ਪੰਜਾਬ ‘ਆਪ’ ਦਾ ਸੰਕਟ ਹਾਲ ਦੀ ਘੜੀ ਮੱਠਾ ਪਿਆ

ਪੰਜਾਬ ‘ਆਪ’ ਦਾ ਸੰਕਟ ਹਾਲ ਦੀ ਘੜੀ ਮੱਠਾ ਪਿਆ

ਕੇਜਰੀਵਾਲ ਨਾਲ ਦਿੱਲੀ ‘ਚ ਮੀਟਿੰਗ ਮੌਕੇ ਪੰਜਾਬ ਦੇ 10 ਵਿਧਾਇਕ ਹੋਏ ਹਾਜ਼ਰ 
ਖਹਿਰਾ ਨਾਲ ਵੱਖਰਿਆਂ ਮੀਟਿੰਗ ਕੀਤੀ ਜਾਵੇਗੀ
ਚੰਡੀਗੜ੍ਹ/ਬਿਊਰੋ ਨਿਊਜ਼:
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮਾਣਹਾਨੀ ਕੇਸ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫੀ ਮੰਗਣ ਕਾਰਨ ਆਏ ਭੂਚਾਲ ਨੂੰ ਠੱਲ੍ਹਣ ਲਈ ਪਾਰਟੀ ਹਾਈ ਕਮਾਂਡ ਨੇ ਐਤਵਾਰ ਸ਼ਾਮੀਂ ਨਵੀਂ ਦਿੱਲੀ ਵਿਚ ਮੀਟਿੰਗ ਕੀਤੀ। ਇਸ ਵਿਚ ਪੰਜਾਬ ਦੇ 20 ਵਿਚੋਂ 10 ਵਿਧਾਇਕ ਪੁੱਜੇ, ਜਿਨ੍ਹਾਂ ਵਿੱਚ ਰੋਸ ਵਜੋਂ ਪੰਜਾਬ ਦੇ ਸਹਿ ਪ੍ਰਧਾਨ ਦਾ ਅਹੁਦਾ ਛੱਡ ਚੁੱਕੇ ਅਮਨ ਅਰੋੜਾ ਵੀ ਸ਼ਾਮਲ ਹਨ। ਸੂਬੇ ਦੇ ਮੀਤ ਪ੍ਰਧਾਨ ਡਾ. ਬਲਬੀਰ ਸਿੰਘ ਨੇ ਵੀ ਮੀਟਿੰਗ ‘ਚ ਹਾਜ਼ਰੀ ਭਰੀ।
ਬੀਤੇ ਦਿਨ ਤੋਂ ਪਾਰਟੀ ਦਾ ਡੈਮੇਜ ਕੰਟਰੋਲ ਕਰ ਰਹੇ 5 ਜ਼ੋਨ ਪ੍ਰਧਾਨ – ਕੁਲਦੀਪ ਸਿੰਘ ਧਾਲੀਵਾਲ, ਗੁਰਦਿੱਤ ਸਿੰਘ ਸੇਖੋਂ, ਦਲਬੀਰ ਸਿੰਘ ਢਿੱਲੋਂ, ਪਰਮਜੀਤ ਸਿੰਘ ਸਚਦੇਵਾ ਅਤੇ ਅਨਿਲ ਠਾਕੁਰ ਵੀ ਮੀਟਿੰਗ ਵਿਚ ਹਾਜ਼ਰ ਸਨ। ਮੀਟਿੰਗ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰੇ ਹੋਈ। ਮੀਟਿੰਗ ਦੌਰਾਨ ਸ੍ਰੀ ਕੇਜਰੀਵਾਲ ਨੇ ਭਗਵੰਤ ਮਾਨ ਅਤੇ ਅਮਨ ਅਰੋੜਾ ਦੇ ਅਸਤੀਫੇ ਨਾਮਨਜ਼ੂਰ ਕਰ ਦਿੱਤੇ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨਾਲ ਵੱਖਰੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਮੀਟਿੰਗ ਵਿਚ ਖੁਦ ਪੰਜਾਬ ਦੀ ਲੀਡਰਸ਼ਿਪ ਨੇ ਸਾਫ ਕੀਤਾ ਕਿ ਪੰਜਾਬ ਇਕਾਈ ਨੂੰ ਖੁਦਮੁਖਤਾਰ ਕਰ ਕੇ ਵੱਖਰਾ ਸੰਵਿਧਾਨ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਪਾਰਟੀ ਦੇ ਵਿਧਾਇਕ ਕੰਵਰ ਸੰਧੂ ਕਿਹਾ ਸੀ ਕਿ ਉਹ ਵੱਖਰੀ ਪਾਰਟੀ ਨਹੀਂ ਬਣਾਉਣਾ ਚਾਹੁੰਦੇ ਪਰ ਪੰਜਾਬ ਇਕਾਈ ਨੂੰ ਖ਼ੁਦਮੁਖ਼ਤਾਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪੰਜਾਬ ਲੀਡਰਸ਼ਿਪ ਵੱਲੋਂ ਦਿੱਤੇ ਸੁਝਾਅ ਤੋਂ ਬਾਅਦ ਫੈਸਲਾ ਹੋਇਆ ਕਿ ਸ੍ਰੀ ਮਜੀਠੀਆ ਵਿਰੁੱਧ ਡਰੱਗ ਮਾਮਲੇ ਵਿਚ ਸੰਘਰਸ਼ ਜਾਰੀ ਰਹੇਗਾ। ਸ੍ਰੀ ਕੇਜਰੀਵਾਲ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਮੁਆਫੀ ਮੰਗਣ ਦੇ ਮਾਮਲੇ ਵਿਚ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਮੁਆਫੀ ਮੰਗਣਾ ਮਹਿਜ਼ ਸਿਆਸੀ ਦਾਅਪੇਚ  ਹੈ, ਕਿਉਂਕਿ ਉਹ ਅਦਾਲਤੀ ਪ੍ਰਕਿਰਿਆ ਵਿਚ ਜ਼ਾਇਆ ਜਾ ਰਹੇ ਸਮੇਂ ਨੂੰ ਬਚਾਉਣਾ ਚਾਹੁੰਦੇ ਸਨ।
ਗ਼ੌਰਤਲਬ ਹੈ ਕਿ 16 ਮਾਰਚ ਨੂੰ ਸ੍ਰੀ ਖਹਿਰਾ ਵੱਲੋਂ ਪਾਰਟੀ ਦੇ ਵਿਧਾਇਕਾਂ ਦੀ ਬੁਲਾਈ ਮੀਟਿੰਗ ਵਿਚ ਐਲਾਨ ਕੀਤਾ ਗਿਆ ਸੀ ਕਿ ਕੋਈ ਵੀ ਵਿਧਾਇਕ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਵੇਗਾ। ਮੀਟਿੰਗ ਵਿਚ ਪੁੱਜਣ ਵਾਲੇ ਵਿਧਾਇਕਾਂ ਵਿਚ ਅਮਨ ਅਰੋੜਾ, ਸਰਵਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਅਮਰਜੀਤ ਸਿੰਘ ਸੰਦੋਆ, ਪ੍ਰੋ. ਬਲਜਿੰਦਰ ਕੌਰ, ਹਰਪਾਲ ਸਿੰਘ ਚੀਮਾ, ਪ੍ਰਿਸੀਪਲ ਬੁੱਧ ਰਾਮ, ਰੁਪਿੰਦਰ ਕੌਰ ਰੂਬੀ, ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਮਨਜੀਤ ਸਿੰਘ ਬਿਲਾਸਪੁਰ ਸ਼ਾਮਲ ਹਨ, ਜਦੋਂਕਿ ਸ੍ਰੀ ਖਹਿਰਾ, ਕੰਵਰ ਸੰਧੂ, ਐਚ.ਐਸ. ਫੂਲਕਾ, ਮੀਤ ਹੇਅਰ, ਨਾਜ਼ਰ ਸਿੰਘ ਮਾਨਸ਼ਾਹੀਆ, ਪਿਰਮਲ ਸਿੰਘ ਖਾਲਸਾ, ਕੁਲਵੰਤ ਪੰਡੋਰੀ, ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਮੌੜ ਅਤੇ ਜਗਤਾਰ ਸਿੰਘ ਜੱਗਾ ਮੀਟਿੰਗ ‘ਚੋਂ ਗ਼ੈਰਹਾਜ਼ਰ ਰਹੇ। ਇਸ ਤਰ੍ਹਾਂ ਪਾਰਟੀ ਵਿਚ ਦਰਾੜ ਵਧਦੀ ਜਾ ਰਹੀ ਹੈ।
ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਚਾਰ ਵਿਧਾਇਕ ਸ੍ਰੀ ਬੁੱਧ ਰਾਮ, ਸ੍ਰੀ ਬਿਲਾਸਪੁਰ, ਬੀਬੀ ਰੂਬੀ ਅਤੇ ਸ੍ਰੀ ਰੋੜੀ ਉਨ੍ਹਾਂ ਦੀ ਨੁਮਾਇੰਦਗੀ ਲਈ ਮੀਟਿੰਗ ਵਿਚ ਗਏ ਅਤੇ 14 ਵਿਧਾਇਕ ਉਨ੍ਹਾਂ ਨਾਲ ਖੜ੍ਹੇ ਹਨ।
ਦੱਸਣਯੋਗ ਹੈ ਕਿ 16 ਮਾਰਚ ਨੂੰ ਇਥੇ  ਹੋਈ ਮੀਟਿੰਗ ਦੌਰਾਨ ਸ੍ਰੀ ਖਹਿਰਾ ਸਮੇਤ ਬਹੁਤੇ ਵਿਧਾਇਕ ਵੱਖਰੀ ਪਾਰਟੀ ਬਣਾਉਣ ਲਈ ਕਾਹਲੇ ਸਨ। ਇਸ ਦੌਰਾਨ ਰੋਪੜ ਤੋਂ ਵਿਧਾਇਕ ਸ੍ਰੀ ਸੰਦੋਆ ਵੱਲੋਂ ਇਸ ਦਾ ਵਿਰੋਧ ਕਰਨ ਅਤੇ ਬਾਅਦ ਵਿਚ ਸ੍ਰੀ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਸ੍ਰੀ ਅਰੋੜਾ ਅਤੇ ਇਕ-ਦੋ ਹੋਰ ਵਿਧਾਇਕਾਂ ਨੇ ਕਾਹਲੀ ਨਾ ਕਰਨ ਦੀ ਗੱਲ ਕਹਿ ਕਿ ਇਹ ਫੈਸਲਾ ਰੋਕ ਦਿੱਤਾ ਸੀ।
ਦਿੱਲੀ ਵਾਲੀ ਮੀਟਿੰਗ ਤੋਂ ਬਾਅਦ ਸ੍ਰੀ ਖਹਿਰਾ ਨੇ ਕਿਹਾ ਕਿ ਉਹ ਅਗਲੀ ਰਣਨੀਤੀ ਆਪਣੇ ਸਹਿਯੋਗੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਬਣਾਉਣਗੇ। ਦਿੱਲੀ ਜਾਣ ਤੋਂ ਪਹਿਲਾਂ ਵੀ ਜ਼ੋਨ ਪ੍ਰਧਾਨਾਂ ਨੇ ਚੰਡੀਗੜ੍ਹ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਪਾਰਟੀ ਨੂੰ ਸੰਕਟ ਵਿਚੋਂ ਕੱਢਣ ਦੀ ਅਪੀਲ ਕੀਤੀ। ਸ੍ਰੀ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ਹਾਂਪੱਖੀ ਰਹੀ ਅਤੇ ਆਸ ਹੈ ਕਿ ਪਾਰਟੀ ਜਲਦ ਹੀ ਸੰਕਟ ਵਿਚੋਂ ਨਿਕਲ ਆਵੇਗੀ।
ਪਾਰਟੀ ਤੋੜਨ ਦੇ ਹੱਕ ‘ਚ ਨਹੀਂ ਮਾਨ
