ਜਲ੍ਹਿਆਂਵਾਲਾ ਬਾਗ਼ ਵਿੱਚ ਟੈਗੋਰ ਦਾ ਬੁੱਤ ਲਾਉਣ ਦੀ ਰਾਜ ਸਭਾ ਵਿਚ ਉਠੀ ਮੰਗ

ਜਲ੍ਹਿਆਂਵਾਲਾ ਬਾਗ਼ ਵਿੱਚ ਟੈਗੋਰ ਦਾ ਬੁੱਤ ਲਾਉਣ ਦੀ ਰਾਜ ਸਭਾ ਵਿਚ ਉਠੀ ਮੰਗ

ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਅੰਮ੍ਰਿਤਸਰ ਦੀ ਜਲ੍ਹਿਆਂਵਾਲਾ ਬਾਗ਼ ਯਾਦਗਾਰ ਵਿੱਚ ਰਬਿੰਦਰਨਾਥ ਟੈਗੋਰ ਦਾ ਬੁੱਤ ਫ਼ੌਰੀ ਸਥਾਪਤ ਕੀਤੇ ਜਾਣ ਦੀ ਮੰਗ ਕੀਤੀ ਹੈ। ਪਾਰਟੀ ਨੇ ਕਿਹਾ ਕਿ ਨੋਬੇਲ ਪੁਰਸਕਾਰ ਜੇਤੂ ਟੈਗੋਰ ਨੇ 1919 ਦੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ਤੋਂ ਬਾਅਦ ਅੰਗਰੇਜ਼ਾਂ ਵੱਲੋਂ ਮਿਲੀ ਨਾਈਟਹੁੱਡ ਦੀ ਉਪਾਧੀ ਨੂੰ ਮੋੜ ਦਿੱਤਾ ਸੀ, ਲਿਹਾਜ਼ਾ ਸਰਕਾਰ ਟੈਗੋਰ ਦੇ ਸਨਮਾਨ ਵਜੋਂ ਉਨ੍ਹਾਂ ਦਾ ਬੁੱਤ ਇਥੇ ਫ਼ੌਰੀ ਲਾਏ।
ਰੀਟਾਬ੍ਰਤ ਬੈਨਰਜੀ ਨੇ ਰਾਜ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਕਿਹਾ, ‘ਮੈਂ ਇਹ ਮੰਗ ਅਜਿਹੇ ਸਮੇਂ ਰੱਖ ਰਹੀ ਹਾਂ ਜਦੋਂ ਟੈਗੋਰ ਦੀਆਂ ਕਦੇ ਨਾ ਮਿਟਣ ਵਾਲੇ ਸਦੀਵੀ ਵਿਚਾਰਾਂ ‘ਤੇ ਪਾਬੰਦੀ ਲਾਏ ਜਾਣ ਦੀਆਂ ਬੇਸਿਰ ਪੈਰ ਦੀਆਂ ਮੰਗਾਂ ਉੱਠ ਰਹੀਆਂ ਹਨ।’ ਸਦਨ ਵਿੱਚ ਇਹ ਮੁੱਦਾ ਚੁੱਕਦਿਆਂ ਬੈਨਰਜੀ ਨੇ ਕਿਹਾ ਕਿ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਵਿੱਚ ਬਰਤਾਨਵੀ ਪੁਲੀਸ ਵੱਲੋਂ ਕੀਤੀ ਗੋਲੀਬਾਰੀ ਵਿਚ ਹਜ਼ਾਰਾਂ ਬੇਕਸੂਰ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ। ਸੀਪੀਆਈ ਐਮ ਮੈਂਬਰ ਨੇ ਕਿਹਾ, ‘ਇਸ ਘਟਨਾ ਤੋਂ ਫੌਰੀ ਬਾਅਦ ਟੈਗੋਰ ਨੇ ਨਾਈਟਹੁੱਡ ਦੀ  ਉਪਾਧੀ ਮੋੜ ਦਿੱਤੀ। ਟੈਗੋਰ ਨੂੰ ਇਹ ਸਨਮਾਨ ਬਰਤਾਨਵੀ ਹਕੂਮਤ ਵੱਲੋਂ 1915 ਵਿੱਚ ਸਿਖਰਲੇ ਵਹਿਸ਼ੀਪੁਣੇ ਖ਼ਿਲਾਫ਼ ਚੁੱਕੀ ਆਵਾਜ਼ ਲਈ ਦਿੱਤਾ ਗਿਆ ਸੀ।’ ਬੈਨਰਜੀ ਨੇ ਕਿਹਾ ਜਲ੍ਹਿਆਂਵਾਲਾ ਬਾਗ਼ ਯਾਦਗਾਰ ਵਿੱਚ ਟੈਗੋਰ ਨੂੰ ਮਾਣ ਵਜੋਂ ਕੋਈ ਢੁਕਵੀਂ ਥਾਂ ਨਾ ਮਿਲਣਾ ‘ਸਭ ਤੋਂ ਮੰਦਭਾਗਾ’ ਹੈ। ਉਨ੍ਹਾਂ ਕਿਹਾ ਕਿ ਟੈਗੋਰ ਦਾ ਬੁੱਤ ਸਥਾਪਤ ਕਰਨ ਮਗਰੋਂ ਮਾਣ ਵਜੋਂ ਇਸ ‘ਤੇ ਉਨ੍ਹਾਂ ਵੱਲੋਂ ਮੋੜੇ ਸਨਮਾਨ ਸਬੰਧੀ ਜਾਣਕਾਰੀ ਨੂੰ ਨੁਮਾਇਸ਼ ਵਜੋਂ ਦਰਸ਼ਾਇਆ ਜਾਵੇ।