ਅਕਾਲੀਆਂ ਨੇ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲ ਕੇ ਰਾਜਨੀਤੀ ਚਮਕਾਈ

ਅਕਾਲੀਆਂ ਨੇ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲ ਕੇ ਰਾਜਨੀਤੀ ਚਮਕਾਈ

ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਦੁੱਗਰੀ ਨੂੰ ਅਦਾਲਤ ‘ਚ ਪੇਸ਼ ਕਰਨ ਲਿਜਾਂਦੀ ਪੁਲੀਸ।

ਲੁਧਿਆਣਾ/ਬਿਊਰੋ ਨਿਊਜ਼ :

ਰਾਜੀਵ ਗਾਂਧੀ ਦੇ ਬੁੱਤ ਉਤੇ ਕਾਲਖ ਪੋਚਣ ਦੇ ਮਾਮਲੇ ਵਿਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਅਕਾਲੀ ਕਾਰਕੁਨ ਗੁਰਦੀਪ ਸਿੰਘ ਗੋਸ਼ਾ ਤੇ ਮੀਤ ਪਾਲ ਸਿੰਘ ਦੁੱਗਰੀ ਦੇ ਪੱਖ ਵਿਚ ਸੜਕਾਂ ‘ਤੇ ਉਤਰੇ ਅਕਾਲੀਆਂ ਨੇ ਲੋਕਾਂ ਦਾ ਧਿਆਨ ਖਿੱਚਣ ਲਈ ਪੂਰਾ ਤਾਣ ਲਗਾ ਦਿੱਤਾ ਹੈ। ਅਕਾਲੀ ਰੋਸ ਮੁਜ਼ਾਹਰਿਆਂ ਦੀ ਅਗਵਾਈ ਬਿਕਰਮ ਸਿੰਘ ਮਜੀਠੀਆ ਨੇ ਕੀਤੀ। ਉਨ•ਾਂ ਪਹਿਲਾਂ ਕਚਹਿਰੀ ਦੇ ਬਾਹਰ ਧਰਨਾ ਦਿੱਤਾ ਤੇ ਫਿਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਪੁਤਲਾ ਸਾੜਿਆ। ਖਾਸ ਗੱਲ ਇਹ ਰਹੀ ਕਿ ਪੂਰਾ ਦਿਨ ਮਜੀਠੀਆ ਦੋਵੇਂ ਆਗੂਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਸਮੇਂ ਅਦਾਲਤ ਵਿਚ ਹੀ ਮੌਜੂਦ ਰਹੇ। ਅਕਾਲੀ ਆਗੂਆਂ ਨੇ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨਾਲ ਮੁਲਾਕਾਤ ਵੀ ਕੀਤੀ ਤੇ ਪੁਲੀਸ ‘ਤੇ ਗਲਤ ਐੱਫ਼ਆਈਆਰ ਤੇ ਯੂਥ ਅਕਾਲੀ ਦਲ ਆਗੂ ਗੋਸ਼ਾ ‘ਤੇ ਤਸ਼ੱਦਦ ਕਰਨ ਦੇ ਦੋਸ਼ ਲਗਾਏ। ਅਕਾਲੀ ਦਲ ਨਾਲ ਦੰਗਾ ਪੀੜਤ ਲੋਕ ਵੀ ਸ਼ਾਮਲ ਸਨ। ਅਕਾਲੀ ਆਗੂਆਂ ਨੇ ਸੰਨ 1984 ਵਿਚ ਹੋਏ ਸਿੱਖ ਕਤਲੇਆਮ ਲਈ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ। ਉਨ•ਾਂ ਦੋਸ਼ ਲਾਇਆ ਕਿ ਸੰਨ 1984 ਦੇ ਕਤਲੇਆਮ ਵਿਚ ਰਾਜੀਵ ਗਾਂਧੀ ਵੀ ਸ਼ਾਮਲ ਸੀ। ਪੁਤਲਾ ਸਾੜਨ ਤੋਂ ਬਾਅਦ ਮਜੀਠੀਆ ਅਕਾਲੀ ਦਲ ਦੇ ਆਗੂਆਂ ਸਣੇ ਰੋਸ ਮਾਰਚ ਕਰਦੇ ਹੋਏ ਪੁਲੀਸ ਕਮਿਸ਼ਨਰ ਦਫ਼ਤਰ ਤਕ ਪੁੱਜੇ।
