ਬਾਦਲਾਂ ਦਾ ਬੇੜਾ ਡੋਬਣ ਲੱਗਿਆ ਹੈ ਬਰਗਾੜੀ ਮੋਰਚਾ

ਬਾਦਲਾਂ ਦਾ ਬੇੜਾ ਡੋਬਣ ਲੱਗਿਆ ਹੈ ਬਰਗਾੜੀ ਮੋਰਚਾ

ਚੰਡੀਗੜ੍ਹ/ਬਿਊਰੋ ਨਿਊਜ਼ :
ਰੈਲੀਆਂ ਵਾਲੇ ਐਤਵਾਰ ਦੇ ਰਾਜਸੀ ਘਟਨਾਕ੍ਰਮ ਦਾ ਅਕਾਲੀ ਦਲ ਨੂੰ ਕੋਈ ਲਾਭ ਹੋਣ ਦੀ ਥਾਂ ਨੁਕਸਾਨ ਹੁੰਦਾ ਜ਼ਿਆਦਾ ਦਿਖਾਈ ਦੇ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀਆਂ ਖੜ੍ਹੀਆਂ ਹੋਣ ਕਾਰਨ ਬਾਦਲ ਖੇਮੇ ਵਿੱਚ ਘਬਰਾਹਟ ਪਾਈ ਜਾ ਰਹੀ ਹੈ। ਬਰਗਾੜੀ ਵਿਚ ਆਪ ਮੁਹਾਰੇ ਹੋਏ ਵੱਡੇ ਇਕੱਠ ਨੇ ਅਕਾਲੀਆਂ ਨੂੰ ਹੋਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸ ਤਰ੍ਹਾਂ ਪੰਜਾਬ ਦੀ ਸੱਤਾ ‘ਤੇ ਇੱਕ ਦਹਾਕਾ ਕਾਬਜ਼ ਰਹਿਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਸੰਕਟ ਦਿਨ ਪ੍ਰਤੀ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ।
ਪਾਰਟੀ ਦੇ ਅੰਦਰੂਨੀ ਸੂਤਰਾਂ ਅਨੂਸਾਰ ਕੁਝ ਨੇਤਾ 7 ਅਕਤੂਬਰ ਦੀ ਪਟਿਆਲਾ ਰੈਲੀ ਤੱਕ ਚੁੱਪ ਸਨ ਤੇ ਮਾਝੇ ਦੇ ਨੇਤਾਵਾਂ ਵੱਲੋਂ ਵੀ ਕੁਝ ਦਿਨਾਂ ਦੌਰਾਨ ਅਹਿਮ ਫੈਸਲੇ ਲਏ ਜਾਣ ਦੇ ਆਸਾਰ ਹਨ। ਸੁਖਦੇਵ ਸਿੰਘ ਢੀਂਡਸਾ ਵੱਲੋਂ ਪਹਿਲਾਂ ਹੀ ਸਕੱਤਰ ਜਨਰਲ ਅਤੇ ਹੋਰਨਾਂ ਅਹੁਦਿਆਂ ਤੋਂ ਅਸਤੀਫਾ ਦਿੱਤਾ ਜਾ ਚੁੱਕਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਨੇਤਾਵਾਂ ਦਰਮਿਆਨ ਪੀੜ੍ਹੀ ਅੰਤਰ (ਜੈਨਰੇਸ਼ਨ ਗੈਪ) ਹੋਣ ਕਰਕੇ ਵੀ ਲਕੀਰ ਖਿੱਚੀ ਜਾ ਰਹੀ ਹੈ।
ਪਹਿਲਾਂ ਅਕਾਲੀ ਦਲ ਵੱਲੋਂ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ਾਂ ਨੂੰ ਧੋਣ ਲਈ ਰੈਲੀਆਂ ਦੀ ਮੁਹਿੰਮ ਸ਼ੁਰੂ ਕੀਤੀ ਸੀ, ਜੋ ਕਾਮਯਾਬ ਹੁੰਦੀ ਨਹੀਂ ਦਿਸਦੀ। ਮਹੱਤਵਪੂਰਨ ਤੱਥ ਇਹ ਸਾਹਮਣੇ ਆ ਰਹੇ ਹਨ ਕਿ ਸੂਬੇ ਵਿੱਚ ਰਾਜਨੀਤਕ ਤੇ ਸਮਾਜਿਕ ਤੌਰ ‘ਤੇ ਸਭ ਤੋਂ ਵੱਡੇ ਸਵਾਲ ਖੜ੍ਹੇ ਕਰਨ ਵਾਲੇ ਮੁੱਦਿਆਂ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ, ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਵਾਪਰੇ ਗੋਲੀ ਕਾਂਡ ਅਤੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਅਤੇ ਫਿਰ ਵਾਪਸ ਲੈਣ, ਤੋਂ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਟਾਲਾ ਹੀ ਵੱਟਿਆ ਜਾ ਰਿਹਾ ਹੈ। ਦੇਖਿਆ ਜਾਵੇ ਤਾਂ ਇਸ ਸਮੇਂ ਅਕਾਲੀ ਦਲ ਨੂੰ ਅੰਦਰੂਨੀ ਅਤੇ ਬਾਹਰੀ ਦੋਵਾਂ ਪਾਸਿਆਂ ਤੋਂ ਮਾਰ ਪੈ ਰਹੀ ਹੈ। ਪਾਰਟੀ ਦੇ ਟਕਸਾਲੀ ਨੇਤਾਵਾਂ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਮਿਆਨ ਖਿੱਚੀ ਗਈ ਲਕੀਰ ਹੀ ਭਾਰੂ ਨਹੀਂ ਪੈ ਰਹੀ ਸਗੋਂ ਅਕਾਲੀ ਦਲ ਦਾ ਮੁੱਖ ਵੋਟ ਬੈਂਕ (ਸਿੱਖ) ਵੀ ਨਜ਼ਦੀਕ ਹੋਣ ਦੀ ਥਾਂ ਦੂਰ ਜਾ ਰਿਹਾ ਹੈ।
ਅਕਾਲੀ ਹਲਕਿਆਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਅੰਦਰੂਨੀ ਅਤੇ ਬਾਹਰੀ ਸੰਕਟ ਜ਼ਿਆਦਾ ਗੰਭੀਰ ਹੋ ਸਕਦਾ ਹੈ, ਕਿਉਂਕਿ ਪੰਜਾਬ ਦੀ ਰਾਜਨੀਤੀ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸੇ ਘਟਨਾ ਨਾਲ ਜੁੜੇ ਦੋ ਪੁਲੀਸ ਗੋਲੀ ਕਾਂਡਾਂ (ਬਹਿਬਲ ਕਲਾਂ ਅਤੇ ਕੋਟਕਪੂਰਾ) ਦਾ ਸਪੱਸ਼ਟ ਪ੍ਰਛਾਵਾਂ ਦੇਖਿਆ ਜਾ ਸਕਦਾ ਹੈ। ਮਾਝੇ ਦੇ ਅਕਾਲੀਆਂ ਨੇ ਡੇਰਾ ਮੁਖੀ ਦੀ ਮੁਆਫ਼ੀ ਅਤੇ ਬੇਅਦਬੀ ਦੇ ਮੁੱਦੇ ‘ਤੇ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ ਤੇ ਇਨ੍ਹਾਂ ਆਗੂਆਂ ਨੇ ਅਸਿੱਧੇ ਤੌਰ ‘ਤੇ ਸੁਖਬੀਰ ਸਿੰਘ ਬਾਦਲ ਨੂੰ ਹੀ ਘੇਰਨਾ ਸ਼ੁਰੂ ਕੀਤਾ ਹੈ। ਐਤਵਾਰ ਨੂੰ ਹੋਏ ਵੱਡੇ ਇਕੱਠ ਨੇ ਅਕਾਲੀ ਦਲ ਦੀ ਤਾਂ ਚਿੰਤਾ ਵਧਾਈ ਹੀ ਹੈ ਤੇ ਕਾਂਗਰਸ ਲਈ ਵੀ ਖ਼ਤਰੇ ਦੀ ਘੰਟੀ ਸਾਬਤ ਹੋ ਸਕਦਾ ਹੈ, ਕਿਉਂਕਿ ਬੇਅਦਬੀ ਅਤੇ ਗੋਲੀ ਕਾਂਡ ਦੇ ਕਸੂਰਵਾਰਾਂ ਵਿਰੁੱਧ ਕਾਰਵਾਈ ਦੀ ਮੰਗ ਦਾ ਮੁੱਦਾ ਭਖਦਾ ਜਾ ਰਿਹਾ ਹੈ ਤੇ ਕੈਪਟਨ ਸਰਕਾਰ ਦੀ ਇਸ ਮਾਮਲੇ ਵਿੱਚ ਕੋਈ ਪ੍ਰਗਤੀ ਸਾਹਮਣੇ ਨਹੀਂ ਆਈ। ‘ਬਰਗਾੜੀ’ ਪੰਜਾਬ ਦੇ ਸਿਆਸੀ ਨਕਸ਼ੇ ‘ਤੇ ਇੱਕ ਅਜਿਹੇ ਪਿੰਡ ਵਜੋਂ ਉਭਰ ਕੇ ਸਾਹਮਣੇ ਆਉਣ ਲੱਗਾ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਸਿੱਖ ਸੰਸਥਾਵਾਂ ਦਾ ਕੰਟਰੋਲ ਕਰਦੀ ਆ ਰਹੀ ‘ਪੰਥਕ ਪਾਰਟੀ’ ਲਈ ਡਰਾਉਣਾ ਬਣਦਾ ਜਾ ਰਿਹਾ ਹੈ। ਪੰਥਕ ਧਿਰਾਂ ਵੱਲੋਂ ਬਰਗਾੜੀ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲਾਇਆ ਮੋਰਚਾ ਭਾਵੇਂ ਕਿਸੇ ਪਾਰਟੀ ਨੂੰ ਫਾਇਦਾ ਦੇਵੇ ਜਾਂ ਨਾ ਪਰ ਅਕਾਲੀਆਂ ਦੀ ਸਿਆਸੀ ਬੇੜੀ ਵਿੱਚ ਵੱਟੇ ਪਾਉਣ ਦਾ ਕੰਮ ਜ਼ਰੂਰ ਕਰਦਾ ਦਿਸਦਾ ਹੈ।
ਦੇਖਿਆ ਜਾਵੇ ਤਾਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਮੁੱਦਾ ਅਕਾਲੀਆਂ ਦੀ ਡਾਵਾਂਡੋਲ ਕਿਸ਼ਤੀ ਮੂਹਰੇ ਤੂਫਾਨ ਬਣਿਆ ਖੜ੍ਹਾ ਹੈ। ਸਾਲ 2019 ਵਿੱਚ ਛੇਆਂ ਕੁ ਮਹੀਨਿਆਂ ਤੱਕ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਤੇ ਵੀ ਇਸ ਦਾ ਸਪੱਸ਼ਟ ਅਸਰ ਪੈਂਦਾ ਦਿਖਾਈ ਦਿੰਦਾ ਹੈ। ਅਕਾਲੀ ਸਿਆਸਤ ‘ਤੇ ਪੈਦਾ ਹੋਏ ਤਾਜ਼ਾ ਹਾਲਾਤ ਨਾਲ ਸਿੱਝਣ ਲਈ ਬਾਦਲਾਂ ਦੀ ਕੋਈ ਠੋਸ ਰਣਨੀਤੀ ਨਜ਼ਰ ਨਹੀਂ ਆਉਂਦੀ। ਪੰਜਾਬ ਦੇ ਮਾਲਵਾ ਖਿੱਤੇ ਦੇ ਇਨ੍ਹਾਂ ਜ਼ਿਲ੍ਹਿਆਂ ‘ਤੇ ਬਾਦਲਾਂ ਦਾ ਪ੍ਰਭਾਵ ਰਿਹਾ ਹੈ। ਪਿੰਡ ਬਰਗਾੜੀ, ਜਿਸ ਸੰਸਦੀ ਹਲਕੇ ਵਿਚ ਪੈਂਦਾ ਹੈ, ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਿੰਨ ਸੰਸਦ ਮੈਂਬਰ ਵਜੋਂ ਨੁਮਾਇੰਦਗੀ ਕਰ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਆਉਣ ਤੋਂ ਬਾਅਦ ਛੋਟੇ ਬਾਦਲ ਦੀ ਕਾਰਜਪ੍ਰਣਾਲੀ ‘ਤੇ ਪਾਰਟੀ ਦੀਆਂ ਮੀਟਿੰਗਾਂ ਦੌਰਾਨ ਤਾਂ ਸੀਨੀਅਰ ਆਗੂਆਂ ਵੱਲੋਂ ਕਈ ਵਾਰੀ ਸਵਾਲ ਖੜ੍ਹੇ ਕੀਤੇ ਜਾਂਦੇ ਰਹਿੰਦੇ ਸਨ ਪਰ ਖੁੱਲ੍ਹੀ ਬਗਾਵਤ ਵਾਲੀ ਸਥਿਤੀ ਅਕਾਲੀ ਦਲ ਦੇ ਸੱਤਾਹੀਣ ਹੋਣ ਤੋਂ ਬਾਅਦ ਆਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਇੱਕ ਆਗੂ ਨੇ ਪੁਰਾਣੀ ਅਤੇ ਨਵੀਂ ਪੀੜ੍ਹੀ ਵਿੱਚ ਅੰਤਰ ਸਪੱਸ਼ਟ ਕਰਦਿਆਂ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਟੀਮ ਵਿਚ ਕਿਸੇ ਸਮੇਂ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਆਦਿ ਅਕਾਲੀ ਨੇਤਾ ਮੰਨੇ ਜਾਂਦੇ ਸਨ ਜਦੋਂ ਕਿ ਸੁਖਬੀਰ ਸਿੰਘ ਬਾਦਲ ਦੇ ਨੇੜਲਿਆਂ ਵਿੱਚ ਰੋਜ਼ੀ, ਬੰਟੀ, ਡਿੰਪੀ, ਲੱਖੀ, ਨੋਨੀ ਆਦਿ ‘ਨੇਤਾਵਾਂ’ ਦਾ ਨਾਮ ਜ਼ਿਕਰਯੋਗ ਹੈ।