ ਪਿਆਰ ਦਿੱਤਾ ਹੈ। ਕੋਈ ਕਮੀ ਰਹਿ ਗਈ ਹੋਵੇ ਤਾਂ ਤੁਸੀਂ ਉਨ੍ਹਾਂ ਤੋਂ ਮੰਗ ਸਕਦੇ ਹੋ। ਉਹ ਖੁਸ਼ੀ-ਖੁਸ਼ੀ ਦੇ ਦੇਣਗੇ। ਪਰ ਇਹ ਚੰਗਾ ਨਹੀਂ ਲੱਗਦਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਜਿਹੇ ਲੋਕਾਂ ਨੂੰ ਫਾਲੋ ਕਰਨ, ਜੋ ਆਲੋਚਕਾਂ ਦੇ ਜ਼ਿੰਦਾ ਹੋਣ ‘ਤੇ ਦੁੱਖ ਜਤਾਉਂਦਾ ਹੋਵੇ।
ਜਦੋਂ ਤੋਂ altnews.in ‘ਤੇ ਪੜ੍ਹਿਆ ਹੈ ਕਿ ਓਮ ਧਰਮ ਰਕਸ਼ਤਿ ਰਕਸ਼ਤਿ ਨਾਂ ਦੇ ਵੱਟਸਐਪ ਗਰੁੱਪ ‘ਚ ਜਿਹੜੇ ਲੋਕ ਮੈਨੂੰ ਕੁਝ ਮਹੀਨਿਆਂ ਤੋਂ ਗਾਲਾਂ ਕੱਢ ਰਹੇ ਸਨ, ਫਿਰਕੂਵਾਦ ਦੀਆਂ ਗੱਲ ਕਹਿ ਰਹੇ ਸਨ, ਮੇਰੇ ਜਿਹੇ ਦੇਸ਼ ਭਗਤ ਅਤੇ ਦੂਜੇ ਪੱਤਰਕਾਰਾਂ ਨੂੰ ਅਤਿਵਾਦੀ ਦੱਸ ਰਹੇ ਸਨ, ਉਨ੍ਹਾਂ ‘ਚ ਕੁਝ ਲੋਕ ਤੁਹਾਨੂੰ ਵੀ ਫਾਲੋ ਕਰਦੇ ਹਨ। ਮੈਂ ਸਹਿਮ ਗਿਆ ਹਾਂ। ਪ੍ਰਧਾਨ ਮੰਤਰੀ ਜੀ, ਇਸ ਵੱਟਸਐਪ ਗਰੁੱਪ ‘ਚ ਮੈਨੂੰ ਅਤੇ ਕੁੱਝ ਪੱਤਰਕਾਰਾਂ ਲਈ ਜਿਹੜੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ, ਜੇ ਮੈਂ ਪੜ੍ਹ ਦਿਆਂ ਤਾਂ ਸੁਣਨ ਵਾਲੇ ਕੰਨ ਬੰਦ ਕਰ ਲੈਣਗੇ। ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੀ ਸਖਤ ਆਲੋਚਨਾਵਾਂ ਵਿਚ ਵੀ ਤੁਹਾਡਾ ਲਿਹਾਜ਼ ਕਰਾਂ। ਮਹਿਲਾ ਪੱਤਰਕਾਰਾਂ ਦੇ ਸਨਮਾਨ ‘ਚ ਜਿਹੜੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ, ਉਹ ਬਹੁਤ ਸ਼ਰਮਨਾਕ ਹੈ।
