ਰਿਕਾਰਡ ਪੈਦਾਵਾਰ ਹੋਣ ਦੇ ਬਾਵਜੂਦ ਅਨਾਜ ਦੀ ਕਮੀ ਦੀ ਚਿੰਤਾ

ਰਿਕਾਰਡ ਪੈਦਾਵਾਰ ਹੋਣ ਦੇ ਬਾਵਜੂਦ ਅਨਾਜ ਦੀ ਕਮੀ ਦੀ ਚਿੰਤਾ

ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਹੈ ਕਿ ਦੇਸ਼ ‘ਚ ਅਨਾਜ ਦੀ ਰਿਕਾਰਡ ਪੈਦਾਵਾਰ ਦੇ ਬਾਵਜੂਦ ਅਨਾਜ ਨੂੰ ਲੈ ਕੇ ਅਸੀਂ ਬੇਫਿਕਰ ਨਹੀਂ ਹਾਂ। ਅੱਗੇ ਦੀਆਂ ਲੋੜਾਂ ਦੇ ਹਿਸਾਬ ਨਾਲ ਇਹ ਰਿਕਾਰਡ ਉਤਪਾਦਨ ਵੀ ਘੱਟ ਪੈ ਰਿਹਾ ਹੈ।

ਸੁਧੀਰ ਜੈਨ
ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰੀ ਰਾਧਾ ਮੋਹਨ ਸਿੰਘ ਨੇ ਕਿਹਾ ਹੈ ਕਿ ਦੇਸ਼ ‘ਚ ਅਨਾਜ ਦੀ ਰਿਕਾਰਡ ਪੈਦਾਵਾਰ ਦੇ ਬਾਵਜੂਦ ਅਸੀਂ ਅਨਾਜ ਨੂੰ ਲੈ ਕੇ ਬੇਫਿਕਰ ਨਹੀਂ ਹਾਂ। ਅੱਗੇ ਦੀਆਂ ਘੱਟੋ-ਘੱਟ ਲੋੜਾਂ ਦੇ ਹਿਸਾਬ ਨਾਲ ਇਹ ਰਿਕਾਰਡ ਉਤਪਾਦਨ ਵੀ ਘੱਟ ਪੈ ਰਿਹਾ ਹੈ। ਇਹ ਗੱਲ ਕੋਈ ਹੋਰ ਕਹਿੰਦਾ ਤਾਂ ਇਸ ਨੂੰ ਸਰਕਾਰ ਦਾ ਵਿਰੋਧ ਕਰਨ ਦੀ ਰਾਜਨੀਤੀ ਸਮਝਿਆ ਜਾਂਦਾ, ਪਰ ਖੁਦ ਖੇਤੀ ਮੰਤਰੀ ਦਾ ਇਹ ਕਹਿਣਾ ਸੋਚਣ ਲਈ ਮਜਬੂਰ ਕਰ ਰਿਹਾ ਹੈ। ਅਜਿਹਾ ਨਹੀਂ ਹੈ ਕਿ ਇਸ ਬਾਰੇ ਆਪਣੀ ਮੌਜੂਦਾ ਸਰਕਾਰ ਨੂੰ ਸਾਵਧਾਨ ਨਾ ਕੀਤਾ ਗਿਆ ਹੋਵੇ। ਇਸੇ ਸਬੰਧ ‘ਚ ਅੱਜ ਤੋਂ ਲਗਭਗ 15 ਮਹੀਨੇ ਪਹਿਲਾਂ ਇਕ ਵਿਸ਼ੇਸ਼ ਲੇਖ ਲਿਖਿਆ ਗਿਆ ਸੀ। ਉਸ ਸਮੇਂ ਸਰਕਾਰ ਦਾ ਧਿਆਨ ਹੋਰ ਲੋੜੀਂਦੇ ਸਾਧਨਾਂ ਵੱਲ ਸੀ, ਇਸ ਲਈ ਉਸ ਨੂੰ ਸਾਵਧਾਨ ਕਰਨ ਦੀ ਜ਼ਰੂਰਤ ਸਮਝੀ ਗਈ ਸੀ।

ਅਰਥਸ਼ਾਸਤਰ ਦੇ ਨਿਯਮ ਤੋੜਦਾ ਹੈ ਅਨਾਜ :
ਅਰਥਸ਼ਾਸਤਰ ‘ਚ ਸਭ ਤੋਂ ਆਸਾਨ ਸਿਧਾਂਤ ਮੰਗ ਅਤੇ ਪੂਰਤੀ ਦਾ ਸਿਧਾਂਤ ਮੰਨਿਆ ਜਾਂਦਾ ਹੈ। ਜੇ ਮੰਗ ਵੱਧ ਤੇ ਪੂਰਤੀ ਘੱਟ ਹੈ ਤਾਂ ਮਹਿੰਗਾਈ ਵਧਦੀ ਹੈ। ਇੱਥੇ ਕਣਕ-ਚੌਲ ਦੀ ਮੰਗ ਵੱਧ ਰਹੀ ਹੈ, ਪਰ ਭਾਅ ਨਹੀਂ ਵੱਧ ਰਹੇ। ਹਾਲਤ ਇਹ ਹੈ ਕਿ ਉਨ੍ਹਾਂ ਦੇ ਭਾਅ ਵਧਾਉਣ ਲਈ ਕਿਸਾਨਾਂ ਨੂੰ ਅੰਦੋਲਨ ਕਰਨਾ ਪੈ ਰਿਹਾ ਹੈ। ਕਿਸਾਨ ਨੂੰ ਉਤਪਾਦਨ ਦੀ ਲਾਗਤ ਵੀ ਨਹੀਂ ਮਿਲ ਰਹੀ ਤਾਂ ਇਸ ਤੋਂ ਵੱਡੀ ਹੈਰਾਨੀ ਦੀ ਗੱਲ ਕੀ ਹੋ ਸਕਦੀ ਹੈ। ਇਹੀ ਅੰਕੜਾ ਅਰਥਸ਼ਾਸਤੀਆਂ ਨੂੰ ਆਪਣੀ ਮੰਗ-ਪੂਰਤੀ ਦੇ ਸਿਧਾਂਤ ਦੀ ਜਾਂਚ-ਪੜਤਾਲ ਕਰਨ ਦਾ ਸੁਝਾਅ ਦੇ ਰਿਹਾ ਹੈ।

ਰਿਕਾਰਡ ਉਤਪਾਦਨ ਦਾ ਸੱਚ :
ਕਿਸੇ ਦੇਸ਼ ਦੀ ਵਿਵਸਥਾ ਦਾ ਸਭ ਤੋਂ ਜ਼ਰੂਰੀ ਕੰਮ ਭੋਜਨ-ਪਾਣੀ ਦਾ ਪ੍ਰਬੰਧ ਹੈ। ਇਤਿਹਾਸ ਦੇ ਧੱਕੜ ਤੋਂ ਧੱਕੜ ਸ਼ਾਸਕ ਆਪਣੇ ਨਾਗਰਿਕਾਂ ਲਈ ਭੋਜਨ-ਪਾਣੀ ਦੇ ਇੰਤਜ਼ਾਮ ਨੂੰ ਲੈ ਕੇ ਹਮੇਸ਼ਾ ਚੌਕਸ ਰਹੇ। ਤੁਗਲਕ ਅਤੇ ਸਟਾਲਿਨ ਤਕ। ਪਰ ਮੌਜੂਦਾ ਸਮੇਂ ਦੇ ਸ਼ਾਸਕਾਂ ਵਿਚ ਇਹ ਆਦਤ ਵਿਖਾਈ ਦੇ ਰਹੀ ਹੈ ਕਿ ਉਹ ਅਨਾਜ ਨੂੰ ਦੂਜੇ ਦੇਸ਼ਾਂ ਤੋਂ ਖਰੀਦਣ ਦੀ ਵਿਵਸਥਾ ਕਾਰਨ ਬੇਫਿਕਰ ਰਹਿਣ ਲੱਗੇ ਹਨ। ਜੋ ਦੇਸ਼ ਆਪਣੀ ਬੇਫਿਕਰੀ ਲਈ ਅਨਾਜ ਦਾ ਵਾਧੂ ਉਤਪਾਦਨ ਕਰਦੇ ਹਨ, ਉਨ੍ਹਾਂ ਲਈ ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਉਨ੍ਹਾਂ ਦਾ ਵਾਧੂ ਅਨਾਜ ਦੂਜੇ ਦੇਸ਼ਾਂ ‘ਚ ਵਿਕਦਾ ਰਹੇ। ਪਰ ਉਸ ਖਰੀਦਾਰ ਦੇਸ਼ ਦੀ ਬੇਬਸੀ ਨੂੰ ਹਾਲੇ ਸਮਝਿਆ ਨਹੀਂ ਜਾ ਰਿਹਾ ਹੈ, ਜਿਸ ਨੂੰ ਖੇਤੀ ਪ੍ਰਧਾਨ ਕਿਹਾ ਜਾਂਦਾ ਹੈ ਅਤੇ ਜਿੱਥੇ ਅੱਧੀ ਤੋਂ ਵੱਧ ਆਬਾਦੀ ਕਿਸਾਨਾਂ ਦੀ ਹੋਵੇ। ਕਿਤੇ ਅਜਿਹਾ ਤਾਂ ਨਹੀਂ ਕਿ ਰਿਕਾਰਡ ਉਤਪਾਦਨ ਦਾ ਪ੍ਰਚਾਰ ਇਸ ਲਈ ਜ਼ਰੂਰੀ ਹੋ ਜਾਂਦਾ ਹੋਵੇ ਕਿ ਬੁਨਿਆਦੀ ਲੋੜਾਂ ਵਾਲੀਆਂ ਚੀਜ਼ਾਂ, ਜਿਵੇਂ ਅਨਾਜ ਦੇ ਭਾਅ ਨਾ ਵੱਧ ਜਾਣ ਅਤੇ ਆਮ ਆਦਮੀ ਨੂੰ ਪ੍ਰੇਸ਼ਾਨੀ ਹੋਵੇ। ਇੱਥੇ ਸੋਚਣ ਦੀ ਗੱਲ ਇਹ ਹੈ ਕਿ ਅਨਾਜ ਦਾ ਉਤਪਾਦਕ ਵੀ ਆਮ ਆਦਮੀ ਹੈ ਅਤੇ ਉਹੀ ਅਨਾਜ ਉਤਪਾਦਨ ਤੋਂ ਆਪਣੀ ਲਾਗਤ ਨਹੀਂ ਕੱਢ ਪਾ ਰਿਹਾ ਹੈ। ਦੂਜੀ ਗੱਲ ਇਹ ਕਿ ਰਿਕਾਰਡ ਉਤਪਾਦਨ ਵਾਲੇ ਦੇਸ਼ ‘ਚ ਅਨਾਜ ਦੀ ਦਰਾਮਦਗੀ ਕੀ ਕਿਸੇ ਹੈਰਾਨੀ ਤੋਂ ਘੱਟ ਹੈ?

