ਨਿਹੰਗ ਸਿੰਘਾਂ 'ਤੇ ਬਣਾਏ ਸਭ ਝੂਠੇ ਕੇਸ ਖ਼ਤਮ ਕਰਕੇ ਬੀਬੀਆਂ ਸਮੇਤ ਸਭ ਨੂੰ ਫੌਰੀ ਰਿਹਾਅ ਕੀਤਾ ਜਾਵੇ: ਮਾਨ

ਨਿਹੰਗ ਸਿੰਘਾਂ 'ਤੇ ਬਣਾਏ ਸਭ ਝੂਠੇ ਕੇਸ ਖ਼ਤਮ ਕਰਕੇ ਬੀਬੀਆਂ ਸਮੇਤ ਸਭ ਨੂੰ ਫੌਰੀ ਰਿਹਾਅ ਕੀਤਾ ਜਾਵੇ: ਮਾਨ

ਫ਼ਤਹਿਗੜ੍ਹ ਸਾਹਿਬ: “ਜੋ ਬੀਤੇ 2 ਦਿਨ ਪਹਿਲੇ ਪਟਿਆਲੇ ਵਿਖੇ ਨਿਹੰਗ ਸਿੰਘ-ਪੁਲਿਸ ਵਿਚਕਾਰ ਹੋਈ ਘਟਨਾ ਅਚਾਨਕ ਵਾਪਰੀ ਹੈ । ਪਰ ਜਿਸ ਤਰੀਕੇ ਪੰਜਾਬ ਸਰਕਾਰ ਨੇ ਇਸ ਮੰਦਭਾਗੀ ਘਟਨਾ ਨੂੰ ਪੰਜਾਬ ਪੁਲਿਸ ਬਨਾਮ ਸਿੱਖ ਕੌਮ ਕਰਾਰ ਦੇ ਕੇ ਸੰਬੰਧਤ ਨਿਹੰਗ ਸਿੰਘਾਂ ਅਤੇ ਛੇਵੀਂ ਪਾਤਸ਼ਾਹੀ ਦੇ ਗੁਰੂਘਰ ਨੂੰ ਬਦਲੇ ਦੀ ਭਾਵਨਾ ਨਾਲ ਵੱਡੀ ਫੋਰਸ ਨਾਲ ਲੈਦੇ ਹੋਏ ਘੇਰਕੇ ਸਾਡੀਆਂ 2 ਨਿਰਦੋਸ਼ ਬੀਬੀਆਂ ਅਤੇ 7 ਹੋਰ ਬੇਕਸੂਰ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਵੈਹਸੀਆਨਾ ਤਰੀਕੇ ਨਾਲ ਤਸੱਦਦ ਕਰਕੇ ਨੰਗੇ ਸਿਰਾਂ ਅਤੇ ਨੰਗੇ ਪੈਰਾਂ ਤੋਂ ਅਦਾਲਤ ਵਿਚ ਪੇਸ਼ ਕੀਤੇ ਹਨ, ਉਹ ਤਾਂ ਪਹਿਲੇ ਨਾਲੋ ਵਾਪਰੀ ਘਟਨਾ ਤੋਂ ਵੀ ਵੱਡੀ ਜ਼ਾਲਲਤ ਭਰੀ ਕਾਰਵਾਈ ਹੈ । ਉਸ ਸੰਬੰਧੀ ਦੇਸ਼-ਵਿਦੇਸ਼ਾਂ ਵਿਚ ਸਿੱਖ ਕੌਮ ਦੇ ਮਨ-ਆਤਮਾ ਵਿਚ ਪੰਜਾਬ ਸਰਕਾਰ ਦੀ ਬਦਲੇ ਦੀ ਕਾਰਵਾਈ ਨੂੰ ਲੈਕੇ ਬਹੁਤ ਵੱਡੇ ਰੋਹ ਉੱਠਣ ਦੀ ਗੱਲ ਸਾਹਮਣੇ ਆ ਰਹੀ ਹੈ । ਜਦੋਂਕਿ ਪੁਲਿਸ ਨੇ ਅਜਿਹੇ ਬਦਲੇ ਦੀ ਭਾਵਨਾ ਨਾਲ ਬਿਲਕੁਲ ਅਮਲ ਨਹੀਂ ਸੀ ਕਰਨਾ ਚਾਹੀਦਾ । ਇਹ ਅਚਨਚੇਤ ਵਾਪਰੀ ਘਟਨਾ ਦੀ ਬਦੌਲਤ ਇਹ ਮੁੱਦਾ ਸਿੱਖ ਕੌਮ ਬਨਾਮ ਪੰਜਾਬ ਸਰਕਾਰ ਦਾ ਨਾ ਬਣੇ, ਉਸ ਲਈ ਜ਼ਰੂਰੀ ਹੈ ਕਿ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਸਮੁੱਚੀ ਸਿੱਖ ਕੌਮ ਜੋ ਕਰੋਨਾ ਦੀ ਵੱਡੀ ਮਹਾਮਾਰੀ ਨਾਲ ਜੂਝ ਰਹੀ ਹੈ, ਉਸ ਵੱਡੇ ਮਨੁੱਖਤਾ ਪੱਖੀ ਮਿਸ਼ਨ ਤੋਂ ਪਾਸੇ ਹੋ ਕੇ ਇਹ ਗੰਭੀਰ ਮੁੱਦਾ ਹੋਰ ਹੀ ਰੂਪ ਨਾ ਧਾਰ ਲਵੇ, ਤਾਂ ਬਿਹਤਰ ਹੋਵੇਗਾ ਕਿ ਪੰਜਾਬ ਸਰਕਾਰ ਫੌਰੀ ਬਾਬਾ ਬਲਵਿੰਦਰ ਸਿੰਘ, ਸਮੇਤ ਸਭਨਾਂ 11 ਗ੍ਰਿਫ਼ਤਾਰ ਕੀਤੇ ਗਏ ਨਿਹੰਗ ਸਿੰਘਾਂ ਅਤੇ ਬੀਬੀਆਂ ਉਤੇ ਬਣਾਏ ਕੇਸ ਵਾਪਿਸ ਲੈਦੇ ਹੋਏ ਰਿਹਾਅ ਕਰਨ ਦੇ ਹੁਕਮ ਕਰੇ । ਤਾਂ ਕਿ ਮਹਾਮਾਰੀ ਨਾਲ ਜੂਝ ਰਹੇ ਪੰਜਾਬ ਨਿਵਾਸੀਆ ਨੂੰ ਇਕ ਹੋਰ ਵੱਡੀ ਦੁਸਵਾਰੀ ਵਿਚ ਧਕੇਲਣ ਤੋਂ ਬਚਾਇਆ ਜਾ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਥੇ ਸਿੱਖ ਕੌਮ ਦੇ ਮਨਾਂ ਵਿਚ ਉੱਠੇ ਰੋਸ਼ ਨੂੰ ਭਾਂਪਦਿਆ ਹੋਇਆ ਅਤੇ ਪੰਜਾਬ ਸੂਬੇ ਦੀ ਸਥਿਤੀ ਨੂੰ ਅਮਨਮਈ ਰੱਖਣ ਹਿੱਤ ਪੰਜਾਬ ਸਰਕਾਰ ਨੂੰ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਸਮੁੱਚੇ ਨਿਹੰਗ ਸਿੰਘਾਂ ਤੇ ਬੀਬੀਆਂ ਉਤੇ ਮੰਦਭਾਵਨਾ ਅਧੀਨ ਬਣਾਏ ਗਏ ਝੂਠੇ ਕੇਸਾਂ ਨੂੰ ਵਾਪਿਸ ਲੈਦੇ ਹੋਏ ਫੌਰੀ ਰਿਹਾਅ ਕਰਨ ਦੀ ਸੰਜ਼ੀਦਾ ਗੁਜ਼ਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਹੁਣ ਸਮੁੱਚਾ ਇੰਡੀਆਂ ਅਤੇ ਪੰਜਾਬ ਨਿਵਾਸੀ ਕਰੋਨਾ ਮਹਾਮਾਰੀ ਦੇ ਖਾਤਮੇ ਲਈ ਅਤੇ ਇਸ ਉਤੇ ਪੂਰਨ ਫ਼ਤਹਿ ਪ੍ਰਾਪਤ ਕਰਨ ਲਈ ਸਮੂਹਿਕ ਰੂਪ ਵਿਚ ਸੰਜ਼ੀਦਗੀ ਨਾਲ ਜਿ਼ੰਮੇਵਾਰੀਆਂ ਪੂਰਨ ਕਰ ਰਹੇ ਹਨ, ਉਸ ਸਮੇਂ ਇੰਡੀਆਂ ਦੇ ਹੁਕਮਰਾਨਾਂ ਵੱਲੋਂ ਕਦੀ ਜਮਾਤੀ ਇਸਲਾਮਿਕ ਲੀਡਰ ਮੌਲਾਨਾ ਸਾਦ ਉਤੇ ਕਰੋਨਾ ਫੈਲਾਉਣ ਲਈ ਝੂਠਾ ਕੇਸ ਦਰਜ ਕਰਕੇ ਘੱਟ ਗਿਣਤੀ ਮੁਸ਼ਲਿਮ ਕੌਮ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ, ਕਦੀ ਪਟਿਆਲੇ ਵਰਗੀਆਂ ਵਾਪਰੀਆ ਅਚਾਨਕ ਘਟਨਾਵਾ, ਰਾਗੀ ਸ. ਨਿਰਮਲ ਸਿੰਘ ਅਤੇ ਬਾਹਰੋ ਆਉਣ ਵਾਲੇ ਪੰਜਾਬ ਦੇ ਸਿੱਖਾਂ ਨੂੰ ਮੁੱਖ ਰੱਖਕੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਅਤੇ ਕਦੇ ਦੁੱਧ ਵੇਚਕੇ ਗੁਜਾਰਾ ਕਰਨ ਵਾਲੇ ਗੁੱਜਰ ਵਰਗ ਨੂੰ । ਜਿਸ ਤੋਂ ਸਾਫ਼ ਜਾਹਰ ਹੋ ਰਿਹਾ ਹੈ ਕਿ ਮੋਦੀ-ਸ਼ਾਹ ਦੀ ਫਿਰਕੂ ਜੋੜੀ ਬੀਜੇਪੀ-ਆਰ.