ਅੰਮ੍ਰਿਤਧਾਰੀ ਨੌਜਵਾਨ ਜਗਮੀਤ ਸਿੰਘ ਦੀ ਫਤਹਿ

ਅੰਮ੍ਰਿਤਧਾਰੀ ਨੌਜਵਾਨ ਜਗਮੀਤ ਸਿੰਘ ਦੀ ਫਤਹਿ

ਅਪਣੀ ਮਾਂ ਬੀਬੀ ਹਰਮੀਤ ਕੌਰ, ਪਿਤਾ ਸ. ਜਗਤਾਰਨ ਸਿੰਘ, ਚੋਣ ਮੁਹਿੰਮ ਦੀ ਮੈਨੇਜਰ ਮਿਸ਼ੇਲ ਹੇਅ ਅਤੇ ਹੋਰਨਾਂ ਹਮਾਇਤੀਆਂ ਨਾਲ ਚੋਣ ਨਤੀਜਿਆਂ ਦੀਆਂ ਖ਼ਬਰਾਂ ਸੁਨਣ ਵੇਲੇ ਅਪਣੀ ਜਿੱਤ ਸੁਣ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਜਗਮੀਤ ਸਿੰਘ।
ਟੋਰਾਂਟੋ/ਬਿਊਰੋ ਨਿਊਜ਼:
38 ਸਾਲਾ ਅੰਮ੍ਰਿਤਧਾਰੀ ਸਿੱਖ ਨੌਜਵਾਨ ਵਕੀਲ ਜਗਮੀਤ ਸਿੰਘ ਨੇ ਕਨੇਡਾ ਦੀ ਵਿਰੋਧੀ ਧਿਰ ਨਿਊ ਡੈਮੋਕਰੇਟਿਕ ਪਾਰਟੀ (ਐਨ ਡੀ ਪੀ) ਦੇ ਆਗੂ ਦੀ ਚੋਣ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਉਹ ਇਸ ਅਹੁਦੇ ਉੱਤੇ ਪੁਜਣ ਵਾਲੇ ਪਹਿਲੇ ਗੈਰ-ਗੋਰਾ (non-white)  ਵਿਅਕਤੀ ਹਨ।
ਕਨੇਡਾ ਦੇ ਸਿੱਖ ਪਰਿਵਾਰ ਵਿੱਚ ਜਨਮੇ ਜਗਮੀਤ ਸਿੰਘ ਓਂਟਾਰੀਓ ਦੀ ਪ੍ਰੋਵਿਨਸ਼ੀਅਲ ਪਾਰਲੀਮੈਂਟ ਦੇ ਮੈਂਬਰ ਹਨ ਦੇਸ਼ ਦੀਆਂ ਸੰਨ 2019 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਨਾਲ ਟੱਕਰ ਲੈਣਗੇ।
ਉਸਨੇ ਅਪਣੀ ਪਾਰਟੀ ਦੇ ਮੁਖੀ ਦੀ ਚੋਣ ਲਈ 53.6 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰਕੇ ਅਪਣੇ ਤਿੰਨ ਵਿਰੋਧੀਆਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ।
