ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਪਾਠੀਆਂ ਦੀ ਹੜਤਾਲ, ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ

ਸ੍ਰੀ  ਦਰਬਾਰ ਸਾਹਿਬ ਸਮੂਹ ਵਿੱਚ ਪਾਠੀਆਂ ਦੀ ਹੜਤਾਲ, ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ

ਬੀਰ ਦਵਿੰਦਰ ਸਿੰਘ
ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ
ਸੰਪਰਕ : 98140-03332

ਸਿੱਖ ਧਰਮ ਅੱਜ ਵਿਸ਼ਵ ਦੇ ਨੌਂ ਵੱਡੇ ਸਥਾਪਿਤ ਧਰਮਾਂ ਵਿੱਚ, ਸਭ ਤੋਂ ਨਵੀਨਤਮ ਧਰਮ ਹੈ। ਇਹ ਮਨੁੱਖਤਾ ਦੀ ਅਮਲੀ ਜੀਵਨਜਾਚ ਵਿੱਚ, ਹਰ ਸਮੇਂ ਵਰਤੋਂ ਵਿੱਚ ਲਿਆਇਆ ਜਾ ਸਕਣ ਵਾਲਾ, ਸਰਲ ਤੇ ਵਿਹਾਰਕ ਧਰਮ ਹੈ। ।ਸਿੱਖ ਧਰਮ ਦਾ ਇਤਹਾਸ ਗੌਰਵਮਈ ਹੈ।ਇਸ ਦੇ ਪੈਰੋਕਾਰਾਂ ਦੇ ਜੀਵਨ ਰਾਹ ਨੂੰ ਗੁਰਮਤਿ ਦਾ ਸਿਧਾਂਤ ਨਿਰਧਾਰਤ ਕਰਦਾ ਹੈ ਤੇ ਸ਼ਬਦ ਗੁਰੂ, ਸਿੱਖ ਸੁਰਤੀ ਦਾ ਮਾਰਗ ਦਰਸ਼ਨ ਕਰਦਾ ਹੈ।ਅੱਜ ਸਿੱਖ ਧਰਮ ਦੀ ਵਿਸ਼ਵ-ਵਿਆਪੀ ਸਵੀਕਾਰਤਾ, ਇਸਦੇ ਮੰਨਣ ਵਾਲੇ ਪੈਰੋਕਾਰਾਂ ਅਤੇ ਧਰਮ ਪ੍ਰਬੰਧਕਾਂ ਦੇ ਮੋਢਿਆਂ ਤੇ ਵੱਡੀਆਂ ਜ਼ਿੰਮੇਵਾਰੀਆਂ ਨਾਫ਼ਜ਼ ਕਰਦੀ ਹੋਈ ਉਨ੍ਹਾਂ ਨੂੰ ਇਸਦੇ ਪ੍ਰਚਾਰ ਅਤੇ ਪਰਸਾਰ ਲਈ ਪਾਬੰਦ ਕਰਦੀ ਹੈ।ਇਹ ਅਨੁਸਾਸ਼ਨਿਕ ਪਾਬੰਦੀ ‘ਸ਼ਬਦ ਗੁਰੂ’ ਦੇ ਫਲਸਫ਼ੇ ਅਨੁਸਾਰ,  ਸਾਡੇ ਅਮਲਾਂ ਅਤੇ ਰਵੱਈਏ ਵਿੱਚੋਂ ਹਰ ਸਮੇਂ, ਸੁੱਚੇ ਅਕਸਾਂ ਦੇ ਰੂਪ ਵਿੱਚ, ਹਰ ਸਮੇਂ ਝਲਕਣੀ ਚਾਹੀਦੀ ਹੈ।ਸਿੱਖੀ ਸਿਦਕ ਦੇ ਪੈਰੋਕਾਰਾਂ ਵਿੱਚ ਇਹ ਅਨੁਸਾਸ਼ਨ, ਸਿੱਖ ਧਰਮ ਦੇ ਨਿਰੰਤਰ ਪ੍ਰਚਾਰ ਤੇ ਪਰਸਾਰ ਲਈ ਅਜ਼ਹਦ ਜ਼ਰੂਰੀ ਹੈ।ਪਰ ਦੁੱਖ ਅਤੇ ਚਿੰਤਾ ਇਸ ਗੱਲ ਦੀ ਹੈ ਕਿ ਕਿਤੇ ਨਾ ਕਿਤੇ, ਅਚੇਤ ਜਾਂ ਸੁਚੇਤ, ਕੋਈ ਅਜੇਹੀ ਵਿਡੰਬਣਾਂ ਖੜ੍ਹੀ ਹੋ ਜਾਂਦੀ ਹੈ ਜੋ ਸਾਡੇ ਸਿਦਕ ਦੀ ਭਾਵਨਾ ਦੇ ਵਿਪਰੀਤ ਹੁੰਦੀ ਹੈ। ਅਜਿਹੇ ਅਭਾਵਾਤਮਿਕ  ਪ੍ਰਛਾਵੇਂ ਹੀ ਧਰਮ ਦੇ ਅਕਸ ਦੀ ਸਮੁੱਚਤਾ ਨੂੰ ਪ੍ਰਭਾਵਤ ਕਰਦੇ ਹਨ।
