ਸਿੱਖ ਪੰਥ ਲਈ ਗਹਿਰਾਏ ਚਿੰਤਾਜਨਕ ਮਸਲੇ

ਸਿੱਖ ਪੰਥ ਲਈ ਗਹਿਰਾਏ ਚਿੰਤਾਜਨਕ ਮਸਲੇ

ਸ੍ਰੀ ਅਕਾਲ ਤਖ਼ਤ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਭੁਗਤਣ ਆਏ ਅਕਾਲੀ ਆਪਣੇ ਪੂਰੇ ਲਾਮ-ਲਸ਼ਕਰ ਨਾਲ ਨਿਮਾਣੇ ਸਿੱਖ ਵਜੋਂ ਘੱਟ ਅਤੇ ਲੀਡਰ ਦੇ ਤੌਰ ‘ਤੇ ਜ਼ਿਆਦਾ ਪੇਸ਼ ਆ ਰਹੇ ਸਨ। ਇਸ ਗੱਲ ਦੀ ਗਵਾਹੀ ਮੀਡੀਆ ਵਿੱਚ ਛਪੀਆਂ ਕੁਝ ਤਸਵੀਰਾਂ ਭਰਦੀਆਂ ਹਨ ਜਿਨ੍ਹਾਂ ਵਿੱਚ ਹੱਥ ਵਿੱਚ ਝਾੜੂ ਫੜ ਕੇ ਫੋਟੋ ਖਿਚਵਾਈ ਜਾ ਰਹੀ ਹੈ, ਪਰ ਚਿਹਰੇ ‘ਤੇ ਰਤਾ ਵੀ ਸ਼ਰਮ ਜਾਂ ਗ਼ਲਤੀ ਦੇ ਅਹਿਸਾਸ ਵਾਲਾ ਭਾਵ ਨਹੀਂ ਅਤੇ ਚਿਹਰੇ ਕੈਮਰਿਆਂ ਵੱਲ ਹਨ।
ਭਾਈ ਅਸ਼ੋਕ ਸਿੰਘ ਬਾਗੜੀਆਂ (ਮੋਬਾਈਲ : 98140-95308)
ਡੇਰਾ ਸਿਰਸਾ ਦੇ ਮੁਖੀ ਦੀ ਅਖੌਤੀ ਮੁਆਫ਼ੀ ਤੋਂ ਪੈਦਾ ਹੋਏ ਹਾਲਾਤ ਤੋਂ ਕਈ ਸਵਾਲ ਪੰਥਕ ਚਿੰਤਕਾਂ ਵਾਸਤੇ ਖੜ੍ਹੇ ਹੋ ਗਏ ਹਨ। ਇਹ ਅਖੌਤੀ ਮੁਆਫ਼ੀਨਾਮਾ ਲੈ ਕੇ ਕੌਣ ਆਇਆ ਅਤੇ ਸ੍ਰੀ ਅਕਾਲ ਤਖ਼ਤ ‘ਤੇ ਕਦੋਂ ਪੇਸ਼ ਹੋਇਆ, ਅਜਿਹੇ ਸਵਾਲਾਂ ਨੇ ਪੰਥ ਵਿੱਚ ਕਾਫ਼ੀ ਉਥਲ-ਪੁਥਲ ਮਚਾਈ ਹੈ। ਹਾਲ ਹੀ ਵਿੱਚ ਹੋਈਆਂ ਪੰਜਾਬ ਚੋਣਾਂ ਵਿੱਚ ਕਈ ਅਕਾਲੀ ਆਗੂ ਇਸ ਡੇਰੇ ‘ਤੇ ਸਿਆਸੀ ਲਾਭ ਲੈਣ ਲਈ ਪਹੁੰਚੇ, ਪਰ ਇਸ ਦੇ ਬਾਵਜੂਦ ਅਕਾਲੀ ਦਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਚੋਣਾਂ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਇਨ੍ਹਾਂ ਅਕਾਲੀ ਲੀਡਰਾਂ ਖ਼ਿਲਾਫ਼ ਕਾਰਵਾਈ ਕਰਨ ਦਾ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਜਿਸ ਨਾਲ ਕੁਝ ਅਕਾਲੀ ਲੀਡਰਾਂ ਨੂੰ ਦੋਸ਼ੀ ਮੰਨ ਕੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਹੁਕਮਨਾਮਾ ਜਾਰੀ ਕਰਕੇ ਤਨਖ਼ਾਹੀਏ ਕਰਾਰ ਦਿੱਤਾ ਅਤੇ ਧਾਰਮਿਕ ਸਜ਼ਾ ਲਗਾਉਣ ਲਈ ਤਲਬ ਕਰ ਲਿਆ। ਇਸ ਸਾਰੇ ਘਟਨਾਕ੍ਰਮ ਨਾਲ ਕਈ ਸਵਾਲ ਖੜ੍ਹੇ ਹੋ ਗਏ। ਪਹਿਲਾ ਸਵਾਲ ਤਾਂ ਇਹ ਕਿ ਡੇਰਾ ਮੁਖੀ ਤੋਂ ਸਿਆਸੀ ਲਾਭ ਲੈਣ ਪਹੁੰਚੇ ਅਕਾਲੀ ਲੀਡਰਾਂ ਨੂੰ ਚੋਣਾਂ ਤੋਂ ਪਹਿਲਾਂ ਕਿਉਂ ਨਹੀਂ ਰੋਕਿਆ ਗਿਆ। ਦੂਸਰਾ ਇਹ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਭੁਗਤਣ ਆਏ ਅਕਾਲੀ ਆਪਣੇ ਪੂਰੇ ਲਾਮ-ਲਸ਼ਕਰ ਨਾਲ ਨਿਮਾਣੇ ਸਿੱਖ ਵਜੋਂ ਘੱਟ ਅਤੇ ਲੀਡਰ ਦੇ ਤੌਰ ‘ਤੇ ਜ਼ਿਆਦਾ ਪੇਸ਼ ਆ ਰਹੇ ਸਨ। ਇਸ ਗੱਲ ਦੀ ਗਵਾਹੀ ਮੀਡੀਆ ਵਿੱਚ ਛਪੀਆਂ ਕੁਝ ਤਸਵੀਰਾਂ ਭਰਦੀਆਂ ਹਨ ਜਿਨ੍ਹਾਂ ਵਿੱਚ ਹੱਥ ਵਿੱਚ ਝਾੜੂ ਫੜ ਕੇ ਫੋਟੋ ਖਿਚਵਾਈ ਜਾ ਰਹੀ ਹੈ, ਪਰ ਚਿਹਰੇ ‘ਤੇ ਰਤਾ ਵੀ ਸ਼ਰਮ ਜਾਂ ਗ਼ਲਤੀ ਦੇ ਅਹਿਸਾਸ ਵਾਲਾ ਭਾਵ ਨਹੀਂ ਅਤੇ ਚਿਹਰੇ ਕੈਮਰਿਆਂ ਵੱਲ ਹਨ। ਤੀਸਰਾ ਸਵਾਲ ਇਹ ਕਿ ਸ੍ਰੀ ਅਕਾਲ ਤਖ਼ਤ ਦੇ ਮਾਤਾਹਿਤ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਤਖ਼ਤ ‘ਤੇ ਤਲਬ ਕਿਉਂ ਨਹੀਂ ਕੀਤਾ ਗਿਆ? ਇਸ ਦੇ ਨਾਲ ਹੀ ਜੁੜੇ ਸਵਾਲ ਹਨ: ਇਹ ਅਕਾਲੀ ਆਗੂ ਅਕਾਲੀ ਦਲ ਦੇ ਪ੍ਰਧਾਨ ਦੀ ਮਰਜ਼ੀ ਤੋਂ ਬਿਨਾਂ ਡੇਰਾ ਮੁਖੀ ਕੋਲ ਕਿਵੇਂ ਪਹੁੰਚ ਗਏ? ਸ਼੍ਰੋਮਣੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖ਼ਤ ਅੱਗੇ ਜਵਾਬਦੇਹ ਕਿਉਂ ਨਹੀਂ ਬਣਾਇਆ ਗਿਆ? ਚੌਥਾ ਸਵਾਲ ਇਹ ਕਿ ਕੀ ਇਹ ਧਾਰਮਿਕ ਸਜ਼ਾ ਇੱਕ ਦਿਖਾਵਾ ਸੀ? ਕੀ ਸ੍ਰੀ ਅਕਾਲ ਤਖ਼ਤ ਦੀ ਜਥੇਦਾਰੀ ਮਹਿਜ਼ ਨੌਕਰੀ ਹੀ ਬਣ ਕੇ ਰਹਿ ਗਈ ਹੈ?
