ਕਾਂਗਰਸ ਨੂੰ ਰਗੜੇ ਲਾਉਂਦਿਆਂ ਬਾਦਲ ਨੇ ਪਾਣੀਆਂ ਦੀ ਲੜਾਈ ਵਿੱਢਣ ਦਾ ਦਿੱਤਾ ਸੰਕੇਤ

ਕਾਂਗਰਸ ਨੂੰ ਰਗੜੇ ਲਾਉਂਦਿਆਂ ਬਾਦਲ ਨੇ ਪਾਣੀਆਂ ਦੀ ਲੜਾਈ ਵਿੱਢਣ ਦਾ ਦਿੱਤਾ ਸੰਕੇਤ

ਕੈਪਸ਼ਨ-ਪਿੰਡ ਲਾਲਬਾਈ ਵਿੱਚ ਸੰਬੋਧਨ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ।  
ਲੰਬੀ/ਬਿਊਰੋ ਨਿਊਜ਼ :
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਛੇਤੀ ਹੀ ਪੰਜਾਬ ਦੇ ਪਾਣੀਆਂ ਲਈ ਵੱਡੀ ਲੜਾਈ ਵਿੱਢਣ ਦੇ ਸੰਕੇਤ ਦਿੱਤੇ ਅਤੇ ਕਾਂਗਰਸ ਨੂੰ ਰਗੜੇ ਲਾਏ। ਉਨ੍ਹਾਂ ਲੰਬੀ ਹਲਕੇ ਵਿੱਚ ਵੱਡੀ ਜਿੱਤ ਲਈ ਧੰਨਵਾਦੀ ਦੌਰੇ ਤਹਿਤ ਵਰਕਰਾਂ ਨਾਲ ਗੱਲਬਾਤ ਕੀਤੀ।
ਸ੍ਰੀ ਬਾਦਲ ਨੇ ਅੱਜ ਪਿੰਡ ਬਾਦਲ ਤੋਂ ਧੰਨਵਾਦੀ ਦੌਰੇ ਦਾ ਆਗਾਜ਼ ਕਰਦਿਆਂ ਧੌਲਾ, ਚੰਨੂ, ਲਾਲਬਾਈ, ਲੰਬੀ, ਗੱਗੜ ਸਮੇਤ 13 ਪਿੰਡਾਂ ਦੇ ਗੁਰਦੁਆਰਿਆਂ ਵਿੱਚ ਧੰਨਵਾਦੀ ਜਲਸੇ ਕੀਤੇ। ਇਸ ਮੌਕੇ ਉਨ੍ਹਾਂ ਅਕਾਲੀ ਸਰਕਾਰ ਨੂੰ ‘ਚੰਗੀ ਸਬਜ਼ੀ’ ਅਤੇ ਕਾਂਗਰਸ ਸਰਕਾਰ ਨੂੰ ‘ਚਟਣ’ ਕਰਾਰ ਦਿੱਤਾ ਅਤੇ ਕਿਹਾ ”ਤੁਸੀਂ ਪੰਜ ਸਾਲ ਲੰਘਾ ਲਓ, ਫਿਰ 25 ਸਾਲ ਆਪਣਾ ਹੀ ਰਾਜ ਰਹਿਣਾ ਹੈ।” ਉਨ੍ਹਾਂ ਆਖਿਆ ਕਿ ਭਾਵੇਂ ਅਮਰਿੰਦਰ ਸਰਕਾਰ ਕੋਲ ਸੀਟਾਂ ਪੱਖੋਂ ਬਹੁਮਤ ਹੈ ਪਰ ਉਨ੍ਹਾਂ ਨੂੰ ਸਿਰਫ਼ 38.5 ਫ਼ੀਸਦੀ ਲੋਕਾਂ ਨੇ ਹੀ ਪਸੰਦ ਕੀਤਾ ਹੈ। ਪੰਜਾਬ ਵਿੱਚ 57-58 ਫ਼ੀਸਦੀ ਲੋਕ ਕਾਂਗਰਸ ਖ਼ਿਲਾਫ਼ ਭੁਗਤੇ ਹਨ। ਸ੍ਰੀ ਬਾਦਲ ਨੇ ਅਮਰਿੰਦਰ ਸਰਕਾਰ ਪ੍ਰਤੀ ਦਬਾਅ ਵਾਲਾ ਲਹਿਜ਼ਾ ਵਰਤਦਿਆਂ ਕਿਹਾ ”ਕੇਂਦਰ ਵਿੱਚ ਸਾਡੀ ਭਾਈਵਾਲੀ ਵਾਲੀ ਨਰਿੰਦਰ ਮੋਦੀ ਸਰਕਾਰ ਹੈ। ਹਰਸਿਮਰਤ ਕੌਰ ਕੇਂਦਰੀ ਵਜ਼ਾਰਤ ਵਿੱਚ ਮੰਤਰੀ ਐ, ਅਸੀਂ ਹਰ ਪੱਖੋਂ ਕਾਂਗਰਸ ਨਾਲੋਂ ਤਕੜੇ ਹਾਂ।” ਉਨ੍ਹਾਂ ਪੰਜਾਬ ਦੀ ਸਮੁੱਚੀ ਅਫ਼ਸਰਸ਼ਾਹੀ ਨਾਲ ਨੇੜਤਾ ਦਰਸਾਉਂਦਿਆਂ ਕਿਹਾ ”ਮੈਂ ਬੀਤੇ 20 ਸਾਲਾਂ ‘ਚੋਂ 15 ਸਾਲ ਮੁੱਖ ਮੰਤਰੀ ਰਿਹਾ ਹਾਂ, ਅਫ਼ਸਰ ਅਮਰਿੰਦਰ ਸਿੰਘ ਨਾਲੋਂ ਮੇਰੀ ਗੱਲ ਵੱਧ ਮੰਨਦੇ ਹਨ।”
ਉਨ੍ਹਾਂ ਵਰਕਰਾਂ ਨੂੰ ਪਾਣੀਆਂ ਦੀ ਲੜਾਈ ਲਈ ਕਸਰਕੱਸੇ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਂਗਰਸ ਪੰਜਾਬ ਦਾ ਨੁਕਸਾਨ ਕਰਨ ਵਾਲੀ ਪਾਰਟੀ ਹੈ ਅਤੇ ਅਕਾਲੀ ਦਲ ਨੇ ਪੰਜਾਬ ਦੀ ਲੜਾਈ ਲੜੀ ਹੈ। ਪੱਤਰਕਾਰਾਂ ਵੱਲੋਂ 2-3 ਮਹੀਨੇ ਵਿੱਚ ਪਾਣੀਆਂ ਦੀ ਵੱਡੀ ਲੜਾਈ ਵਿੱਢਣ ਦਾ ਕਾਰਨ ਪੁੱਛਣ ‘ਤੇ ਸਾਬਕਾ ਮੁੱਖ ਮੰਤਰੀ ਨੂੰ ਕਿਹਾ ਕਿ ਇਹ ਪੰਜਾਬ ਦਾ ਵੱਡਾ ਮਸਲਾ ਹੈ। ਜਦੋਂ ਸੁਪਰੀਮ ਕੋਰਟ ਵੱਲੋਂ ਨਹਿਰ ਉਸਾਰੀ ਦੇ ਨਿਰਦੇਸ਼ਾਂ ਵੱਲ ਸ੍ਰੀ ਬਾਦਲ ਦਾ ਧਿਆਨ ਦਿਵਾਇਆ ਤਾਂ ਉਨ੍ਹਾਂ ਕਿਹਾ ”ਅਸੀਂ ਤਾਂ ਡਟਾਂਗੇ ਜੀ।” ਸਾਬਕਾ ਮੁੱਖ ਮੰਤਰੀ ਨੇ ਨਵੀਂ ਕਾਂਗਰਸ ਸਰਕਾਰ ‘ਤੇ ਅਗਾਊਂ ਹਮਲਾ ਕਰਦਿਆਂ ਕਿਹਾ ਕਿ ਆਉਂਦੇ ਸਾਰ ਅਮਰਿੰਦਰ ਸਿੰਘ ਪੰਜਾਬ ਦਾ ਖ਼ਜ਼ਾਨਾ ਖਾਲੀ ਹੋਣ ਦਾ ਬਹਾਨਾ ਲਾਉਣਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਕਾਲੀ ਸਰਕਾਰ ਖ਼ਜ਼ਾਨੇ ਵਿੱਚ ਕਿੰਨਾ ਫੰਡ ਛੱਡ ਕੇ ਗਈ ਹੈ ਤਾਂ ਉਨ੍ਹਾਂ ਢੁਕਵਾਂ ਜਵਾਬ ਨਹੀਂ ਦਿੱਤਾ।