ਐਸ.ਐਸ. ਕਰੋਨਾ ਮਹਾਮਾਰੀ ਦੀ ਆੜ ਵਿਚ ਘੱਟ ਗਿਣਤੀ ਮੁਸਲਿਮ, ਸਿੱਖ, ਮੂਲਨਿਵਾਸੀਆ, ਰੰਘਰੇਟਿਆ, ਆਦਿਵਾਸੀਆ, ਕਬੀਲਿਆ ਨੂੰ ਕੁੱਚਲਣ ਵਾਲੀਆ ਮਨੁੱਖਤਾ ਵਿਰੋਧੀ ਸਾਜਿ਼ਸਾਂ ਤੇ ਕੰਮ ਕਰ ਰਹੇ ਹਨ । ਇਹ ਅਤਿ ਗੰਭੀਰ ਸਮਾਂ ਅਜਿਹੀਆ ਸਾਜਿ਼ਸਾਂ ਨੂੰ ਨੇਪਰੇ ਚਾੜਕੇ ਵੱਖ-ਵੱਖ ਕੌਮਾਂ ਤੇ ਧਰਮਾਂ ਵਿਚ ਨਫ਼ਰਤ ਪੈਦਾ ਕਰਨ ਦਾ ਨਹੀਂ, ਬਲਕਿ ਹਰ ਤਰ੍ਹਾਂ ਦੇ ਊਚ-ਨੀਚ, ਅਮੀਰ-ਗਰੀਬ, ਜਾਤ-ਪਾਤ ਆਦਿ ਸਭ ਤਰ੍ਹਾਂ ਦੇ ਵਖਰੇਵਿਆ ਦਾ ਤਿਆਗ ਕਰਕੇ ਸੰਜ਼ੀਦਗੀ ਨਾਲ ਮਨੁੱਖੀ ਜਾਨਾਂ ਨੂੰ ਮੌਤ ਦੇ ਮੂੰਹ ਵਿਚ ਬਚਾਉਣ ਦਾ ਹੈ ਅਤੇ ਜੋ ਫਰੰਟ ਲਾਈਨ ਦੇ ਜਰਨੈਲ ਡਾਕਟਰ, ਨਰਸਾਂ, ਫਰਮਾਸਿਸਟ, ਸਫ਼ਾਈ ਸੇਵਕਾਂ ਅਤੇ ਹੋਰ ਵਰਗ ਜੋ ਮੋਹਰੀ ਹੋ ਕੇ ਲੰਗਰ-ਪਾਣੀ, ਦਵਾਈਆ, ਬਚਾਓ ਕਿੱਟਾ, ਮਾਸਕ ਆਦਿ ਦਾ ਪ੍ਰਬੰਧ ਕਰ ਰਹੇ ਹਨ ਉਨ੍ਹਾਂ ਨੂੰ ਸਹਿਯੋਗ ਅਤੇ ਪੂਰਨ ਰੂਪ ਵਿਚ ਸਤਿਕਾਰ ਦੇਣ ਦਾ ਹੈ, ਨਾ ਕਿ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਦਾ। 

ਸ. ਮਾਨ ਨੇ ਜਮਾਤ-ਏ-ਇਸਲਾਮ ਦੇ ਮੁੱਖੀ ਮੌਲਾਨਾ ਸਾਦ ਉਤੇ ਅਤੇ ਪੰਜਾਬ ਵਿਚ ਪੱਤਰਕਾਰਾਂ, ਨਿਹੰਗ ਸਿੰਘਾਂ ਜਾਂ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਵਾਲੇ ਨੌਜ਼ਵਾਨਾਂ ਉਤੇ ਜੋ ਝੂਠੇ ਕੇਸ ਬਣਾਕੇ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਨੂੰ ਵੀ ਤੁਰੰਤ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੀ ਮੰਗ ਵੀ ਕੀਤੀ ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।