ਕਿਉਂ ਹੋਈ ਗੌਰੀ ਲੰਕੇਸ਼ ਦੀ ਹੱਤਿਆ?

ਕਿਉਂ ਹੋਈ ਗੌਰੀ ਲੰਕੇਸ਼ ਦੀ ਹੱਤਿਆ?

ਗੌਰੀ ਲੰਕੇਸ਼ ਤਾਂ ਸਾਰੀਆਂ ਚੀਜ਼ਾਂ ਨੂੰ ਆਪਣੇ ਅੰਗੂਠੇ ਹੇਠ ਰੱਖਣ ਦੀ ਹਕੂਮਤੀ ਰਣਨੀਤੀ ਦਾ ਸਿੱਧਾ ਮਜ਼ਾਕ ਉਡਾਉਂਦੀ ਸੀ। ਇਸੇ ਲਈ ਹਕੂਮਤੀ ਹਮਾਇਤੀ ਚਾਹੁੰਦੇ ਹਨ ਕਿ ਵਿਰੋਧ ਦੀਆਂ ਅਜਿਹੀਆਂ ਆਵਾਜ਼ਾਂ ਨੂੰ ਦਬਾਅ ਦਿੱਤਾ ਜਾਵੇ ਤੇ ਜਾਂ ਉਹ ਵੀ ਉਨ੍ਹਾਂ ਦੇ ਇਸ਼ਾਰਿਆਂ ‘ਤੇ ਨੱਚਣ ਲੱਗ ਪੈਣ। ਹੁਣ ਖੇਤਰੀ ਸੂਬੇਦਾਰ ਤਾਂ ਇਹੋ ਸਮਝਦੇ ਹਨ ਕਿ ਉਨ੍ਹਾਂ ਨੂੰ ਸੁਲਤਾਨ ਤੋਂ ਲਾਇਸੈਂਸ ਮਿਲਿਆ ਹੀ ਹੋਇਆ ਹੈ ਤੇ ਉਨ੍ਹਾਂ ਨੂੰ ਪੂਰੇ ਅਧਿਕਾਰ ਮਿਲੇ ਹੋਏ ਹਨ, ਇਸੇ ਲਈ ਉਨ੍ਹਾਂ ਦੇ ਜੇਰੇ ਪੂਰੀ ਤਰ੍ਹਾਂ ਖੁੱਲ੍ਹੇ ਹੋਏ ਹਨ ਤੇ ਉਹ ਗੌਰੀ ਲੰਕੇਸ਼ ਵਰਗੀਆਂ ਨੂੰ ਚੁੱਪ ਕਰਵਾਉਣ ਲਈ ਕੁਝ ਵੀ ਕਰ ਸਕਦੇ ਹਨ। ਇਹ ਵੱਖਰੀ ਗੱਲ ਹੈ ਕਿ ਗੌਰੀ ਲੰਕੇਸ਼ ਦੀ ਮੌਤ ਤਾਂ ਹੁਣ ਇੱਕ ਬਿੰਬ, ਇੱਕ ਪ੍ਰਤੀਕ ਬਣ ਗਈ ਹੈ।

ਹਰੀਸ਼ ਖਰੇ
ਸ਼ਾਇਦ ਸਾਨੂੰ ਕਦੇ ਵੀ ਪਤਾ ਨਾ ਲੱਗ ਸਕੇ ਕਿ ਗੌਰੀ ਲੰਕੇਸ਼ ਦੀ ਹੱਤਿਆ ਕਿਸ ਨੇ ਕੀਤੀ ਸੀ, ਪਰ ਅਸੀਂ ਵਾਜਬ ਢੰਗ ਨਾਲ ਇੰਨਾ ਕੁ ਅਨੁਮਾਨ ਤਾਂ ਲਾ ਹੀ ਸਕਦੇ ਹਾਂ ਕਿ ਉਸ ਨੂੰ ਆਖ਼ਿਰ ਮਾਰਿਆ ਕਿਉਂ ਗਿਆ ਸੀ? ਜਾਂ, ਇਸ ਗੱਲ ਨੂੰ ਇੰਜ ਵੀ ਆਖਿਆ ਜਾ ਸਕਦਾ ਹੈ ਕਿ ਅਸੀਂ ਤਾਰਕਿਕ ਢੰਗ ਇਹ ਸਮਝ ਹੀ ਸਕਦੇ ਹਾਂ ਕਿ ਉਸ ਨੂੰ ਕਿਉਂ ਮਾਰਿਆ ਜਾਣਾ ਸੀ। ਦਰਅਸਲ, ਇਸ ਵਿੱਚ ਕੋਈ ਬਹੁਤਾ ਵੱਡਾ ਭੇਤ ਨਹੀਂ ਹੈ। ਸਗੋਂ ਇਸ ਵਿੱਚ ਤਾਂ ਕਿਤੇ ਕੁਝ ਵੀ ਗੁੰਝਲਦਾਰ ਨਹੀਂ ਹੈ। ਉਸ ਦੀ ਹੱਤਿਆ ਤਾਂ ਹੋਣੀ ਹੀ ਸੀ ਕਿਉਂਕਿ ਉਹ ਹੁਣ ਅੱਖਾਂ ਵਿੱਚ ਰੜਕਣ ਲੱਗ ਪਈ ਸੀ, ਅਤੇ ਸਾਡੇ ਨਵੇਂ ਭਾਰਤ ਵਿਚ ਅਸੀਂ ਅੱਖਾਂ ਵਿਚ ਰੜਕਣ ਵਾਲਿਆਂ ਨੂੰ ਬਰਦਾਸ਼ਤ ਕਰਨ ਦੇ ਰੌਂਅ ਵਿਚ ਨਹੀਂ।