ਇੱਥੇ ਮਿਸਾਲ ਦੇ ਤੌਰ ਤੇ ਇਹ ਜ਼ਿਕਰ ਜ਼ਰੂਰੀ ਹੈ ਕਿ ਪਿਛਲੇ ਲਗਪਗ ਦੋ ਮਹੀਨਿਆਂ ਤੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਭਵਨ ਸਮੂਹ ਵਿਚੋਂ ਗੁਰੂ ਘਰ ਦੇ ਪਾਠੀਆਂ ਦੀ ਹੜਤਾਲ ਅਤੇ ਢਾਡੀ ਸਿੰਘਾਂ ਦੇ ਰੋਸ ਵਿਖਾਵਿਆਂ ਦੀਆਂ ਸਨਸਨੀਖੇਜ਼ ਖ਼ਬਰਾਂ, ਤਸਵੀਰਾਂ ਸਮੇਤ ਅਖਬਾਰਾਂ ਵਿੱਚ ਛਪ ਰਹੀਆਂ ਹਨ। ਇਨ੍ਹਾਂ ਦੁਖਦਾਈ ਵਰਤਾਰਿਆਂ ਨੇ, ਦਰਬਾਰ ਸਾਹਿਬ ਅਤੇ ਸ਼ਬਦ-ਗੁਰੂ ਵਿੱਚ ਅਥਾਹ ਸ਼ਰਧਾ ਰੱਖਣ ਵਾਲੇ ਕ੍ਰੋੜਾਂ ਅਕੀਦਤਮੰਦ ਸਿੱਖਾਂ ਦੇ ਰੁਹਾਨੀਂ ਸਹਿਜ ਨੂੰ ਬੇਚੈਨ ਕੀਤਾ ਹੈ ।
ਅਖਬਾਰਾਂ ਵਿੱਚ ਛਪੀਆਂ ਖ਼ਬਰਾਂ ਅਨੁਸਾਰ ਪਾਠੀਆਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸੇਵਾ ਲਈ ਦਿੱਤੀ ਜਾਂਦੀ ਭੇਟਾ ਨਾਮੁਨਾਸਿਬ ਹੈ ਲਿਹਾਜ਼ਾ ਇਸ ਵਿੱਚ ਵਾਧਾ ਹੋਣਾ ਚਾਹੀਦਾ ਹੈ।ਇਸੇ ਤਰ੍ਹਾਂ ਢਾਡੀ ਜੱਥੇਬੰਦੀਆਂ ਦੇ ਦੋ ਧੜਿਆਂ ਨੇ ਆਪਸੀ ਖਿੱਚੋਤਾਣ ਦਾ ਦੰਗਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਣਾਇਆ ਹੋਇਆ ਹੈ। ਅਖ਼ਬਾਰਾਂ ਵਿੱਚ ਸਰਗੋਸ਼ੀਆਂ ਹਨ ਕਿ ਢਾਡੀ ਸਿੰਘਾਂ ਦੇ ਇੱਕ ਧੜੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਸਰਪ੍ਰਸਤੀ ਹਾਸਲ ਹੈ ਜਦ ਕਿ ਦੂਸਰਾ ਧੜਾ ਇਸ ਮੇਰ ਤੋਂ ਮਹਿਰੂਮ ਹੋਣ ਦੀ ਸ਼ਿਕਾਇਤ ਕਰ ਰਿਹਾ ਹੈ।ਆਪਣੇ ਆਪਣੇ ਦਾਅਵ੍ਹਿਆਂ ਨੂੰ ਲੈ ਕੇ ਪਾਠੀਆਂ ਅਤੇ ਢਾਡੀਆਂ , ਦੋਹਵਾਂ ਨੇ ਹੀ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਹੜਕੰਪ ਮਚਾਇਆ ਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਜਮ ਕੇ ਨਾਅਰੇਬਾਜ਼ੀ ਕੀਤੀ।ਜਦੋਂ ਪਾਠੀ ਸਿੰਘ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ, ਸ੍ਰੀ ਅਕਾਲ ਤਖਤ ਸਾਹਿਬ ਨੇੜੇ ਸੁਖ ਆਸਨ ਵਾਲੀ ਥਾਂ ਕੋਲ, ਰੋਸ ਵਿਖਾਵਾ ਕਰ ਰਹੇ ਸਨ, ਉਸ ਵੇਲੇ ਸ਼ਰਧਾਲੂ ਸਿੱਖ ਸੰਗਤਾਂ, ਗੁਰੂ ਘਰ ਦੇ ਪਾਠੀਆਂ ਦੇ ਇਸ ਅਭੱਦਰ ਵਿਵਹਾਰ ਤੋਂ ਬੇਹੱਦ ਅਵਾਜ਼ਾਰ ਸਨ।ਪਾਠੀਆਂ ਦੀ ਇਸ ਹੜਤਾਲ ਕਾਰਨ ਸ੍ਰੀ  ਹਰਿਮੰਦਰ ਸਾਹਿਬ ਸਮੂਹ ਵਿੱਚ ਆਰੰਭ ਹੋਣ ਵਾਲੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਵੀ ਪ੍ਰਭਾਵਤ  ਹੋਏ ਜਿਸ ਨਾਲ ਦੇਸ਼ ਵਿਦੇਸ਼ ਤੋਂ ਇਸ ਕਾਰਜ ਲਈ ਪੁੱਜੇ ਸਿੱਖ ਸ਼ਰਧਾਲੂਆਂ ਨੂੰ ਭਾਰੀ ਅਸੁਵਿਧਾ ਹੋਈ ਤੇ ਇਸ ਵਰਤਾਰੇ ਨਾਲ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ਼ ਨੂੰ ਵੀ ਠੇਸ ਪਹੁੰਚੀ ਹੈ।ਪਾਠੀ ਸਿੰਘਾਂ ਦੀ ਹੜਤਾਲ ਤੋਂ ਭਾਵ ਹੈ; ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਨਿਰਧਾਰਤ ਸਮੇਂ ਤੇ ਜਾਣ-ਬੁੱਝ ਕੇ, ਰੋਸ ਵੱਜੋਂ ਇਨਕਾਰੀ ਹੋਣਾ।ਸਿੱਖ ਧਰਮ ਦੇ ਵਿਸ਼ਵਾਸ਼ ਅਨੁਸਾਰ ਜੋ ਸ਼ਬਦ ਨੂੰ ਹੀ ਗੁਰੂ ਮੰਨਦਾ ਹੋਵੇ, ਉਸ ਗੁਰੂ ਘਰ ਦੇ ਪਾਠੀ ਦਾ ਇਸ ਤੋਂ ਵੱਧ ਮਰਿਆਦਾਹੀਣ ਵਿਹਾਰ ਹੋਰ ਕੀ ਹੋ ਸਕਦਾ ? ਸਮੁੱਚੀ ਸਿੱਖ ਸੰਗਤ ਜਾਨਣਾ ਚਾਹੁੰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ, ਪਾਠੀਆਂ ਦੇ ਇਸ ਅਸਿੱਖ ਵਰਤਾਰੇ ਹੁਣ ਤੱਕ ਸਖ਼ਤ ਨੋਟਿਸ ਕਿਉਂ ਨਹੀਂ ਲਿਆ ?
ਇਸੇ ਤਰ੍ਹਾਂ ਢਾਡੀ ਸਿੰਘਾਂ ਦੀਆਂ ਜੱਥੇਬੰਦੀਆਂ ਦੇ ਪਰਸਪਰ ਟਕਰਾਓ ਵਿੱਚ ਵੀ ਨਾਅਰੇਬਾਜ਼ੀ, ਧਰਨੇ ਤੇ ਮਰਨ ਵਰਤ ਦੀਆਂ ਧਮਕੀਆਂ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਅਜੇਹੀ ਸ਼ਰਮਨਾਕ ਸਥਿੱਤੀ ਪੈਦਾ ਕੀਤੀ ਜਿਸ ਕਾਰਨ ਹਰ ਸ਼ਰਧਾਵਾਨ ਸਿੱਖ ਨੂੰ ਇਨਸਾਨੀ ਸਮਾਜ ਦੀਆਂ ਨਜ਼ਰਾਂ ਵਿੱਚ ਸ਼ਰਮਿੰਦਾ ਹੋਣਾਂ ਪੈ  ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ, ਸ਼ਰਧਾਲੂ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ, ‘ਪੰਥ’ ਦੇ ਢਾਡੀਆਂ ਦਾ ਸਟੇਜ ਤੇ ਮਹਿਜ਼ ਸਮਾਂ ਲੈਣ ਲਈ ਖੌਰੂ ਪਾਉਣਾਂ ਤੇ ਆਪਸ ਵਿੱਚ ਭਿੜਨਾ ਭਲਾ ਕਿੱਥੋਂ ਦੀ ਮਰਿਆਦਾ ਹੈ? ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਪ੍ਰਵੇਸ਼ ਕਰਨ ਸਾਰ ਹੀ ਭਾਵੇਂ ਕੋਈ ਸ਼ਰਧਾਲੂ ਹੋਵੇ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਰੁਤਬੇਦਾਰ ਜਾਂ ਫੇਰ ਮੁਲਾਜ਼ਮ ਹੋਵੇ ਜਾਂ ਕੋਈ ਕਿੰਨਾਂ ਵੀ ਵੱਡਾ ਰਾਗੀ, ਢਾਡੀ ਜਾਂ ਪਾਠੀ ਹੋਵੇ, ਅਜਿਹੇ ਹਰ ਵਿਅਕਤੀ ਲਈ ਇਹ ਲਾਜ਼ਮ ਹੈ ਕਿ ਉਹ ਦਰਬਾਰ ਸਾਹਿਬ ਸਮੂਹ ਦੀ ਧਾਰਮਿਕ ਮਰਿਆਦਾ ਅਨੁਸਾਰ ਆਜ਼ਜ਼ੀ ਅਦਬ ਤੇ ਨਿਮਰਤਾ ਸਾਹਿਤ ਹੀ ਵਿਚਰੇ ।ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਹਰ ਵਿਅਕਤੀ ਲਈ ਇਸ ਮਰਿਆਦਾ ਦਾ ਇੰਨ-ਬਿੰਨ ਪਾਲਣ, ਹਰ ਹਾਲ ਵਿੱਚ ਜ਼ਰੂਰੀ ਹੈ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਅਜੇਹੀਆਂ ਨਾਜ਼ੁਕ ਸਥਿੱਤੀਆਂ ਵੱਲ, ਉਹ ਸਮਾਂ ਰਹਿੰਦਿਆਂ ਤਵੱਜੋ ਦੇਣ ਤੇ ਸਾਵਧਾਨੀ ਤੋਂ ਕੰਮ ਲੈਂਦੇ ਹੋਏ ਸਭਨਾਂ ਨਾਲ ਪੂਰਨ ਨਿਯਾਂ ਕਰਨ ।ਗੁਰੂ ਘਰ ਦੇ ਸਮਰਪਤ ਪਾਠੀਆਂ ਦੀਆ ਆਰਥਿਕ ਲੋੜਾਂ ਅਤੇ ਤੰਗੀਆਂ ਤੁਰਸ਼ੀਆਂ ਵੱਲ ਧਿਆਨ ਦੇਣਾ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਬੰਧਕ ਜ਼ਿੰਮੇਵਾਰੀਆ ਵਿਚ ਸ਼ਾਮਲ ਹੈ।ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਤਾਂ ਕਿਸੇ ਕਿਸਮ ਦੇ ਤਲਖ਼ ਤਕਰਾਰ ਦੀ ਨੌਬਤ ਹੀ ਨਹੀਂ ਆਉਂਣੀ ਚਾਹੀਦੀ, ਪਰ ਜੇ ਕਦੇ ਕਦਾਈਂ ਅਜੇਹਾ ਸੰਕਟ ਖੜ੍ਹਾ ਹੋ ਵੀ ਜਾਵੇ ਤਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਅਜੇਹੀ ਸੰਕਟਮਈ ਸਥਿੱਤੀ ਦੇ ਨਿਪਟਾਰੇ ਲਈ ਸਾਡਾ ਉਚਿੱਤ ਮਾਰਗ ਦਰਸ਼ਨ ਕਰਦੇ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ  ਵਿੱਚ ਸੁਭਾਇਮਾਨ, ਇਸ ਸ਼ਬਦ ਨੂੰ ਵਿਚਾਰਨ ਦੀ ਲੋੜ ਹੈ;
ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ £
ਦੁਤੀਏ ਮਤਾ ਦੁਇ ਮਾਨੁਖ ਪਹੁਚਾਵਹੁ£
ਤ੍ਰਿਤੀਏ ਮਤਾ ਕਿਛੁ ਕਰਉ ਅਪਾਇਆ£
ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ£
(ਅੰਗ ੩੭੧)
(ਭਾਵ ਅਜੇਹੀ ਸਥਿੱਤੀ ਵਿੱਚ ਪਹਿਲਾ ਮਸ਼ਵਰਾ ਇਹ ਹੈ ਕਿ ਚਿੱਠੀ ਪੱਤ੍ਰ ਕਰੋ, ਜੇ ਚਿੱਠੀ ਪੱਤ੍ਰ ਰਾਸ ਨਾ ਆਵੇ ਤਾਂ ਦੋ ਜ਼ਿੰਮੇਵਾਰ ਦੂਤ ਭੇਜੋ ਤੇ ਗੱਲ-ਬਾਤ ਕਰੋ ਤੇ ਜੇ ਫੇਰ ਵੀ ਉਲਝੀ ਤਾਣੀ ਨਾਂ ਸੁਲਝੇ ਤਾਂ ਕੋਈ ਤੀਸਰਾ ਹੋਰ ਵਧੇਰੇ ਅਸਰ ਵਾਲਾ ਉਪਾਓ  ਸੋਚਿਆ ਜਾਵੇ। ਵਾਹਿਗੁਰੂ ‘ਤੇ ਭਰੋਸਾ ਰੱਖਣ ਵਾਲੇ ਗੁਰੂ ਸਾਹਿਬ  ਫੁਰਮਾਉਂਦੇ ਹਨ ਕਿ ਮੈਂ ਤਾਂ ਕੇਵਲ ਉਸੇ ਨੂੰ ਯਾਦ ਕਰਦਾ ਹਾਂ ਤੇ ਉਸੇ ਦਾ ਮੈਨੂੰ ਓਟ ਆਸਰਾ ਹੈ)
ਹੁਣ ਸਵਾਲ ਉੱਠਦਾ ਹੈ ਕਿ ਇਨ੍ਹਾਂ ਪਾਠੀ ਸਿੰਘਾਂ ਅਤੇ ਢਾਡੀ ਸਿੰਘਾਂ ਦੀਆਂ ਮੰਗਾਂ ਵਿੱਚ ਕਿੰਨਾਂ ਵੀ ਤਰਕ ਕਿਉਂ ਨਾ ਹੋਵੇ ਪਰ ਇਨ੍ਹਾਂ ਸਭਨਾ ਨੂੰ ਏਨੀ ਕੁ ਸਮਝ ਤਾਂ ਹੋਣੀ ਹੀ ਚਾਹੀਦੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ, ਚੰਡੀਗੜ੍ਹ ਦਾ ਮਟਕਾ ਚੌਂਕ ਨਹੀਂ ਹੈ ਤੇ ਨਾ ਹੀ ਇਹ ਦਿੱਲੀ ਦਾ ਜੰਤਰ-ਮੰਤਰ ਹੈ, ਜਿੱਥੇ ਤੁਸੀਂ ਵਿਖਾਵੇ, ਧਰਨੇ ਅਤੇ ਆਪਣੀਆਂ ਮੰਗਾਂ ਲਈ ਨਾਅਰੇਬਾਜ਼ੀ ਕਰ ਸਕਦੇ ਹੋ।