ਪੰਜਾਬ ਬਨਾਮ ਵਾਜਪਾਈ ਨੂੰ ਮੌਤ ਦੇ ਮਿਹਣੇ

ਪੰਜਾਬ ਬਨਾਮ ਵਾਜਪਾਈ ਨੂੰ ਮੌਤ ਦੇ ਮਿਹਣੇ

ਚੰਡੀਗੜ੍ਹ/ਬਿਊਰੋ ਨਿਊਜ਼ :

ਪੰਜਾਬ ਤੇ ਦਿੱਲੀ ਦੀ ਵਰ੍ਹਿਆਂ ਪੁਰਾਣੀ ਕਸ਼ਮਕਸ਼ ਕਾਰਨ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ਜੰਗ ਦਾ ਅਖਾੜਾ ਬਣਿਆ ਰਹਿੰਦਾ ਹੈ। ਜਦੋਂ ਕੇਪੀਐਸ ਗਿੱਲ ਮਰਿਆ ਤਾਂ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੇ ਉਸ ਦੀ ਸਵਾਹ ਵੀ ਰੱਜ ਕੇ ਫਰੋਲੀ। ਹੁਣ ਵਾਰੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹੈ। ਵਾਜਪਾਈ ਦੀ ਮੌਤ ਦੀ ਖਬਰ ਆਉਣ ਤੋਂ ਹੀ ਪੰਜਾਬੀ ਆਵਾਮ ਨੇ ”ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਮਰ ਜਾਣਾ” ਲਿਖ ਦਿਆਂ ਅੱਗੇ ਪਰ…ਲਿਖ ਕੇ ਵਾਜਪਾਈ ਵੱਲੋਂ ਬੀਤੇ ਵਿਚ ਪੰਜਾਬ ਨੂੰ ਦਿੱਤੇ ਗਏ ਜ਼ਖਮਾਂ ਦੇ ਦਰਦ ਦੀ ਬਾਤ ਪਾਈ ਜਾ ਰਹੀ ਹੈ।
ਹਵਾਲੇ ਪੇਸ਼ ਹਨ : ”9 ਅਗਸਤ 1984 ਨੂੰ ਵਾਜਪਾਈ ਅਤੇ ਅਡਵਾਨੀ ਨੇ ਅੰਮ੍ਰਿਤਸਰ ਪਹੁੰਚ ਕੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਅਤੇ ਆਖਿਆ ਦਰਬਾਰ ਸਾਹਿਬ ‘ਤੇ ਫੌਜੀ ਕਾਰਵਾਈ ਨੂੰ ਟਾਲਿਆ ਨਹੀਂ ਸੀ ਜਾ ਸਕਦਾ ਸਗੋਂ ਇਹ ਛੇ ਮਹੀਨੇ ਦੇਰ ਨਾਲ ਹੋਈ।”
”ਕਾਂਗਰਸ ਦੇ ਇੱਕ ਐਮਪੀ ਵੱਲੋਂ ਪਾਰਲੀਮੈਂਟ ‘ਚ ਪ੍ਰਾਈਵੇਟ ਬਿੱਲ ਪੇਸ਼ ਕੀਤਾ ਹੋਇਆ ਸੀ ਜਿਸ ਵਿੱਚ ਅਕਾਲੀ ਦਲ ਨੂੰ ਫਿਰਕੂ ਪਾਰਟੀਆਂ ‘ਚ ਸ਼ਾਮਲ ਕਰਕੇ ਚੋਣ ਲੜਨ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੋਈ ਸੀ। ਇਸ ਬਿੱਲ ਬਾਰੇ ਅਡਵਾਨੀ ਅਤੇ ਵਾਜਪਾਈ ਦਾ ਜਵਾਬ ਸੀ,’ ਹਮਾਰੀ ਪਾਰਟੀ ਇਸ ਬਿੱਲ ਕੀ ਹਮਾਇਤ ਕਰੇਗੀ’। ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਤੋਂ ਬਾਅਦ ਸਿੱਖਾਂ ਨੇ ਮੰਗ ਕੀਤੀ ਕਿ ਦਰਬਾਰ ਸਾਹਿਬ ਅੰਦਰੋਂ ਫੌਜ ਨੂੰ ਫੌਰੀ ਬਾਹਰ ਕੱਢ ਕੇ ਇਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਹਵਾਲੇ ਕੀਤਾ ਜਾਵੇ ਤਾਂ ਵਾਜਪਾਈ ਨੇ ਇਸਦਾ ਜ਼ੋਰਦਾਰ ਵਿਰੋਧ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਨ ਦੀ ਮੰਗ ਕਰਕੇ ਦਰਬਾਰ ਸਾਹਿਬ ਦਾ ਪ੍ਰਬੰਧ ਸਰਕਾਰਪ੍ਰਸਤ ਸਿੱਖਾਂ ਹਵਾਲੇ ਕਰਨ ਦੀ ਸਿਫ਼ਾਰਿਸ਼ ਕੀਤੀ। ਇਹ ਖ਼ਬਰ 2 ਅਗਸਤ 1984 ਦੇ ਟਾਈਮਜ਼ ਆਫ਼ ਇੰਡੀਆ, ਅਖ਼ਬਾਰ ‘ਚ ਪ੍ਰਮੁੱਖਤਾ ਨਾਲ ਛਪੀ ਸੀ ।”
”ਵਾਜਪਾਈ ਦੇ ਰਾਜਕਾਲ ਸਮੇਂ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ ਨਿਖੇਧੀ ਕਰਨ ਦਾ ਮਤਾ ਪਾਰਲੀਮੈਂਟ ਤੋਂ ਪਾਸ ਕਰਵਾਉਣ ਦੀ ਮੰਗ ਨੂੰ ਵਾਜਪਾਈ ਸਰਕਾਰ ਨੇ ਕੋਰਾ ਜਵਾਬ ਦੇ ਦਿੱਤਾ ਸੀ। ਵਾਜਪਾਈ ਦੇ ਛੇ ਸਾਲ ਦੇ ਰਾਜਕਾਲ ਵਿੱਚ ਸੰਨ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੋਧ ਕੋਈ ਕਾਰਵਾਈ ਨਹੀਂ ਹੋਈ ਸਿਰਫ਼ ਨਾਨਵਤੀ ਕਮਿਸ਼ਨ ਬਣਾ ਕੇ ਕੰਮ ਚਲਾ ਦਿੱਤਾ ਗਿਆ ਸੀ।”
”ਵਾਜਪਾਈ ਸਰਕਾਰ ਸਮੇਂ ਸਿੱਖਾਂ ਦੀ ਅਜ਼ਾਦ ਹਸਤੀ ਦੀ ਹੋਂਦ ਪ੍ਰਗਟਾਉਣ ਲਈ ਸੰਵਿਧਾਨ ਦੀ ਧਾਰਾ 25ਬੀ ‘ਚ ਸੋਧ ਕਰਨ ਦਾ ਮਾਮਲਾ ਉੱਠਿਆ ਤਾਂ ਵਾਜਪਾਈ ਸਰਕਾਰ ਨੇ ਇਸ ਸੋਧ ਦਾ ਜਾਇਜ਼ਾ ਲੈਣ ਲਈ ਬਣਾਏ ਗਏ ਕਮਿਸ਼ਨ ਦੀ ਉਸ ਸਿਫ਼ਾਰਿਸ਼ ਨੂੰ, ਜਿਸ ‘ਚ ਉਸ ਨੇ ਸਿਫ਼ਾਰਿਸ਼ ਕੀਤੀ ਸੀ ਕਿ ਸਿੱਖ ਧਰਮ ਨੂੰ ਹਿੰਦੂ ਧਰਮ ਜਾ ਕਿਸੇ ਵੀ ਹੋਰ ਧਰਮ ਨਾਲ ਰਲਗੱਡ ਕਰਨ ਵਾਲੇ ਸ਼ਬਦ ਸੰਵਿਧਾਨ ‘ਚੋਂ ਕੱਢ ਦਿੱਤੇ ਜਾਣੇ ਚਾਹੀਦੇ ਹਨ,ਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।”
”ਵਾਜਪਾਈ ਸਰਕਾਰ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਦੀ ਥਾਂ ਪੰਜਾਬ ਤੋਂ ਉਸਦੇ ਦਰਿਆ ਖੋਹਣ ਲਈ ਦੇਸ਼ ਭਰ ਦੇ ਦਰਿਆਵਾਂ ਨੂੰ ਜੋੜਨ ਦਾ ਮਨਸੂਬਾ ਤਿਆਰ ਕੀਤਾ ਸੀ। ਜਿਸ ਨਾਲ ਰਾਜਾਂ ਦਾ ਦਰਿਆਵਾਂ ਦੇ ਪਾਣੀਆਂ ‘ਤੇ ਉਹਨਾਂ ਦੀ ਮਾਲਕੀ ਖ਼ਤਮ ਹੋ ਜਾਵੇਗੀ। ਵਾਜਪਾਈ ਸਰਕਾਰ ਵੱਲੋਂ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਕਾਨੂੰਨ ਪੋਟਾ ਜਿਹੜਾ ਮਨੁੱਖੀ ਅਧਿਕਾਰਾਂ ਦਾ ਨੰਗਾ ਚਿੱਟਾ ਕਤਲ ਕਰਦਾ ਹੈ ਉਸਨੂੰ ਲਾਗੂ ਕੀਤਾ ਗਿਆ।”
”ਤੁਹਾਨੂੰ ਯਾਦ ਕਰਾ ਦੇਈਏ ਕਿ ਦਰਬਾਰ ਸਾਹਿਬ ਤੇ ਫੌਜੀ ਹਮਲੇ ਤੋਂ ਬਾਅਦ ਬੀਜੇਪੀ. ਪਾਰਟੀ ਦੇ ਦੋ ਪ੍ਰਮੁੱਖ ਨੇਤਾਵਾਂ ਅਟੱਲ ਬਿਹਾਰੀ ਵਾਜਪਾਈ ਅਤੇ ਐਲਕੇ. ਅਡਵਾਨੀ ਨੇ ਇਸ ਕਾਰਵਾਈ ਨੂੰ ਬਿਲਕੁਲ ਜਾਇਜ਼ ਕਿਹਾ ਸੀ। ਇੰਦਰਾ ਨੂੰ ਦੁਰਗਾ ਦੇਵੀ ਦਾ ਖਿਤਾਬ ਦਿੱਤਾ ਸੀ।”
”ਵਾਜਪਾਈ ਸਰਕਾਰ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਕਲਿੰਟਨ ਜਦੋਂ ਭਾਰਤ ਦੀ ਫੇਰੀ ਤੇ 20 ਮਾਰਚ 2000 ਵਿਚ ਆਉਂਦੇ ਹਨ ਚਿਟੀ ਸਿੰਘਪੁਰਾ (ਕਸ਼ਮੀਰ)ਵਿਖੇ 35 ਸਿੱਖਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀ।ਸਿੱਖਾਂ ਨੂੰ ਗੋਲੀਆਂ ਮਾਰਨ ਵਾਲੇ ਭਾਰਤੀ ਫੌਜ ਦੀ ਵਰਦੀ ਵਿੱਚ ਸਨ ਅਤੇ ਹਿੰਦੀ ਬੋਲ ਰਹੇ ਸਨ।ਭਾਰਤ ਨੇ ਘਟਨਾ ਲਈ ਪਾਕਿਸਤਾਨ ਅਧਾਰਿਤ ਦਹਿਸ਼ਤਗਰਦਾਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਸੀ ਪਰ ਅਮਰੀਕਾ ਮੁਤਾਬਕ ਇਸ ਸਬੰਧੀ ਸ਼ੱਕ ਦੀ ਉਂਗਲ ‘ਭਾਰਤੀ ਖੂਫੀਆ ਦਸਤਿਆਂ’ ‘ਤੇ ਹੈ।”
” ਅਜ਼ਾਦੀ ਸੰਘਰਸ਼ ਦੌਰਾਨ ਅਟਲ ਬਿਹਾਰੀ ਵਾਜਪਾਈ ਨੇ ਦੇਸ਼ ਨਾਲ ਬਹੁਤ ਵੱਡੀ ਗ਼ਦਾਰੀ ਕੀਤੀ। ਆਗਰੇ ਦੇ ਨੇੜੇ ਇਕ ਪਿੰਡ ਬਾਟੇਸ਼ਵਰ ਵਿਚ ਕੁਝ ਅਜ਼ਾਦੀ ਘੁਲਾਟੀਆਂ ਨੇ ਲੋਕਾਂ ਨੂੰ ਅੰਗਰੇਜ਼ ਹਕੂਮਤ ਵਿਰੁਧ ਬਗਾਵਤ ਕਰਨ ਲਈ ਉਕਸਾਇਆ। ਵਾਜਪਾਈ ਇਸ ਦਾ ਸਰਕਾਰੀ ਗਵਾਹ ਬਣ ਗਿਆ ਅਤੇ ਆਗਰੇ ਦੀ ਅਦਾਲਤ ਵਿਚ ਸੈਸ਼ਨ ਜੱਜ ਮਿਸਟਰ ਹੁਸੈਨ ਦੇ ਸਾਹਮਣੇ ਬਿਆਨ ਰਿਕਾਰਡ ਕਰਵਾ ਕੇ ਅਜ਼ਾਦੀ ਘੁਲਾਟੀਆਂ ਖਿਲਾਫ਼ ਗਵਾਹੀ ਦਿੱਤੀ ਅਤੇ ਇਸ ਦੇ ਬਿਆਨਾਂ ਉਪਰ ਕੁਝ ਅਜ਼ਾਦੀ ਘੁਲਾਟੀਆਂ ਨੂੰ ਸਜ਼ਾ ਹੋਈ। ਵਾਜਪਾਈ ਨੇ ਸਭ ਆਪਣੇ ਭਰਾ ਨੂੰ ਬਚਾਉਣ ਲਈ ਕੀਤਾ।ਹਿੰਦੂ ਰਾਸ਼ਟਰਵਾਦੀ ਇਸ ਗਦਾਰੀ ਦੇ ਬਾਵਜੂਦ ਵਾਜਪਾਈ ਨੂੰ ਦੇਸ਼ ਭਗਤ ਦੱਸਦੇ ਹਨ।”
ਅੰਤ ਵਿਚ ਲਿਖਿਆ ਆਂਦਾ ਹੈ ਕਿ ਫਿਰ ਵੀ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਇਸ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।