ਦਿੱਲੀ ਵਿਚ ਤਿੰਨ ਸਿੱਖ ਜਰਨੈਲਾਂ ਦੇ ਲੱਗਣਗੇ ਬੁੱਤ

ਦਿੱਲੀ ਵਿਚ ਤਿੰਨ ਸਿੱਖ ਜਰਨੈਲਾਂ ਦੇ ਲੱਗਣਗੇ ਬੁੱਤ

ਚੰਡੀਗੜ੍ਹ/ਬਿਊਰੋ ਨਿਊਜ਼ :
ਸਿੱਖ ਫੌਜਾਂ ਨੇ ਸੰਨ 1783 ‘ਚ ਮੁਗਲ ਬਾਦਸ਼ਾਹ ਸ਼ਾਹ ਆਲਮ-ਦੂਜੇ ਨੂੰ ਹਰਾ ਕੇ ਦਿੱਲੀ ‘ਤੇ ਕਬਜ਼ਾ ਕੀਤਾ ਸੀ ਤੇ ਲਾਲ ਕਿਲ੍ਹੇ ‘ਤੇ ਨਿਸ਼ਾਨ ਸਾਹਿਬ ਝੁਲਾਇਆ ਸੀ।ਸਿੱਖ ਇਤਿਹਾਸ ਦੇ ਇਸ ਸ਼ਾਨਾਮੱਤੇ ਅਧਿਆਏ ਬਾਰੇ ਦਿੱਲੀ ਦੇ ਲੋਕਾਂ ਨੂੰ ਜਾਣੂ ਕਰਾਉਣ ਲਈ ਗਵਾਲੀਅਰ ਆਧਾਰਤ ਪ੍ਰਭਾਤ ਮੂਰਤੀ ਕਲਾ ਕੇਂਦਰ ਵੱਲੋਂ ਤਿੰਨ ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ ਕਾਂਸੀ ਦੇ ਬੁੱਤਾਂ ਨੂੰ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਤਿੰਨਾਂ ਜਰਨੈਲਾਂ ਦੀ ਅਗਵਾਈ ਹੇਠਲੀਆਂ ਸਿੱਖ ਫੌਜਾਂ ਵੱਲੋਂ ਉਸ ਵੇਲੇ ਦੀ ਮੁਗਲ ਸਲਤਨਤ ਦੀ ਰਾਜਧਾਨੀ ਦਿੱਲੀ ਨੂੰ ਕਬਜ਼ੇ ਵਿਚ ਕਰਨ ਦਾ ਮਤਲਬ ਪੂਰੇ ਹਿੰਦੂਸਤਾਨ ਉਤੇ ਬਾਦਸ਼ਾਹਤ ਦਾ ਦਾਅਵਾ ਕਰਨਾ ਮੰਨਿਆ ਜਾਂਦਾ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਵੱਲੋਂ ਇਹ ਬੁੱਤ ਬਣਾਉਣ ਦਾ ਆਰਡਰ ਦਿੱਤਾ ਗਿਆ ਹੈ ਤੇ ਕਮੇਟੀ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਦਿੱਲੀ ਫਤਹਿ ਦਿਵਸ ਸਮਾਗਮ ਵੀ ਮਨਾਏ ਜਾਂਦੇ ਹਨ।
ਤਿੰਨਾਂ ਬੁੱਤਾਂ ‘ਚੋਂ ਹਰ ਇੱਕ ਦੀ ਉਚਾਈ 12 ਫੁੱਟ ਤੇ ਭਾਰ 1200 ਤੋਂ 1400 ਕਿਲੋ ਹੈ। ਇਹ ਬੁੱਤ ਅਗਲੇ ਮਹੀਨੇ ਪੱਛਮੀ ਦਿੱਲੀ ਦੇ ਸੁਭਾਸ਼ ਨਗਰ ਮੈਟਰੋ ਸਟੇਸ਼ਨ ਅਤੇ ਨਜਫਗੜ੍ਹ ਰੋਡ ਦੇ ਸਾਹਮਣੇ ਪਾਰਕ ‘ਚ ਸਥਾਪਤ ਕੀਤੇ ਜਾਣਗੇ। ਇੱਥੋਂ ਰੋਜ਼ਾਨਾ 20 ਲੱਖ ਦੇ ਕਰੀਬ ਲੋਕ ਲੰਘਦੇ ਹਨ। ਦਿੱਲੀ ਦੇ ਬਹੁਤੇ ਲੋਕ ਸਿੱਖ ਵਿਰਾਸਤ ਤੋਂ ਅਣਜਾਣ ਹਨ। ‘ਤੀਸ ਹਜ਼ਾਰੀ ਅਦਾਲਤ’ ਦਾ ਨਾਂ ਬਾਬਾ ਬਘੇਲ ਸਿੰਘ ਦੇ 30 ਹਜ਼ਾਰ ਜਵਾਨਾਂ ਦੀ ਫੌਜ ਵੱਲੋਂ ਇਸ ਇਲਾਕੇ ‘ਚ ਠਹਿਰਾਅ ਕਰਨ ਕਾਰਨ ਪਿਆ ਸੀ। ‘ਪੁਲ ਮਿਠਾਈ’ ਉਹ ਥਾਂ ਹੈ ਜਿੱਥੇ ਸਿੱਖ ਫੌਜੀ ਲੋਕਾਂ ਨੂੰ ਮਠਿਆਈ ਵੰਡਦੇ ਸੀ ਤੇ ਮੋਰੀ ਗੇਟ ਦਾ ਨਾਂ ਸਿੱਖ ਫੌਜੀਆਂ ਵੱਲੋਂ ਲਾਲ ਕਿਲ੍ਹੇ ਅੰਦਰ ਦਾਖਲ ਹੋਣ ਲਈ ਕੰਧ ‘ਚ ਲਾਈ ਗਈ ਸੰਨ੍ਹ ਕਾਰਨ ਪਿਆ ਸੀ।
ਜ਼ਿਕਰਯੋਗ ਹੈ ਕਿ ਪ੍ਰਭਾਤ ਮੂਰਤੀ ਕਲਾ ਕੇਂਦਰ ਦੇਸ਼ ਦੀਆਂ ਸਭ ਤੋਂ ਮੋਹਰੀ ਬੁੱਤਘਾੜ ਸੰਸਥਾਵਾਂ ‘ਚੋਂ ਇੱਕ ਹੈ ਤੇ ਇਸ ਕੇਂਦਰ ਵੱਲੋਂ ਪਹਿਲਾਂ ਵੀ ਸਿੱਖ ਇਤਿਹਾਸ ਨਾਲ ਸਬੰਧਤ ਵਿਸ਼ਿਆਂ ‘ਤੇ ਬੁੱਤ ਬਣਾਏ ਜਾਂਦੇ ਹਨ। ਕੇਂਦਰ ਦੇ ਮੁੱਖ ਬੁੱਤਘਾੜੇ ਪ੍ਰਭਾਤ ਰਾਏ ਵੱਲੋਂ ਹੁਣ ਤਕ ਛੇ ਸਿੱਖ ਸ਼ਖ਼ਸੀਅਤਾਂ ਦੇ ਬੁੱਤ ਬਣਾਏ ਜਾ ਚੁੱਕੇ ਹਨ, ਜੋ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਚੱਪੜਚਿੜੀ ‘ਚ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ‘ਚ ਸਥਾਪਤ ਹਨ। ਸ੍ਰੀ ਰਾਏ ਵੱਲੋਂ ਸੰਨ 2016 ‘ਚ ਬਣਾਇਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਮਹਾਰਾਜਾ ਦੇ ਫਰਾਂਸੀਸੀ ਮਦਦਗਾਰ ਜਨਰਲ ਜਾਂ ਫਰੈਂਕੋਇਸ ਐਲਰਡ ਦੇ ਜਨਮ ਸਥਾਨ ਸੇਂਟ ਟਰੋਪਜ਼ ‘ਚ ਸਥਾਪਤ ਹੈ।