ਦਰਬਾਰ ਸਾਹਿਬ ਕਿਸੇ ਟਰੇਡ-ਯੂਨੀਅਨ ਜਾਂ ਮਜ਼ਦੂਰ-ਸੰਘ ਦਾ ਮੰਚ ਨਹੀਂ, ਇਹ ਦੇਸ਼-ਵਿਦੇਸ਼ ਵੱਸਦੇ ਕ੍ਰੋੜਾਂ ਸ਼ਰਧਾਵਾਨ ਸਿੱਖਾਂ ਦੀ ਧਾਰਮਿਕ ਆਸਥਾ ਦੀ ਅੰਤਿਮ ਦਰਗਾਹ ਹੈ।ਸੱਤ ਸਮੁੰਦਰ ਪਾਰ ਕਰਕੇ  ਸ਼ਰਧਾਵਾਨ ਪ੍ਰਾਣੀ, ਦੂਰ ਦੁਰਾਡਿਓਂ ਲੰਮੇਂ ਪੈਂਡੇ ਤਹਿ ਕਰਕੇ ਤੇ ਆਪਣੇ ਮਨਾਂ ਵਿੱਚ ਅਨੇਕਾਂ ਆਰਜ਼ੂਆਂ ਲੈ ਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਊਂਦੇ ਹਨ ਤੇ ਜੇ ਅੱਗੋਂ ਗੁਰੂ ਘਰ ਦੇ ਪਾਠੀ ਹੜਤਾਲ ਤੇ ਹੋਵਣ ਤੇ ਨਾਅਰੇਬਜ਼ੀ ਕਰ ਰਹੇ ਹੋਵਣ ਤੇ ਗੁਰੂ ਘਰ ਦੇ ਢਾਡੀ ਧਾਰਮਿਕ ਸਟੇਜ ਤੇ ਹੀ ਝਗੜ ਰਹੇ ਹੋਣ ਤਾਂ ਇਹ ਸ਼ਰਧਾਲੂ,  ਸਾਡੀ ਮਰਿਆਦਾ ਦਾ ਕੀ ਪਰਭਾਵ ਲੈ ਕੇ ਜਾਣਗੇ? ਕੀ ਅਜਿਹੇ ਵਰਤਾਰਿਆਂ ਨੂੰ ਅਣਗੌਲ਼ਿਆ ਕੀਤਾ ਜਾ ਸਕਦਾ ਹੈ ? ਕੀ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਤੁਰਤ ਵਿਚਾਰਨ ਯੋਗ ਨਹੀਂ ਹੈ ?
ਇਹ ਠੀਕ ਹੈ ਕਿ ਗੁਰੂ ਘਰਾਂ ਦੇ ਪਾਠੀ, ਰਾਗੀ ਤੇ ਢਾਡੀ, ਸਿੱਖ ਸੰਗਤਾਂ ਦੇ ਸਤਿਕਾਰ ਦੇ ਪਾਤਰ ਹਨ, ਪਰ ਇਹ ਪਾਤਰਤਾਂ ਇੱਕ ਪਾਸੜ ਨਹੀਂ ਹੈ। ਸਿੱਖੀ ਸਿਦਕ ਦੇ ਮੁੱਢ ਕਦੀਮੀ ਮਾਪਦੰਡਾ ਅਨੁਸਾਰ, ਉਨ੍ਹਾਂ ਦੇ ਬਹੁਤ ਸਾਰੇ ਫਰਜ਼ ਵੀ ਬਣਦੇ ਹਨ ਜਿਨ੍ਹਾਂ ਦਾ ਮਰਿਆਦਾਪੂਰਵਕ ਪਾਲਣ ਕਰਨਾ ਉਨ੍ਹਾਂ ਦਾ ਫ਼ਰਜ਼-ਏ-ਅੱਵਲ ਹੈ।ਸਿੱਖ ਧਰਮ ਦੇ ਰੂਹਾਨੀ ਗਿਆਨ ਮਾਰਗ ਦੇ ਬੋਧ ਨਾਲ ਜੁੜੇ ਹੋਣ ਕਾਰਨ ਇਨ੍ਹਾਂ ਪਾਠੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਿੱਖ ਧਰਮ ਦੀ ਅਧਿਆਤਮਿਕਤਾ ਨਾਲ ਜੁੜੀ ਜੀਵਨਜਾਚ ਨੂੰ ਪ੍ਰਤਿਬਿੰਬਤ ਕਰਨ ਅਤੇ ਉਸ ਦੇ ਆਸ਼ਿਆਂ ਅਨੁਸਾਰ ਹੀ ਆਪਣੀ ਜੀਵਨ ਮਰਿਆਦਾ ਨੂੰ ਸੰਗਤਾਂ ਵਿੱਚ ਪ੍ਰਦਰਸ਼ਤ ਕਰਨ।