ਸੂਤਰਾਂ ਅਨੁਸਾਰ ਭਗਵੰਤ ਮਾਨ ਦੀ ਪਹਿਲਾਂ ਹੀ ਸ੍ਰੀ ਕੇਜਰੀਵਾਲ ਨਾਲ ਮੀਟਿੰਗ ਹੋ ਚੁੱਕੀ ਹੈ ਅਤੇ ਉਨ੍ਹਾਂ ਕੌਮੀ ਪ੍ਰਧਾਨ ਕੋਲ ਪੰਜਾਬ ਦੀ ਲੀਡਰਸ਼ਿਪ ਨਾਲ ਸਲਾਹ ਕੀਤੇ ਬਿਨਾਂ ਮੁਆਫੀ ਮੰਗਣ ਉਪਰ ਰੋਸ ਪ੍ਰਗਟਾਇਆ। ਸੂਤਰਾਂ ਅਨੁਸਾਰ ਸ੍ਰੀ ਮਾਨ ਨੇ ਸ੍ਰੀ ਕੇਜਰੀਵਾਲ ਨਾਲ ਮੀਟਿੰਗ ਪਿੱਛੋਂ ਸਾਫ ਕਰ ਦਿੱਤਾ ਹੈ ਕਿ ਨਾ ਉਹ ਪਾਰਟੀ ਤੋੜਨ ਦੇ ਹੱਕ ਵਿਚ ਹੈ ਅਤੇ ਨਾ ਅਜਿਹੀ ਕੋਸ਼ਿਸ਼ ਕਰਨ ਵਾਲਿਆਂ ਦੇ ਨਾਲ ਹੈ। ਸੂਤਰਾਂ ਅਨੁਸਾਰ ਸ੍ਰੀ ਮਾਨ ਖੁਦ ਵਿਧਾਇਕਾਂ ਨੂੰ ਫੋਨ ਕਰਕੇ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਕਹਿੰਦੇ ਰਹੇ।

ਕੇਜਰੀਵਾਲ ਵਲੋਂ ਮਜੀਠੀਏ ਤੋਂ ਮੁਆਫ਼ੀ ਮੰਗਣ ਬਾਅਦ
ਦਿੱਲੀ ਵਿਰੁਧ ਪੰਜਾਬ ਵਾਲਿਆਂ ਨੇ ਚੁਕਿਆ ਸੀ ‘ਝਾੜੂ’
ਚੰਡੀਗੜ੍ਹ/ਨਿਊਜ਼ ਬਿਊਰੋ:
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਡਰੱਗ ਕਾਂਡ ਵਿੱਚ ਉਨ੍ਹਾਂ ਖ਼ਿਲਾਫ਼ ਚੱਲ ਰਹੇ ਮਾਣਹਾਨੀ ਦੇ ਕੇਸ ਵਿੱਚ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਨਾਟਕੀ ਢੰਗ ਨਾਲ ਮੁਆਫ਼ੀ ਮੰਗਣ ਕਾਰਨ ਪਾਰਟੀ ਦੀ ਪੰਜਾਬ ਇਕਾਈ ਵਿੱਚ ਚੁਫੇਰਿਓਂ ਬਗ਼ਾਵਤੀ ਸੁਰਾਂ ਉੱਠ ਗਈਆਂ ਸਨ। ਅਜਿਹੇ ਸੰਕੇਤ ਸਨ ਕਿ ਪੰਜਾਬ ਇਕਾਈ ਦੇ ਆਗੂ ਆਪਣੀ ਵੱਖਰੀ ਪਾਰਟੀ ਬਣਾਉਣ ਦੀ ਤਿਆਰੀ ਵਿੱਚ ਹਨ। ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਸਹਿ ਪ੍ਰਧਾਨ ਦੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਪਾਰਟੀ ਵਿੱਚ ਤੂਫਾਨ ਲਿਆ ਦਿੱਤਾ। ਸਮੂਹ ਵਿਧਾਇਕਾਂ ਨੇ ਵੀ ਸ਼ੁਕਰਵਾਰ ਨੂੰ ਇੱਥੇ ਮੀਟਿੰਗ ਕਰਕੇ ਸ੍ਰੀ ਕੇਜਰੀਵਾਲ ਨੂੰ ਫਿਟਕਾਰਾਂ ਪਾਈਆਂ ਹਨ।
ਵਿਧਾਇਕਾਂ ਵਲੋਂ ਕੇਜਰੀਵਾਲ ਨੂੰ ਫਿਟਕਾਰਾਂ
‘ਆਪ’ ਦੇ ਵਿਧਾਇਕਾਂ ਸਮੇਤ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਦੀ ਜੋੜੀ ਨੇ ਪੰਜਾਬ ਵਿਧਾਨ ਸਭਾ ਦੇ ਕਮੇਟੀ ਰੂਮ ਵਿੱਚ ਮੀਟਿੰਗ ਕਰਕੇ ਸ੍ਰੀ ਕੇਜਰੀਵਾਲ ਨੂੰ ਫਿਟਕਾਰਾਂ ਪਾਈਆਂ। ਉਨ੍ਹਾਂ ਕਿਹਾ ਕਿ ਇਸ ਆਗੂ ਨੇ ਆਪਣੀ ਕਮਜ਼ੋਰ ਮਾਨਸਿਕਤਾ ਕਾਰਨ ਸ੍ਰੀ ਮਜੀਠੀਆ ਅੱਗੇ ਆਤਮਸਮਰਪਣ ਕੀਤਾ ਹੈ, ਜਿਸ ਨਾਲ ਪਾਰਟੀ ਦੀ ਪੰਜਾਬ ਇਕਾਈ ਦੇ ਆਗੂਆਂ ਅਤੇ ਵਰਕਰਾਂ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ। ਮੀਟਿੰਗ ਵਿੱਚ ਵਿਧਾਇਕ ਐਚਐਸ ਫੂਲਕਾ ਤੇ ਹਰਪਾਲ ਸਿੰਘ ਚੀਮਾ ਤੋਂ ਇਲਾਵਾ ਸਾਰੇ ਵਿਧਾਇਕ ਮੌਜੂਦ ਸਨ। ਸੂਤਰਾਂ ਅਨੁਸਾਰ ਮੀਟਿੰਗ ਵਿੱਚ 13 ਦੇ ਕਰੀਬ ਵਿਧਾਇਕ ਪੰਜਾਬ ਦਾ ਵੱਖਰਾ ਯੂਨਿਟ ਬਣਾਉਣ ਦੇ ਹਾਮੀ ਸਨ, ਪਰ ਆਖ਼ਰੀ ਮੌਕੇ ਇਹ ਫ਼ੈਸਲਾ ਟਾਲ ਦਿੱਤਾ ਗਿਆ ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਉਪ ਨੇਤਾ ਸਰਵਜੀਤ ਕੌਰ ਮਾਣੂਕੇ, ਵਿਧਾਇਕ ਅਮਨ ਅਰੋੜਾ, ਕੰਵਰ ਸੰਧੂ, ਪ੍ਰੋ. ਬਲਜਿੰਦਰ ਕੌਰ, ਪ੍ਰਿੰਸੀਪਲ ਬੁੱਧ ਰਾਮ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਸਮੇਤ 20 ਵਿਧਾਇਕਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸ੍ਰੀ ਕੇਜਰੀਵਾਲ ਨੇ ਸ੍ਰੀ ਮਜੀਠੀਆ ਮੂਹਰੇ ਆਤਮਸਮਰਪਣ ਕਰਕੇ ਪੰਜਾਬ ਨਾਲ ਧੋਖਾ ਕੀਤਾ। ਸ੍ਰੀ ਖਹਿਰਾ ਨੇ ਕਿਹਾ ਕਿ ਸਮੂਹ ਆਗੂ ਦਿੱਲੀ ਦੀ ਥਾਂ ਪੰਜਾਬ ਦੇ ਹਿਤਾਂ ਨਾਲ ਖੜ੍ਹੇ ਹਨ ਅਤੇ ਉਹ ਅਹੁਦਿਆਂ ਦੀ ਕੋਈ ਪ੍ਰਵਾਹ ਨਹੀਂ ਕਰਨਗੇ। ਉਨ੍ਹਾਂ ਸੰਕੇਤ ਦਿੱਤੇ ਕਿ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸ੍ਰੀ ਕੇਜਰੀਵਾਲ ਦੀ ਇਸ ਭੁੱਲ ਵਿਰੁੱਧ ਅਤੇ ਪੰਜਾਬ ਦੇ ਹਿੱਤਾਂ ਲਈ ਜਲਦੀ ਹੀ ਅਹਿਮ ਫ਼ੈਸਲੇ ਲਵੇਗੀ। ਕੰਵਰ ਸੰਧੂ ਨੇ ਦੱਸਿਆ ਕਿ ਭਗਵੰਤ ਮਾਨ ਉਨ੍ਹਾਂ ਦੇ ਸੰਪਰਕ ਵਿਚ ਹੈ ਅਤੇ ਅਗਲੀ ਰਣਨੀਤੀ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਘੜੀ ਜਾਵੇਗੀ।