ਅੱਜ ਦੀ ਸਥਿਤੀ ਵਿੱਚ ਜਦੋਂ ਪੰਜ ਪਿਆਰਿਆ ਵਿੱਚੋਂ ਇੱਕ ਗਿਆਨੀ ਗੁਰਮੁਖ ਸਿੰਘ ਨੇ ਡੇਰਾ ਮੁਖੀ ਦੇ ਅਖੌਤੀ ਮੁਆਫ਼ੀਨਾਮੇ ਬਾਰੇ ਜੋ ਬਾਤਫ਼ਸੀਲ ਬਿਆਨ ਅਖ਼ਬਾਰਾਂ ਨੂੰ ਦਿੱਤਾ, ਉਸ ਨੇ ਖੁੱਲ੍ਹਮ-ਖੁੱਲ੍ਹਾ ਸਿੱਖ ਧਰਮ ‘ਤੇ ਸਿਆਸਤਦਾਨਾਂ ਦਾ ਅਧਿਕਾਰ ਅਤੇ ਰੋਅਬ ਪ੍ਰਗਟਾਇਆ ਹੈ। ਉਨ੍ਹਾਂ ਦੇ ਬਿਆਨ ਬਾਰੇ ਕਿਸੇ ਵੀ ਸਿੱਖ ਆਗੂ ਦਾ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ। ਜਦੋਂ ਧਰਮ ਦੇ ਮੁੱਢਲੇ ਅਸੂਲਾਂ ਅਤੇ ਮੁੱਢਲੀਆਂ ਸੰਸਥਾਵਾਂ ਨੂੰ ਢਾਹ ਲੱਗਦੀ ਹੈ ਤਾਂ ਸਿੱਖ ਸੰਗਤ ਕੀ ਚੁੱਪ ਕਰਕੇ ਪਾਸਾ ਵੱਟ ਕੇ ਬੈਠ ਸਕਦੀ ਹੈ? ਇਹ ਗੱਲ ਸਿੱਖ ਧਰਮ ਦੇ ਸਵੈਮਾਣ ਵਾਲੇ ਸਿਧਾਂਤ ਨੂੰ ਠੇਸ ਪਹੁੰਚਾਉਂਦੀ ਜਾਪਦੀ ਹੈ। ਸੱਚ ਤੇ ਅਸੱਤ ਦੀ ਲੜਾਈ ਵਿੱਚ ਜੋ ਜਾਣ-ਬੁੱਝ ਕੇ ਸੱਚ ਦੀ ਹਾਮੀ ਨਹੀਂ ਭਰਦਾ, ਅਸਲ ਵਿੱਚ ਉਹ ਵੀ ਅਸੱਤ ਦੀ ਮਦਦ ਕਰ ਰਿਹਾ ਹੁੰਦਾ ਹੈ। ਇਹ ਸਵਾਲ ਵੀ ਬਣਦਾ ਹੈ ਕਿ ਉਹ ਕਿਹੜਾ ਅਜਿਹਾ ਲਾਲਚ ਸੀ ਜੋ ਜਥੇਦਾਰ ਦਮਦਮਾ ਸਾਹਿਬ ਸਮੇਤ ਬਾਕੀ ਜਥੇਦਾਰਾਂ ਨੂੰ ਦਿੱਤਾ ਗਿਆ। ਉਂਜ ਵੀ, ਜਥੇਦਾਰ ਦਮਦਮਾ ਸਾਹਿਬ ਦੀ ਜ਼ਮੀਰ ਕਰੀਬ ਦੋ ਸਾਲਾਂ ਬਾਅਦ ਕਿਉਂ ਜਾਗੀ? ਇੱਕ ਸਵਾਲ ਇਹ ਵੀ ਹੈ ਕਿ ਪਤਿਤ ਸਿੱਖ ਕੀ ਸ੍ਰੀ ਅਕਾਲ ਤਖ਼ਤ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ? ਕੀ ਉਹ ਪਤਿਤ ਹੋਣ ਦੀ ਭੁੱਲ ਬਖਸ਼ਵਾਏ ਬਿਨਾਂ ਅਕਾਲ ਤਖ਼ਤ ‘ਤੇ ਪੇਸ਼ ਹੋ ਸਕਦੇ ਹਨ?
ਮੌਜੂਦਾ ਸਥਿਤੀ ਵਿੱਚ ਜ਼ਿਆਦਾ ਚਿੰਤਾਜਨਕ ਗੱਲ ਹੈ ਗਿਆਨੀ ਗੁਰਮੁਖ ਸਿੰਘ ਦੇ ਨਾਲ ਵਾਲੇ ਚਾਰ ਸਿੰਘ ਸਾਹਿਬਾਨ ਦੀ ਖ਼ਾਮੋਸ਼ੀ। ਗਿਆਨੀ ਗੁਰਮੁਖ ਸਿੰਘ ਦੇ ਬਿਆਨ ਨਾਲ ਬਾਕੀ ਚਾਰਾਂ ਜਥੇਦਾਰਾਂ ਵੱਲ ਵੀ ਉਂਗਲ ਖੜ੍ਹੀ ਹੁੰਦੀ ਹੈ। ਉਨ੍ਹਾਂ ਦੀ ਆਪਣੀ ਜ਼ਮੀਰ ਕੀ ਕਹਿੰਦੀ ਹੈ? ਜਥੇਦਾਰੀ ਦੇ ਅਹੁਦੇ ‘ਤੇ ਪਹੁੰਚਣ ‘ਤੇ ਜਥੇਦਾਰ ਵੱਲੋਂ ਇਸ ਸਰਵਉੱਚ ਅਹੁਦੇ ਦੀ ਉੱਚਤਾ ਅਤੇ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਸਹੁੰ ਚੁੱਕੀ ਹੁੰਦੀ ਹੈ। ਇਸ ਪੁਜ਼ੀਸ਼ਨ ‘ਤੇ ਜੋ ਵਚਨਬੱਧਤਾ ਹੈ, ਉਹ ਗ੍ਰੰਥ ਅਤੇ ਪੰਥ ਨੂੰ ਸਮਰਪਿਤ ਹੈ। ਫ਼ੈਸਲੇ ਸਿਰਫ਼ ਗ੍ਰੰਥ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਸਿਰ ਜੋੜ ਕੇ ਇਮਾਨਦਾਰੀ ਨਾਲ ਲੈਣੇ ਬਣਦੇ ਹਨ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕੀ ਇਹ ਸਿੱਧ ਨਹੀਂ ਹੋ ਜਾਂਦਾ ਕਿ ਅਜੋਕੇ ਜਥੇਦਾਰ ਇਸ ਸਰਵਉੱਚ ਅਹੁਦੇ ਦੇ ਕਾਬਿਲ ਹੀ ਨਹੀਂ ਹਨ? ਐੱਸ.ਜੀ.ਪੀ.ਸੀ. ਦੀ ਮੀਟਿੰਗ ਵਿੱਚ ਜਿਸ ਤਰੀਕੇ ਨਾਲ ਗਿਆਨੀ ਗੁਰਮੁਖ ਸਿੰਘ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ, ਉਸ ਤੋਂ ਕੋਈ ਚੰਗੇ ਸੰਕੇਤ ਨਹੀਂ ਮਿਲਦੇ। ਇਸ ਕਰਕੇ ਸਿੱਖ ਜਗਤ ਵਿੱਚ ਇਹ ਸ਼ੰਕਾ ਉਭਰੀ ਕਿ ਕਮੇਟੀ ਦੀ ਮੀਟਿੰਗ ਵਿੱਚ ਜੋ ਫ਼ੈਸਲਾ ਲਿਆ ਗਿਆ, ਉਹ ਪਹਿਲਾਂ ਹੀ ਨਿਸ਼ਚਿਤ ਹੋ ਚੁੱਕਾ ਸੀ ਅਤੇ ਇਹ ਮੀਟਿੰਗ ਮਹਿਜ਼ ਖ਼ਾਨਾਪੂਰਤੀ ਸੀ। ਇੰਨਾ ਅਹਿਮ ਮਾਮਲਾ ਬਗ਼ੈਰ ਮਾਕੂਲ ਨੋਟਿਸ ਦਿੱਤੇ ਕਿਵੇਂ ਵਿਚਾਰਿਆ ਜਾ ਸਕਦਾ ਸੀ?