ਸੋਸ਼ਲ ਮੀਡੀਆ ‘ਤੇ ਤੁਹਾਡੇ ਬਾਰੇ ਵੀ ਗੰਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦਾ ਮੈਨੂੰ ਬਹੁਤ ਅਫਸੋਸ ਹੈ। ਪਰ ਇਥੇ ਮਾਮਲਾ ਤੁਹਾਡੇ ਵੱਲੋਂ ਅਜਿਹੇ ਲੋਕਾਂ ਦਾ ਹੈ, ਜੋ ਮੇਰੇ ਜਿਹੇ ਇਕੱਲੇ ਪੱਤਰਕਾਰ ਨੂੰ ਧਮਕੀਆਂ ਦਿੰਦੇ ਰਹੇ ਹਨ। ਜਦੋਂ ਵੀ ਵੱਟਸਐਪ ਗਰੁੱਪ ਤੋਂ ਵੱਖ ਹੋਣ ਦੀ ਕੋਸ਼ਿਸ਼ ਕੀਤੀ, ”ਫੜੋ ਇਸ ਨੂੰ, ਭੱਜ ਰਿਹਾ ਹੈ, ਮਾਰੋ ਇਸ ਨੂੰ, ਵਰਗੀ ਭਾਸ਼ਾ ਵਰਤ ਕੇ ਵਾਪਸ ਜੋੜ ਦਿੱਤਾ ਗਿਆ।
ਰਾਜਨੀਤੀ ਨੇ ਸੋਸ਼ਲ ਮੀਡੀਆ ਅਤੇ ਸੜਕ ‘ਤੇ ਜਿਹੜੀ ਭੀੜ ਤਿਆਰ ਕੀਤੀ ਹੈ, ਇਕ ਦਿਨ ਸਮਾਜ ਲਈ ਖਾਸ ਕਰ ਕੇ ਔਰਤਾਂ ਲਈ ਵੱਡੀ ਚੁਣੌਤੀ ਬਣ ਜਾਵੇਗੀ। ਇਨ੍ਹਾਂ ਦੀਆਂ ਗਾਲਾਂ ਔਰਤ ਵਿਰੋਧੀ ਹੁੰਦੀਆਂ ਹਨ। ਇੰਨੀਆਂ ਫਿਰਕੂਵਾਦੀ ਹੁੰਦੀਆਂ ਹਨ ਕਿ ਤੁਸੀਂ ਤਾਂ ਬਰਦਾਸ਼ਤ ਨਹੀਂ ਕਰ ਸਕੋਗੇ। ਵੈਸੇ ਵੀ 2022 ਤਕ ਭਾਰਤ ‘ਚ ਫਿਰਕੂਵਾਦ ਮਿਟਾ ਦੇਣਾ ਚਾਹੁੰਦੇ ਹੋ। 15 ਅਗਸਤ ਦੇ ਤੁਹਾਡੇ ਭਾਸ਼ਣ ਦਾ ਵੀ ਇਨ੍ਹਾਂ ‘ਤੇ ਕੋਈ ਅਸਰ ਨਹੀਂ ਪਿਆ ਅਤੇ ਉਹ ਹਾਲੇ ਤਕ ਮੈਨੂੰ ਧਮਕੀਆਂ ਦੇ ਰਹੇ ਹਨ।
ਹੁਣ ਮੇਰਾ ਤੁਹਾਨੂੰ ਇਕ ਸਵਾਲ ਹੈ। ਕੀ ਤੁਸੀਂ ਸੱਚਮੁਚ ਹੀ ਨੀਰਜ ਦਵੇ ਅਤੇ ਨਿਖਿਲ ਦਧੀਚ ਨੂੰ ਫਾਲੋ ਕਰਦੇ ਹੋ? ਕਿਉਂ ਕਰਦੇ ਹੋ? ਕੁਝ ਦਿਨ ਪਹਿਲਾਂ ਮੈਂ ਇਨ੍ਹਾਂ ਦੇ ਵੱਟਸਐਪ ਗਰੁੱਪ ਦੇ ਕੁੱਝ ਸਕਰੀਨ ਸ਼ਾਟ ਆਪਣੇ ਫੇਸਬੁਕ ਪੇਜ਼ 0RavishKaPage ‘ਤੇ ਜ਼ਾਹਰ ਕਰ ਦਿੱਤੇ ਸਨ। altnews.in ਦੇ ਪ੍ਰਤੀਕ ਸਿਨਹਾ ਅਤੇ ਨੀਲੇਸ਼ ਪੁਰੋਹਿਤ ਦੀ ਪੜਤਾਲ ਦੱਸਦੀ ਹੈ ਕਿ ਗਰੁੱਪ ਦਾ ਮੈਂਬਰ ਨੀਰਜ ਦਵੇ ਰਾਜਕੋਟ ਦਾ ਰਹਿਣ ਵਾਲਾ ਹੈ ਅਤੇ ਇਕ ਐਕਸਪੋਰਟ ਕੰਪਨੀ ਦਾ ਪ੍ਰਬੰਧ ਨਿਦੇਸ਼ਕ ਹੈ। ਨੀਰਜ ਦਵੇ ਨੂੰ ਤੁਸੀਂ ਫਾਲੋ ਕਰਦੇ ਹੋ। ਜਦੋਂ ਮੈਂ ਲਿਖਿਆ ਕਿ ਇੰਨੀ ਗੰਦੀ ਭਾਸ਼ਾ ਦੀ ਵਰਤੋਂ ਨਾ ਕਰੋ ਤਾਂ ਉਹ ਲਿਖਦਾ ਹੈ ਮੈਨੂੰ ਦੁੱਖ ਹੈ ਕਿ ਤੂੰ ਹਾਲੇ ਤਕ ਜ਼ਿੰਦਾ ਹੈ।
ਵੱਟਸਐਪ ਗਰੁੱਪ ਦਾ ਇਕ ਹੋਰ ਮੈਂਬਰ ਨਿਖਿਲ ਦਧੀਚ ਕਿੰਨਾ ਕੁੱਝ ਲਿਖ ਗਿਆ। ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਹੋਈ ਤਾਂ ਨਿਖਿਲ ਦਧੀਚ ਨੇ ਉਸ ਬਾਰੇ ਜੋ ਕਿਹਾ ਉਹ ਤੁਸੀਂ ਕਦੇ ਪਸੰਦ ਨਹੀਂ ਕਰੋਗੇ। ਇਹ ਹੋਰ ਗੱਲ ਹੈ ਕਿ ਤੁਸੀਂ ਉਸ ਵਿਕਅਤੀ ਨੂੰ ਹਾਲੇ ਤਕ ਫਾਲੋ ਕਰ ਰਹੇ ਹੋ। ਜੇ ਮੇਰੀ ਜਾਣਕਾਰੀ ਸਹੀ ਹੈ ਤਾਂ। ਹਾਲ ਹੀ ‘ਚ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀ ਨੇ ਗਲਤ ਤਰੀਕੇ ਨਾਲ ਐਡਿਟ ਕੀਤੇ ਹੋਏ ਮੇਰੇ ਭਾਸ਼ਣ ਦਾ ਵੀਡੀਓ ਸ਼ੇਅਰ ਕੀਤਾ ਸੀ। ਇਸ ‘ਚ ਸਭ ਕੁਝ ਝੂਠ ਦੱਸਿਆ ਗਿਆ ਸੀ। altnews.in ਨੇ ਵੀ ਇਸ ਦਾ ਪ੍ਰਗਟਾਵਾ ਕੀਤਾ, ਪਰ ਅਮਿਤ ਮਾਲਵੀ ਨੇ ਅਫਸੋਸ ਤਕ ਪ੍ਰਗਟ ਨਹੀਂ ਕੀਤਾ।
ਪਰ ਸਰ, ਮੈਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਇਹ ਨਿਖਿਲ ਦਧੀਚ ਮੇਰੇ ਮੋਬਾਈਲ ਫੋਨ ‘ਚ ਆ ਬੈਠਾ ਹੈ। ਇਕ ਫਿਰਕੂਵਾਦੀ ਵੱਟਸਐਪ ਗਰੁੱਪ ਦਾ ਮੈਂਬਰ ਹੈ, ਜਿਸ ਨਾਲ ਮੈਨੂੰ ਜ਼ਬਰੀ ਜੋੜਿਆ ਜਾਂਦਾ ਹੈ। ਜਿੱਥੇ ਮੇਰੇ ਬਾਰੇ ਹਿੰਸਕ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਸਲ ‘ਚ ਮੈਂ ਸੋਚਿਆ ਨਹੀਂ ਸੀ ਕਿ ਇਸ ਗਰੁੱਪ ਦੇ ਮੈਂਬਰਾਂ ਦੇ ਤਾਰ ਤੁਹਾਡੇ ਤਕ ਜੁੜੇ ਹੋਣਗੇ। ਕਾਸ਼ altnews.in ਦੀ ਇਹ ਪੜਤਾਲ ਗਲਤ ਹੋਵੇ। ਨਿਖਿਲ ਦਧੀਚ ਦੀ ਤਾਂ ਤੁਹਾਡੇ ਕਈ ਮੰਤਰੀਆਂ ਨਾਲ ਤਸਵੀਰਾਂ ਹਨ।
ਇਹੀ ਨਹੀਂ ਓਮ ਧਰਮ ਰਕਸ਼ਤਿ ਰਕਸ਼ਤਿ ਗਰੁੱਪ ਦੇ ਕਈ ਐਡਮਿਨ ਹਨ। ਕਈ ਐਡਮਿਨ ਦੇ ਨਾਂ RSS, RSS-੨ ਰੱਖੇ ਗਏ ਹਨ। ਇਕ ਐਡਮਿਨ ਦਾ ਨਾਂ ਆਕਾਸ਼ ਸੋਨੀ ਹੈ। ਭਾਰਤ ਦੀ ਦੂਜੀ ਮਹਿਲਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਜੀ, ਸਿਹਤ ਮੰਤਰੀ ਜੇ.ਪੀ. ਨੱਢਾ ਜੀ ਅਤੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾਰੀ ਨਾਲ ਆਕਾਸ਼ ਸੋਨੀ ਦੀਆਂ ਤਸਵੀਰਾਂ ਹਨ। ਤਸਵੀਰ ਕਿਸੇ ਦੀ ਵੀ ਕਿਸੇ ਨਾਲ ਹੋ ਸਕਦੀ ਹੈ। ਪਰ ਇਹ ਤਾਂ ਕਿਸੇ ਨੂੰ ਧਮਕਾਉਣ ਜਾਂ ਫਿਰਕੂਵਾਦ ਗੱਲਾਂ ਕਰਨ ਦਾ ਗਰੁੱਪ ਚਲਾਉਂਦਾ ਸੀ। ਤੁਹਾਡੇ ਬਾਰੇ ਕੋਈ ਲਿਖ ਦਿੰਦਾ ਹੈ ਤਾਂ ਉਸ ਦੇ ਵੱਟਸਐਪ ਗਰੁੱਪ ਦੇ ਐਡਮਿਨ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਮੈਂ ਅਜਿਹੀਆਂ ਕਈ ਖ਼ਬਰਾਂ ਪੜ੍ਹੀਆਂ ਹਨ।
ਕੀ ਆਕਾਸ਼ ਸੋਨੀ RSS ਦਾ ਮੁੱਖ ਅਹੁਦੇਦਾਰ ਹੈ? ਆਕਾਸ਼ ਸੋਨੀ ਨੇ ਮੇਰੇ ਸਮੇਤ ਅਭਿਸਾਰ ਸ਼ਰਮਾ, ਰਾਜਦੀਪ ਸਰਦੇਸਾਈ ਅਤੇ ਬਰਖਾ ਦੱਤ ਦੇ ਫੋਨ ਨੰਬਰ ਵੀ ਆਪਣੇ ਪੇਜ ‘ਤੇ ਜਨਤਕ ਕੀਤੇ ਹਨ। altnews.in ਦੀ ਰਿਪੋਰਟ ‘ਚ ਇਹ ਗੱਲ ਦੱਸੀ ਗਈ ਹੈ।