ਬੈਂਸ ਭਰਾਵਾਂ ਨੇ ‘ਆਪ’ ਨਾਲੋਂ ਨਾਤਾ ਤੋੜਿਆ
ਉਧਰ ਲੋਕ ਇਨਸਾਫ਼ ਪਾਰਟੀ ਦੇ ਆਗੂ ਬੈਂਸ ਭਰਾਵਾਂ ਨੇ ‘ਆਪ’ ਨਾਲੋਂ ਨਾਤਾ ਤੋੜਦਿਆਂ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਮੁਆਫੀ ਮੰਗ ਕੇ ਪੰਜਾਬ ਨਾਲ ਗੱਦਾਰੀ ਕੀਤੀ ਹੈ ਅਤੇ ਪੰਜਾਬ ਦੇ ਲੋਕ ਹੁਣ ਉਨ੍ਹਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਕੇਜਰੀਵਾਲ ਨੇ ਮਾਣਹਾਨੀ ਕੇਸ ਤੋਂ ਡਰਦਿਆਂ ਨਹੀਂ ਸਗੋਂ ਕੋਈ ਸਿਆਸੀ ਗਿੱਟਮਿੱਟ ਕਰਕੇ ਮੁਆਫੀ ਮੰਗੀ ਹੈ।
ਬੈਂਸ ਵਲੋਂ ਖਹਿਰਾ ਦੀ ਨਿਖੇਧੀ
ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਤੇ ਪੰਜਾਬ ਦੇ ਮੁੱਖ ਬੁਲਾਰੇ ਹਰਜੋਤ ਬੈਂਸ ਨੇ ਦੋਸ਼ ਲਾਇਆ ਕਿ ਸੁਖਪਾਲ ਖਹਿਰਾ ਵਿਰੋਧੀ ਧਿਰ ਦੇ ਆਗੂ ਵਜੋਂ ਪਾਰਟੀ ਨੂੰ ਤੋੜਨ ਦੇ ਯਤਨ ਵਿੱਚ ਹੈ। ਉਨ੍ਹਾਂ ਕਿਹਾ ਕਿ ਸ੍ਰੀ ਖਹਿਰਾ ਨੂੰ ਜੇਕਰ ਪਾਰਟੀ ਏਨੀ ਮਾੜੀ ਲਗਦੀ ਹੈ ਤਾਂ ਉਹ ਵਿਰੋਧੀ ਧਿਰ ਦੇ ਆਗੂ ਅਤੇ ਵਿਧਾਇਕ ਦੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਲੋਕਾਂ ਕੋਲੋਂ ਮੁੜ ਫਤਵਾ ਲੈਣ ਦੀ ਹਿੰਮਤ ਦਿਖਾਉਣ।
ਸਾਡਾ ਕੰਮ ਅਦਾਲਤਾਂ ‘ਚ ਲੜਨ ਦਾ ਨਹੀਂ: ਸਿਸੋਦੀਆ 
ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹ ਪੰਜਾਬ ਦੀ ਨਾਰਾਜ਼ ਲੀਡਰਸ਼ਿਪ ਨਾਲ ਗੱਲ ਕਰਕੇ ਮਸਲੇ ਨੂੰ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ‘ਆਪ’ ਲੋਕਾਂ ਲਈ ਗਲੀਆਂ ਵਿੱਚ ਲੜਨ ਵਾਲੀ ਪਾਰਟੀ ਹੈ ਅਤੇ ਉਨ੍ਹਾਂ ਦਾ ਕੰਮ ਅਦਾਲਤਾਂ ਵਿੱਚ ਲੜਨ ਦਾ ਨਹੀਂ। ਉਨ੍ਹਾਂ ਕਿਹਾ ਕਿ ਜੇ ਪਾਰਟੀ ਲੀਡਰਸ਼ਿਪ ਅਦਾਲਤੀ ਲੜਾਈ ਵਿੱਚ ਉਲਝੀ ਰਹੀ ਤਾਂ ਲੋਕ ਹਿਤਾਂ ਲਈ ਲੜਨ ਦਾ ਸਮਾਂ ਕਿਵੇਂ ਬਚੇਗਾ।
