ਪੰਜਾਬੀਏ ਜ਼ੁਬਾਨੇ, ਨੀ ਰਕਾਨੇ…ਫਿੱਕੀ ਪੈ ‘ਗੀ ਤੇਰੇ ਚਿਹਰੇ ਦੀ ਨੁਹਾਰ

ਪੰਜਾਬੀਏ ਜ਼ੁਬਾਨੇ, ਨੀ ਰਕਾਨੇ…ਫਿੱਕੀ ਪੈ ‘ਗੀ ਤੇਰੇ ਚਿਹਰੇ ਦੀ ਨੁਹਾਰ

ਪੰਜਾਬ ਭਾਸ਼ਾ ਵਿਭਾਗ ‘ਚ ਪੰਜਾਬੀ ਦੇ ਬੋਰਡ ਲਾਹ ਕੇ ਅੰਗਰੇਜ਼ੀ ਦੇ ਲਾਏ
ਕੈਪਸ਼ਨ-ਅੰਗਰੇਜ਼ੀ ਵਿੱਚ ਲੱਗਿਆ 3 ਪੰਜਾਬ ਏਅਰ ਸਕੁਐਡਰਨ ਐਨਸੀਸੀ ਦਾ ਬੋਰਡ।
ਪਟਿਆਲਾ/ਬਿਊਰੋ ਨਿਊਜ਼ :
ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਦੇ ਵਿਹੜੇ ਵਿੱਚ ਹੀ ਪੰਜਾਬੀ ਬੇਗ਼ਾਨੀ ਹੋਣ ਲੱਗੀ ਹੈ। ਭਾਸ਼ਾ ਵਿਭਾਗ ਤੋਂ ‘ਸਾਹਿਤ ਸਦਨ’ ਖੋਹਣ ਮਗਰੋਂ ਇਸ ਉਤੇ ਲੱਗੇ ਪੰਜਾਬੀ ਦੇ ਮੇਨ ਬੋਰਡ ਨੂੰ ਉਤਾਰ ਕੇ ਅੰਗਰੇਜ਼ੀ ਵਿੱਚ ਬੋਰਡ ਲਾ ਦਿੱਤਾ ਗਿਆ ਹੈ। ਮੁੱਖ ਦਫ਼ਤਰ ਦੀ ਚਾਰਦੀਵਾਰੀ ਵਿੱਚ ਬਣੇ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਸਾਈਨ ਬੋਰਡ ‘ਤੇ ਵੀ ਪੰਜਾਬੀ ਨੂੰ ਪਿੱਛੇ ਧੱਕ ਦਿੱਤਾ ਗਿਆ ਹੈ। ਸੈਂਟਰ ਦੇ ਇੱਕ ਸਾਈਨ ਬੋਰਡ ਉਤੇ ਪੰਜਾਬੀ ਤੀਜੇ ਥਾਂ ‘ਤੇ ਹੈ ਤੇ ਦੁਜੇ ਸਾਈਨ ਬੋਰਡ ਉਤੇ ਪੰਜਾਬੀ ਵਿੱਚ ਨਾਮ ਲਿਖਿਆ ਹੀ ਨਹੀਂ ਹੈ।
ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਦੀ ਚਾਰਦੀਵਾਰੀ ਵਿੱਚ ਬਣੇ ‘ਸਾਹਿਤ ਸਦਨ’ ਨੂੰ ਪਿਛਲੇ ਸਮੇਂ ਪੰਜਾਬ ਸਰਕਾਰ ਨੇ ‘3 ਪੰਜਾਬ ਏਅਰ ਸਕੁਐਡਰਨ ਐਨਸੀਸੀ’ ਨੂੰ ਸੌਂਪ ਦਿੱਤਾ। ਐਨਸੀਸੀ ਨੇ ਸਦਨ ਵਿੱਚ ਆਪਣਾ ਦਫ਼ਤਰ ਬਣਾਉਣ ਮਗਰੋਂ ਹੁਣ ਇਸ ਦੀ ਉਪਰਲੀ ਮੰਜ਼ਿਲ ‘ਤੇ ਜੋ ਮੁੱਖ ਬੋਰਡ ਟੰਗਿਆ ਹੈ, ਉਸ ਨੇੜੇ ਪੰਜਾਬੀ ਢੁੱਕਣ ਹੀ ਨਹੀਂ ਦਿੱਤੀ। ਇਸ ਤੋਂ ਪਹਿਲਾਂ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਦੀ ਚਾਰਦੀਵਾਰੀ ਵਿੱਚ ਬਣੇ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਦਫ਼ਤਰ ਦੇ ਸਾਈਨ ਬੋਰਡ ‘ਤੇ ਵੀ ਪੰਜਾਬੀ ਨੂੰ ਤੀਜੀ ਥਾਂ ਦਿੱਤੀ ਹੋਈ ਹੈ। ਵਿਭਾਗ ਦੇ ਮੁੱਖ ਗੇਟ ‘ਤੇ ਲੱਗੇ ਬੋਰਡ ਉਤੇ ਪੰਜਾਬੀ ਤੀਜੇ ਨੰਬਰ ‘ਤੇ ਅੰਕਿਤ ਹੈ, ਜਦੋਂਕਿ ਮੁੱਖ ਗੇਟ ਤੋਂ ਅੱਗੇ ਲਾਏ ਬੋਰਡ ‘ਤੇ ਪੰਜਾਬੀ ਨੂੰ ਅਸਲੋਂ ਹੀ ਵਿਰਵਾ ਕੀਤਾ ਹੋਇਆ ਹੈ। ਇਸ ਬੋਰਡ ਉਤੇ ਪਹਿਲੇ ਨੰਬਰ ‘ਤੇ ਹਿੰਦੀ ਤੇ ਦੂਜੇ ਨੰਬਰ ‘ਤੇ ਅੰਗਰੇਜ਼ੀ ਨੂੰ ਜਗ੍ਹਾ ਦਿੱਤੀ ਗਈ ਹੈ, ਪਰ ਪੰਜਾਬੀ ਗਾਇਬ ਹੈ।
ਭਾਸ਼ਾ ਵਿਭਾਗ ਦੀ ਡਾਇਰੈਕਟਰ ਗੁਰਸ਼ਰਨ ਕੌਰ ਨੇ ਦੱਸਿਆ ਕਿ ਸਰਕਾਰੀ ਹੁਕਮਾਂ ‘ਤੇ ਹੀ ਸਾਹਿਤ ਸਦਨ ਨੂੰ ਐਨਸੀਸੀ ਹਵਾਲੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪੁੱਜੇ ਪੱਤਰ ਅਨੁਸਾਰ ਐਨਸੀਸੀ ਏਅਰ ਸਕੁਐਡਰਨ ਨੂੰ ਇਹ ਇਮਾਰਤ ਆਰਜ਼ੀ ਤੌਰ ‘ਤੇ ਦਿੱਤੀ ਹੈ ਤੇ ਐਨਸੀਸੀ ਸਕੁਐਡਰਨ ਭਾਸ਼ਾ ਵਿਭਾਗ ਦੀ ਕੋਈ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਹਿਤ ਸਦਨ ਵਾਲੀ ਇਮਾਰਤ ‘ਤੇ ਅੰਗਰੇਜ਼ੀ ਵਿੱਚ ਬੋਰਡ ਲਾਉਣ ਦਾ ਕਾਫ਼ੀ ਵਿਰੋਧ ਕੀਤਾ ਹੈ ਤੇ ਇਸ ਮਾਮਲੇ ਵਿੱਚ ਸਬੰਧਤ ਵਿਭਾਗ ਨੂੰ ਪੱਤਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਾਰਥ ਜ਼ੋਨ ਕਲਚਰਲ ਸੈਂਟਰ ਨੂੰ ਵੀ ਬੋਰਡਾਂ ‘ਤੇ ਪੰਜਾਬੀ ਨੂੰ ਢੁਕਵੀਂ ਜਗ੍ਹਾ ਦੇਣ ਸਬੰਧੀ ਲਿਖਿਆ ਜਾ ਰਿਹਾ ਹੈ। ਉਧਰ, 3 ਪੰਜਾਬ ਏਅਰ ਸਕੁਐਡਰਨ ਐਨਸੀਸੀ ਦੇ ਵਿੰਗ ਕਮਾਂਡੈਂਟ ਜੀ.ਐੱਸ. ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਾਹਿਤ ਸਦਨ ਵਾਲੀ ਇਮਾਰਤ ਪੱਕੇ ਤੌਰ ‘ਤੇ ਦਿੱਤੀ ਹੈ ਤੇ ਇਹ ਫ਼ੈਸਲਾ ਸਕੁਐਡਰਨ ਨੇ ਲੈਣਾ ਹੈ ਕਿ ਸਾਈਨ ਬੋਰਡ ਕਿਹੜੀ ਭਾਸ਼ਾ ਵਿੱਚ ਲਾਉਣੇ ਹਨ।