ਬੇਸ਼ੱਕ, ਇਸ ਮਾਮਲੇ ਦੇ ਕੁਝ ਸਥਾਨਕ ਪੱਖ ਵੀ ਹਨ। ਪਰ ਇਹ ਚੇਤੇ ਰੱਖਣ ਦੀ ਵੀ ਜ਼ਰੂਰਤ ਹੈ ਕਿ ਹਰ ਤਰ੍ਹਾਂ ਦੀ ਸਿਆਸਤ ਹੀ ਸਥਾਨਕ ਹੁੰਦੀ ਹੈ। ਸੀਮਤ ਜਿਹੇ ਮੀਡੀਆ ਭਾਈਚਾਰੇ ਤੋਂ ਬਾਹਰ ਗੌਰੀ ਲੰਕੇਸ਼ ਨੂੰ ਬਹੁਤੇ ਲੋਕ ਨਹੀਂ ਸੀ ਜਾਣਦੇ। ਰਾਸ਼ਟਰੀ ਪੱਧਰ ‘ਤੇ ਉਹ ਬੜਬੋਲੇ ਟੀਵੀ ਐਂਕਰਾਂ ਤੇ ਅਖੌਤੀ ਕੱਦਾਵਰ ਮੀਡੀਆ ਕਰਮੀਆਂ ਦੇ ਸਮੂਹ ਸਾਹਮਣੇ ਬਹੁਤ ਦੁਰਾਡੀ ਤੇ ਮਲੂਕ ਜਿਹੀ ਆਵਾਜ਼ ਸੀ। ਪਰ ਉਸ ਦੀ ਆਵਾਜ਼ ਸੁਣੀ ਜ਼ਰੂਰ ਜਾਂਦੀ ਸੀ ਅਤੇ ਕੰਨੜੀਗਾ ਸਿਆਸਤ ਅੰਦਰਲੇ ਮੂਲਵਾਦ ਨਾਲ ਜੁੜੇ ਵਾਤਾਵਰਣ ਵਿੱਚ ਇਸ ‘ਤੇ ਨਾਖ਼ੁਸ਼ੀ ਵੀ ਪ੍ਰਗਟਾਈ ਜਾਂਦੀ ਸੀ। ਇਸ ਨਵੀਂ ਸਿਆਸੀ ਪ੍ਰਣਾਲੀ ਵਿੱਚ ਡਰਾਉਣ-ਧਮਕਾਉਣ ਤੇ ਦਬਾਅ ਪਾਉਣ ਦੀ ਨਵੀਂ ਵਿਆਕਰਣ ਰਚੀ ਜਾ ਰਹੀ ਸੀ। ਮੂੰਹ ਬੰਦ ਕਰਨ ਜਾਂ ਚੁੱਪ ਵੱਟ ਕੇ ਰੱਖਣ ਲਈ ਤਿਆਰ ਰਹਿਣ ਜਿਹੇ ਕਈ ਨਵੇਂ ਤਜਰਬੇ ਕਰਨ ਦੀ ਪਿਰਤ ਪੈ ਚੁੱਕੀ ਸੀ। ਨਵੇਂ-ਭਾਰਤ ਦੇ ਨਵੇਂ ਕਰਤਿਆਂ-ਧਰਤਿਆਂ ਨੂੰ ਜਿਹੜੀ ਆਵਾਜ਼ ਕੁਰੱਖ਼ਤ ਲੱਗਦੀ ਹੈ, ਉਸ ਨੂੰ ਉਹ ਪ੍ਰਵਾਨ ਨਹੀਂ ਕਰਦੇ।
ਇੱਥੇ ਇਹ ਦਲੀਲ ਵੀ ਦਿੱਤੀ ਜਾ ਸਕਦੀ ਹੈ ਕਿ ਹਿੰਦੂਤਵ ਦੇ ਸਾਰਥੀਆਂ ਨੂੰ ਤਾਂ ਇੱਕ ਧੀਮੀ ਤੇ ਮਲੂਕ ਜਿਹੀ ਆਵਾਜ਼ ਦੀ ਬਹੁਤੀ ਪਰਵਾਹ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਆਖ਼ਿਰ, ਹਿੰਦੂਤਵ ਦੇ ਪ੍ਰੋਜੈਕਟ ਨੂੰ ਤਾਂ ਇੱਕ ਰੱਬੀ ਆਸ਼ੀਰਵਾਦ ਹਾਸਲ ਹੈ ਅਤੇ ਇਸ ਨੂੰ ਰੂਹਾਨੀਅਤ ਤੇ ਧਾਰਮਿਕ ਕੁਲੀਨਤਾ ਦਾ ਆਦਰਸ਼ ਮੰਨਿਆ ਜਾਂਦਾ ਹੈ। ਅਤੇ ਇਹ ਵੀ ਸਪਸ਼ਟ ਹੈ ਕਿ ਕਿਸੇ ਨੂੰ ਵੀ ਧਰਮ-ਨਿਰਪੇਖਤਾ ਦਾ ਦਮ ਭਰਨ ਵਾਲੀਆਂ ਮੁੱਠੀ-ਭਰ ਨਾਰਾਜ਼ ਆਵਾਜ਼ਾਂ ਤੋਂ ਆਪਣਾ ਧਿਆਨ ਭਟਕਾਉਣਾ ਨਹੀਂ ਚਾਹੀਦਾ। ਅਜਿਹੀਆਂ ਆਵਾਜ਼ਾਂ ਪ੍ਰਤੀ ਤਾਂ ਰੁਖ਼ ਅਜਿਹਾ ਹੋਣਾ ਚਾਹੀਦਾ ਹੈ: ਇਨ੍ਹਾਂ ਨੂੰ ਆਪਣਾ ਪੂਰਾ ਤਾਣ ਲਾ ਲੈਣ ਦਿਉ, ਉਹ ਆਪੇ ਹੰਭ-ਹਾਰ ਕੇ ਬਹਿ ਜਾਣਗੀਆਂ। ਆਉ, ਆਪਾਂ ਆਪਣੀ ਚਾਲੇ ਅੱਗੇ ਵਧਦੇ ਜਾਈਏ।
ਪਰ ਗੌਰੀ ਲੰਕੇਸ਼ ਪ੍ਰਤੀ ਨਾਖ਼ੁਸ਼ੀ ਕੁਝ ਜ਼ਿਆਦਾ ਹੀ ਸੀ। ਉਸ ਵਰਗੀਆਂ ਆਵਾਜ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਤਾਂ ਆਪਣੀ ਅਸਹਿਮਤੀ ਜਤਾਉਂਦੀ ਹੀ ਰਹੇਗੀ। ਆਖ਼ਿਰ, ਉਹ ਬੇਕਾਬੂ ਵਿਅਕਤੀਗਤ ਆਵਾਜ਼ ਹੈ ਜਿਸ ‘ਤੇ ਚਿੜ ਕੀਤੀ ਜਾਂਦੀ ਹੈ। ਸੋਸ਼ਲ ਮੀਡੀਆ ‘ਤੇ ਵੀ, ਅਸੀਂ ਆਮ ਤੌਰ ‘ਤੇ ਵਿਅਕਤੀਗਤ ਆਵਾਜ਼ਾਂ ਲਈ ਆਪਣੀਆਂ ਸਭ ਤੋਂ ਵੱਧ ਜ਼ਹਿਰੀਲੀਆਂ ਝਾੜਾਂ ਤੇ ਟਿੱਪਣੀਆਂ ਰਾਖਵੀਆਂ ਰੱਖਦੇ ਹਾਂ। ਆਖ਼ਿਰ ਇਨ੍ਹਾਂ ਵਿਅਕਤੀਗਤ ਆਵਾਜ਼ਾਂ ਦੀ ਜੁਰੱਅਤ ਕਿਵੇਂ ਪਈ ਸਰਕਾਰੀ ਸੋਚ ‘ਤੇ ਕਿੰਤੂ-ਪ੍ਰੰਤੂ ਕਰਨ ਦੀ? ਅਤੇ, ਫਿਰ ਅਜਿਹੇ ਵਿਰੋਧ ਦੀ ਧਾਰ ਵੱਧ ਤਿੱਖੀ ਭਾਸਦੀ ਹੈ ਜਦੋਂ ਇੱਕ ਤਾਨਾਸ਼ਾਹ ਵੱਲੋਂ ਵੱਡੇ ਕਾਰਪੋਰੇਟ ਮੀਡੀਆ ਨੂੰ ਬੜੀ ਆਸਾਨੀ ਨਾਲ ਆਪਣੇ ਕਾਬੂ ਹੇਠ ਕਰ ਲਿਆ ਗਿਆ ਹੋਵੇ।