ਉਧਰ ‘ਆਪ’ ਹਰਿਆਣਾ ਦੇ ਪ੍ਰਧਾਨ ਨਵੀਨ ਜੈਹਿੰਦ ਨੇ ਕਿਹਾ ਕਿ ਫੰਡਾਂ ਦੀ ਤੋਟ, ਵਕੀਲਾਂ ਦੀਆਂ ਫੀਸਾਂ ਤੇ ਹੋਰ ਝੰਜਟਾਂ ਤੋਂ ਬਚਣ ਲਈ ਪਾਰਟੀ ਵੱਲੋਂ ਸਾਰੇ ਮਾਮਲਿਆਂ ਵਿਚ ਮੁਆਫੀਆਂ ਮੰਗੀਆਂ ਜਾ ਰਹੀਆਂ ਹਨ।

ਕੇਜਰੀਵਾਲ ਦੀ ‘ਮੁਆਫੀ ਮੁਹਿੰਮ’ : ਮਜੀਠੀਆ ਤੋਂ 
ਬਾਅਦ ਗਡਕਰੀ ਅਤੇ ਸਿੱਬਲ ਅੱਗੇ ਵੀ ‘ਗੋਡੇ ਟੇਕੇ’
ਦਿੱਲੀ/ਸਿੱਖ ਸਿਆਸਤ ਬਿਊਰੋ:
ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਅੱਜ ਕਲ੍ਹ ਮੁਆਫੀ ਮੁਹਿੰਮ ਚਲਾਈ ਜਾ ਰਹੀ ਹੈ, ਜੋ ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਬਾਅਦ ਹੁਣ ਭਾਜਪਾ ਦੇ ਆਗੂ ਨਿਤਿਨ ਗਡਕਰੀ ਅਤੇ ਕਾਂਗਰਸੀ ਆਗੂ ਕਪਿਲ ਸਿੱਬਲ ਦੇ ਦੇ ਦਰਾਂ ‘ਤੇ ਜਾ ਪਹੁੰਚੀ ਹੈ। ਅਰਵਿੰਦ ਕੇਜਰੀਵਾਲ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਮੁਆਫ਼ੀ ਮੰਗੀ ਹੈ। ਭਾਜਪਾ ਨੇਤਾ ਨੇ ਕੇਜਰੀਵਾਲ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਕੇਜਰੀਵਾਲ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਦੇ ਪੁੱਤਰ ਅਮਿਤ ਸਿੱਬਲ ਤੋਂ ਮੁਆਫ਼ੀ ਮੰਗੀ ਹੈ ਜਿਨ੍ਹਾਂ 2013 ਵਿੱਚ ਆਪ ਆਗੂਆਂ ਖ਼ਿਲਾਫ਼ ਮਾਣਹਾਨੀ ਕੇਸ ਦਾਇਰ ਕੀਤਾ ਸੀ। ਬਾਅਦ ਵਿੱਚ ਕੇਜਰੀਵਾਲ ਅਤੇ ਗਡਕਰੀ ਨੇ ਮਾਣਹਾਨੀ ਦਾ ਕੇਸ ਵਾਪਸ ਲੈਣ ਲਈ ਇਕੱਠਿਆਂ ਇਕ ਅਰਜ਼ੀ ਅਦਾਲਤ ਵਿੱਚ ਦਾਖ਼ਲ ਕੀਤੀ। ਇਸ ਦੇ ਆਧਾਰ ‘ਤੇ ਵਧੀਕ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਨੇ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀ ਮਨੀਸ਼ ਸਿਸੋਦੀਆ ਨੂੰ ਦੋਵਾਂ ਕੇਸਾਂ ‘ਚੋਂ ਬਰੀ ਕਰ ਦਿੱਤਾ। ਦੋਵੇਂ ਆਗੂਆਂ ਨੇ ਇਕ ਪੱਤਰ ਵਿੱਚ ਸ਼੍ਰੀ ਸਿੱਬਲ ਖ਼ਿਲਾਫ਼ ਬੇਬੁਨਿਆਦ ਦੋਸ਼ ਲਾਉਣ ਬਦਲੇ ਮੁਆਫ਼ੀ ਮੰਗੀ ਹੈ।
ਕੇਂਦਰੀ ਮੰਤਰੀ ਗਡਕਰੀ ਨੂੰ ਆਪ ਆਗੂ ਵੱਲੋਂ 16 ਮਾਰਚ ਨੂੰ ਲਿਖੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ”ਮੈਂ ਕੁਝ ਬਿਆਨ ਦਿੱਤੇ ਸਨ ਜਿਨਾਂ ਦੀ ਤਸਦੀਕ ਨਹੀਂ ਹੋ ਸਕੀ ਸੀ ਤੇ ਜਿਨ੍ਹਾਂ ਕਰ ਕੇ ਤੁਹਾਡੇ ਮਨ ਨੂੰ ਠੇਸ ਪਹੁੰਚੀ ਹੋ ਸਕਦੀ ਹੈ ਜਿਸ ਕਰ ਕੇ ਤੁਸੀਂ ਮੇਰੇ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਮੇਰੇ ਮਨ ਵਿੱਚ ਤੁਹਾਡੇ ਖਿਲਾਫ਼ ਜਾਤੀ ਤੌਰ ‘ਤੇ ਕੁਝ ਵੀ ਨਹੀਂ ਹੈ। ਮੈਂ ਇਸ ਕਰ ਕੇ ਮੁਆਫ਼ੀ ਦਾ ਯਾਚਕ ਹਾਂ।”
ਆਮ ਆਦਮੀ ਪਾਰਟੀ ਨੇ ਇਕ ਸੂਚੀ ਜਾਰੀ ਕਰ ਕੇ ”ਭਾਰਤ ਦੇ ਸਭ ਤੋਂ ਵੱਧ ਭ੍ਰਿਸ਼ਟ ਆਗੂਆਂ” ਦੇ ਨਾਂ ਨਸ਼ਰ ਕੀਤੇ ਸਨ ਜਿਨ੍ਹਾਂ ਵਿੱਚ ਗਡਕਰੀ ਦਾ ਨਾਂ ਵੀ ਸ਼ਾਮਲ ਸੀ। ਇਸ ਤੋਂ ਪਹਿਲਾਂ ਕੇਜਰੀਵਾਲ ਵਲੋਂ ਸ਼ੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗਣ ਨਾਲ ਪਾਰਟੀ ਦੀ ਪੰਜਾਬ ਇਕਾਈ ਵਿੱਚ ਵਿਦਰੋਹ ਖੜ੍ਹਾ ਹੋ ਗਿਆ ਸੀ।
ਇਨ੍ਹਾਂ ਮੁਆਫੀਆਂ ਸਬੰਧੀ ਬੋਲਦਿਆਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੁਆਫ਼ੀ ਮੰਗਣ ਦੇ ਸਿਲਸਿਲੇ ਨੂੰ ਸਹੀ ਠਹਿਰਾਉਂਦਿਆਂ ਕਿਹਾ ਹੈ ਕਿ ਉਹ ”ਹਉਮੈ ਦੀ ਲੜਾਈ” ਵਿਚ ਪੈਣ ਦੇ ਖਾਹਸ਼ਮੰਦ ਨਹੀਂ ਹਨ ਅਤੇ ਕਾਨੂੰਨੀ ਉਲਝਣਾਂ ਵਿਚ ਸਮਾਂ ਬਰਬਾਦ ਕਰਨ ਦੀ ਬਜਾਏ ਲੋਕ ਸੇਵਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ”ਜੇ ਸਾਡੀ ਕਿਸੇ ਟਿੱਪਣੀ ਨਾਲ ਕਿਸੇ ਦਾ ਮਨ ਦੁਖਿਆ ਹੈ ਤਾਂ ਅਸੀਂ ਮੁਆਫ਼ੀ ਮੰਗਾਂਗੇ। ਅਸੀਂ ਇਸ ਨੂੰ ਹਉਮੈ ਦੀ ਲੜਾਈ ਨਹੀਂ ਬਣਾਵਾਂਗੇ। ਅਸੀਂ ਲੋਕਾਂ ਦੀ ਸੇਵਾ ਕਰਨ ਲਈ ਆਏ ਹਾਂ। ਸਾਡੇ ਕੋਲ ਅਦਾਲਤਾਂ ਲਈ ਸਮਾਂ ਨਹੀਂ ਹੈ।”