ਪਿੰਡ ਮੱਲਣ ‘ਚ ਗੁਰਦੁਆਰੇ ‘ਤੇ ਕਬਜ਼ੇ ਨੂੰ ਲੈ ਕੇ ਨਿਹੰਗਾਂ ਵਿਚ ਹੋਈ ਗੋਲੀਬਾਰੀ ਦੌਰਾਨ 3 ਦੀ ਮੌਤ, 6 ਜ਼ਖਮੀ

ਪਿੰਡ ਮੱਲਣ ‘ਚ ਗੁਰਦੁਆਰੇ ‘ਤੇ ਕਬਜ਼ੇ ਨੂੰ ਲੈ ਕੇ ਨਿਹੰਗਾਂ ਵਿਚ ਹੋਈ ਗੋਲੀਬਾਰੀ ਦੌਰਾਨ 3 ਦੀ ਮੌਤ, 6 ਜ਼ਖਮੀ

ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ :
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਣ ਵਿਚ ਗੁਰਦੁਆਰਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਨਿਹੰਗ ਸਿੰਘਾਂ ਦੇ 2 ਧੜਿਆਂ ਵਿਚਕਾਰ ਹੋਈ ਗੋਲੀਬਾਰੀ ਦੌਰਾਨ 3 ਨਿਹੰਗਾਂ ਸਿੰਘਾਂ ਦੀ ਮੌਤ ਹੋ ਗਈ ਜਦਕਿ 6 ਜ਼ਖਮੀ ਹੋ ਗਏ। ਇਸ ਝੜਪ ਦੌਰਾਨ ਦੋ ਗੱਡੀਆਂ ਨੂੰ ਵੀ ਅੱਗ ਲਾ ਦਿੱਤੀ। ਮ੍ਰਿਤਕਾਂ ਦੀ ਪਛਾਣ ਨੈਬ ਸਿੰਘ (60) ਤੇ ਉਸ ਦੇ ਦੋ ਰਿਸ਼ਤੇਦਾਰ ਹਰਵਿੰਦਰ ਸਿੰਘ (30) ਤੇ ਅਮ੍ਰਿਤਪਾਲ ਸਿੰਘ (30) ਵਜੋਂ ਹੋਈ ਹੈ। ਇਹ ਝਗੜਾ ਸਵੇਰੇ ਗਿਆਰਾਂ ਵਜੇ ਸ਼ੁਰੂ ਹੋਇਆ ਤੇ ਇਕ ਘੰਟੇ ਤਕ ਚਲਦਾ ਰਿਹਾ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਪਿੰਡ ਮੱਲਣ ਦੇ ਬਾਬਾ ਨੈਬ ਸਿੰਘ, ਜੋ ਜੱਸੀ ਬਾਗਵਾਲੀ (ਜ਼ਿਲ੍ਹਾ ਬਠਿੰਡਾ) ਵਿਖੇ ਗੁਰਦੁਆਰੇ ਦੇ ਪ੍ਰਬੰਧਕ ਸਨ, ਨੂੰ ਇਕ ਪੱਤਰ ਸੌਂਪਿਆ ਸੀ। ਬਾਬਾ ਨੈਬ ਸਿੰਘ ਆਪਣੇ ਸਮਰਥਕਾਂ ਨਾਲ ਮੰਗਲਵਾਰ ਰਾਤ ਨੂੰ ਬਾਬਾ ਮੱਖਣ ਸਿੰਘ ਕੋਲੋਂ ਗੁਰਦੁਆਰੇ ਦਾ ਕਬਜ਼ਾ ਲੈਣ ਆਏ ਸਨ ਤੇ ਉਨ੍ਹਾਂ ਪੱਤਰ ਬਾਬਾ ਮੱਖਣ ਸਿੰਘ ਨੂੰ ਦਿੱਤਾ। ਮੱਖਣ ਸਿੰਘ ਦੇ ਭਗਤ ਥੋੜ੍ਹੀ ਗਿਣਤੀ ਵਿਚ ਸਨ, ਇਸ ਲਈ ਉਨ੍ਹਾਂ ਨੇ ਕੋਈ ਹੱਲਾ ਨਾ ਕੀਤਾ ਪਰ ਬੁੱਧਵਾਰ ਸਵੇਰੇ ਮੱਖਣ ਸਿੰਘ ਆਪਣੇ ਵੱਡੀ ਗਿਣਤੀ ਸਮਰਥਕਾਂ ਨਾਲ ਪੁੱਜ ਗਏ। ਇਸ ਦੌਰਾਨ ਦੋਹਾਂ ਧੜਿਆਂ ਵਿਚਾਲੇ ਝੜਪ ਹੋ ਗਈ ਜਿਸ ਨੇ ਹਿੰਸਕ ਰੂਪ ਲੈ ਲਿਆ। ਪਿੰਡ ਮੱਲਣ ਦੇ ਵਸਨੀਕ ਨੇ ਦੱਸਿਆ, ‘ਬਾਬਾ ਮੱਖਣ ਸਿੰਘ ਧੜੇ ਦੇ ਸਮਰਥਕਾਂ ਨੇ ਇਕ ਹੋਰ ਗੁਰਦੁਆਰੇ ਤੋਂ ਮੁਨਾਦੀ ਕਰਵਾਈ ਕਿ ਦੂਸਰਾ ਧੜਾ ਜਬਰੀ ਗੁਰਦੁਆਰੇ ‘ਤੇ ਕਬਜ਼ਾ ਕਰ ਰਿਹਾ ਹੈ। ਉਨ੍ਹਾਂ ਨੇ ਪਿੰਡ ਦੇ ਲੋਕਾਂ ਤੋਂ ਮਦਦ ਮੰਗੀ।’ ਕੁਝ ਪਿੰਡ ਵਾਲੇ ਵੀ ਸਮਝੌਤਾ ਕਰਾਉਣ ਲਈ ਮੌਕੇ ‘ਤੇ ਪੁੱਜ ਗਏ ਪਰ ਉਦੋਂ ਤਕ ਦੋਹਾਂ ਧੜਿਆਂ ਵਿਚਾਲੇ ਝੜਪ ਹੋ ਚੁੱਕੀ ਸੀ।  ਸੂਤਰਾਂ ਅਨੁਸਾਰ ਇਸ ਦੌਰਾਨ ਕਈ ਗੋਲੀਆਂ ਚਲਾਈਆਂ ਗਈਆਂ। ਦੋਹਾਂ ਧੜਿਆਂ ਦੇ ਸਮਰਥਕਾਂ ਨੇ ਤਲਵਾਰਾਂ ਅਤੇ ਹੋਰ ਤਿੱਖੇ ਹਥਿਆਰ ਕੱਢ ਲਏ।  ਇਸ ਹਿੰਸਕ ਲੜਾਈ ਵਿਚ ਤਿੰਨ ਦੀ ਮੌਤ ਹੋ ਗਈ ਤੇ 6 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ, ਮੁਕਤਸਰ ਦਾਖ਼ਲ ਕਰਵਾਇਆ ਗਿਆ ਹੈ। ਤਿੰਨ ਜਣਿਆਂ ਦੇ ਗੋਲੀਆਂ ਵੀ ਲੱਗੀਆਂ ਹਨ।
ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਗਿੱਲ ਮੌਕੇ ‘ਤੇ ਪਹੁੰਚੇ। ਪੁਲੀਸ ਨੂੰ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ ਖੋਲ ਅਤੇ ਤਲਵਾਰਾਂ ਮਿਲੀਆਂ ਹਨ। ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਪਿੰਡ ਮੱਲਣ ਦੇ ਬਾਹਰਵਾਰ ਹੈ। ਇਸ ਗੁਰਦੁਆਰੇ ਕੋਲ ਪੰਜ ਏਕੜ ਖੇਤੀਬਾੜੀ ਵਾਲੀ ਜ਼ਮੀਨ ਹੈ।