ਪਹਿਲਾਂ ਵੀ ਤੁਹਾਡੀ ਅਗਵਾਈ ‘ਚ ਚੱਲਣ ਵਾਲੇ ਸੰਗਠਨ ਦੇ ਨੇਤਾਵਾਂ ਨੇ ਮੇਰਾ ਨੰਬਰ ਜਨਤਕ ਕੀਤਾ ਹੈ ਅਤੇ ਧਮਕੀਆਂ ਮਿਲੀਆਂ ਹਨ। ਮੈਂ ਪ੍ਰੇਸ਼ਾਨ ਤਾਂ ਹੋਇਆ, ਪਰ ਤੁਹਾਨੂੰ ਚਿੱਠੀ ਨਹੀਂ ਲਿਖੀ। ਇਸ ਵਾਰ ਲਿਖ ਰਿਹਾ ਹਾਂ, ਕਿਉਂਕਿ ਮੈਂ ਜਾਨਣਾ ਚਾਹੁੰਦਾ ਹਾਂ ਅਤੇ ਤੁਸੀਂ ਵੀ ਪਤਾ ਕਰਵਾਓ ਕਿ ਇਸ ਵੱਟਸਐਪ ਗਰੁੱਪ ਦੇ ਲੋਕ ਮੇਰੀ ਜਾਨ ਲੈਣ ਲਈ ਕਿਸ ਹੱਦ ਤਕ ਜਾ ਸਕਦੇ ਹਨ? ਕੀ ਮੇਰੀ ਜਾਨ ਨੂੰ ਖਤਰਾ ਹੈ?
ਮੈਂ ਇਕ ਆਮ ਨਾਗਰਿਕ ਹਾਂ ਅਤੇ ਛੋਟਾ ਜਿਹਾ, ਪਰ ਜਾਗਰੂਕ ਪੱਤਰਕਾਰ ਹਾਂ। ਜਿਸ ਬਾਰੇ  ਅੱਜਕਲ੍ਹ ਹਰ ਕੋਈ ਕਹਿ ਕੇ ਨਿਕਲ ਜਾਂਦਾ ਹੈ ਕਿ ਛੇਤੀ ਹੀ ਤੁਹਾਡੀ ਕਿਰਪਾ ਨਾਲ ਸੜਕ ‘ਤੇ ਆਉਣ ਵਾਲਾ ਹਾਂ। ਸੋਸ਼ਲ ਮੀਡੀਆ ‘ਤੇ ਪਿਛਲੇ ਦਿਨੀਂ ਇਸ ਦਾ ਉਤਸਵ ਵੀ ਮਨਾਇਆ ਗਿਆ ਕਿ ਹੁਣ ਮੇਰੀ ਨੌਕਰੀ ਜਾਵੇਗੀ। ਕਈਆਂ ਨੇ ਕਿਹਾ ਅਤੇ ਕਹਿੰਦੇ ਹਨ ਕਿ ਸਰਕਾਰ ਮੇਰੇ ਪਿੱਛੇ ਪਈ ਹੋਈ ਹੈ। ਹਾਲ ਹੀ ‘ਚ ਹਿੰਦੁਸਤਾਨ ਟਾਈਮਜ਼ ਦੇ ਸੰਪਾਦਕ ਬੋਬੀ ਘੋਸ਼ ਨੂੰ ਤੁਹਾਡੀ ਨਾਪਸੰਦਗੀ ਕਾਰਨ ਚਲਦਾ ਕਰ ਦਿੱਤਾ ਗਿਆ। ਇਸ ਦੀ ਖ਼ਬਰ ਮੈਂ thewire.in ‘ਚ ਪੜ੍ਹੀ। ਕਹਿੰਦੇ ਹਨ ਕਿ ਹੁਣ ਮੇਰੀ ਵਾਰੀ ਹੈ। ਇਹ ਸਭ ਸੁਣ ਕੇ ਮੇਰਾ ਹਾਸਾ ਨਿਕਲ ਆਉਂਦਾ ਹੈ, ਪਰ ਮੈਂ ਪ੍ਰੇਸ਼ਾਨ ਹੁੰਦਾ ਹੈ। ਮੇਰਾ ਯਕੀਨ ਕਰਨ ਦਾ ਜੀਅ ਨਹੀਂ ਕਰਦਾ ਕਿ ਭਾਰਤ ਦਾ ਇਕ ਸਮਰਥ ਪ੍ਰਧਾਨ ਮੰਤਰੀ ਇਕ ਪੱਤਰਕਾਰ ਦੀ ਨੌਕਰੀ ਲੈ ਸਕਦਾ ਹੈ। ਉਦੋਂ ਲੋਕ ਕਹਿੰਦੇ ਹਨ ਕਿ ਥੋੜ੍ਹੇ ਦਿਨਾਂ ਦੀ ਗੱਲ ਹੈ, ਵੇਖ ਲੈਣਾ, ਤੁਹਾਡਾ ਇੰਤਜ਼ਾਮ ਹੋ ਗਿਆ ਹੈ। ਅਜਿਹਾ ਹੈ ਕੀ ਸਰ?