ਅੱਜ ਸਾਰਾ ਸੰਸਾਰ ਜੀਵਨ ਦੇ ਕਲੇਸ਼ਾਂ ਤੋਂ ਮੁਕਤੀ ਪਾਉਂਣ, ਤਨ ਤੇ ਮਨ ਦੇ ਸਹਿਜ ਲਈ ਤੇ ਸੁੱਖ-ਸ਼ਾਤੀ ਲਈ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਡੂੰਘੀ ਆਸਥਾ ਨਾਲ ਨਤਮਸਤਕ ਹੁੰਦਾ ਹੈ, ਪਰ ਜੇ ਅੱਗੋਂ ਪਾਠੀਆਂ ਤੇ ਢਾਡੀਆਂ ਦੇ ਕਾਟੋ-ਕਲੇਸ਼ ਦੇ ਅਸਹਿਜ ਵਰਤਾਰੇ ਦੇਖਣ ਨੂੰ ਮਿਲਣ, ਤਾਂ ਇਸ ਨਾਲ ਯਕੀਨਨ ਸਾਡੀ ਧਾਰਮਿਕ ਮਰਿਆਦਾ ਨੂੰ ਵੱਡੀ ਠੇਸ ਪਹੁੰਚਦੀ ਹੈ।
ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਨ ਸਮੇਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਚਕਾਰ ਫ਼ਾਸਲਾ ਏਨਾ ਜ਼ਿਆਦਾ ਨਾ ਹੋਵੇ ਕਿ ਸ੍ਰੀ ਅਕਾਲ ਤਖਤ, ਸਿੱਖ ਧਰਮ ਦੇ ਬੁਨਿਅਦੀ ਸਿਧਾਂਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਰੂਹਾਨੀਅਤ ਦੇ ਨੂਰ ਦੇ ਆਭਾ ਮੰਡਲ ‘ਚੋਂ ਬਾਹਰ ਚਲਾ ਜਾਵੇ। ਭਾਵੇਂ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਨਿੱਤ ਦੀ ਮਰਿਆਦਾ ਵਿੱਚ ਕੁੱਝ ਸੂਖਮ ਅੰਤਰ ਜ਼ਰੂਰ ਹਨ, ਪਰ ਸ੍ਰੀ ਅਕਾਲ ਤਖਤ, ਸ੍ਰੀ ਹਰਿਮੰਦਰ ਸਾਹਿਬ ਦੇ ਰੂਹਾਨੀ ਨੂਰ ਤੋਂ ਜੁਦਾ ਨਹੀਂ ਹਨ ।
ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਜਰਾਤ ਫੇਰੀ ਸਮੇਂ ਦਾ ਇੱਕ ਸੰਵਾਦ, ਮਹੱਤਵਪੂਰਨ ਤਰਕਵਾਰਤਾ ਵੱਜੋਂ ਜਾਣਿਆ ਜਾਂਦਾ ਹੈ, ਏਥੋਂ ਦਾ ਇੱਕ ਜਹਾਂਗੀਰੀ ਸ਼ਾਹ ਫਕੀਰ ਸੀ ਜੋ ਵੱਡਾ ਕਰਾਮਾਤੀ ਮੰਨਿਆ ਹੋਇਆ ਸੀ, ਉਸ ਨੇ ਗੁਰੂ ਜੀ ਪਾਸ ਪਹੁੰਚ ਕੇ ਉਨ੍ਹਾਂ ਦੀ ਅਜ਼ਮਤ ਤੇ ਦਾਨਾਈ ਪਰਖਣ ਲਈ ਗੁਰੂ ਜੀ ਨੂੰ ਇਹ ਅੱਠ ਸਵਾਲ ਕੀਤੇ; ” (੧) ਹਿੰਦੂ  ਕਯਾ ਤੇ ਪੀਰ ਕਯਾ? (੨) ਔਰਤ ਕਯਾ ਤੇ ਫਕੀਰ ਕਯਾ? (੩) ਦੌਲਤ ਕਯਾ ਤੇ ਤਯਾਗ ਕਯਾ? (੪) ਲੜਕੇ ਕਯਾ ਤੇ ਬੈਰਾਗ ਕਯਾ? (੫) ਆਰਫ਼ ਕਯਾ ਤੇ ਦੁਨੀਆਂਦਾਰ ਕਯਾ? (ਂ) ਮਜ਼੍ਹਬ ਕਯਾ ਤੇ ਸਚਿਯਾਰ ਕਯਾ? (੭) ਪੁਜਾਰੀ ਕਯਾ ਤੇ ਸਵਾਬ ਕਯਾ? (੮) ਮਾਰੂਥਲ ਤੇ ਆਬ ਕਯਾ?
