ਅਦਾਕਾਰਾ ਰੀਮਾ ਲਾਗੂ ਦਾ ਦਿਹਾਂਤ

ਅਦਾਕਾਰਾ ਰੀਮਾ ਲਾਗੂ ਦਾ ਦਿਹਾਂਤ

ਮੁੰਬਈ/ਬਿਊਰੋ ਨਿਊਜ਼ :
ਬਾਲੀਵੁੱਡ ਵਿਚ ਮਾਂ ਦਾ ਕਿਰਦਾਰ ਨਿਭਾ ਕੇ ਸਭ ਦਾ ਦਿਲ ਜਿੱਤਣ ਵਾਲੀ ਰੀਮਾ ਲਾਗੂ ਦੀ ਮੌਤ ਨਾਲ ਬਾਲੀਵੁੱਡ ਵਿਚ ਸ਼ੋਕ ਦੀ ਲਹਿਰ ਹੈ। ‘ਮੈਨੇ ਪਿਆਰ ਕੀਆ’, ‘ਹਮ ਆਪਕੇ ਹੈਂ ਕੌਨ’, ‘ਕੱਲ ਹੋ ਨਾ ਹੋ’ ਜਿਹੀਆਂ ਫਿਲਮਾਂ ਵਿਚ ਮਾਂ ਦੇ ਸ਼ਾਨਦਾਰ ਕਿਰਦਾਰ ਲਈ ਮਸ਼ਹੂਰ 59 ਸਾਲਾ ਅਦਾਕਾਰਾ ਰੀਮਾ ਲਾਗੂ ਦੀ ਤੜਕੇ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿਚ ਮੌਤ ਹੋ ਗਈ।
ਹਸਪਤਾਲ ਦੇ ਕਾਰਜਕਾਰੀ ਨਿਰਦੇਸ਼ਕ ਰਾਮ ਨਾਰਾਇਣ ਨੇ ਦੱਸਿਆ ਕਿ ਛਾਤੀ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਰੀਮਾ ਦਾ ਪਤੀ ਵਿਵੇਕ ਲਾਗੂ ਨਾਲ ਤਲਾਕ ਹੋ ਗਿਆ ਸੀ ਅਤੇ ਉਨ੍ਹਾਂ ਦੀ ਇਕ ਬੇਟੀ ਮਰੁਣਮਈ ਲਾਗੂ (35) ਹੈ, ਜੋ ਫਿਲਮ ਅਤੇ ਥਿਏਟਰ ਕਲਾਕਾਰ ਹੈ। ਇਥੇ ਫਿਲਮੀ ਜਗਤ ਦੀਆਂ ਮਸ਼ਹੂਰ ਹਸਤੀਆਂ ਦੀ ਹਾਜ਼ਰੀ ਵਿਚ ਸਸਕਾਰ ਕਰ ਦਿੱਤਾ ਗਿਆ। ਰੀਮਾ ਲਾਗੂ ਦੇ ਦਿਹਾਂਤ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੂਚਨਾ ਤੇ ਪ੍ਰਸਾਰਨ ਮੰਤਰੀ ਵੈਂਕਇਆ ਨਾਇਡੂ, ਕਾਂਗਰਸ ਮੁਖੀ ਸੋਨੀਆ ਗਾਂਧੀ, ਅਦਾਕਾਰ ਅਮਿਤਾਬ ਬੱਚਨ, ਆਮਿਰ ਖਾਨ, ਕਰਨ ਜੌਹਰ, ਪ੍ਰਿਅੰਕਾ ਚੋਪੜਾ, ਰਿਸ਼ੀ ਕਪੂਰ, ਮਹੇਸ਼ ਭੱਟ ਤੇ ਹੋਰਨਾਂ ਬਾਲੀਵੁੱਡ ਸਿਤਾਰਿਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਫਿਲਮ ਅਤੇ ਟੈਲੀਵਿਜ਼ਨ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।