ਅਜਿਹਾ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਪਰ ਅਜਿਹਾ ਨਾ ਹੋਣ ਦਿਓ। ਮੇਰੇ ਲਈ ਨਹੀਂ, ਭਾਰਤ ਦੇ ਮਹਾਨ ਲੋਕਤੰਤਰ ਦੀ ਸ਼ਾਨ ਲਈ, ਨਹੀਂ ਤਾਂ ਲੋਕ ਕਹਿਣਗੇ ਕਿ ਮੇਰੀ ਆਵਾਜ਼ ਵੱਖਰੀ ਵੀ ਹੈ, ਕੌੜੀ ਵੀ ਹੈ ਅਤੇ ਕੀ ਇਸ ਮਹਾਨ ਲੋਕਤੰਤਰ ‘ਚ ਮੇਰੇ ਲਈ ਕੋਈ ਥਾਂ ਨਹੀਂ ਬਚੀ ਹੈ? ਇਕ ਪੱਤਰਕਾਰ ਦੀ ਨੌਕਰੀ ਲੈਣ ਦਾ ਇੰਤਜ਼ਾਮ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੇ ਪੱਧਰ ‘ਤੇ ਹੋਵੇਗਾ? ਅਜਿਹੀਆਂ ਸੰਭਾਵਨਾਵਾਂ ਨੂੰ ਮੈਂ ਵੱਟਸਐਪ ਗਰੁੱਪ ‘ਚ ਦਿੱਤੀਆਂ ਜਾਣ ਵਾਲੀਆਂ ਧਮਕੀਆਂ ਨਾਲ ਜੋੜ ਕੇ ਵੇਖਦਾ ਹਾਂ। ਜੇ ਤੁਸੀਂ ਇਨ੍ਹਾਂ ਲੋਕਾਂ ਨੂੰ ਫਾਲੋ ਨਹੀਂ ਕਰਦੇ ਤਾਂ ਮੈਂ ਇਹ ਚਿੱਠੀ ਨਹੀਂ ਲਿਖਦਾ।
ਮੇਰੇ ਕੋਲ ਐਲਿਊਮਿਨੀਅਮ ਦਾ ਇਕ ਬਸਕਾ ਹੈ, ਜਿਸ ਨੂੰ ਲੈ ਕੇ ਦਿੱਲੀ ਆਇਆ ਸੀ। ਇਨ੍ਹਾਂ 27 ਸਾਲਾਂ ‘ਚ ਰੱਬ ਨੇ ਮੈਨੂੰ ਬਹੁਤ ਕੁੱਝ ਦਿੱਤਾ, ਪਰ ਉਹ ਬਕਸਾ ਅੱਜ ਵੀ ਮੇਰੇ ਕੋਲ ਹੈ। ਮੈਂ ਉਸ ਬਕਸੇ ਨਾਲ ਮੋਤਿਹਾਲੀ ਵਾਪਸ ਜਾ ਸਕਦਾ ਹਾਂ। ਪਰ ਪਰਿਵਾਰ ਦਾ ਬੋਝ ਵੀ ਹੈ। ਰੁਜ਼ਗਾਰ ਦੀ ਚਿੰਤਾ ਕਿਸ ਨੂੰ ਨਹੀਂ ਹੁੰਦੀ। ਵੱਡੇ-ਵੱਡੇ ਕਲਾਕਾਰ 75 ਸਾਲ ਦੇ ਹੋ ਕੇ ਇਸ਼ਤਿਹਾਰ ਕਰਦੇ ਰਹਿੰਦੇ ਹਨ ਤਾਂ ਕਿ ਪੈਸਾ ਕਮਾ ਸਕਣ। ਜਦੋਂ ਇੰਨੇ ਪੈਸੇ ਵਾਲਿਆਂ ਨੂੰ ਘਰ ਚਲਾਉਣ ਦੀ ਚਿੰਤਾ ਹੁੰਦੀ ਹੈ ਤਾਂ ਮੈਂ ਕਿਵੇਂ ਉਸ ਚਿੰਤਾ ਤੋਂ ਵੱਖ ਹੋ ਸਕਦਾ ਹਾਂ।
ਤੁਸੀਂ ਮੇਰੇ ਬੱਚਿਆਂ ਨੂੰ ਸੜਕ ‘ਤੇ ਨਹੀਂ ਵੇਖਣਾ ਚਾਹੋਗੇ? ਮੇਰੇ ਤੋਂ ਇੰਨੀ ਨਫਰਤ? ਮੇਰੇ ਬੱਚੇ ਉਦੋਂ ਵੀ ਤੁਹਾਨੂੰ ਦੁਆ ਦੇਣਗੇ। ਮੈਨੂੰ ਸੜਕ ਨਾਲ ਪਿਆਰ ਹੈ। ਮੈਂ ਸੜਕ ‘ਤੇ ਆ ਕੇ ਵੀ ਸਵਾਲ ਕਰਦਾ ਰਹਾਂਗਾ। ਚੰਪਾਰਣ ਆ ਕੇ ਬਾਪੂ ਨੇ ਇਹੀ ਤਾਂ ਮਿਸਾਲ ਦਿੱਤੀ ਕਿ ਸੱਤਾ ਕਿੰਨੀ ਵੱਡੀ ਹੋਵੇ, ਥਾਂ ਕਿੰਨਾ ਵੀ ਅਨਜਾਣ ਹੋਵੇ, ਨੈਤਿਕ ਸ਼ਕਤੀ ਨਾਲ ਕੋਈ ਵੀ ਉਸ ਦੇ ਸਾਹਮਣੇ ਖੜ੍ਹਾ ਹੋ ਸਕਦਾ ਹੈ। ਮੈਂ ਉਸ ਮਹਾਨ ਮਿੱਟੀ ਦਾ ਛੋਟਾ ਜਿਹਾ ਅੰਸ਼ ਹਾਂ।
ਮੈਂ ਕਿਸੇ ਨੂੰ ਡਰਾਉਣ ਲਈ ਸੱਚ ਨਹੀਂ ਬੋਲਦਾ। ਬਾਪੂ ਕਹਿੰਦੇ ਸਨ ਕਿ ਜਿਸ ਸੱਚ ‘ਚ ਘੁਮੰਡ ਆ ਜਾਵੇ, ਉਹ ਸੱਚ ਨਹੀਂ ਰਹਿ ਜਾਂਦਾ। ਮੈਂ ਖੁਦ ਨੂੰ ਹੋਰ ਚੰਗਾ ਬਣਾਉਣ ਅਤੇ ਆਪਣੇ ਅੰਦਰੂਨੀ ਵਿਰੋਧਾਂ ਨੂੰ ਲੈ ਕੇ ਮਾਫੀ ਮੰਗਣ ਬਾਰੇ ਬੋਲਦਾ ਹਾਂ। ਜਦੋਂ ਮੈਂ ਬੋਲ ਨਹੀਂ ਪਾਉਂਦਾ, ਲਿਖ ਨਹੀਂ ਪਾਉਂਦਾ, ਉਦੋਂ ਉਸ ਸੱਚ ਨੂੰ ਲੈ ਕੇ ਜੂਝਦਾ ਰਹਿੰਦਾ ਹਾਂ। ਮੈਂ ਆਪਣੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਤੋਂ ਆਜ਼ਾਦ ਹੋਣ ਦੇ ਸੰਘਰਸ਼ ‘ਚ ਹੀ ਉਹ ਗੱਲ ਕਹਿ ਦਿੰਦਾ ਹਾਂ, ਜਿਸ ਨੂੰ ਸੁਣ ਕੇ ਲੋਕ ਕਹਿੰਦੇ ਹਨ ਕਿ ਕੀ ਤੁਹਾਨੂੰ ਸਰਕਾਰ ਤੋਂ ਡਰ ਨਹੀਂ ਲੱਗਦਾ। ਕਈ ਵਾਰ ਹਾਰ ਜਾਂਦਾ ਹਾਂ। ਉਦੋਂ ਖੁਦ ਨੂੰ ਦਿਲਾਸਾ ਦਿੰਦਾ ਹਾਂ ਕਿ ਇਸ ਵਾਰ ਫੇਲ ਹੋ ਗਿਆ, ਅਗਲੀ ਵਾਰ ਪਾਸ ਹੋਣ ਦੀ ਕੋਸ਼ਿਸ਼ ਕਰਾਂਗਾ। ਸੱਤਾ ਸਾਹਮਣੇ ਬੋਲਣਾ ਉਸ ਅਹਿਸਾਸ ਦਾ ਪ੍ਰਦਰਸ਼ਨ ਹੈ, ਜਿਸ ਦਾ ਅਧਿਕਾਰ ਸੰਵਿਧਾਨ ਦਿੰਦਾ ਹੈ ਅਤੇ ਜਿਸ ਦੇ ਤੁਸੀਂ ਰੱਖਿਅਕ ਹੋ।
ਮੈਂ ਇਹ ਚਿੱਠੀ ਜਨਤਕ ਤੌਰ ‘ਤੇ ਵੀ ਪ੍ਰਕਾਸ਼ਿਤ ਕਰ ਰਿਹਾ ਹਾਂ ਅਤੇ ਤੁਹਾਨੂੰ ਡਾਕ ਰਾਹੀਂ ਵੀ ਭੇਜ ਰਿਹਾ ਹਾਂ। ਜੇ ਤੁਸੀਂ ਨਿਖਿਲ ਦਧੀਚ, ਨੀਰਜ ਦਵੇ ਅਤੇ ਆਕਾਸ਼ ਸੋਨੀ ਨੂੰ ਜਾਣਦੇ ਹੋ ਤਾਂ ਉਨ੍ਹਾਂ ਨੂੰ ਬੱਸ ਇੰਨਾ ਹੀ ਪੁੱਛ ਲਓ ਕਿ ਕੀ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਕਿਸੇ ਗਰੁੱਪ ਦਾ ਮੈਨੂੰ ਮਾਰਨ ਦਾ ਪਲਾਨ ਤਾਂ ਨਹੀਂ ਹੈ? ਚਿੱਠੀ ‘ਚ ਜੇ ਮੈਂ ਤੁਹਾਡੇ ਬਾਰੇ ਕੁਝ ਗਲਤ ਕਿਹਾ ਤਾਂ ਮਾਫੀ ਮੰਗਣਾ ਚਾਹੁੰਦਾ ਹਾਂ।
ਤੁਹਾਡਾ ਸ਼ੁਭਚਿੰਤਕ
ਰਵੀਸ਼ ਕੁਮਾਰ
ਪੱਤਰਕਾਰ
ਐਨਡੀਟੀਵੀ ਇੰਡੀਆ