” ਨਵੇਂ ਡੈਮੋਕਰੇਟਾਂ ਦਾ ਧੰਨਵਾਦ। ਪ੍ਰਧਾਨ ਮੰਤਰੀ ਦੀ ਚੋਣ ਲਈ ਮੁਹਿੰਮ ਸ਼ੁਰੂ,” ਨਤੀਜੇ ਸੁਣਦਿਆਂ ਸਾਰ ਖੁਸ਼ੀ ਵਿੱਚ ਖੀਵੇ ਹੋਵੇ ਬੇਹੱਦ ਉਤਸ਼ਾਹੀ ਨੌਜਵਾਨ ਸਿੱਖ ਆਗੂ ਨੇ ਕਿਹਾ, ” ਅੱਜ ਤੋਂ ਮੈਂ ਕਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਲਈ ਅਪਣੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕਰਦਾ ਹਾਂ।”
ਕਨੇਡਾ ਵਿੱਚਲੀ ਸਿੱਖ ਘੱਟ ਗਿਣਤੀ ਨਾਲ ਸਬੰਧ ਰੱਖਣ ਵਾਲੇ ਅਤੇ ਖੂਬਸੂਰਤ ਰੰਗ ਦੀਆਂ ਦਸਤਾਰਾਂ ਸਜਾਉਣ ਲਈ ਜਾਣੇ ਜਾਂਦੇ ਜਗਮੀਤ ਸਿੰਘ ਲਈ ਦੇਸ਼ ਦੀ ਵੱਡੀ ਫੈਡਰਲ ਪਾਰਟੀ ਦਾ ਆਗੂ ਚੁਣੇ ਜਾਣ ਬਾਅਦ ਅਗਲਾ ਪੈਂਡਾ ਕਾਫ਼ੀ ਚੁਣੌਤੀਆਂ ਭਰਿਆ ਹੋਵੇਗਾ।
ਉਸਨੂੰ ਅਪਣੀ ਨਿਊ ਡੈਮੋਕਰੇਟਿਕ ਪਾਰਟੀ, ਜਿਸਨੇ 2015 ਦੀਆਂ ਚੋਣਾਂ ਵਿੱਚ 59 ਸੀਟਾਂ ਗਵਾਈਆਂ,  ਦਾ ਇੱਕ ਤਰ੍ਹਾਂ ਨਾਲ ਪੁਨਰਗਠਨ ਕਰਨਾ ਹੋਵੇਗਾ। ਕਨੇਡਾ ਦੀ 338 ਮੈਂਬਰੀ ਪਾਰਲੀਮੈਂਟ ਵਿੱਚ ਨਿਊ ਡੈਮੋਕਰੇਟਿਕ ਪਾਰਟੀ ਦੇ ਇਸ ਸਮੇਂ ਸਿਰਫ਼ 44 ਮੈਂਬਰ ਹਨ ਤੇ ਇਹ ਤੀਜੇ ਸਥਾਨ ਉੱਤੇ ਹੈ। ਇਸ ਪਾਰਟੀ ਨੇ ਕਦੇ ਵੀ ਸਰਕਾਰ ਨਹੀਂ ਬਣਾਈ। ਸਾਲ 2011 ਦੀਆਂ ਚੋਣਾਂ ਵਿੱਚ ਨਿਊ ਡੈਮੋਕਰੇਟਿਕ ਪਾਰਟੀ ਨੇ ਕਾਫ਼ੀ ਸੀਟਾਂ ਜਿੱਤ ਕੇ ਕਨੇਡਾ ਦੀ ਕੌਮੀ ਰਾਜਨੀਤੀ ਵਿੱਚ ਅਪਣੀ ਅਹਿਮ ਥਾਂ ਬਣਾਈ ਸੀ ਪਰ ਚਾਰ ਸਾਲ ਬਾਅਦ ਟਰੂਡੋ ਦੀ ਅਗਵਾਈ ਲਿਬਰਲ ਪਾਰਟੀ ਹੱਥੋਂ ਕਰਾਰੀ ਹਾਰ ਖਾਣੀ ਪਈ।
ਜਗਮੀਤ ਸਿੰਘ ਨੇ ਅਪਣੀ ਚੋਣ ਮੁਹਿੰਮ ਦੌਰਾਨ  ਕਿਹਾ ਸੀ ਕਿ ਉਹ ਵਾਤਾਵਰਣ ਦੀ ਸੰਭਾਲ, ਕਨੇਡੀਆਈ ਮੂਲ ਦੇ ਸਥਾਨਕ ਲੋਕਾਂ ਨਾਲ ਸੁਖਾਵੇਂ ਸਬੰਧਾਂ ਦੀ ਬਹਾਲੀ ਅਤੇ ਚੋਣ ਸੁਧਾਰਾਂ ਨੂੰ ਮੁੱਖ ਮੁੱਦੇ ਬਣਾਉਣਗੇ।