ਪੁਲੀਸ ਤੇ ਕਾਂਗਰਸੀ ਆਗੂ ਤੋਂ ਤੰਗ ਨੌਜਵਾਨ ਵਲੋਂ ਖ਼ੁਦਕੁਸ਼ੀ

ਪੁਲੀਸ ਤੇ ਕਾਂਗਰਸੀ ਆਗੂ ਤੋਂ ਤੰਗ ਨੌਜਵਾਨ ਵਲੋਂ ਖ਼ੁਦਕੁਸ਼ੀ

ਕੈਪਸ਼ਨ-ਪੀੜਤ ਨੌਜਵਾਨ ਦੇ ਰਿਸ਼ਤੇਦਾਰ ਪੁਲੀਸ ਤੇ ਮੁਲਜ਼ਮਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ।
ਫ਼ਰੀਦਕੋਟ/ਬਿਊਰੋ ਨਿਊਜ਼ :
ਪਿੰਡ ਚਹਿਲ ਦੇ ਨੌਜਵਾਨ ਨੇ ਪੁਲੀਸ ਅਣਗਹਿਲੀ ਅਤੇ ਕਾਂਗਰਸੀ ਆਗੂ ਦੀ ਕਥਿਤ ਗੁੰਡਾਗਰਦੀ ਤੋਂ ਤੰਗ ਆ ਕੇ ਰਾਜਸਥਾਨ ਫੀਡਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੀੜਤ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਵੀਰੂ ਵਜੋਂ ਹੋਈ ਹੈ। ਪੁਲੀਸ ਵੱਲੋਂ ਨੌਜਵਾਨ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਨੇ 29 ਜੂਨ ਨੂੰ ਪੁਲੀਸ ਚੌਕੀ ਕਲੇਰ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਪਿੰਡ ਦੇ ਕੁਝ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਉਸ ਨੇ ਸ਼ਿਕਾਇਤ ਵਿੱਚ ਦੋਸ਼ ਲਾਏ ਸਨ ਕਿ ਪਿੰਡ ਦੇ ਕੁਝ ਨੌਜਵਾਨ ਸਥਾਨਕ ਕਾਂਗਰਸੀ ਆਗੂ ਦੀ ਸ਼ਹਿ ‘ਤੇ ਉਸ ਦੇ ਘਰ ਸਾਹਮਣੇ ਆ ਕੇ ਗਾਲ੍ਹਾਂ ਕੱਢਦੇ ਅਤੇ ਨਸ਼ੇ ਕਰਦੇ ਹਨ ਅਤੇ ਰੋਕਣ ਉੱਤੇ ਉਨ੍ਹਾਂ ਦੇ ਗਲ ਪੈਂਦੇ ਹਨ। ਸ਼ਿਕਾਇਤ ਵਿੱਚ ਅੱਗੇ ਕਿਹਾ ਸੀ ਕਿ ਪਿੰਡ ਦੇ ਨੌਜਵਾਨ ਉਸ ਦਾ ਮੋਬਾਈਲ ਅਤੇ ਹੋਰ ਕੀਮਤੀ ਸਾਮਾਨ ਵੀ ਖੋਹ ਕੇ ਲੈ ਗਏ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਮਨਪ੍ਰੀਤ ਦੇ ਪਿਤਾ ਜਸਪਾਲ ਸਿੰਘ ਤੇ ਹੋਰਨਾਂ ਰਿਸ਼ਤੇਦਾਰਾਂ ਨੇ ਦੱਸਿਆ ਕਿ ਪੁਲੀਸ ਨੇ ਸ਼ਿਕਾਇਤ ਮਿਲਣ ਦੇ ਬਾਵਜੂਦ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਲਟਾਂ ਸਾਰੇ ਦੋਸ਼ੀ, ਕਾਂਗਰਸੀ ਆਗੂ ਦੀ ਸ਼ਹਿ ‘ਤੇ ਲਗਾਤਾਰ ਮਨਪ੍ਰੀਤ ਨੂੰ ਧਮਕੀਆਂ ਦਿੰਦੇ ਅਤੇ ਉਸ ਦਾ ਪਿੱਛਾ ਕਰਦੇ ਸਨ। ਇਸ ਪ੍ਰੇਸ਼ਾਨੀ ਦੇ ਚਲਦਿਆਂ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਦੌਰਾਨ ਖੇਤ ਮਜ਼ਦੂਰ ਯੂਨੀਅਨ, ਬੀ.ਕੇ.ਯੂ ਉਗਰਾਹਾਂ, ਬੀ.ਕੇ.ਯੂ ਕ੍ਰਾਂਤੀਕਾਰੀ, ਪੀ.ਐੱਸ.ਯੂ. ਤੇ ਨੌਜਵਾਨ ਭਾਰਤ ਸਭਾ ਨੇ ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਸ਼ਿਕਾਇਤ ‘ਤੇ ਕਾਰਵਾਈ ਨਾ ਕਰਨ ਵਾਲੇ ਪੁਲੀਸ ਅਧਿਕਾਰੀ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਥਾਣਾ ਸਿਟੀ ਵਿੱਚ ਬਾਕਾਇਦਾ ਰਿਪੋਰਟ ਦਰਜ ਕਰ ਲਈ ਹੈ ਅਤੇ ਪੁਲੀਸ ਸਮੁੱਚੇ ਮਾਮਲੇ ਦੀ ਪੜਤਾਲ ਕਰ ਰਹੀ ਹੈ।