ਬਿਨਾਂ ਬਹੁਤੇ ਯਤਨਾਂ ਦੇ, ਕਾਰਪੋਰੇਟ ਮੀਡੀਆ ਪ੍ਰਿੰਟ ਤੇ ਇਲੈਕਟ੍ਰੌਨਿਕ ਨੇ ਤਾਂ ਹੁਣ ਪੂਰੀ ਤਰ੍ਹਾਂ ਧਾਰ ਰੱਖਿਆ ਹੈ ਕਿ ‘ਨਵੇਂ-ਭਾਰਤ’ ਦੇ ਨਵੇਂ ਸੁਲਤਾਨਾਂ ਨੂੰ ਨਾਰਾਜ਼ ਨਹੀਂ ਕਰਨਾ। ਸਾਡੇ ਨਵੇਂ ਮੁਕਤੀਦਾਤੇ ਉਨ੍ਹਾਂ ਵਸੀਲਿਆਂ ਤੇ ਵੱਡੀਆਂ-ਵੱਡੀਆਂ ਜੇਬਾਂ ਦੀ ਪ੍ਰਕਿਰਤੀ ਤੇ ਆਕਾਰ ਨੂੰ ਭਲੀਭਾਂਤ ਜਾਣਦੇ ਹਨ ਕਿਉਂਕਿ ਉਨ੍ਹਾਂ ਦੇ ਦਮ ‘ਤੇ ਹੀ ਤਾਂ ਉਹ ਸਮੁੱਚੇ ਦੇਸ਼ ਵਿੱਚ ਆਪਣੀ ਮੌਜੂਦਗੀ ਨੂੰ ਖ਼ਰੀਦਦੇ ਹਨ; ਅਤੇ ਇਹੋ ਵਿਸ਼ਾਲਤਾ ਹੈ ਜੋ ਉਸ ਕਮਜ਼ੋਰੀ ਨੂੰ ਜਥੇਬੰਦਕ ਤੇ ਪੇਸ਼ੇਵਰਾਨਾ ਰੂਪ ਦਿੰਦੀ ਹੈ ਜਿਹੜੀ ਸਰਕਾਰੀ ਡੰਡੇ ਦੀ ਆਮਦ ਦਿਸਦਿਆਂ ਹੀ ਮੀਡੀਆ ਘਰਾਣਿਆਂ ਨੂੰ ਆਪਣੀ ਸੁਰ ਬਦਲਣ ਦੇ ਰਾਹ ਪਾ ਦਿੰਦੀ ਹੈ। ਨਵੇਂ ਭਾਰਤ ਵਿੱਚ, ਸਰਕਾਰੀ ਤੰਤਰ ਦੀ ਤਾਕਤ ਦੀ ਵਰਤੋਂ ਉੱਤੇ ਕੋਈ ਰੋਕ ਨਹੀਂ ਹੈ ਅਤੇ ਜੇ ਕੋਈ ਸਿਆਸੀ ਆਗੂ (ਵਿਰੋਧੀ ਜਾਂ ਭਾਈਵਾਲ), ਕੋਈ ਕਾਰੋਬਾਰੀ ਜਾਂ ਕੋਈ ਪੱਤਰਕਾਰ, ਲੀਹ ‘ਤੇ ਨਹੀਂ ਆਉਂਦਾ ਤਾਂ ਇਸ ਤਾਕਤ ਦੇ ਵੱਖ ਵੱਖ ਉਪਕਰਣਾਂ ਦੀ ਵਰਤੋਂ ਕਰਨ ਪ੍ਰਤੀ ਝਿਜਕ ਵੀ ਨਹੀਂ ਦਿਖਾਈ ਜਾਂਦੀ।
ਕਾਰਪੋਰੇਟ ਮੀਡੀਆ ਨੇ ‘ਇੱਕ ਰਾਸ਼ਟਰ, ਇੱਕ ਟੈਕਸ, ਇੱਕ ਆਗੂ ਤੇ ਇੱਕ ਆਵਾਜ਼’ ਦੇ ਤਰਕ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ। ਇਸ ਤਰਕ ਨੂੰ, ਦਰਅਸਲ, ਦੇਸ਼ਭਗਤੀ ਦੇ ਰੰਗਾਂ ਵਿੱਚ ਲਪੇਟ ਕੇ ਪੇਸ਼ ਕੀਤਾ ਗਿਆ ਹੈ। ਉੱਧਰ ਪਾਕਿਸਤਾਨ ਤੇ ਚੀਨ ਨਾਲ ਕਿਉਂਕਿ ਸ਼ੁਰੂ ਤੋਂ ਹੀ ਵੈਰ-ਵਿਰੋਧ ਤੇ ਰੇੜਕੇ ਚੱਲਦੇ ਆਏ ਹਨ, ਇਸੇ ਲਈ ਦੁਵੱਲੀ ਭੜਕਾਹਟ ਪੈਦਾ ਕਰਨ ਦੇ ਬਹੁਤ ਸਾਰੇ ਅਜਿਹੇ ਮੌਕੇ ਆਉਂਦੇ ਹਨ, ਜਦੋਂ ਪੂਰੇ ਜੋਸ਼ ਨਾਲ ਝੰਡਾ ਝੁਲਾ ਕੇ ਖ਼ੁਸ਼ ਹੋਇਆ ਜਾ ਸਕਦਾ ਹੈ ਤੇ ਇਸ ਦੌਰਾਨ ਕਿਸੇ ਨੂੰ ਧਮਕਾਇਆ ਵੀ ਜਾ ਸਕਦਾ ਹੈ। ਹੋਰ ਤਾਂ ਹੋਰ, ਅਰਥਚਾਰੇ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦੇਣ ਵਾਲੀ ਨੋਟਬੰਦੀ ਤੋਂ ਬਾਅਦ ਵੀ ਕਾਰਪੋਰੇਟ ਮੀਡੀਆ ਦੇ ਪ੍ਰਭਾਵਸ਼ਾਲੀ ਵਰਗ ਮੁਫ਼ਤ ‘ਚ ਹੀ ਸਰਕਾਰੀ ਬੋਲੀ ਬੋਲਣ ਵਿੱਚ ਲੱਗੇ ਹੋਏ ਹਨ।
ਦਰਅਸਲ, ਇੱਥੇ ਕੋਈ ਅਜਿਹੀ ਦਲੀਲ ਵੀ ਦੇ ਸਕਦਾ ਹੈ ਕਿ ਇਹ ‘ਨਵ-ਮੀਡੀਆ’ ਹੀ ‘ਨਵੇਂ ਭਾਰਤ’ ਦੇ ਸੁਭਾਅ ਤੇ ਆਸਾਂ ‘ਤੇ ਖਰਾ ਉੱਤਰ ਸਕਦਾ ਹੈ। ਭਾਰਤੀ ਮੀਡੀਆ ਦੀ ਅਜਿਹੀ ਭੂਮਿਕਾ ਪਹਿਲਾਂ ਕਦੇ ਵੀ ਅਜਿਹੇ ਨਵੇਂ ਢੰਗ ਨਾਲ ਪਰਿਭਾਸ਼ਿਤ ਨਹੀਂ ਹੋਈ- ਹੁਣ ਤਾਂ ਇਹ ਮੀਡੀਆ ਇੱਥੋਂ ਤਕ ਵੀ ਪੁੱਜ ਚੁੱਕਾ ਹੈ ਕਿ ਵਿਰੋਧੀ ਧਿਰ ‘ਤੇ ਪੂਰੀ ਚੌਕਸ ਨਜ਼ਰ ਰੱਖੀ ਜਾਂਦੀ ਹੈ ਅਤੇ ਸਰਕਾਰੀ ਮੋਹਤਬਰ ਦੇ ਕਾਰਿਆਂ ਉੱਤੇ ਨਜ਼ਰ ਰੱਖਣ ਦੀ ਥਾਂ ਮੀਡੀਆ ਦੀ ਵਰਤੋਂ ਵਿਰੋਧੀ ਧਿਰ ਦੀ ਸਫ਼ਬੰਦੀ ਤੇ ਮਨੋਬਲ ਨੂੰ ਤੋੜਨ ਲਈ ਕੀਤੀ ਜਾਂਦੀ ਹੈ। ਨੋਟਬੰਦੀ ਤੋਂ ਲੈ ਕੇ ਡੋਕਲਾਮ ਤਕ ਸਰਕਾਰ ਦੇ ਸ਼ੱਕੀ ਦਾਅਵਿਆਂ ‘ਤੇ ਕੋਈ ਕਿੰਤੂ-ਪ੍ਰੰਤੂ ਕਰਨ ਦੀ ਥਾਂ ਕਾਰਪੋਰੇਟ ਮੀਡੀਆ ਨੇ ਆਲੋਚਕਾਂ ਤੇ ਕੁਝ ਨਾਰਾਜ਼ ਆਵਾਜ਼ਾਂ ਨੂੰ ਚੁੱਪ ਕਰਵਾਉਣ ਦਾ ਕੰਮ ਸੰਭਾਲ ਲਿਆ ਹੈ।
ਸੱਤਾਧਾਰੀਆਂ ਦੀ ਸੋਚ ਜਨਰਲ ਸੈਮ ਮਾਨੇਕਸ਼ਾਅ ਵਾਂਗ ਹੈ ਕਿ ਜੇਕਰ ਇੱਕ ਵਾਰ ਢਾਕਾ, ਚਿਟਾਗੌਂ ਜਿਹੀਆਂ ਮੁੱਖ ਥਾਵਾਂ ‘ਤੇ ਕਬਜ਼ਾ ਹੋ ਗਿਆ ਤਾਂ ਨਿੱਕੇ-ਨਿੱਕੇ ਪਿੰਡ ਤਾਂ ਆਪੇ ਪਿੱਛੇ ਲੱਗ ਜਾਣਗੇ। ਪਰ ਇੱਥੇ ਪਿੰਡਾਂ ਵਿਚ ਹੀ ਤਾਂ ਰੋਹ ਤੇ ਰੋਸ ਹੈ। ਅਤੇ ਗੌਰੀ ਲੰਕੇਸ਼ ਤਾਂ ਸਾਰੀਆਂ ਚੀਜ਼ਾਂ ਨੂੰ ਆਪਣੇ ਅੰਗੂਠੇ ਹੇਠ ਰੱਖਣ ਦੀ ਹਕੂਮਤੀ ਰਣਨੀਤੀ ਦਾ ਸਿੱਧਾ ਮਜ਼ਾਕ ਉਡਾਉਂਦੀ ਸੀ। ਇਸੇ ਲਈ ਹਕੂਮਤੀ ਹਮਾਇਤੀ ਚਾਹੁੰਦੇ ਹਨ ਕਿ ਵਿਰੋਧ ਦੀਆਂ ਅਜਿਹੀਆਂ ਆਵਾਜ਼ਾਂ ਨੂੰ ਦਬਾਅ ਦਿੱਤਾ ਜਾਵੇ ਤੇ ਜਾਂ ਉਹ ਵੀ ਉਨ੍ਹਾਂ ਦੇ ਇਸ਼ਾਰਿਆਂ ‘ਤੇ ਨੱਚਣ ਲੱਗ ਪੈਣ। ਹੁਣ ਖੇਤਰੀ ਸੂਬੇਦਾਰ ਤਾਂ ਇਹੋ ਸਮਝਦੇ ਹਨ ਕਿ ਉਨ੍ਹਾਂ ਨੂੰ ਸੁਲਤਾਨ ਤੋਂ ਲਾਇਸੈਂਸ ਮਿਲਿਆ ਹੀ ਹੋਇਆ ਹੈ ਤੇ ਉਨ੍ਹਾਂ ਨੂੰ ਪੂਰੇ ਅਧਿਕਾਰ ਮਿਲੇ ਹੋਏ ਹਨ, ਇਸੇ ਲਈ ਉਨ੍ਹਾਂ ਦੇ ਜੇਰੇ ਪੂਰੀ ਤਰ੍ਹਾਂ ਖੁੱਲ੍ਹੇ ਹੋਏ ਹਨ ਤੇ ਉਹ ਗੌਰੀ ਲੰਕੇਸ਼ ਵਰਗੀਆਂ ਨੂੰ ਚੁੱਪ ਕਰਵਾਉਣ ਲਈ ਕੁਝ ਵੀ ਕਰ ਸਕਦੇ ਹਨ। ਇਹ ਵੱਖਰੀ ਗੱਲ ਹੈ ਕਿ ਗੌਰੀ ਲੰਕੇਸ਼ ਦੀ ਮੌਤ ਤਾਂ ਹੁਣ ਇੱਕ ਬਿੰਬ, ਇੱਕ ਪ੍ਰਤੀਕ ਬਣ ਗਈ ਹੈ।
ਸਾਡੇ ਦੇਸ਼ ਵਰਗੀ ਵਿਸ਼ਾਲ ਧਰਤੀ ‘ਤੇ ਰੋਜ਼ਾਨਾ ਲੱਖਾਂ ਵਧੀਕੀਆਂ ਅਤੇ ਲੱਖਾਂ ਹੀ ਬਗ਼ਾਵਤਾਂ ਵੀ ਹੁੰਦੀਆਂ ਹਨ। ਹੋ ਸਕਦਾ ਹੈ ਕਿ ਉਹ ਵਿਦਰੋਹ ਛੋਟੇ ਤੇ ਨਿਗੂਣੇ ਹੋਣ ਅਤੇ ਅਸਲ ਵਿੱਚ ਅਜਿਹੀਆਂ ਘਟਨਾਵਾਂ ਨੂੰ ਕਦੇ ਅਖ਼ਬਾਰਾਂ ਦੇ ਮੁੱਖ ਪੰਨਿਆਂ ਜਾਂ ਖੇਤਰੀ ਪ੍ਰੈੱਸ ਵਿੱਚ ਵੀ ਕੋਈ ਥਾਂ ਨਹੀਂ ਮਿਲਦੀ; ਫਿਰ ਵੀ ਅਜਿਹੇ ਰੋਹ ਤੇ ਰੋਸਿਆਂ ਦੀਆਂ ਗਤੀਵਿਧੀਆਂ ਵਾਪਰਦੀਆਂ ਹਨ ਕਿਉਂਕਿ ਤਾਕਤ ਨਾਲ ਅੰਨ੍ਹਾ ਹੋਇਆ ਸਥਾਨਕ ਢਾਂਚਾ ਹਰ ਕਿਸੇ ਨੂੰ ਝੁਕਾਉਣ ਤੇ ਹੁਕਮਾਂ ਉੱਤੇ ਫੁੱਲ ਚੜ੍ਹਾਉਣ ਲਈ ਮਜਬੂਰ ਕਰਨ ਵਾਸਤੇ ਅਕਸਰ ਆਪਣਾ ਦਬਾਅ ਪਾਉਂਦਾ ਰਹਿੰਦਾ ਹੈ। ਅਜਿਹੇ ਕਰੋੜਾਂ ਨਾਗਰਿਕ ਹਨ, ਜਿਨ੍ਹਾਂ ਨੂੰ ‘ਪੁਰਾਣਾ ਭਾਰਤ’ ਅਤੇ ਉਸ ਦੀਆਂ ਨਹਿਰੂਵਾਦੀ ਕਦਰਾਂ-ਕੀਮਤਾਂ ਹੀ ਵਧੀਆ ਲੱਗਦੀਆਂ ਹਨ; ਪਰ ਉਹ ਟੈਲੀਵਿਜ਼ਨ ਸਟੂਡੀਓਜ਼ ਵਿੱਚ ਚੀਕ-ਚੀਕ ਕੇ ਕੀਤੇ ਜਾਣ ਵਾਲੇ ਬਹਿਸ-ਮੁਬਾਹਸਿਆਂ ਵਿੱਚ ਆਪਣੇ ਵਿਚਾਰ ਪ੍ਰਗਟ ਨਹੀਂ ਕਰ ਸਕਦੇ ਪਰ ਉਹ ਪਿੰਡ-ਪਿੰਡ ਤੇ ਗਲ਼ੀਆਂ-ਮੁਹੱਲਿਆਂ ਵਿੱਚ ਅਨੇਕਤਾਵਾਦ ਤੇ ਧਰਮ-ਨਿਰਪੇਖਵਾਦ ਨੂੰ ਜਿਉਂ ਕੇ ਵਿਖਾਉਂਦੇ ਹਨ।
ਗੌਰੀ ਲੰਕੇਸ਼ ਮਾਡਲ ਉਸੇ ਰੋਹ-ਰੋਸ ਤੇ ਅਸਹਿਮਤੀ ਦੀ ਰਵਾਇਤ ਨੂੰ ਆਵਾਜ਼ ਤੇ ਖਰਾਪਣ ਪ੍ਰਦਾਨ ਕਰਦਾ ਹੈ, ਇਸੇ ਲਈ ਇਸ ਦਾ ਵਿਰੋਧ ਹੁੰਦਾ ਹੈ ਤੇ ਉਸ ਨੂੰ ਲੋੜ ਪੈਣ ‘ਤੇ ਤਾਕਤ ਨਾਲ ਖੇਰੂੰ-ਖੇਰੂੰ ਕਰ ਕੇ ਰੱਖ ਦਿੱਤਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਇੰਨੇ ਮਸ਼ਹੂਰ ਤੇ ਚਕਾਚੌਂਧ ਵਾਲੇ ਜਾਣੇ-ਪਛਾਣੇ ਚਿਹਰੇ ਅਖੌਤੀ ਰਾਸ਼ਟਰੀ ਟੈਲੀਵਿਜ਼ਨ ‘ਤੇ ਕਾਬੂ ਵਿੱਚ ਆ ਸਕਦੇ ਹਨ ਜਾਂ ਉਨ੍ਹਾਂ ਦੀ ਮਾਨਸਿਕਤਾ ਤਬਦੀਲ ਹੋ ਸਕਦੀ ਹੈ, ਤਾਂ ਇਹ ਕਿਹੜੀ ਮਾਮੂਲੀ ਜਿਹੀ ਔਰਤ ਹੈ, ਜਿਹੜੀ ਲੀਹ ‘ਤੇ ਨਹੀਂ ਆ ਰਹੀ! ਜੇ ਉਹ ਨਵੇਂ ਭਾਰਤ ਦੀ ਆੜ ਹੇਠ ਹੋਣ ਵਾਲੀ ਮੌਜੂਦਾ ਮਹਾਨ ਰਾਸ਼ਟਰੀ ਪੁਨਰ-ਜਾਗ੍ਰਿਤੀ ਅਤੇ ਯਾਦਗਾਰੀ ਤਰੱਕੀ ਦੀ ਸ਼ਲਾਘਾ ਕਰਨ ਤੋਂ ਇਨਕਾਰ ਕਰ ਦਿੰਦੀ ਹੈ, ਤਦ ਉਸ ਨੂੰ ਤਾਂ ਫਿਰ ਚੁੱਪ ਕਰਵਾਉਣਾ ਹੀ ਹੋਇਆ।
ਇਹ ਜਾਣਿਆ-ਪਛਾਣਿਆ ਤੱਤ ਹੈ। ਚੁੱਪ ਕਰਵਾਉਣ ਤੇ ਕਾਬੂ ਹੇਠ ਲਿਆਉਣ ਦੀ ਇਹ ਪ੍ਰਕਿਰਿਆ ਮੱਧਕਾਲ ਵਿੱਚ ਵੀ ਜ਼ੋਰਾਵਰਾਂ ਤੇ ਸੱਤਾਧਾਰੀਆਂ ਵੱਲੋਂ ਵਰਤੀ ਜਾਂਦੀ ਸੀ। ਹੈਨਰੀ-ਦੋਇਮ ਨੇ ਵੀ ਉੱਚੀ ਆਵਾਜ਼ ਵਿੱਚ ਇਹ ਆਖਿਆ ਸੀ ‘ਕੀ ਇਸ ਤਬਾਹਕੁਨ ਪਾਦਰੀ ਤੋਂ ਕੋਈ ਮੇਰਾ ਖਹਿੜਾ ਛੁਡਾਏਗਾ?’ ਅਤੇ ਤਦ ਕੁਝ ਵਫ਼ਾਦਾਰਾਂ ਨੇ ਉਸ ਉਲੰਘਣਾਕਾਰ ਪਾਦਰੀ ਭਾਵ ਕੈਂਟਰਬਰੀ ਦੇ ਆਰਚਬਿਸ਼ਪ ਨੂੰ ਸਦਾ ਲਈ ਚੁੱਪ ਕਰਵਾ ਦਿੱਤਾ ਸੀ। ਉਹ ਘਟਨਾ 1170 ਈਸਵੀ ਦੀ ਹੈ। ਉਦੋਂ ਤੋਂ ਬਾਅਦ ਗ਼ਦਰ ਮਚਾਉਣ ਵਾਲੇ ਇਸ ਜਾਂ ਉਸ ਪਾਦਰੀ ਨੂੰ ਖ਼ਾਮੋਸ਼ ਕਰਨ ਦਾ ਵਿਧੀ-ਵਿਧਾਨ ਮਾਂਜਿਆ-ਸੰਵਾਰਿਆ ਜਾਣਾ ਜਾਰੀ ਹੈ।
ਆਧੁਨਿਕ ਯੁੱਗ ਵਿੱਚ, ਤਾਨਾਸ਼ਾਹ ਨੇ ਆਮ ਜਨਤਾ ਨੂੰ ਆਪਣੇ ਹੱਕ ਵਿੱਚ ਇਸ ਤਰੀਕੇ ਭੜਕਾ ਦਿੱਤਾ ਹੈ ਕਿ ਤਾਂ ਜੋ ਲੋਕਾਂ ਦੇ ‘ਦੁਸ਼ਮਣ’ ਦਾ ਜਾਂ ‘ਤਰੱਕੀ’ ਦੇ ‘ਦੁਸ਼ਮਣਾਂ’ ਦਾ ਖ਼ਾਤਮਾ ਕੀਤਾ ਜਾ ਸਕੇ। ਅਤੇ ਹੁਣ, ਇਸ ਡਿਜੀਟਲ ਜੁੱਗ ਵਿੱਚ, ਘੁਸਪੈਠ ਕਰਨ ਵਾਲੀ ਨਵੀਂ ਤਕਨਾਲੋਜੀ ਨੇ ਨਵੇਂ ਭਾਰਤ ਦੇ ਪ੍ਰਭੂਆਂ ਨੂੰ ਅਜਿਹਾ ਬਲਸ਼ਾਹੀ ਬਣਾ ਦਿੱਤਾ ਹੈ ਕਿ ਉਹ ਦੂਰ-ਦੁਰਾਡੇ ਦੀਆਂ ਘਟਨਾਵਾਂ ਨੂੰ ਅਤੇ ਵਿਅਕਤੀਆਂ ਨੂੰ ਆਪਣੇ ਕਾਬੂ ਹੇਠ ਰੱਖਣ ਲਈ ਇਸ ਦੀ ਖੁੱਲ੍ਹ ਕੇ ਵਰਤੋਂ ਕਰਨ ਲੱਗ ਪਏ ਹਨ। ਅਜਿਹੇ ਆਲਮ ਵਿੱਚ ਗੌਰੀ ਲੰਕੇਸ਼ ਵਰਗੀਆਂ ਮਲੂਕ ਆਵਾਜ਼ਾਂ ਨੂੰ ਤਾਂ ਵਿਰੋਧ ਪ੍ਰਗਟਾਉਣ ਦੀ ਇਜਾਜ਼ਤ ਦਿੱਤੀ ਹੀ ਨਹੀਂ ਜਾ ਸਕਦੀ। ਇਸੇ ਲਈ ਉਸ ਨੂੰ ਤਾਂ ਮਰਨਾ ਹੀ ਪੈਣਾ ਸੀ।
(‘ਪੰਜਾਬੀ ਟ੍ਰਿਬਿਊਨ’ ਤੋਂ ਧੰਨਵਾਦ ਸਹਿਤ)