ਰਾਜੇ ਦੇ ਰਾਜ ‘ਚ ਬਲਾਤਕਾਰੀ ਸਾਧ ਦੇ ਪੈਰੋਕਾਰਾਂ ਦੀਆਂ ਸਰਗਰਮੀਆਂ ਸ਼ੁਰੂ ਡੇਰਾ ਸਲਾਬਤਪੁਰਾ ਤੇ ਹੋਰਨੀਂ ਥਾਈਂ ਪ੍ਰੇਮੀਆਂ ਕੀਤੀ ਨਾਮ ਚਰਚਾ

ਰਾਜੇ ਦੇ ਰਾਜ ‘ਚ ਬਲਾਤਕਾਰੀ ਸਾਧ ਦੇ ਪੈਰੋਕਾਰਾਂ ਦੀਆਂ ਸਰਗਰਮੀਆਂ ਸ਼ੁਰੂ ਡੇਰਾ ਸਲਾਬਤਪੁਰਾ ਤੇ ਹੋਰਨੀਂ ਥਾਈਂ ਪ੍ਰੇਮੀਆਂ ਕੀਤੀ ਨਾਮ ਚਰਚਾ

ਸਲਾਬਤਪੁਰਾ ਦੇ ਮੁੱਖ ਗੇਟ ਕੋਲ ਲੱਗੀ ਰੌਣਕ।
ਬਠਿੰਡਾ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਰਕਾਰ ਨੇ ਚੁੱਪ ਚੁਪੀਤੇ ਡੇਰਾ ਸਿਰਸਾ ਦੇ ਪ੍ਰਬੰਧਕਾਂ ਨੂੰ ਡੇਰੇ ਖੋਲ੍ਹਣ ਤੇ ਨਾਮ ਚਰਚਾ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਪੁਲੀਸ ਅਫ਼ਸਰਾਂ ਨੇ ਡੇਰਾ ਪ੍ਰਬੰਧਕਾਂ ਨੂੰ ਨਾਮ ਚਰਚਾ ਕਰਨ ਲਈ ਜ਼ੁਬਾਨੀ ਖੁੱਲੀ ਛੁੱਟੀ ਦੇ ਦਿੱਤੀ ਹੈ। ਡੇਰਾ ਸਿਰਸਾ ਦੇ ਪੰਜਾਬ ‘ਚ ਸਲਾਬਤਪੁਰਾ ਸਥਿਤ ਮੁੱਖ ਡੇਰੇ ‘ਚ 14 ਜਨਵਰੀ ਤੋਂ ਨਾਮ ਚਰਚਾ ਹੋਣ ਲੱਗੀ ਹੈ ਜਦੋਂਕਿ ਬਠਿੰਡਾ-ਮਲੋਟ ਮਾਰਗ ‘ਤੇ ਪੈਂਦੇ ਨਾਮ ਚਰਚਾ ਘਰ ਵਿੱਚ ਕੱਲ੍ਹ ਨਾਮ ਚਰਚਾ ਸ਼ੁਰੂ ਹੋਈ ਹੈ। ਦੱਸਣਯੋਗ ਹੈ ਕਿ ਇਨ੍ਹਾਂ ਡੇਰਿਆਂ ਤੇ ਨਾਮ ਚਰਚਾ ਘਰਾਂ ‘ਚ ਆਖਰੀ ਵਾਰ ਅਗਸਤ 2017 ਦੇ ਪਹਿਲੇ ਹਫਤੇ ਨਾਮ ਚਰਚਾ ਹੋਈ ਸੀ। ਉਸ ਮਗਰੋਂ ਡੇਰਾ ਸਿਰਸਾ ‘ਚ 7 ਤੋਂ 15 ਅਗਸਤ, 2017 ਤਕ ਸਮਾਗਮ ਹੋਏ ਸਨ।
ਕਾਂਗਰਸ ਹਕੂਮਤ ਡੇਰਾ ਪ੍ਰੇਮੀਆਂ ਨੂੰ ਖੁਸ਼ ਰੱਖਣਾ ਚਾਹੁੰਦੀ ਹੈ, ਜਿਸ ਕਾਰਨ ਪੁਲੀਸ ਅਫ਼ਸਰ ‘ਦਿਆਲੂ’ ਹੋ ਗਏ ਹਨ। ਡੇਰਾ ਸਿਰਸਾ ਵੱਲੋਂ 14 ਜਨਵਰੀ ਨੂੰ ਡੇਰਾ ਸਲਾਬਤਪੁਰਾ ਵਿੱਚ ਸ਼ਾਹ ਸਤਿਨਾਮ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਸੀ, ਜਿਸ ਦੀ ਪ੍ਰਵਾਨਗੀ ਲੈਣ ਲਈ ਦਰਖਾਸਤ ਐਸਡੀਐਮ ਰਾਮਪੁਰਾ ਨੂੰ ਦਿੱਤੀ ਗਈ ਸੀ। ਐਸਡੀਐਮ ਸੁਭਾਸ਼ ਖਟਕ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਵਾਨਗੀ ਲਈ ਪੁਲੀਸ ਤੋਂ ਰਿਪੋਰਟ ਮੰਗੀ ਸੀ ਪਰ ਪੁਲੀਸ ਤੋਂ ਕੋਈ ਜੁਆਬ ਨਹੀਂ ਆਇਆ। ਡੀਐਸਪੀ ਰਾਮਪੁਰਾ ਜਸਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਇਸ ਬਾਰੇ ਕੁਝ ਪਤਾ ਨਹੀਂ ਹੈ ਪਰ ਪ੍ਰਵਾਨਗੀ ਦੇਣਾ ਸਿਵਲ ਪ੍ਰਸ਼ਾਸਨ ਹੱਥ ਹੈ।
ਡੇਰਾ ਸਲਾਬਤਪੁਰਾ ‘ਚ 14 ਜਨਵਰੀ ਨੂੰ ਹਜ਼ਾਰਾਂ ਦੀ ਗਿਣਤੀ ‘ਚ ਡੇਰਾ ਪ੍ਰੇਮੀ ਇਕੱਠੇ ਹੋਏ ਸਨ ਅਤੇ ਡੇਰਾ ਮੁਖੀ ਦੀ ਸੀਡੀ ਵੀ ਸਕਰੀਨ ‘ਤੇ ਚਲਾਈ ਗਈ ਸੀ, ਜਿਸ ‘ਤੇ ਪੁਲੀਸ ਨੇ ਥੋੜ੍ਹਾ ਇਤਰਾਜ਼ ਵੀ ਕੀਤਾ ਸੀ। ਉਸ ਮਗਰੋਂ ਹਰ ਐਤਵਾਰ ਨੂੰ ਸਤਿਸੰਗ ਹੋ ਰਹੀ ਹੈ। ਡੇਰਾ ਸਲਾਬਤਪੁਰਾ ਦੇ ਮੁੱਖ ਪ੍ਰਬੰਧਕ ਜੋਰਾ ਸਿੰਘ ਦੀ 6 ਦਸੰਬਰ ਨੂੰ ਜ਼ਮਾਨਤ ਹੋਈ ਹੈ। ਉਸ ਦੇ ਪੁੱਤਰ ਤੇ ਸਰਪੰਚ ਗੁਰਦੀਪ ਸਿੰਘ ਆਦਮਪੁਰਾ ਨੇ ਦੱਸਿਆ ਕਿ ਉਹ ਦੋ ਤਿੰਨ ਵਿਅਕਤੀ ਆਈਜੀ ਬਠਿੰਡਾ ਨੂੰ ਮਿਲੇ ਸਨ, ਜਿਨ੍ਹਾਂ ਨੇ ਨਾਮ ਚਰਚਾ ਲਈ ਜ਼ੁਬਾਨੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸ਼ਾਮ ਵਕਤ ਇੱਕ ਘੰਟਾ ਨਾਮ ਚਰਚਾ ਹੁੰਦੀ ਹੈ ਅਤੇ ਐਤਵਾਰੀ ਨਾਮ ਚਰਚਾ ‘ਚ ਪੈਰੋਕਾਰਾਂ ਦੀ ਗਿਣਤੀ ਥੋੜ੍ਹੀ ਵਧ ਜਾਂਦੀ ਹੈ।  ਦੱਸਣਯੋਗ ਹੈ ਕਿ ਡੇਰਾ ਮੁਖੀ ਨੂੰ 28 ਅਗਸਤ, 2017 ਨੂੰ ਸਜ਼ਾ ਸੁਣਾਏ ਜਾਣ ਮਗਰੋਂ ਡੇਰਿਆਂ ਅਤੇ ਨਾਮ ਚਰਚਾ ਘਰਾਂ ‘ਤੇ ਪੁਲੀਸ ਹਾਵੀ ਹੋ ਗਈ ਸੀ। ਡੇਰਾ ਸਲਾਬਤਪੁਰਾ ਦੀ ਸੁਰੱਖਿਆ ਲਈ ਤਕਰੀਬਨ ਅੱਧੀ ਦਰਜਨ ਪੁਲੀਸ ਮੁਲਾਜ਼ਮ ਤਾਇਨਾਤ ਹਨ। ਪੰਜਾਬ ਵਿੱਚ ਡੇਰਾ ਸਿਰਸਾ ਦੇ ਤਕਰੀਬਨ 97 ਡੇਰੇ ਅਤੇ ਨਾਮ ਚਰਚਾ ਘਰ ਹਨ, ਜਿਨ੍ਹਾਂ ਦੇ ਹੁਣ ਮੁੜ ਖੁੱਲਣ ਦੇ ਆਸਾਰ ਬਣ ਗਏ ਹਨ। ਸਲਾਬਤਪੁਰਾ ਡੇਰਾ ਦੀ ਕੰਟੀਨ ਵੀ ਮੁੜ ਖੁੱਲ ਗਈ ਹੈ। ਡੇਰਾ ਪ੍ਰੇਮੀ ਠੀਕਰੀ ਪਹਿਰੇ ਵੀ ਲਾਉਣ ਲੱਗੇ ਹਨ। ਬਠਿੰਡਾ-ਮਲੋਟ ਰੋਡ ‘ਤੇ ਪੈਂਦੇ ਨਾਮ ਚਰਚਾ ਘਰ ਨੂੰ ਮੁੜ ਖੁਲਾਉਣ ‘ਚ ਇੱਕ ਕਾਂਗਰਸੀ ਆਗੂ ਦਾ ਹੱਥ ਹੈ, ਜੋ ਅੱਜ ਕੱਲ੍ਹ ਸੁਰਖੀਆਂ ਵਿੱਚ ਹੈ।
ਸੂਤਰਾਂ ਮੁਤਾਬਕ ‘ਸਮਝੌਤੇ’ ਤਹਿਤ ਨਾਮ ਚਰਚਾ ਸ਼ੁਰੂ ਹੋਈ ਹੈ। ਦੂਜੇ ਪਾਸੇ ਪੁਲੀਸ ਮੌੜ ਧਮਾਕੇ ਦੀ ਜਾਂਚ ‘ਚ ਡੇਰਾ ਸਿਰਸਾ ‘ਤੇ ਸੂਈ ਰੱਖ ਰਹੀ ਹੈ। ਪੰਚਕੂਲਾ ਹਿੰਸਾ ਮਗਰੋਂ ਜੋ ਡੇਰਾ ਆਗੂ ਤੇ ਪੈਰੋਕਾਰ ਜੇਲ੍ਹਾਂ ਵਿੱਚ ਬੰਦ ਸਨ, ਉਨ੍ਹਾਂ ਦੀਆਂ ਜ਼ਮਾਨਤਾਂ ਹੋਣ ਲੱਗੀਆਂ ਹਨ। ਸੂਤਰਾਂ ਮੁਤਾਬਕ ਪੰਚਕੂਲਾ ਹਿੰਸਾ ਮਗਰੋਂ ਡੇਰਾ ਪੈਰੋਕਾਰਾਂ ਨੂੰ ਡਰਾ ਕੇ ਕਈ ਥਾਣੇਦਾਰਾਂ ਨੇ ਵੀ ਹੱਥ ਰੰਗੇ ਹਨ, ਜਿਨ੍ਹਾਂ ‘ਚੋਂ ਇੱਕ ਥਾਣੇਦਾਰ ਦੀ ਰਿਪੋਰਟ ਸਰਕਾਰ ਤਕ ਪੁੱਜੀ ਹੈ।

ਸ਼ਾਂਤੀ ਰੱਖਣ ਦੇ ਵਾਅਦੇ ਬਾਅਦ ਹੀ ਪਾਬੰਦੀਆਂ ਹਟਾਈਆਂ-ਪੁਲੀਸ
ਬਠਿੰਡਾ ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਸਲਾਬਤਪੁਰਾ ਡੇਰੇ ਦੇ ਵਫ਼ਦ ਨੇ ਉਨ੍ਹਾਂ ਨੂੰ ਮਿਲ ਕੇ ਨਾਮ ਚਰਚਾ ਸ਼ੁਰੂ ਕਰਨ ਦੀ ਮੰਗ ਰੱਖੀ ਸੀ। ਉਨ੍ਹਾਂ ਨੇ ਵਫ਼ਦ ਨੂੰ ਸਭ ਕੁਝ ਸ਼ਾਂਤਮਈ ਤਰੀਕੇ ਨਾਲ ਕਰਨ ਦੀ ਸ਼ਰਤ ‘ਤੇ ਆਗਿਆ ਦਿੱਤੀ ਹੈ। ਉਨ੍ਹਾਂ ਨੇ ਸਪੱਸ਼ਟ ਆਖਿਆ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਕਿਸੇ ਸੂਰਤ ਵਿੱਚ ਖਰਾਬ ਨਹੀਂ ਹੋਣੀ ਚਾਹੀਦੀ।