ਭਵਿੱਖ ਦੀ ਮੰਗ ਦਾ ਬਹਾਨਾ :
ਕੇਂਦਰੀ ਖੇਤਰੀ ਮੰਤਰੀ ਨੇ ਅਨੁਮਾਨਤ ਅੰਕੜੇ ਦਿੱਤੇ ਹਨ ਕਿ 13 ਸਾਲ ਬਾਅਦ, ਮਤਲਬ ਸਾਲ 2030 ਅਤੇ 33 ਸਾਲ ਬਾਅਦ ਮਤਲਬ ਸਾਲ 2050 ‘ਚ ਸਾਨੂੰ ਘੱਟੋ-ਘੱਟ ਕਿੰਨੇ ਅਨਾਜ ਦੀ ਲੋੜ ਹੋਵੇਗੀ। ਅੱਜ ਦੀ ਜਾਂ ਆਉਣ ਵਾਲੇ ਸਾਲ-ਦੋ ਸਾਲ ਦੀ ਪ੍ਰੇਸ਼ਾਨੀ ਛੱਡ ਕੇ ਦਹਾਕਿਆਂ ਬਾਅਦ ਦੀ ਚਿੰਤਾ ਹੈ। ਹੋ ਸਕਦਾ ਹੈ ਕਿ ਇਹ ਅੱਜ ਦੀ ਪ੍ਰੇਸ਼ਾਨੀ ਨਾ ਹੋਵੇ, ਪਰ ਕਿਸਾਨਾਂ ਵੱਲੋਂ ਕਿਸਾਨੀ ਛੱਡ ਕੇ ਸ਼ਹਿਰਾਂ ‘ਚ ਮਜ਼ਦੂਰੀ ਜਾਂ ਚੌਕੀਦਾਰੀ ਦੇ ਕੰਮ ਦੀ ਭਾਲ ‘ਚ ਪਿੰਡ ਛੱਡਣਾ ਕੀ ਖੇਤੀ ‘ਤੇ ਅੱਜ ਦੇ ਸੰਕਟ ਵਜੋਂ ਨਹੀਂ ਵੇਖਿਆ ਜਾਣਾ ਚਾਹੀਦਾ? ਉਂਜ ਵੀ ਖੁਰਾਕ ਸੁਰੱਖਿਆ ਕਾਨੂੰਨ ਨੂੰ ਇਮਾਨਦਾਰੀ ਨਾਲ ਲਾਗੂ ਕਰਦੇ ਰਹਿਣ ਲਈ ਸਰਕਾਰੀ ਤੌਰ ‘ਤੇ ਜਿੰਨੇ ਅਨਾਜ ਦੀ ਸਾਨੂੰ ਲੋੜ ਪੈਂਦੀ ਰਹਿਣੀ ਹੈ, ਉਸ ਹਿਸਾਬ ਨਾਲ ਖੇਤੀ ਮੰਤਰੀ ਦੀ ਚਿੰਤਾ ਸਹੀ ਲੱਗਦੀ ਹੈ। ਪਰ ਇਕ ਸਵਾਲ ਇਹ ਵੀ ਹੈ ਕਿ ਇਸ ਨੂੰ ਭਵਿੱਖ ਦੀ ਚਿੰਤਾ ਮੰਨਿਆ ਜਾਵੇ ਜਾਂ ਇਹ ਅੱਜ ਦੀ ਚਿੰਤਾ ਵੀ ਹੈ।

ਜੇ ਅੱਜ ਪੂਰਾ ਅਨਾਜ ਹੈ ਤਾਂ! :
ਰਿਕਾਰਡ ਉਤਪਾਦਨ ਦੇ ਧੜਾਧੜ ਪ੍ਰਚਾਰ ਵਿਚਕਾਰ ਜੇ ਮੰਨ ਲਈਏ ਕਿ ਅੱਜ ਦੇਸ਼ ‘ਚ ਭਰਪੂਰ ਅਨਾਜ ਹੈ ਤਾਂ ਅਸੀਂ ਇਸ ਗੱਲ ਦਾ ਜਵਾਬ ਨਹੀਂ ਦੇ ਸਕਾਂਗੇ ਕਿ ਅਨਾਜ ਦੀ ਦਰਾਮਦ ਕਿਉਂ? ਪਰ 15 ਤੋਂ 30 ਸਾਲ ਬਾਅਦ ਅਨਾਜ ਦੀ ਘਾਟ ਨਾਲ ਸਾਨੂੰ ਛੇਤੀ ਤੋਂ ਛੇਤੀ ਨਜਿੱਠ ਲੈਣਾ ਚਾਹੀਦਾ ਹੈ। ਇਸ ਬਾਰੇ ਇਹ ਸਵਾਲ ਚੁੱਕਿਆ ਜਾ ਸਕਦਾ ਹੈ ਕਿ ਮੰਗ ਅਤੇ ਸਪਲਾਈ ਦੇ ਨਿਯਮ ਦੇ ਹਿਸਾਬ ਨਾਲ ਇਹ ਰਿਕਾਰਡ ਉਤਪਾਦਨ ਦਾ ਪ੍ਰਚਾਰ ਹੀ ਤਾਂ ਕਿਸਾਨਾਂ ਨੂੰ ਉਸ ਦੇ ਆਪਣੇ ਉਤਪਾਦਨ ਦਾ ਸਹੀ ਭਾਅ ਦਿਵਾਉਣ ‘ਚ ਪ੍ਰੇਸ਼ਾਨੀ ਨਹੀਂ ਹੈ। ਜੇ ਅਜਿਹਾ ਹੈ ਤਾਂ ਭਵਿੱਖ ‘ਚ ਅਨਾਜ ਦੀ ਕਮੀ ਦਾ ਅਨੁਮਾਨ ਇਹ ਸੁਝਾਅ ਦੇ ਰਿਹਾ ਹੈ ਕਿ 20-30 ਸਾਲ ਬਾਅਦ ਕਿਸਾਨਾਂ ਨੂੰ ਅਨਾਜ ਦੇ ਸਹੀ ਭਾਅ ਮਿਲਣ ਦੇ ਹਾਲਾਤ ਆਪਣੇ ਆਪ ਬਣ ਜਾਣਗੇ, ਕਿਉਂਕਿ ਉਦੋਂ ਅਨਾਜ ਦਾ ਉਤਪਾਦਨ ਮੰਗ ਤੋਂ ਬਹੁਤ ਘੱਟ ਹੋਵੇਗਾ ਅਤੇ ਕਿਸਾਨ ਨੂੰ ਸਹੀ ਭਾਅ ਮਿਲਣ ‘ਚ ਆਸਾਨੀ ਹੋਵੇਗੀ। ਪਰ ਉਦੋਂ ਤਕ ਕੀ ਕਿਸਾਨ ਆਪਣੇ ਖੇਤ ਬਚਾ ਕੇ ਰੱਖ ਸਕੇਗਾ, ਅਜਿਹੇ ਹਾਲਾਤ ਨਹੀਂ ਵਿਖਾਈ ਦੇ ਰਹੇ।

ਛੋਟਾ ਹੁੰਦਾ ਜਾ ਰਿਹਾ ਹੈ ਦੇਸ਼ ਦਾ ਔਸਤ ਖੇਤ :
ਕੇਂਦਰੀ ਖੇਤੀ ਮੰਤਰੀ ਦੇ ਬਿਆਨ ‘ਚ ਇਕ ਜ਼ਿਕਰ ਇਹ ਵੀ ਹੈ ਕਿ ਦੇਸ਼ ਦਾ ਔਸਤ ਖੇਤ ਦਿਨ-ਬ-ਦਿਨ ਛੋਟਾ ਹੁੰਦਾ ਜਾ ਰਿਹਾ ਹੈ। ਅਨਾਜ ਦਾ ਇਹ ਅੰਕੜਾ ਇਕ ਹੈਕਟੇਅਰ ਮਤਲਬ ਢਾਈ ਏਕੜ ਤੋਂ ਵੀ ਘੱਟ ਹੋ ਗਿਆ ਹੈ। ਸਾਲ 2030 ਤਕ ਔਸਤ ਖੇਤ ਇਕ ਤਿਹਾਈ ਮਤਲਬ ਇਕ ਏਕੜ ਤੋਂ ਵੀ ਘੱਟ ਰਹਿ ਜਾਵੇਗਾ। ਇਸ ਹਾਲਤ ‘ਚ ਇਹ ਸਨਸਨੀਖੇਜ਼ ਤੱਥ ਨਹੀਂ ਜੁੜਿਆ ਹੈ ਕਿ ਇਸ ਸਮੇਂ ਕਿੰਨੇ ਕਿਸਾਨ ਖੇਤੀ ਛੱਡ ਕੇ ਪਿੰਡਾਂ ਤੋਂ ਹਿਜਰਤ ਕਰ ਰਹੇ ਹਨ ਅਤੇ ਉਦੋਂ ਤਕ ਕਿਸਾਨੀ ਕਰਨ ਵਾਲੇ ਕਿੰਨੇ ਲੋਕ ਬਚਣਗੇ। ਇਕ ਅੰਦਾਜ਼ਾ ਲਗਾਇਆ ਗਿਆ ਹੈ ਕਿ ਪਿਛਲੀ ਮਰਦਮਸ਼ੁਮਾਰੀ ‘ਚ ਜਿੰਨੇ ਲੋਕ ਖੇਤੀ ਨਾਲ ਜੁੜੇ ਸਨ, ਉਹ ਅਗਲੀ ਮਰਦਮਸ਼ੁਮਾਰੀ ਮਤਲਬ 2021 ਤਕ ਘੱਟ ਕੇ ਇਕ ਤਿਹਾਈ ਰਹਿ ਜਾਣਗੇ। ਖੇਤੀ ਕਿਸਾਨੀ ਨੂੰ ਘਾਟੇ ਦਾ ਕੰਮ ਸਾਬਤ ਕਰਨ ਲਈ ਇਸ ਤੱਥ ਤੋਂ ਇਲਾਵਾ ਹੋਰ ਕੀ ਸਬੂਤ ਚਾਹੀਦੇ ਹਨ। ਇਸ ਤੋਂ ਬਾਅਦ ਵੀ ਖੇਤੀ ਦੇ ਧੰਦੇ ਨੂੰ ਆਕਰਸ਼ਕ ਬਣਾਉਣ ਦੇ ਉਪਾਆ ‘ਤੇ ਚਰਚਾ ਬਿਲਕੁਲ ਸਹੀ ਨਹੀਂ ਹੈ। ਇਨ੍ਹਾਂ ਹਾਲਾਤ ‘ਚ ਭਵਿੱਖ ਵਿੱਚ ਅਨਾਜ ਦੀ ਘਾਟ ‘ਤੇ ਸਿਰਫ ਚਿੰਤਾ ਜਤਾਉਣ ਦਾ ਮਕਸਦ ਸਮਝ ‘ਚ ਨਹੀਂ ਆਉਂਦਾ।

ਅਨਾਜ ਦੀ ਘਾਟ ‘ਤੇ ਇਕ ਹੋਰ ਨਜ਼ਰ :
ਖੇਤੀ-ਕਿਸਾਨੀ ਦਾ ਕੰਮ ਘੱਟ ਹੋਣਾ ਸੰਕਟ ਹੈ। ਉਸ ਤੋਂ ਵੀ ਵੱਡਾ ਸੰਕਟ ਹਾਲੇ ਸਾਡੀ ਨਜ਼ਰ ਤੋਂ ਦੂਰ ਜਾ ਰਿਹਾ ਹੈ ਕਿ ਦੇਸ਼ ਦੀ ਵਸੋਂ ਘੱਟੋ-ਘੱਟ 15 ਫ਼ੀਸਦੀ ਪ੍ਰਤੀ ਦਹਾਕੇ ਦੇ ਹਿਸਾਬ ਨਾਲ ਵੱਧ ਰਹੀ ਹੈ। ਮਤਲਬ 2011 ਦਾ ਅੰਕੜਾ 121 ਕਰੋੜ ਤੋਂ ਵੱਧ ਕੇ ਸਾਲ 2021 ਦੀ ਮਰਦਮਸ਼ੁਮਾਰੀ ਤਕ 140 ਕਰੋੜ ਪਹੁੰਚ ਜਾਣ ਦਾ ਖਤਰਾ ਸਾਡੇ ਸਿਰ ‘ਤੇ ਹੈ। ਘੱਟੋ-ਘੱਟ 20 ਕਰੋੜ ਲੋਕਾਂ ਦੇ ਭੋਜਨ ਅਤੇ ਪਾਣੀ ਦਾ ਵੱਖਰਾ ਪ੍ਰਬੰਧ ਇਸੇ ਸਮੇਂ ਸੋਚਿਆ ਜਾਣਾ ਚਾਹੀਦਾ ਸੀ, ਪਰ ਸਰਕਾਰੀ ਮਾਹਰਾਂ ਅਤੇ ਯੋਜਨਾਕਾਰ ਪਤਾ ਨਹੀਂ ਸਾਰੀਆਂ ਗੱਲਾਂ ਸਾਲ 2030 ਅਤੇ 2050 ਤੋਂ ਬਾਅਦ ਦੀਆਂ ਹੀ ਕਿਉਂ ਕਰਦੇ ਹਨ?