ਪੰਜਾਬ ਸਰਕਾਰ ਵੱਲੋਂ ਬਹਿਬਲ ਕਲਾਂ ਗੋਲ਼ੀ ਕਾਂਡ ਦੀ ਜਾਂਚ ਸੀਬੀਆਈ ਹਵਾਲੇ ਕਰਨ ਦਾ ਫੈਸਲਾ

ਪੰਜਾਬ ਸਰਕਾਰ ਵੱਲੋਂ ਬਹਿਬਲ ਕਲਾਂ ਗੋਲ਼ੀ ਕਾਂਡ ਦੀ ਜਾਂਚ ਸੀਬੀਆਈ ਹਵਾਲੇ ਕਰਨ ਦਾ ਫੈਸਲਾ

 

ਚੰਡੀਗੜ੍ਹ/ਬਿਊਰੋ ਨਿਊਜ਼ :

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ‘ਤੇ ਕਾਰਵਾਈ ਕਰਦਿਆਂ ਬਹਿਬਲ ਕਲਾਂ ਗੋਲ਼ੀ ਕਾਂਡ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਹਵਾਲੇ ਕਰਨ ਦਾ ਫੈਸਲਾ ਲਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਗੋਲ਼ੀ ਚਲਾਉਣ ਅਤੇ ਤਾਕਤ ਦੀ ਵਰਤੋਂ ਕਰਨ ਦੇ ਹੁਕਮ ਦੇਣ ਵਾਲੇ ਆਈਜੀ ਤੇ ਏਡੀਜੀਪੀ ਪੱਧਰ ਦੇ ਅਫ਼ਸਰਾਂ ਖ਼ਿਲਾਫ਼ ਸਬੂਤ ਮੌਜੂਦ ਹਨ, ਜਿਸ ਕਰਕੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾ ਰਹੀ ਹੈ। ਅਕਾਲੀ–ਭਾਜਪਾ ਸਰਕਾਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸਿੱਖਾਂ ਉੱਪਰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਗੋਲ਼ੀਆਂ ਚਲਾਈਆਂ ਗਈਆਂ ਸਨ। 14 ਅਕਤੂਬਰ, 2015 ਨੂੰ ਵਾਪਰੇ ਇਸ ਗੋਲੀ ਕਾਂਡ ਵਿਚ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਪੁਲਿਸ ਦੀ ਗੋਲ਼ੀ ਨਾਲ ਦੋ ਸਿੱਖ ਨੌਜਵਾਨ ਗੁਰਜੀਤ ਸਿੰਘ (25ਸਾਲ) ਤੇ ਕ੍ਰਿਸ਼ਨ ਭਗਵਾਨ ਸਿੰਘ (45ਸਾਲ) ਸ਼ਹੀਦ ਹੋ ਗਏ ਸਨ।
ਜ਼ਿਕਰਯੋਗ ਹੈ ਕਿ ਕਮਿਸ਼ਨ ਦੀ ਰਿਪੋਰਟ ਵਿੱਚ ਐਸਐਸਪੀ ਬਿਕਰਮਜੀਤ ਸਿੰਘ, ਇੰਸਪੈਕਟਰ ਪਰਦੀਪ ਸਿੰਘ ਤੇ ਸਬ ਇੰਸਪੈਕਟਰ ਅਰਿਆਰਜੀਤ ਸਿੰਘ ਦੇ ਨਾਵਾਂ ਨੂੰ ਬਾਜਾਖਾਨਾ ਵਿੱਚ ਦਰਜ ਕੀਤੀ ਐਫਆਈਆਰ ਨੰਬਰ 130 ਵਿੱਚ ਬਤੌਰ ਮੁਲਜ਼ਮ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਗੰਨਮੈਨ ਚਰਨਜੀਤ ਸਿੰਘ ਸ਼ਰਮਾ, ਕਾਂਸਟੇਬਲ ਸ਼ਮਸ਼ੇਰ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਤੇ ਲਾਡੋਵਾਲ ਦੇ ਥਾਣਾ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਭੂਮਿਕਾ ਨੂੰ ਡੂੰਘਾਈ ਨਾਲ ਘੋਖਣ ਦੀ ਸਿਫਾਰਸ਼ ਕੀਤੀ ਹੈ ਕਿ ਇਹ ਸਾਰੇ ਬਹਿਬਲ ਕਲਾਂ ਵਿੱਚ ਅਸਾਲਟ ਰਫ਼ਲਾਂ ਲੈ ਕੇ ਕਿਉਂ ਗਏ ਸਨ। ਇਸ ਦੇ ਨਾਲ ਹੀ ਕਮਿਸ਼ਨ ਨੇ ਕਮਾਂਡੋ ਪੁਲਿਸ ਵੱਲੋਂ ਕੀਤੇ ਗਏ ਅੰਨ੍ਹੇਵਾਹ ਲਾਠੀਚਾਰਜ ਦੀ ਪੜਤਾਲ ਕਰਨ ਦੀ ਸਿਫਾਰਸ਼ ਕੀਤੀ ਹੈ, ਜਿਸ ਕਾਰਨ ਅਨੇਕਾਂ ਲੋਕ ਫੱਟੜ ਹੋ ਗਏ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ, ਜਿਨ੍ਹਾਂ ਪਿਛਲੇ ਸਾਲ ਅਪ੍ਰੈਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਕ ਪੁਸਤਕਾਂ ਦੀ ਬੇਅਦਬੀ ਸਬੰਧੀ ਕੇਸਾਂ ਦੀ ਪੜਤਾਲ ਕੀਤੀ ਸੀ। ਇਸ ਤੋਂ ਬਾਅਦ ਬੇਅਦਬੀ ਦੇ ਕਈ ਕੇਸਾਂ ਦੀ ਪੜਤਾਲ ਸੀਬੀਆਈ ਕਰ ਰਹੀ ਹੈ ਤੇ ਹੁਣ ਗੋਲ਼ੀਕਾਂਡ ਦੀ ਪੜਤਾਲ ਵੀ ਸੀਬੀਆਈ ਹਵਾਲੇ ਕੀਤੀ ਜਾ ਰਹੀ ਹੈ।