ਪਿਛਲੇ ਕੁਝ ਸਮੇਂ ਤੋਂ ਸਿੱਖ ਜਗਤ ਤੇ ਨਿੱਘਰ ਰਹੇ ਹਾਲਾਤ ਦੇਖ ਕੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਸਿੰਘ ਸਭਾ ਲਹਿਰ ਅਤੇ ਆਗੂਆਂ ਨੇ ਤਾਂ ਪੁਜਾਰੀਆਂ ਤੇ ਮਹੰਤਾਂ ਪਾਸੋਂ ਗੁਰਦੁਆਰੇ ਬੜੀਆਂ ਕੁਰਬਾਨੀਆਂ ਦੇ ਕੇ ਆਜ਼ਾਦ ਕਰਵਾਏ ਅਤੇ ਪੰਥ ਦੇ ਹਵਾਲੇ ਕੀਤੇ ਸਨ, ਕੀ ਅੱਜ ਪੰਥ ਨੇ ਗੁਰਦੁਆਰੇ ਮੁੜ ਸਿੱਖੀ ਸਰੂਪ ਵਾਲੇ ਮਹੰਤਾਂ ਦੇ ਅਧਿਕਾਰ ਵਿੱਚ ਦੇ ਦਿੱਤੇ ਹਨ? ਐੱਸ.ਜੀ.ਪੀ.ਸੀ. ਦੇ ਬਣਨ ਤੋਂ ਬਾਅਦ ਸਿੱਖਾਂ ਦੇ ਸਮਾਜਿਕ ਅਤੇ ਸਿਆਸੀ ਹਿੱਤਾਂ ਦੀ ਦੇਖ-ਭਾਲ ਦੀ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਅਕਾਲੀ ਦਲ ਇੱਕ ਸਿਆਸੀ-ਸਮਾਜਿਕ ਜਥੇਬੰਦੀ ਦੇ ਤੌਰ ‘ਤੇ ਸਮੁੱਚੇ ਸਿੱਖ ਜਗਤ ਦੇ ਹਿੱਤਾਂ ਦੀ ਰਾਖੀ ਲਈ ਸਾਡੇ ਬਜ਼ੁਰਗਾਂ ਨੇ ਕਾਇਮ ਕੀਤਾ ਸੀ। ਇਹ ਐੱਸ.ਜੀ.ਪੀ.ਸੀ. ਦੇ ਤਹਿਤ ਸੀ। ਪਰ ਅੱਜ ਬਦਲਦੇ ਹਾਲਾਤ ਵਿੱਚ ਇੰਜ ਜਾਪਦਾ ਹੈ ਜਿਵੇਂ ਐੱਸ.ਜੀ.ਪੀ.ਸੀ., ਅਕਾਲੀ ਦਲ ਦੇ ਮਾਤਹਿਤ ਹੋਵੇ। ਮੇਰਾ ਸਵਾਲ ਪੰਥ ਪ੍ਰਤੀ ਹੈ ਕਿ ਸ੍ਰੀ ਅਕਾਲ ਤਖ਼ਤ ਕੀ ਸਚਮੁੱਚ ਸਰਵਉੱਚ ਹੈ? ਮੌਜੂਦਾ ਹਾਲਾਤ ਦੇ ਪੈਦਾ ਹੋਣ ਦਾ ਕੌਣ ਜ਼ਿੰਮੇਵਾਰ ਹੈ? ਡੇਰੇ ਤੋਂ ਹਮਾਇਤ ਲੈਣ ਦੇ ਮਾਮਲੇ ਵਿੱਚ ਜੇ ਪਾਰਦਰਸ਼ਤਾ ਦਰਸਾਉਂਦਿਆਂ ਅਤੇ ਗ੍ਰੰਥ ਤੇ ਪੰਥ ਦੀ ਪ੍ਰਤਿਸ਼ਠਾ ਨੂੰ ਕਾਇਮ ਰੱਖਦਿਆਂ ਫ਼ੈਸਲਾ ਕੀਤਾ ਜਾਂਦਾ ਤਾਂ ਅਕਾਲ ਤਖ਼ਤ ਦਾ ਸਤਿਕਾਰ ਵਧਣਾ ਸੀ। ਜਥੇਦਾਰਾਂ ਦੀ ਚੁੱਪ ਵੇਖ ਕੇ ਗੁਰਬਾਣੀ ਦੀ ਤੁਕ ਯਾਦ ਆਉਂਦੀ ਹੈ ”ਹਉ ਆਪਹੁ ਬੋਲਿ ਨਾ ਜਾਣਦਾ ਮੈਂ ਕਹਿਆ ਸਭੁ ਹੁਕਮਾਉ ਜੀਉ।”
(ਲੇਖਕ ਉੱਘਾ ਪੰਥਕ ਵਿਚਾਰਵਾਨ ਤੇ ਵਿਦਵਾਨ ਹੈ)