ਗੁਰੂ ਹਰਗੋਬਿੰਦ ਸਾਹਿਬ ਨੇ ਇੱਕ-ਇੱਕ ਕਰਕੇ ਸ਼ਾਹ ਫਕੀਰ ਦੇ ਸਾਰੇ ਸਵਾਲਾਂ ਦੇ ਉਤੱਰ ਹੇਠ ਲਿਖੇ ਅਨੁਸਾਰ ਦਿੱਤੇ;
(੧)ਪੀਰੀ ਰੱਬ ਦਾ ਦਾਨ ਹੈ। (੨) ਔਰਤ ਇਮਾਨ ਹੈ। (੩) ਦੌਲਤ ਗੁਜ਼ਰਾਨ ਹੈ। (੪) ਪੁਤ੍ਰ ਨਿਸ਼ਾਨ ਹੈ। (੫) ਆਰਫ਼ ਬੀਚਾਰ ਹੈ। (ਂ) ਮਜ਼੍ਹਬ ਸੁਧਾਰ ਹੈ। (੭) ਪੁਜਾਰੀ ਆਚਾਰ ਹੈ। (੮) ਮਾਰੂਥਲ ਮੇਂ ਜਲ ਕੁਦਰਤ ਕਰਤਾਰ ਹੈ।
ਗੁਰੂ ਹਰਗੋਬਿੰਦ ਸਾਹਿਬ ਜੀ ਪਾਸੋਂ ਇਹ ਸਾਰੇ ਉਤੱਰ ਸੁਣਕੇ ਫਕੀਰ ਗੁਰੂ ਜੀ ਦੇ ਚਰਨੀ ਢਹਿ ਪਿਆ ਤੇ ਬੁਲੰਦ ਆਵਾਜ਼ ਵਿੱਚ ਕਹਿਣ ਲੱਗ ਪਿਆ ”ਨਾਨਕ ਫਕੀਰ, ਦੀਨ ਦੁਨੀ ਦੇ ਪੀਰ, ਨਾਨਕ ਫਕੀਰ, ਦੀਨ ਦੁਨੀ ਦੇ ਪੀਰ”! ਗੁਰੂ ਇਤਿਹਾਸ ਦੀ ਇਸ ਸਾਖੀ ਦਾ ਉਲੇਖ ਮਹਿਜ਼ ਇਸ ਲਈ ਕੀਤਾ ਹੈ ਤਾਂ ਕਿ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਦਿੱਤੇ ਛੇਵੇਂ ਅਤੇ ਸੱਤਵੇਂ ਸਵਾਲ ਦੇ ਉਤੱਰਾਂ ਤੇ ਧਿਆਨ ਕੇਂਦਰਿਤ ਕਰਦੇ ਹੋਏ, ਗੁਰੂ ਘਰ ਦੇ ਪਾਠੀਆਂ ਅਤੇ ਢਾਡੀ ਸਿੰਘਾਂ ਵੱਲੋਂ ਜਾਣੇ-ਅਣਜਾਣੇ ਹੋਈਆਂ ਭੁੱਲਾਂ ਤੇ ਅਸੰਜਮੀਂ ਵਰਤਾਰਿਆਂ ਦੀ, ਧਾਰਮਿਕ ਮਰਿਆਦਾ ਅਨੁਸਾਰ ਸੋਧ-ਸੁਧਾਈ ਕਰਨੀ ਬਣਦੀ ਹੈ।