ਮਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ੇ ਦਾ

ਮਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ੇ ਦਾ

ਸ਼੍ਰੋਮਣੀ ਕਮੇਟੀ ਦੀ ਲੜਾਈ ਸਿਆਸੀ ਸੁਰ ਵਿਚ ਨਹੀਂ, ਧਾਰਮਿਕ ਸੁਰ ਵਿਚ ਹੀ ਲੜੀ ਜਾ ਸਕਦੀ ਹੈ। ਇਸ ਲੜਾਈ ਦਾ ਆਰੰਭ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਮੁਖੀ ਤੋਂ ਹੋਣਾ ਚਾਹੀਦਾ ਹੈ ਕਿਉਂਕਿ ਬਾਦਲਕਿਆਂ ਦਾ ਸ਼੍ਰੋਮਣੀ ਕਮੇਟੀ ‘ਤੇ ਕਬਜ਼ਾ ਪ੍ਰਬੰਧਕ ਮੁਖੀ ਰਾਹੀਂ ਹੈ। ਇਸ ਵਾਸਤੇ ਪਹਿਲਾ ਕਦਮ ਇਹ ਹੋ ਸਕਦਾ ਹੈ ਕਿ ਪ੍ਰਬੰਧਕ ਮੁਖੀ, ਆਪਣੇ ਸਿਆਸੀ ਪ੍ਰਭੂਆਂ ਨੂੰ ਬਚਾਉਣ ਵਾਸਤੇ ਝੂਠ ਬੋਲਣ ਤੱਕ ਕਿਉਂ ਚਲਾ ਜਾਂਦਾ ਹੈ? ਇਹ ਕਿਸ ਨੂੰ ਨਹੀਂ ਪਤਾ ਕਿ ਬਾਦਲਕਿਆਂ ਦੀ ਮਰਜ਼ੀ ਬਿਨਾਂ ਸ਼੍ਰੋਮਣੀ ਕਮੇਟੀ ਵਿਚ ਕੁਝ ਨਹੀਂ ਹੋ ਸਕਦਾ? ਕਿਉਂ ਨਾ ਪੁੱਛਿਆ ਜਾਵੇ ਕਿ ਚੁਣੇ ਹੋਏ ਅਤੇ ਪਰਖੇ ਹੋਏ ਮੈਂਬਰਾਂ ਨੂੰ ਛੱਡ ਕੇ ਪ੍ਰਧਾਨ ਕਿਉਂ ਬਣਾਇਆ ਗਿਆ ਸੀ?

ਬਲਕਾਰ ਸਿੰਘ (ਪ੍ਰੋ.)
ਸਿੱਖ ਸਿਆਸਤ, ਜਿਥੇ ਇਸ ਵੇਲੇ ਪਹੁੰਚ ਗਈ ਹੈ, ਉਸ ਨੇ ਸਿੱਖ ਭਾਈਚਾਰੇ ਨੂੰ ਫੈਸਲੇ ਲੈਣ ਦੀਆਂ ਵਿਰਾਸਤੀ ਵਿਧੀਆਂ ਨਾਲੋਂ ਦੂਰ ਕਰ ਲਿਆ ਹੈ। ਇਸ ਨਾਲ ਸਿੱਖ ਸੁਰ ਵਿਚ ਫੈਸਲੇ ਲੈ ਸਕਣ ਦੀਆਂ ਮੁਸ਼ਕਲਾਂ ਨੂੰ ਸਿਆਸੀ ਢੰਗ ਨਾਲ ਨਿਪਟਾਉਣ ਵਾਲੇ ਰਾਹ ਪਏ ਹੋਏ ਸਿੱਖ ਸਿਆਸਤਦਾਨ, ਉਲਝਣਾਂ ਪੈਦਾ ਕਰੀ ਜਾ ਰਹੇ ਹਨ। ਕੈਪਟਨ ਸਰਕਾਰ ਦੇ ਆ ਜਾਣ ਨਾਲ ਵਿਹਲੇ ਹੋ ਗਏ ਸਿੱਖ ਸਿਆਸਤਦਾਨਾਂ ਨੇ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਅਖਾੜਾ ਬਣਾ ਲਿਆ ਹੈ, ਇਹ ਸਿਆਸੀ ਕਸਰਤ ਤੋਂ ਅੱਗੇ ਤੁਰਦਾ ਨਜ਼ਰ ਨਹੀਂ ਆਉਂਦਾ। ਸਿੱਖ ਸਿਆਸਤਦਾਨਾਂ ਦੀਆਂ ਜਿਹੜੀਆਂ ਧਿਰਾਂ ਕਰਕੇ ਬਾਦਲਕੇ ਲਗਾਤਾਰ ਤਾਕਤ ਵਿਚ ਰਹੇ ਹਨ, ਉਹ ਇਕ ਵਾਰ ਫਿਰ ਬਾਦਲਕਿਆਂ ਕੋਲੋਂ ਸ਼੍ਰੋਮਣੀ ਕਮੇਟੀ ਖੋਹਣ ਦੀ ਸਿਆਸਤ ਕਰਨ ਲੱਗ ਪਈਆਂ ਹਨ। ਇਨ੍ਹਾਂ ਧਿਰਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਸਿਆਸੀ ਫੱਟਿਆਂ ਨੇ ਉਨ੍ਹਾਂ ਦੀ ਸਿਆਸੀ ਸਾਖ ਨੂੰ ਲਗਾਤਾਰ ਕਮਜ਼ੋਰ ਕੀਤਾ ਹੈ ਅਤੇ ਇਸ ਕਮਜ਼ੋਰੀ ਦਾ ਬਾਦਲਕਿਆਂ ਨੇ ਲਗਾਤਾਰ ਸਿਆਸੀ ਲਾਹਾ ਲਿਆ ਹੈ। ਬਾਦਲ ਵਿਰੋਧੀਆਂ ਦੀ ਇਹੀ ਕਮਜ਼ੋਰੀ ਬਾਦਲਕਿਆਂ ਦੇ ਕੰਮ ਆਉਂਦੀ ਰਹੀ ਹੈ। ਹੁਣ ਵੀ ਹੋ ਰਹੀਆਂ ਸਿਆਸੀ ਕੋਸ਼ਿਸ਼ਾਂ ਦੀ ਸੇਧ ਜਿੰਨੀ ਬਾਦਲਕਿਆਂ ਦੇ ਖ਼ਿਲਾਫ਼ ਹੈ, ਉਸ ਨਾਲੋਂ ਵੱਧ ਇਕ ਦੂਜੇ ਦੇ ਖ਼ਿਲਾਫ਼ ਹੈ।
ਇਹ ਠੀਕ ਹੈ ਕਿ ਬਾਦਲਾਂ ਦੀ ਸਿਆਸਤ ਕਾਰਨ ਸਿੱਖ ਸਾਖ ਅਤੇ ਸਿਆਸੀ ਸਾਖ ਨੂੰ ਬਹੁਤ ਧੱਕਾ ਲੱਗਿਆ ਹੈ ਅਤੇ ਇਸ ਨਾਲ ਬਾਦਲਕਿਆਂ ਦੇ ਬਦਲ ਲਈ ਨਵੀਂ ਸਪੇਸ ਵੀ ਪੈਦਾ ਹੋ ਗਈ ਹੈ। ਇਹ ਵੀ ਠੀਕ ਹੈ ਕਿ ਇਸ ਸਪੇਸ ਦਾ ਲਾਹਾ ਸ਼੍ਰੋਮਣੀ ਕਮੇਟੀ ਉਤੇ ਸੱਤਾਸ਼ੀਲ ਹੋ ਕੇ ਹੀ ਲਿਆ ਜਾ ਸਕਦਾ ਹੈ। ਇਹ ਨਹੀਂ ਭੁੱਲਣਾ ਚਾਹੀਦਾ ਕਿ ਪੈਦਾ ਹੋਈ ਸਪੇਸ, ਸਿੱਖ ਸੰਸਥਾਵਾਂ ਨੂੰ ਸਿੱਖ ਸਿਆਸਤ ਤੋਂ ਮੁਕਤ ਕਰਾਉਣ ਨਾਲ ਜੁੜੀ ਹੋਈ ਹੈ। ਇਸ ਹਾਲਤ ਵਿਚ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਸਿਆਸੀ ਬਦਲ ਸਾਹਮਣੇ ਆ ਸਕਣ ਦੀਆਂ ਸੰਭਾਵਨਾਵਾਂ ਬਹੁਤ ਮੱਧਮ ਹਨ। ਪਿਛਲੀ ਕੈਪਟਨ ਸਰਕਾਰ ਵੇਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵਿਚ ਸਿਆਸੀ ਬਦਲ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਸਨ, ਪਰ ਉਸ ਨੂੰ ਦਿੱਲੀ ਦੇ ਸਿਆਸੀ ਕੇਂਦਰ ਨੇ ਸਿਰੇ ਨਹੀਂ ਚੜ੍ਹਨ ਦਿੱਤਾ ਸੀ। ਇਸ ਦਾ ਅਰਥ ਇਹ ਹੈ ਕਿ ਸ਼੍ਰੋਮਣੀ ਕਮੇਟੀ ਵਿਚ ਪ੍ਰਬੰਧਕੀ ਬਦਲਾਓ, ਸਿਆਸੀ ਸੁਰ ਵਿਚ ਨਹੀਂ ਲਿਆਂਦਾ ਜਾ ਸਕਦਾ। ਸਾਧ ਸੰਗਤ ਬੋਰਡ ਇਸੇ ਕਰਕੇ ਹਾਰਿਆ ਸੀ। ਅਕਾਲੀਆਂ ਦੇ ਸ਼੍ਰੋਮਣੀ ਕਮੇਟੀ ਉਤੇ ਕਬਜ਼ੇ ਦਾ ਭੇਦ ਵੀ ਇਸੇ ਵਿਚ ਲੁਕਿਆ ਹੋਇਆ ਹੈ। ਇਸ ਵਿਚ ਜੋ ਸਫਲਤਾ ਬਾਦਲਕਿਆਂ ਨੂੰ ਮਿਲ ਗਈ ਹੈ, ਉਹ ਆਪਣੀ ਕਿਸਮ ਦੀ ਪਹਿਲੀ ਹੀ ਕਹਿਣੀ ਚਾਹੀਦੀ ਹੈ ਕਿਉਂਕਿ ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਸਰਕਾਰ ਉਤੇ ਕਬਜ਼ਾ ਜਿਸ ਤਰ੍ਹਾਂ ਇਕੱਲੇ ਪ੍ਰਕਾਸ਼ ਸਿੰਘ ਬਾਦਲ ਦਾ ਹੋ ਗਿਆ ਸੀ, ਉਸ ਤਰ੍ਹਾਂ ਹੋਰ ਕਿਸੇ ਸਿੱਖ ਸਿਆਸਤਦਾਨ ਦਾ ਨਹੀਂ ਹੋਇਆ ਸੀ। ਇਸ ਦਾ ਕਾਰਨ ਨਿਰਸੰਦੇਹ ਧਾਰਮਿਕ ਨਹੀਂ, ਸਿਆਸੀ ਹੈ। ਸ਼੍ਰੋਮਣੀ ਕਮੇਟੀ ਦਾ ਵੋਟਰ ਅਕਾਲੀ ਕਾਡਰ ਸੀ ਅਤੇ ਹੈ। ਸਹਿਜਧਾਰੀਆਂ ਬਾਰੇ ਫੈਸਲੇ ਨਾਲ ਇਹ ਹੋਰ ਵੀ ਪੱਕਾ ਹੋ ਗਿਆ ਹੈ। ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਕਾਲੀ ਕਾਡਰ, ਅਕਾਲੀਆਂ ਨਾਲੋ ਟੁੱਟਾ ਨਹੀਂ ਸੀ, ਪਰ ਆਮ ਸਿੱਖ ਨੂੰ ਅਕਾਲੀਆਂ ਦੇ ਹੱਕ ਵਿਚ ਭੁਗਤਾ ਨਹੀਂ ਸੀ ਸਕਿਆ। ਚੋਣ ਨਤੀਜਿਆਂ ਵਿਚ ਬਾਦਲਕਿਆਂ ਦੇ ਵਿਰੋਧੀਆਂ ਦਾ ਕੋਈ ਹੱਥ ਨਹੀਂ ਸੀ ਕਿਉਂਕਿ ਉਹ ਪ੍ਰਗਟ ਅਤੇ ਅਪ੍ਰਗਟ ਰੂਪ ਵਿਚ ”ਆਪ” ਦੇ ਹੀ ਹਮਾਇਤੀ ਸਨ। ਜਦੋਂ ਅਕਾਲੀ ਦਲ ਕੋਲ ਆਪਣਾ ਖ਼ਾਸ ਵੋਟ ਬੈਂਕ ਮੌਜੂਦ ਹੈ ਤਾਂ ਉਨ੍ਹਾਂ ਨੂੰ ਕਮਜ਼ੋਰ ਧਿਰ ਨਹੀਂ ਮੰਨਿਆ ਜਾਣਾ ਚਾਹੀਦਾ। ਇਸੇ ਲਈ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਬਾਦਲਕਿਆਂ ਕੋਲੋਂ ਸ਼੍ਰੋਮਣੀ ਕਮੇਟੀ ਖੋਹਣੀ ਓਨੀ ਸੌਖੀ ਨਹੀਂ ਜਿੰਨੀ ਅਪ੍ਰਸੰਗਕ ਹੋ ਚੁੱਕੇ ਸਿੱਖ ਸਿਆਸਤਦਾਨਾਂ ਨੂੰ ਲੱਗਣ ਲੱਗ ਪਈ ਹੈ।
ਸ਼੍ਰੋਮਣੀ ਕਮੇਟੀ ਦੀ ਲੜਾਈ ਸਿਆਸੀ ਸੁਰ ਵਿਚ ਨਹੀਂ, ਧਾਰਮਿਕ ਸੁਰ ਵਿਚ ਹੀ ਲੜੀ ਜਾ ਸਕਦੀ ਹੈ। ਇਸ ਲੜਾਈ ਦਾ ਆਰੰਭ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਮੁਖੀ ਤੋਂ ਹੋਣਾ ਚਾਹੀਦਾ ਹੈ ਕਿਉਂਕਿ ਬਾਦਲਕਿਆਂ ਦਾ ਸ਼੍ਰੋਮਣੀ ਕਮੇਟੀ ‘ਤੇ ਕਬਜ਼ਾ ਪ੍ਰਬੰਧਕ ਮੁਖੀ ਰਾਹੀਂ ਹੈ। ਇਸ ਵਾਸਤੇ ਪਹਿਲਾ ਕਦਮ ਇਹ ਹੋ ਸਕਦਾ ਹੈ ਕਿ ਪ੍ਰਬੰਧਕ ਮੁਖੀ, ਆਪਣੇ ਸਿਆਸੀ ਪ੍ਰਭੂਆਂ ਨੂੰ ਬਚਾਉਣ ਵਾਸਤੇ ਝੂਠ ਬੋਲਣ ਤੱਕ ਕਿਉਂ ਚਲਾ ਜਾਂਦਾ ਹੈ? ਇਹ ਕਿਸ ਨੂੰ ਨਹੀਂ ਪਤਾ ਕਿ ਬਾਦਲਕਿਆਂ ਦੀ ਮਰਜ਼ੀ ਬਿਨਾਂ ਸ਼੍ਰੋਮਣੀ ਕਮੇਟੀ ਵਿਚ ਕੁਝ ਨਹੀਂ ਹੋ ਸਕਦਾ? ਕਿਉਂ ਨਾ ਪੁੱਛਿਆ ਜਾਵੇ ਕਿ ਚੁਣੇ ਹੋਏ ਅਤੇ ਪਰਖੇ ਹੋਏ ਮੈਂਬਰਾਂ ਨੂੰ ਛੱਡ ਕੇ ਪ੍ਰਧਾਨ ਕਿਉਂ ਬਣਾਇਆ ਗਿਆ ਸੀ? ਬਾਦਲਕਿਆਂ ਦੇ ਲਿਫਾਫੇ ਵਿਚੋਂ ਪ੍ਰਧਾਨ ਨਿਕਲਣ ਨੂੰ ਕਿਵੇਂ ਝੁਠਲਾਇਆ ਜਾ ਸਕਦਾ ਹੈ? ਇਸ ਵੇਲੇ ਸ਼੍ਰੋਮਣੀ ਕਮੇਟੀ ਦੀ ਰੀੜ੍ਹ ਦੀ ਹੱਡੀ ਪ੍ਰਧਾਨ, ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਹਨ। ਇਨ੍ਹਾਂ ਦੋਵਾਂ ਸੰਸਥਾਵਾਂ ਦੇ ਮੁਖੀਆਂ ਦੀ ਕਾਰਗੁਜ਼ਾਰੀ ਬਾਰੇ ਹੋ ਚੁੱਕੇ ਖੁਲਾਸੇ ਆਮ ਸਿੱਖ ਤੱਕ ਪਹੁੰਚ ਚੁੱਕੇ ਹਨ। ਇਸ ਦੇ ਬਾਵਜੂਦ ਇਨ੍ਹਾਂ ਮੁਖੀਆਂ ਨੂੰ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਬਾਦਲਕੇ ਉਨ੍ਹਾਂ ਦੇ ਨਾਲ ਹਨ ਅਤੇ ਬਾਦਲਕਿਆਂ ਕਰਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਰਾਸਤਾ ਅੰਤ੍ਰਿੰਗ ਕਮੇਟੀ ਉਨ੍ਹਾਂ ਦੇ ਨਾਲ ਹਨ।
ਸ਼੍ਰੋਮਣੀ ਕਮੇਟੀ ‘ਤੇ ਕਬਜ਼ੇ ਨੂੰ ਲੈ ਕੇ ਸਿੱਖ ਸਿਆਸਤਦਾਨਾਂ ਦੇ ਝਗੜੇ ਨੂੰ ਪੰਥਕ ਮੁੱਦਾ ਨਹੀਂ ਬਣਾਇਆ ਜਾ ਸਕਦਾ। ਇਸੇ ਕਰਕੇ ਕਥਿਤ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਨੂੰ ਵੀ ਕੋਈ ਜਥੇਦਾਰ ਨਹੀਂ ਮੰਨਦਾ। ਹੋਇਆ ਇਹ ਹੈ ਕਿ ਜਥੇਦਾਰ ਥਾਪੇ ਜਾਣ ਤੋਂ ਪਹਿਲਾਂ ਜਿਸ ਦੀ ਜਿੰਨੀ ਕੁ ਵੀ ਪੰਥਕ ਸਾਖ ਸੀ, ਉਹ ਵੀ ਖੁਰਦੀ ਜਾ ਰਹੀ ਹੈ। ਮੁਸ਼ਕਲ ਇਹ ਹੈ ਕਿ ਫੱਟੇਬਾਜ਼ੀ ਦੀ ਸਿੱਖ ਸਿਆਸਤ ਨੇ ਸਾਂਝੀ ਸਮਝ ਤੇ ਪਹੁੰਚ ਲਈ ਲੋੜੀਂਦੇ ਸਿੱਖ-ਸੰਵਾਦ ਦਾ ਰਾਹ ਹੀ ਰੋਕ ਦਿੱਤਾ ਹੈ। ਨਤੀਜਾ ਇਹ ਨਿਕਲ ਆਇਆ ਹੈ ਕਿ ਜਿਸ ਨੂੰ ਜਿੰਨਾ ਘੱਟ ਪਤਾ ਹੈ, ਉਹ ਓਨਾ ਹੀ ਉਚਾ ਤੇ ਵੱਧ ਬੋਲਣ ਦੀ ਕੋਸ਼ਿਸ਼ ਕਰਦਾ ਹੈ। ਸਿਆਸੀ ਕਾਵਾਂ-ਰੌਲੀ ਵਿਚ ਅਸਲ ਮੁੱਦੇ ਗੁਆਚਦੇ ਜਾ ਰਹੇ ਹਨ। ਜਿਹੜੇ ਇਸੇ ਨੂੰ ਸਿਆਸਤ ਸਮਝ ਕੇ ਤੁਰੇ ਜਾ ਰਹੇ ਹਨ, ਉਨ੍ਹਾਂ ਤੋਂ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ।
ਇਸ ਪਿਛੋਕੜ ਵਿਚ ਇਹ ਸੋਚੇ ਜਾਣ ਦੀ ਲੋੜ ਹੈ ਕਿ ਕੀ ਸਿੱਖ ਸੰਸਥਾਵਾਂ ਨੂੰ ਸਿੱਖ ਸਿਆਸਤਦਾਨਾਂ ਤੋਂ ਬਚਾਇਆ ਜਾ ਸਕਦਾ ਹੈ? ਇਸ ਦੇ ਜਵਾਬ ਨਾਲ ਜੁੜੀਆਂ ਹੋਈਆਂ ਧਿਰਾਂ ਵਿਚ ਸਿੱਖ, ਸਿੱਖ ਪਰਿਵਾਰ, ਸਿੱਖ ਸਮਾਜ ਅਤੇ ਸਿੱਖ ਸਿਆਸਤ ਸ਼ਾਮਲ ਹਨ। ਪਹਿਲੀਆਂ ਤਿੰਨ ਧਿਰਾਂ ਦਾ ਚੌਥੀ ਨੇ ਅਪਹਰਣ ਕਰ ਲਿਆ ਹੈ। 1925 ਦੇ ਗੁਰਦੁਆਰਾ ਐਕਟ ਵਿਚ ਇਸ ਦੀਆਂ ਸੰਭਾਵਨਾਵਾਂ ਪਈਆਂ ਹਨ ਅਤੇ ਜੋ ਹੋਇਆ ਹੈ, ਉਸ ਦੇ ਮੁਤਾਬਿਕ ਹੀ ਹੋਇਆ ਹੈ। ਸਿੱਖ ਦਾ ਸਿੱਖ ਵੋਟਰ ਹੋ ਜਾਣ ਦਾ ਸਿਆਸੀ ਅਮਲ, ਜਿੱਥੇ ਪਹੁੰਚ ਗਿਆ ਹੈ, ਇਸ ਤਰ੍ਹਾਂ ਪਹਿਲਾਂ ਕਦੇ ਵੀ ਨਹੀਂ ਪਹੁੰਚਿਆ ਸੀ। ਸੋਚਿਆ ਜਾਣਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਕ ਕਾਂਗਰਸੀ ਜਥੇਦਾਰ ਊਧਮ ਸਿੰਘ ਨਾਗੋਕੇ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਕ ਕਾਂਗਰਸੀ ਗਿਆਨੀ ਗੁਰਮੁਖ ਸਿੰਘ ਮੁਸਾਫਰ ਵੇਲੇ ਜੋ ਨੁਕਸਾਨ ਨਹੀਂ ਹੋਏ ਸਨ, ਉਹ ਬਾਦਲਕਿਆਂ ਵੇਲੇ ਕਿਵੇਂ ਹੋਣ ਲੱਗ ਪਏ ਹਨ? ਇਹੋ ਜਿਹੇ ਸਵਾਲਾਂ ਬਾਰੇ ਕਦੇ ਕਦੇ ਜਥੇਦਾਰ ਟੌਹੜਾ ਬੇਬਾਕ ਟਿੱਪਣੀਆਂ ਕਰ ਜਾਂਦੇ ਸਨ। ਉਨ੍ਹਾਂ ਦਾ ਮੱਤ ਸੀ ਕਿ ਬਾਦਲਕਿਆਂ ਤੋਂ ਸ਼੍ਰੋਮਣੀ ਕਮੇਟੀ ਨਹੀਂ ਖੋਹੀ ਜਾ ਸਕਦੀ ਕਿਉਂਕਿ ਸ਼੍ਰੋਮਣੀ ਕਮੇਟੀ ਚੋਣਾਂ, ਗ਼ਰੀਬ ਸਿੱਖ ਦੇ ਵੱਸ ਵਿਚ ਨਹੀਂ ਰਹੀਆਂ। ਦੱਸਦੇ ਹੁੰਦੇ ਸਨ ਕਿ ਮੈਂਬਰਾਂ ਲਈ ਫ਼ੈਸਲਾ 60 ਤੇ 40 ਦਾ ਹੁੰਦਾ ਹੈ ਅਤੇ ਸੱਚ 70 ਤੇ 30 ਵਿਚ ਉਘੜਦਾ ਹੈ ਕਿਉਂਕਿ ਬਾਦਲ ਸਾਹਿਬ ਦੇ ਬੰਦਿਆਂ ਨੂੰ ”ਜਿਸ ਤਰ੍ਹਾਂ ਮੈਨੂੰ ਟਿਕਟਾਂ ਦੇਣੀਆਂ ਪੈਂਦੀਆਂ ਹਨ, ਉਸ ਤਰ੍ਹਾਂ ਮੈਂ ਆਪਣੇ ਬੰਦਿਆਂ ਨੂੰ ਟਿਕਟਾਂ ਬਾਦਲ ਸਾਹਿਬ ਤੋਂ ਨਹੀਂ ਦਿਵਾ ਸਕਦਾ।” ਜੇ ਜਥੇਦਾਰ ਟੌਹੜਾ ਵੇਲੇ ਇਹ ਹਾਲ ਸੀ ਤਾਂ ਹੁਣ ਮੈਦਾਨ ਹੀ ਖਾਲੀ ਹੈ। ਖਾਲੀ ਮੈਦਾਨ ਵਿਚ ਇੱਛਾਵਾਂ ਦੇ ਘੋੜੇ ਤੇ ਚੜ੍ਹੇ ਸਿੱਖ ਸਿਆਸਤਦਾਨਾਂ ਨੂੰ ਕੌਣ ਸਮਝਾਵੇ ਕਿ ਪੈਰਾਂ ਦਾ ਧਿਆਨ ਰੱਖਕੇ ਕਦਮ ਚੁੱਕੋ? ਅਸਲ ਵਿਚ ਸਿਆਸਤ ਵਿਹਲਿਆਂ ਦਾ ਧੰਦਾ ਹੋ ਗਈ ਹੈ ਅਤੇ ਸਿਆਸਤ ਓਹੀ ਕਰ ਸਕਦਾ ਹੈ, ਜੋ ਧੰਦਾ ਦੇ ਸਕਣ ਦਾ ਮਾਲਕ ਹੋ ਗਿਆ ਹੈ। ਮਾਲਕ ਦੇ ਕਬਜ਼ਿਆਂ ਦੀ ਲੜਾਈ ਨੂੰ ਹੀ ਸਿਆਸਤ ਸਮਝਿਆ ਜਾਣ ਲੱਗ ਪਿਆ ਹੈ। ਸਿਆਸੀ ਪਾਰਟੀਆਂ ਦੇ ਨਿਸ਼ਾਨ ‘ਤੇ ਲੜੀਆਂ ਜਾਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਨਾਲ ਸਿਆਸਤ, ਸਿੱਖ ਸੁਭਾਅ ਦਾ ਹਿੱਸਾ ਬਣ ਗਈ। ਇਸੇ ਕਰਕੇ ਜੋ ਚੋਣ ਨਹੀਂ ਜਿੱਤ ਸਕਦਾ, ਉਹ ਵੀ ਪ੍ਰਧਾਨ ਬਣ ਸਕਦਾ ਹੈ ਅਤੇ ਜੋ ਪ੍ਰਧਾਨ ਬਣ ਜਾਂਦਾ ਹੈ ਉਹ ਅਕਾਲੀ ਦਲ ਦਾ ਕਾਮਾ ਹੋ ਜਾਂਦਾ ਹੈ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ, ਸਿੱਖ ਸਿਆਸਤ ਵਿਚ ਨਿਓਟਿਆਂ ਦੀ ਓਟ ਹੋ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਅਸਲ ਮੁੱਦਾ, ਪੰਥਨੁਮਾ ਸਿਆਸਤ ਅਤੇ ਸਿਆਸਤਨੁਮਾ ਪੰਥਕਤਾ ਦਾ ਭੇੜ ਹੋ ਗਿਆ ਹੈ। ਇਸ ਨਾਲ ਸਿੱਖ ਪਛਾਣ ਨੂੰ ਸਿੱਖ ਨੈਤਿਕਤਾ ਉਤੇ ਪਹਿਲ ਪ੍ਰਾਪਤ ਹੋ ਗਈ ਹੈ; ਪਰਿਵਾਰਕ ਭਲਾਈ, ਕੌਮੀ ਭਲਾਈ ਉਤੇ ਭਾਰੂ ਹੋ ਗਈ ਹੈ ਅਤੇ ਸਿੱਖ ਸਭਿਆਚਾਰ ਅਤੇ ਸਿਆਸੀ ਸਭਿਆਚਾਰ ਰਲ-ਗੱਡ ਹੋ ਗਏ ਹਨ। ਸਿੱਖ ਸਿਆਸਤਦਾਨਾਂ ਲਈ ਸੱਤਾ ਵਿਚ ਰਹਿਣਾ ਹੀ ਮੰਜ਼ਿਲ ਹੋ ਗਿਆ ਹੈ ਅਤੇ ਇਸ ਵਾਸਤੇ ਕੁਝ ਵੀ ਕੀਤਾ ਜਾ ਸਕਦਾ ਹੈ। ਸਿਆਸਤ, ਮਾਨਸਿਕਤਾ ਦਾ ਵਰਤਾਰੇ ਮੁਤਾਬਿਕ ਢਲ ਜਾਣ ਦੀ ਕਲਾ ਹੈ ਅਤੇ ਧਰਮ ਅਤੇ ਸਿਆਸਤ ਨੂੰ ਧਰਮ ਦੀ ਕੀਮਤ ‘ਤੇ ਹੀ ਇਕੱਠਿਆਂ ਤੋਰਿਆ ਜਾ ਸਕਦਾ ਹੈ। ਵਿਸ਼ਵਾਸ ਅਤੇ ਵਿਧਾਨਿਕਤਾ ਵਿਚਕਾਰ ਉਲਝੀ ਹੋਈ ਸ਼੍ਰੋਮਣੀ ਕਮੇਟੀ ਕਸੂਤੀ ਫਸੀ ਹੋਈ ਹੈ। ਸਿੱਖ ਸਿਆਸਤਦਾਨ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਇਕ ਦੂਜੇ ਦੀ ਇਕਸੁਰਤਾ ਵਿਚੋਂ ਨਿਕਲ ਕੇ ਆਪ-ਸਹੇੜੇ ਤਣਾਉ ਦਾ ਸ਼ਿਕਾਰ ਹੋ ਗਏ ਹਨ। ਤਿੰਨੇ ਇਕ ਦੂਜੇ ਨੂੰ ਵਰਤਣ ਦੀ ਕੋਸ਼ਿਸ਼ ਵਿਚ ਇਕ ਦੂਜੇ ਵੱਲੋਂ ਵਰਤੇ ਜਾ ਰਹੇ ਹਨ। ਇਸ ਹਾਲਤ ਵਿਚ ਨਵੀਂ ਧਿਰ ਦੀ ਗੁੰਜਾਇਸ਼ ਪੈਦਾ ਹੋ ਗਈ ਹੈ।
ਇਸੇ ਨੂੰ ਲੈ ਕੇ ਹਾਸ਼ੀਏ ‘ਤੇ ਧੱਕੇ ਹੋਏ ਸਿੱਖ ਸਿਆਸਤਦਾਨਾਂ ਨੇ ਆਪਾਧਾਪੀ ਮਚਾ ਦਿੱਤੀ ਹੈ। ਇਸ ਆਪਾਧਾਪੀ ਦੇ ਮਾਹੌਲ ਵਿਚ ਜਿਹੜੀਆਂ ਸਿੱਖ ਧਿਰਾਂ ਚੁੱਪ ਬੈਠੀਆਂ ਹਨ, ਉਨ੍ਹਾਂ ਨਾਲ ਸੰਵਾਦ ਰਚਾਏ ਜਾਣ ਦੀ ਲੋੜ ਹੈ। ਸਿਰ ਜੋੜਕੇ ਬੈਠਣ ਨਾਲ ਰਾਹ ਨਿਕਲਦੇ ਰਹੇ ਹਨ ਅਤੇ ਨਿਕਲ ਸਕਦੇ ਹਨ। ਸਮੱਸਿਆ ਇਹ ਹੈ ਕਿ ਜਿਸ ਕਿਸੇ ਦੀ ਸਿੱਖ ਸਾਖ ਬਣਨ ਲੱਗਦੀ ਹੈ, ਸਿੱਖ ਸਿਆਸਤਦਾਨ ਉਸ ਨੂੰ ਨਾਲ ਲੈ ਕੇ ਆਪਣੇ ਵਰਗਾ ਕਰ ਲੈਂਦੇ ਹਨ। ਜੋ ਸਿਆਸਤਦਾਨ ਨੂੰ ਠੀਕ ਨਹੀਂ ਬੈਠਦਾ, ਉਸ ਨੂੰ ਸਬਕ ਸਿਖਾਉਣ ਦੇ ਰਾਹ ਪਾ ਲਿਆ ਜਾਂਦਾ ਹੈ। ਇਸ ਹਾਲਤ ਵਿਚ ਇਹੀ ਸਲਾਹ ਦਿੱਤੀ ਜਾ ਸਕਦੀ ਹੈ ਕਿ ਕੁਝ ਕਰਕੇ ਸੋਚਣ ਦੀ ਥਾਂ ਸੋਚ ਕੇ ਕਰਨ ਵਾਲੇ ਰਾਹ ਤੁਰਨਾ ਚਾਹੀਦਾ ਹੈ। ਅਜਿਹਾ ਬਾਣੀ ਦੀ ਅਗਵਾਈ ਵਿਚ ਸੌਖਿਆ ਹੋ ਸਕਦਾ ਹੈ ਕਿਉਂਕਿ ਸਿੱਖ ਵਿਸ਼ਵਾਸ ਦੀ ਇਹ ਧਰੋਹਰ, ਸਿੱਖ ਸਿਆਸਤਦਾਨਾਂ ਤੋਂ ਇਸ ਕਰਕੇ ਬਚੀ ਹੋਈ ਹੈ ਕਿਉਂਕਿ ਉਨ੍ਹਾਂ ਅੰਦਰ ਵੀ ਗੁਰੂ ਦਾ ਨਿਰਮਲ ਭਉ ਅਜੇ ਮਰਿਆ ਨਹੀਂ ਹੈ।
(ਲੇਖਕ ਪੰਜਾਬੀ ਯੂਨੀਵਰਸਿਟੀ ਦਾ ਸਾਬਕਾ ਪ੍ਰੋਫੈਸਰ ਹੈ)