ਮਜੀਠੀਆ ਨੇ ਕਿਹਾ ਕਿ ਪੁਤਲੇ ‘ਤੇ ਕਾਲਖ਼ ਮਲਣ ਤੋਂ ਬਾਅਦ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਆਪਣੀ ਦਸਤਾਰ ਨਾਲ ਪੁਤਲੇ ਨੂੰ ਸਾਫ਼ ਕੀਤਾ। ਇਹ ਸਿੱਧੇ ਤੌਰ ‘ਤੇ ਧਾਰਮਿਕ ਭਾਵਨਾਵਾਂ ਭੜਕਾਉਂਦਾ ਹੈ, ਜਿਸ ਲਈ ਅਕਾਲੀ ਦਲ ਪੁਲੀਸ ਨੂੰ ਮੰਡ ਖ਼ਿਲਾਫ਼ ਸ਼ਿਕਾਇਤ ਕਰੇਗਾ।
ਜ਼ਿਕਰਯੋਗ ਹੈ ਕਿ ਇਥੇ ਸਲੇਮ ਟਾਬਰੀ ਇਲਾਕੇ ‘ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲਣ ਦੇ ਮਾਮਲੇ ‘ਚ ਨਾਮਜ਼ਦ ਕੀਤੇ ਗਏ ਯੂਥ ਅਕਾਲੀ ਆਗੂ ਵਕੀਲ ਮੀਤ ਪਾਲ ਸਿੰਘ ਦੁੱਗਰੀ ਨੇ ਅਦਾਲਤ ‘ਚ ਆਤਮਸਮਰਪਣ ਕਰ ਦਿੱਤਾ ਹੈ। ਇਸ ਦੌਰਾਨ ਅਦਾਲਤ ਵਿਚ ਉਨ•ਾਂ ਨਾਲ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਜ਼ਿਲ•ਾ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ, ਸ਼ਰਨਜੀਤ ਸਿੰਘ ਢਿੱਲੋਂ ਮੌਜੂਦ ਸਨ। ਪੁਲੀਸ ਨੇ ਮੁਲਜ਼ਮ ਦਾ 6 ਦਿਨ ਦਾ ਪੁਲੀਸ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ਼ ਇਕ ਦਿਨ ਦਾ ਰਿਮਾਂਡ ਦਿੱਤਾ ਹੈ। ਪੁਲੀਸ ਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੂੰ ਵੀ ਪੇਸ਼ ਕੀਤਾ, ਜਿੱਥੋਂ ਉਸ ਨੂੰ ਵੀ ਇਕ ਦਿਨਾ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਬੁੱਤ ‘ਤੇ ਕਾਲਖ ਮਲਣ ਤੋਂ ਬਾਅਦ ਪੁਲੀਸ ਗੁਰਦੀਪ ਸਿੰਘ ਗੋਸ਼ਾ ਤੇ ਮੀਤਪਾਲ ਸਿੰਘ ਦੁੱਗਰੀ ਦੀ ਭਾਲ ‘ਚ ਜੁਟ ਗਈ ਸੀ। ਪੁਲੀਸ ਨੇ ਗੁਰਦੀਪ ਸਿੰਘ ਗੋਸ਼ਾ ਨੂੰ ਤਾਂ ਫਿਰੋਜ਼ ਗਾਂਧੀ ਮਾਰਕੀਟ ਤੋਂ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂ ਕਿ ਮੀਤਪਾਲ ਦੁੱਗਰੀ ਦਾ ਕੁਝ ਪਤਾ ਨਹੀਂ ਲੱਗਿਆ ਸੀ।
ਗੋਸ਼ਾ ਦੇ ਰਿਸ਼ਤੇਦਾਰ ਦੀ ਉਸਾਰੀ ਢਾਹੀ : ਨਗਰ ਨਿਗਮ ਦੀ ਬਿਲਡਿੰਗ ਬਰਾਂਚ ਨੇ ਯੂਥ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਦੇ ਰਿਸ਼ਤੇਦਾਰ ਦੀ ਸੁਸਾਇਟੀ ਸਿਨੇਮਾ ਉਸਾਰੀ ਅਧੀਨ ਇਮਾਰਤ ਢਾਹ ਦਿੱਤੀ। ਨਿਗਮ ਅਫ਼ਸਰਾਂ ਦੀ ਇਸ ਕਾਰਵਾਈ ਮਗਰੋਂ ਅਕਾਲੀ ਆਗੂਆਂ ਦੇ ਗੁੱਸੇ ਦਾ ਪਾਰਾ ਚੜ• ਗਿਆ। ਨਗਰ ਨਿਗਮ ਦੀ ਇਸ ਕਾਰਵਾਈ ਮਗਰੋਂ ਪੂਰੇ ਸ਼ਹਿਰ ਵਿਚ ਰੌਲਾ ਪੈ ਗਿਆ। ਬਿਕਰਮ ਸਿੰਘ ਮਜੀਠਿਆ ਨੇ ਨਗਰ ਨਿਗਮ ਦੀ ਇਸ ਕਾਰਵਾਈ ‘ਤੇ ਸਵਾਲ ਚੁੱਕੇ।
ਦਿੱਲੀ ਵਿਚ ਵੀ ਰਾਜੀਵ ਗਾਂਧੀ ਦੇ ਨਾਂ ਉਤੇ ਮਲੀ ਕਾਲਖ : ਲੁਧਿਆਣਾ ਦੀ ਤਰਜ਼ ‘ਤੇ ਦਿੱਲੀ ਵਿਚ ਵੀ ਰਾਜੀਵ ਗਾਂਧੀ ਦੇ ਨਾਂ ਉਤੇ ਕਾਲਖ ਮਲੀ ਗਈ ਹੈ। ਕਨਾਟ ਪਲੇਸ ਦੇ ਰਾਜੀਵ ਚੌਕ ਮੈਟਰੋ ਸਟੇਸ਼ਨ ‘ਤੇ ਲੱਗੇ ਬੋਰਡ ਉਤੇ ਸੰਨ 1984 ਸਿੱਖ ਕਤਲੇਆਮ ਦੇ ਪੀੜਤਾਂ ਨੇ ਪਹਿਲਾਂ ਰਾਜੀਵ ਗਾਂਧੀ ਦੇ ਨਾਂ ‘ਤੇ ਕਾਲ਼ੀ ਸਪ੍ਰੇਅ ਮਾਰੀ ਤੇ ਬਾਅਦ ਵਿਚ ਜੁੱਤੀਆਂ ਦਾ ਹਾਰ ਵੀ ਪਾਇਆ।ਇਸ ਮੌਕੇ ਪੀੜਤਾਂ ਨੇ ਕਿਹਾ ਕਿ ਰਾਜੀਵ ਗਾਂਧੀ ਸੰਨ 1984 ਵਿਚ ਮਾਰੇ ਸਿੱਖਾਂ ਦੇ ਕਾਤਲ ਹਨ। ਉਨ•ਾਂ ਨੇ ਰਾਜੀਵ ਗਾਂਧੀ ਦੇ ਨਾਂ ‘ਤੇ ਬਣੀਆਂ ਸਾਰੀਆਂ ਚੀਜ਼ਾਂ ਹਟਾਉਣ ਦੀ ਮੰਗ ਕੀਤੀ।
ਕਤਲੇਆਮ ਪੀੜਤਾਂ ਨੇ ਚੇਤਾਵਨੀ ਦਿੱਤੀ ਕਿ ਪੂਰੇ ਦਿੱਲੀ ਵਿਚ ਜਿੱਥੇ-ਜਿੱਥੇ ਵੀ ਰਾਜੀਵ ਗਾਂਧੀ ਦਾ ਨਾਂ ਹੋਏਗਾ, ਉਹ ਉਥੇ-ਉਥੇ ਰਾਜੀਵ ਗਾਂਧੀ ਦੇ ਨਾਂ ‘ਤੇ ਕਾਲਖ ਮਲਣਗੇ। ਉਨ•ਾਂ ਕਿਹਾ ਕਿ ਲੁਧਿਆਣਾ ਵਿਚ ਅਕਾਲੀ ਦਲ ਨੇ ਜੋ ਕੀਤਾ, ਉਹ ਬਿਲਕੁਲ ਸਹੀ ਕੀਤਾ। ਉਨ•ਾਂ ਕਿਹਾ ਕਿ ਉਨ•ਾਂ ਨੂੰ ਪੁਲਿਸ ਦਾ ਵੀ ਕੋਈ ਡਰ ਨਹੀਂ ਹੈ।