ਦਿੱਲੀ ਵਿਧਾਨ ਸਭਾ ਚੋਣਾਂ ‘ਚ ਹੀ ਬੀਜੇ ਗਏ ਸਨ ਹਾਰ ਦੇ ਬੀਜ

ਦਿੱਲੀ ਵਿਧਾਨ ਸਭਾ ਚੋਣਾਂ ‘ਚ ਹੀ ਬੀਜੇ ਗਏ ਸਨ ਹਾਰ ਦੇ ਬੀਜ

‘ਆਪ’ ਵਿਰੋਧ ਨਾਲ ਜਨਮੀ ਸੀ। ਵਿਰੋਧ ਉਦੋਂ ਹੁੰਦਾ ਹੈ, ਜਦੋਂ ਕੰਮ ਕਰਨ ਵਾਲਾ ਪੱਖਪਾਤੀ ਹੋਵੇ। ਪ੍ਰੇਸ਼ਾਨ ਲੋਕਾਂ ਵਲੋਂ ਇਮਾਨਦਾਰੀ ਨਾਲ ਕੀਤੇ ਗਏ ਵਿਰੋਧ ਨੂੰ ਸਮਰਥਨ ਮਿਲਦਾ ਹੈ। ਪਰ ਜਦੋਂ ‘ਆਪ’ ਹੀ ਇੰਚਾਰਜ ਹੋਵੇ ਤਾਂ ਸ਼ਿਕਾਇਤ ਕਰਨਾ ਪਰ ਕੰਮ ਨਾ ਕਰਨਾ ਵਿਰੋਧ ਨਹੀਂ ਹੈ। ਇਹ ਤਾਂ ਰੋਂਦੇ ਰਹਿੰਦੇ ਹਨ। ਦਿੱਲੀ ‘ਤੇ ਸ਼ਾਸਨ ਕਰਨ ਦੀ ਥਾਂ ‘ਆਪ’ ਨੇ ਇਹੀ ਕੀਤਾ। 
ਚੇਤਨ ਭਗਤ
ਦਿੱਲੀ ਨਗਰ ਨਿਗਮ ਦੀਆਂ ਚੋਣਾਂ ‘ਚ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰ ਗਈ। ਪਿਛਲੇ ਵਿਧਾਨ ਸਭਾ ਚੋਣਾਂ ‘ਚ 95 ਫ਼ੀਸਦੀ ਸੀਟਾਂ ਜਿੱਤਣ ਵਾਲੀ ਪਾਰਟੀ ਇਸ ਵਾਰ ਜਿਵੇਂ-ਤਿਵੇਂ 48 ਸੀਟਾਂ ਹੀ ਪ੍ਰਾਪਤ ਕਰ ਸਕੀ। ਅਜਿਹਾ ਕੀ ਹੋ ਗਿਆ? ਇਸ ਦਾ ‘ਆਪ’ ਲਈ ਕੀ ਮਤਲਬ ਹੈ?
‘ਆਪ’ ਹਾਲ ਹੀ ‘ਚ ਗੋਆ ਅਤੇ ਪੰਜਾਬ ‘ਚ ਵੀ ਹਾਰ ਗਈ, ਪਰ ਉਹ ਤਾਂ ਸੂਬਿਆਂ ਦੇ  ਚੋਣ ‘ਚ ਸ਼ੁਰੂਆਤੀ ਕੋਸ਼ਿਸ਼ ਸੀ। ਪਰ ਦਿੱਲੀ ‘ਚ ਮਿਲੀ ਹਾਰ ਬਹੁਤ ਬੁਰੀ ਹੈ, ਕਿਉਂਕਿ  ਦਿੱਲੀ ਨੇ ਹੀ ‘ਆਪ’ ਨੂੰ ਜਨਮ ਦੇ ਕੇ ਉਸ ਨੂੰ ਬਣਾਇਆ ਸੀ। ਹੁਣ ਜੇ ਦਿੱਲੀ ਵੀ ਇਸ ਨੂੰ ਨਹੀਂ ਚਾਹੁੰਦੀ ਤਾਂ ਇਹ ਆਧਾਰਹੀਣ, ਦਿਸ਼ਾਹੀਣ ਪਾਰਟੀ ਹੋ ਗਈ ਹੈ। ਹੁਣ ਵੀ ਪਾਰਟੀ ਕੋਲ ਕੁੱਝ ਸਾਲਾਂ ਦਾ ਕਾਰਜਕਾਲ ਬਾਕੀ ਹੈ। ਪਰ ਸ਼ਾਸਨ ਕਰਨ ਦਾ ਨੈਤਿਕ ਲੋਕ ਮਤ ਕੁੱਝ ਹੱਦ ਤੱਕ ਭੰਗ ਹੋ ਗਿਆ ਹੈ। ਹਾਲੇ ਤਾਂ ਅਜਿਹੀ ਹਾਲਤ ਹੈ ਕਿ ਪਾਰਟੀ ਦੇਸ਼ ‘ਚ ਕਿਤੇ ਵੀ ਜਿੱਤ ਨਹੀਂ ਸਕਦੀ। ਉਸ ਨੂੰ ਬਹੁਤ ਡੂੰਘੀ ਖੱਡ ‘ਚੋਂ ਬਾਹਰ ਆਉਣਾ ਹੋਵੇਗਾ। ਅਜਿਹੀ ਪਾਰਟੀ ਲਈ ਇਹ ਬਹੁਤ ਵੱਡਾ ਝਟਕਾ ਹੈ, ਜਿਸ ਦਾ ਨੇਤਾ 2019 ‘ਚ ਪ੍ਰਧਾਨ ਮੰਤਰੀ ਅਹੁਦੇ ਅਤੇ ਕੌਮੀ ਪਾਰਟੀ ਦੀ ਪਛਾਣ ਹਾਸਲ ਕਰਨ ਦੀ ਇੱਛਾ ਰੱਖਦਾ ਸੀ। ਇਸ ਵਿਨਾਸ਼ ਦੇ ਬੀਜ ਪਿਛਲੇ ਵਿਧਾਨ ਸਭਾ ਚੋਣਾਂ ‘ਚ ਹੀ ਬੀਜ ਦਿੱਤੇ ਗਏ ਸਨ। ਇਸੇ ਲਈ ‘ਆਪ’ ਨੇ ਆਪਣਾ ਰੁਤਬਾ ਗੁਆ ਦਿੱਤਾ ਸੀ ਕਿ ਇਹ ਅਜਿਹੀ ਪਾਰਟੀ ਹੈ, ਜੋ ਚੰਗੇ ਲੋਕਾਂ ਨੂੰ ਚੋਣਾਂ ‘ਚ ਜੇਤੂ ਬਣਾਉਂਦੀ ਹੈ। ਚੰਗੇ ਲੋਕ ਹਮੇਸ਼ਾ ਤੋਂ ਹੀ ਦੇਸ਼ ‘ਚ ਰਹੇ ਹਨ, ਪਰ ਬਹੁਤ ਘੱਟ ਮੌਕਿਆਂ ‘ਤੇ ਹੀ ਉਹ ਚੋਣ ਜਿੱਤ ਪਾਉਂਦੇ ਹਨ। ‘ਆਪ’ ਨੇ ਆਪਣੇ ਗਠਨ ਤੋਂ ਬਾਅਦ ਇਹ ਸੰਭਵ ਬਣਾਇਆ, ਜਦੋਂ ਇਸ ਨੇ ਦਿੱਲੀ ਦੀ 70 ‘ਚੋਂ 28 ਸੀਟਾਂ ਜਿੱਤਿਆਂ। ਉਸ ਤੋਂ ਬਾਅਦ ਨਾਟਕੀ ਤਰੀਕੇ ਨਾਲ ਅਸਤੀਫ਼ੇ ਅਤੇ ਰਹਿਮ ਅਪੀਲ ਹੋਈ। ਹਾਲਾਂਕਿ 2014 ਦਾ ਚੋਣ ਜਿੱਤਣ ਲਈ ਅਰਵਿੰਦ ਕੇਜਰੀਵਾਲ ਨੇ ਅਜਿਹੇ ਲੋਕਾਂ ਨੂੰ ‘ਆਪ’ ਵਿਚ ਸ਼ਾਮਲ ਕੀਤਾ, ਜੋ ਚੰਗੇ ਨਹੀਂ ਸਨ। ਕਈ ਤਾਂ ਦਾਗ਼ੀ ਪਛਾਣ ਵਾਲੇ ਸਾਬਕਾ ਨੇਤਾ ਸਨ। ਸ਼ਾਇਦ ਉਨ੍ਹਾਂ ਨੂੰ ਲੱਗਾ ਕਿ ਆਦਰਸ਼ਵਾਦ ਪਾਰਟੀ ਨੂੰ ਇੱਥੇ ਤੱਕ ਹੀ ਲਿਆ ਸਕਦਾ ਸੀ। ਇਸ ਲਈ ਉਨ੍ਹਾਂ ਨੇ ਪ੍ਰਸ਼ਾਂਤ ਭੂਸ਼ਨ ਅਤੇ ਯੋਗੇਂਦਰ ਯਾਦਵ ਜਿਹੇ ‘ਆਪ’ ਦੇ ਸਹਿ-ਸੰਸਥਾਪਕਾਂ ਨੂੰ ਵੀ ਬਾਹਰ ਕੱਢਣ ‘ਤੇ ਮਜਬੂਰ ਕਰਨਾ ਪਿਆ। ਅਰਵਿੰਦ ਜਿਸ ਤਰ੍ਹਾਂ ਚੋਣ ਜਿੱਤਣਾ ਚਾਹੁੰਦੇ ਸਨ, ਉਸ ਲਈ ਇਹ ਜ਼ਰੂਰਤ ਤੋਂ ਵੱਧ ਚੰਗੇ ਲੋਕ ਸਨ। ‘ਆਪ’ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ, ਇਹ ਅਜਿਹੀ ਗੱਲ ਹੈ, ਜੋ ਕੋਈ ਵੀ ਚੰਗੀ ਪਾਰਟੀ ਨਹੀਂ ਕਰੇਗੀ। ਪਰ ਤੁਹਾਨੂੰ ਤਾਂ ਉਹ ਸਭ ਕਰਨਾ ਪੈਂਦਾ ਹੈ, ਜੋ ਜਿੱਤਣ ਲਈ ਜ਼ਰੂਰੀ ਹੈ। ਉਨ੍ਹਾਂ ਨੂੰ ਵੱਡੀ ਜਿੱਤ ਮਿਲੀ, ਪਰ ਉਨ੍ਹਾਂ ਨੇ ਅਜਿਹਾ ਕੁੱਝ ਖੋਅ ਦਿੱਤਾ, ਜਿਸ ਤੋਂ ‘ਆਪ’ ਕਦੇ ਲੀਹ ‘ਤੇ ਨਹੀਂ ਆ ਸਕੀ।
ਚੰਗੇ ਲੋਕਾਂ ਦੀ ਪਾਰਟੀ ਹੋਣ ਦਾ ਰੁਤਬਾ ਗੁਆ ਕੇ ‘ਆਪ’ ਹੋਰਾਂ ਦੇ ਮੁਕਾਬਲੇ ‘ਘੱਟ ਬੁਰੇ’ ਲੋਕਾਂ ਦੀ ਪਾਰਟੀ ਬਣ ਗਈ। ਬੇਸ਼ੱਕ ਜਿੱਤ ਦੇ ਜਸ਼ਨ ਨੇ ‘ਆਪ’ ਦੇ ਨੈਤਿਕ ਤਾਣੇ-ਬਾਣੇ ‘ਚ ਆਏ ਇਸ ਅੰਤਰ ਨੂੰ ਕੋਈ ਵੱਡੀ ਗੱਲ ਨਹੀਂ ਮੰਨੀ, ਪਰ ‘ਆਪ’ ਲਈ ਕੰਮ ਕਰਨ ਲਈ ਆਪਣਾ ਕਰੀਅਰ ਛੱਡਣ ਵਾਲੇ ਕਈ ਹੋਣਹਾਰ ਵਿਦਿਆਰਥੀ ਅਤੇ ਪ੍ਰਸਿੱਧ ਕੰਪਨੀਆਂ ਦੇ ਐਗਜ਼ੀਕਿਊਟਿਵ ਜਾ ਚੁੱਕੇ ਸਨ। ਸਮਾਜ ਦੇ ਚੰਗੇ ਲਈ ‘ਆਪ’ ਵਿਚ ਕੰਮ ਕਰਨ ਆਏ ਕਾਰਕੁਨਾਂ ਦੀ ਥਾਂ ਰਾਜਨੀਤੀ ‘ਚ ਕਰੀਅਰ ਬਣਾਉਣ ਦੀ ਇੱਛਾ ਰੱਖਣ ਵਾਲੇ ਕਾਰਕੁਨ ਆ ਗਏ। ਦੂਜੇ ਸ਼ਬਦਾਂ ‘ਚ ‘ਆਪ’ ਕਿਸੇ ਵੀ ਹੋਰ ਰਾਜਨੀਤਕ ਪਾਰਟੀ ਜਿਹੀ ਹੋ ਗਈ। ਇਸ ਦਾ ਟੀਚਾ ਸਿਰਫ਼ ਚੋਣ ਜਿੱਤਣਾ ਰਹਿ ਗਿਆ।
‘ਆਪ’ ਨੇ ਪੰਜਾਬ ‘ਤੇ ਧਿਆਨ ਲਗਾਇਆ, ਜਿੱਥੇ ਇਸ ਨੂੰ ਕੁੱਝ ਹਿੱਸਿਆਂ ‘ਚ ਸਮਰਥਨ ਮਿਲਿਆ ਸੀ। ਇਸ ਨੇ ਕਮਜ਼ੋਰ ਕਾਂਗਰਸ ਤੋਂ ਪੈਦਾ ਹੋਈ ਖ਼ਾਲੀ ਥਾਂ ਨੂੰ ਭਰ ਕੇ ਭਾਜਪਾ ਤੇ ਮੋਦੀ ਨੂੰ ਚੁਣੌਤੀ ਦੇਣ ਦੀ ਸੋਚੀ। ਨੈਤਿਕ ਤਾਣੇ-ਬਾਣੇ ਨੂੰ ਕਮਜ਼ੋਰ ਕਰਨ ਦੀ ਗੱਲ ਛੱਡ ਦਿੱਤੀ ਜਾਵੇ ਤਾਂ ਬਾਕੀ ਰਾਜਨੀਤਕ ਰਣਨੀਤੀ ਗ਼ਲਤ ਨਹੀਂ ਸੀ। ਹਾਲਾਂਕਿ ਇਨ੍ਹਾਂ ਸਾਰਿਆਂ ‘ਚ ‘ਆਪ’ ਇਕ ਚੀਜ਼ ਭੁਲਾ ਬੈਠੀ। ਇਸ ਨੇ ਦਿੱਲੀ ਦੀ ਅਣਦੇਖੀ ਕਰ ਦਿੱਤੀ। ਇਸ ਨੇ ਉਨ੍ਹਾਂ ਲੋਕਾਂ ਦੀ ਅਣਦੇਖੀ ਕਰ ਦਿੱਤੀ, ਜੋ ਇਸ ਨੂੰ ਸੱਤਾ ‘ਚ ਲੈ ਕੇ ਆਏ ਸਨ। ਨਵੀਂ ਪਾਰਟੀ ਹੋਣ ਕਾਰਨ ਸ਼ਾਸਨ ਦਾ ਇਸ ਦਾ ਕੋਈ ਇਤਿਹਾਸ ਨਹੀਂ ਸੀ। ਇਸ ਲਈ ਦਿੱਲੀ ਦਾ ਸ਼ਾਸਨ ਸਿਰਫ਼ ਦਿੱਲੀ ਵਾਲਿਆਂ ਲਈ ਨਹੀਂ ਸੀ, ਸਗੋਂ ਬਾਕੀ ਭਾਰਤ ਲਈ ਸੀ, ਜੋ ਆਂਕਣ ਕਰਨ ਵਾਲੇ ਸਨ ਕਿ ‘ਆਪ’ ਸ਼ਾਸਨ ਕਰ ਸਕਦੀ ਹੈ ਜਾਂ ਨਹੀਂ। ਪਰ ‘ਆਪ’ ਨੇ ਸ਼ਾਸਨ ਨਹੀਂ ਕੀਤਾ, ਇਹ ਸ਼ਿਕਾਇਤਾਂ ਕਰਦੀ ਰਹੀ। ਫਿਰ ਕੁੱਝ ਹੋਰ ਰੋਣਾ ਰੋਂਦੀ ਰਹੀ। ਉਹ ਰੋਜ਼ ਹੀ ਉਪ ਰਾਜਪਾਲ ਨੂੰ ਦੋਸ਼ੀ ਦੱਸਦੀ, ਪ੍ਰਧਾਨ ਮੰਤਰੀ ਨੂੰ ਹਰ ਹਫ਼ਤੇ, ਦਿੱਲੀ ਨਗਰ ਨਿਗਮ ਨੂੰ ਮਹੀਨੇ ‘ਚ ਕਈ ਵਾਰ ਅਤੇ ਦਿੱਲੀ ਪੁਲੀਸ ਨੂੰ ਜਦੋਂ ਵੀ ਜੀਅ ਕਰਦਾ ਦੋਸ਼ ਲਗਾਉਂਦੀ ਰਹਿੰਦੀ।
‘ਆਪ’ ਵਿਰੋਧ ਨਾਲ ਜਨਮੀ ਸੀ। ਵਿਰੋਧ ਉਦੋਂ ਹੁੰਦਾ ਹੈ, ਜਦੋਂ ਕੰਮ ਕਰਨ ਵਾਲਾ ਪੱਖਪਾਤੀ ਹੋਵੇ। ਪ੍ਰੇਸ਼ਾਨ ਲੋਕਾਂ ਵਲੋਂ ਇਮਾਨਦਾਰੀ ਨਾਲ ਕੀਤੇ ਗਏ ਵਿਰੋਧ ਨੂੰ ਸਮਰਥਨ ਮਿਲਦਾ ਹੈ। ਪਰ ਜਦੋਂ ‘ਆਪ’ ਹੀ ਇੰਚਾਰਜ ਹੋਵੇ ਤਾਂ ਸ਼ਿਕਾਇਤ ਕਰਨਾ ਪਰ ਕੰਮ ਨਾ ਕਰਨਾ ਵਿਰੋਧ ਨਹੀਂ ਹੈ। ਇਹ ਤਾਂ ਰੋਂਦੇ ਰਹਿੰਦੇ ਹਨ। ਦਿੱਲੀ ‘ਤੇ ਸ਼ਾਸਨ ਕਰਨ ਦੀ ਥਾਂ ‘ਆਪ’ ਨੇ ਇਹੀ ਕੀਤਾ। ਇਸ ਨੇ ਰੌਣਾ ਰੋਇਆ, ਵਿਰੋਧ ਕੀਤਾ, ਗੁਹਾਰ ਲਗਾਈ, ਸ਼ਿਕਾਇਤਾਂ ਕੀਤੀਆਂ ਤਾਂ ਕਿ ਖ਼ੁਦ ਨੂੰ ਛੱਡ ਕੇ ਕਿਸੇ ‘ਤੇ ਵੀ ਜ਼ਿੰਮੇਵਾਰੀ ਪਾਈ ਜਾ ਸਕੇ। ਪਰ ਇਹ ਤਰਕੀਬ ਕੰਮ ਨਹੀਂ ਆਈ। ਲਿਹਾਜ਼ਾ ਜੇ ਅਰਵਿੰਦ ਚੰਗੇ ਮੁੱਖ ਮੰਤਰੀ ਹੋਣ ਦੇ ਕੁੱਝ ਐਵਾਰਡ ਜਿੱਤ ਲੈਂਦੇ ਤਾਂ ਉਨ੍ਹਾਂ ਦੀ ਵੱਖਰਾ ਹੀ ਰੁਤਬਾ ਹੁੰਦਾ। ਅਰਵਿੰਦ ਹੁਣ ਵੀ ‘ਆਪ’ ਨੂੰ ਉੱਪਰ ਲਿਜਾ ਸਕਦੇ ਹਨ, ਬਸ਼ਰਤੇ ਉਹ ਰੋਣਾ ਛੱਡ ਕੇ ਕੰਮ ‘ਚ ਲੱਗ ਜਾਣ। ਵੈਸੀ ਵੀ ਪ੍ਰਧਾਨ ਮੰਤਰੀ ਬਣਨ ਦੀ ਅਜਿਹੀ ਕੀ ਛੇਤੀ ਹੈ, ਕੀ ਮੁੱਖ ਮੰਤਰੀ ਦਾ ਬੰਗਲਾ ਆਰਾਮਦਾਇਕ ਨਹੀਂ ਹੈ?
‘ਆਪ’ ਜਿੱਥੇ ਦੂਜਿਆਂ ਦੀ ਸ਼ਿਕਾਇਤਾਂ ਕਰਦੀ ਰਹੀ, ਉੱਥੇ ਇਸ ਨੇ ਪਾਰਟੀ ਦੇ ਕੌਮੀ ਇਸ਼ਤਿਹਾਰਾਂ ਅਤੇ ਮੁੱਖ ਮੰਤਰੀ ਦੇ ਮੁਕੱਦਮੇ ਲੜਨ ਲਈ ਸਰਕਾਰੀ ਪੈਸੇ ਦੀ ਵਰਤੋਂ ਕੀਤੀ। ਸਸਤੇ ਮੋਬਾਈਲ ਡਾਟਾ ਦੇ ਇਸ ਦੌਰ ‘ਚ ਅਜਿਹੀ ਗੱਲਾਂ ਲੁਕੀਆਂ ਨਹੀਂ ਹਨ। ‘ਆਪ’ ਦਾ ਤੇਜ਼ੀ ਨਾਲ ਉਥਾਨ ਅਤੇ ਪਤਨ ਸਾਨੂੰ ਵੋਟਰਾਂ ਨੂੰ ਇਨ੍ਹਾਂ ਦਿਨੀਂ ਮਿਲ ਰਹੀਆਂ ਸੂਚਨਾਵਾਂ ਦੀ ਤੇਜ਼ ਰਫ਼ਤਾਰ ਦੱਸਦੀ ਹੈ। ‘ਆਪ’ ਨੂੰ ਪਤਾ ਲਗਾਉਣਾ ਹੋਵੇਗਾ ਕਿ ਉਹ ਚਾਹੁੰਦੀ ਕੀ ਹੈ? ਜੇ ਇਹ ਮੌਜੂਦਾ ਪਾਰਟੀਆਂ ਦਾ ਸ਼ਿਕਾਇਤੀ ਸੰਸਕਰਨ ਬਣਨਾ ਚਾਹੁੰਦੀ ਹੈ ਤਾਂ ਇਹ ਜ਼ਿਆਦਾ ਦੂਰ ਤੱਕ ਨਹੀਂ ਜਾ ਸਕੇਗੀ। ਜੇ ਇਹ ਹੁਣ ਵੀ ਚੰਗੇ ਲੋਕਾਂ, ਕੰਮ ਤੇ ਵਿਸ਼ਵਾਸ ਉੱਤੇ ਜ਼ੋਰ ਦੇਵੇ ਤਾਂ ਇਸ ਦਾ ਭਵਿੱਖ ਹੋ ਸਕਦਾ ਹੈ।
ਇਸ ਬਾਰੇ ਕੋਈ ਗ਼ਲਤੀ ਨਾ ਕਰੇ ਕਿ ‘ਆਪ’ ਨੇ ਭਾਰਤੀ ਰਾਜਨੀਤੀ ਨੂੰ ਤਾਂ ਬਦਲਿਆ ਹੈ। ਖ਼ੁਦ ਪਟੜੀ ਤੋਂ ਉੱਤਰਨ ਤੋਂ ਪਹਿਲਾਂ ਇਸ ਨੇ ਭਾਰਤੀ ਰਾਜਨੀਤੀ ਦੀ ਕੁੱਝ ਸਫ਼ਾਈ ਕਰਨ ‘ਚ ਮਦਦ ਤਾਂ ਕੀਤੀ ਹੈ। ਇਸ ਨੂੰ ਇਹ ਸਿਹਰਾ ਹਮੇਸ਼ਾ ਮਿਲਦਾ ਰਹੇਗਾ। ਇਸ ਦਾ ਜੋ ਵੀ ਹੋਵੇ, ਇਹ ਸਾਡੇ ਸਾਰਿਆਂ ਲਈ ਸਬਕ ਹੈ। ਅਸੀਂ ਆਪਣੀ ਜ਼ਿੰਦਗੀ ‘ਚ ਵੀ ਚੰਗੀ ਬਣੇ ਰਹੀਏ, ਸ਼ਿਕਾਇਤਾਂ ਘੱਟ ਤੇ ਕੰਮ ਜ਼ਿਆਦਾ ਕਰੀਏ।