ਫਿਲਮ ”ਮਨਮਰਜ਼ੀਆਂ” ਵਿਚ ਸਿੱਖਾਂ ਦੀ ਮਰਜ਼ੀ ਮੁਤਾਬਿਕ ਫੇਰਬਦਲ

ਫਿਲਮ ”ਮਨਮਰਜ਼ੀਆਂ” ਵਿਚ ਸਿੱਖਾਂ ਦੀ ਮਰਜ਼ੀ ਮੁਤਾਬਿਕ ਫੇਰਬਦਲ

ਮਨਮਰਜ਼ੀਆਂ ਦੇ ਡਾਇਰੈਕਟਰ ਅਨੁਰਾਗ ਕਸ਼ਿਅਪ ਨੇ ਫ਼ਿਲਮ ਦੇ ਕੁਝ ਸੀਨਾਂ ‘ਤੇ ਸਿੱਖ ਭਾਈਚਾਰੇ ਦੇ ਇਤਰਾਜ਼ ਤੋਂ ਬਾਅਦ ਮੁਆਫੀ ਮੰਗੀ ਹ ੈਅਤੇ ਇਤਰਾਜ਼ਯੋਗ ਸੀਨ ਹਟਾਏ ਜਾਣ ਦਾ ਐਲਾਨ ਵੀ ਕੀਤਾ ਹੈ। ਦਰਅਸਲ ਵੱਖ-ਵੱਖ ਸਿੱਖ ਜਧੇਬੰਦੀਆਂ ਸਮੇਤ ਐਸਜੀਪੀਸੀ ਨੇ ਫਿਲਮ ‘ਚ ਅਭਿਸ਼ੇਕ ਬੱਚਨ ਨੂੰ ਸਿੱਖ ਦੇ ਕਿਰਦਾਰ ‘ਚ ਸਿਗਰਟ ਪੀਂਦਿਆਂ ਦਿਖਾਏ ਜਾਣ ‘ਤੇ ਇਤਰਾਜ਼ ਜਤਾਇਆ ਸੀ ਤੇ ਫਿਲਮ ਦੀ ਸਮੁੱਚੀ ਟੀਮ ‘ਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਸੀ।
ਫਿਲਮ ਨਿਰਮਾਤਾਵਾਂ ਨੇ ਇਹ ਸੀਨ ਹਟਾਉਣ ਲਈ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਕੋਲ ਪਹੁੰਚ ਕੀਤੀ ਹੈ। ਫਿਲਮ ‘ਚੋਂ ਜਿਹੜੇ ਤਿੰਨ ਸੀਨ ਕੱਟੇ ਗਏ ਹਨ ਉਨ੍ਹਾਂ ‘ਚ ਅਭਿਸ਼ੇਕ ਬੱਚਨ ਵੱਲੋਂ ਸਿਗਰਟ ਪੀਣ ਦਾ 29 ਸਕਿੰਟ ਦਾ ਸੀਨ, ਇਕ ਗੁਰਦੁਆਰੇ ‘ਚ ਤਾਪਸੀ ਪੰਨੂੰ ਤੇ ਅਭਿਸ਼ੇਕ ਦੇ ਦਾਖਲ ਹੋਣ ਦਾ ਇਕ ਮਿੰਟ ਦਾ ਸੀਨ ਤੇ ਤਾਪਸੀ ਦੇ ਸਿਗਰਟ ਪੀਣ ਦਾ 11 ਸਕਿੰਟ ਦਾ ਸੀਨ ਸ਼ਾਮਿਲ ਹੈ।
ਇਹ ਤਬਦੀਲੀ ਮਹਾਂਨਗਰਾਂ ‘ਚ ਲਾਗੂ ਕਰ ਦਿਤੀ ਗਈ ਹੈ ਜਦਕਿ ਛੇਤੀ ਹੀ ਦੇਸ਼ ਭਰ ‘ਚ ਇਹ ਤਬਦੀਲੀ ਹੋ ਜਾਵੇਗੀ। ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਵੀ ਭਾਈਚਾਰੇ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫ਼ੀ ਮੰਗਦੇ ਹਨ।
ਗੌਰਤਲਬ ਹੈ ਕਿ ਫ਼ਿਲਮ ‘ਚ ਸਿੱਖ ਦਾ ਕਿਰਦਾਰ ਨਿਭਾਅ ਰਹੇ ਅਭਿਸ਼ੇਕ ਬਚਨ ਆਪਣੀ ਪੱਗ ਲਾਹ ਦਿੰਦੇ ਹਨ ਤੇ ਫਿਰ ਸਿਗਰਟ ਪੀਣ ਲਗਦੇ ਹਨ। ਹਾਲ ਹੀ ‘ਚ ਦਿੱਲੀ ‘ਚ ਫ਼ਿਲਮ ਨੂੰ ਵਿਚਾਲੇ ਹੀ ਬੰਦ ਕਰਵਾ ਦਿੱਤਾ ਗਿਆ ਸੀ।