‘ਸਿਟੀ ਸਿੱਖਸ’ ਸੰਸਥਾ ਦੇ ਬਾਨੀ ਚੇਅਰਮੈਨ ਜਸਵੀਰ ਸਿੰਘ ‘ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ’ ਨਾਲ ਸਨਮਾਨਤ

‘ਸਿਟੀ ਸਿੱਖਸ’ ਸੰਸਥਾ ਦੇ ਬਾਨੀ ਚੇਅਰਮੈਨ ਜਸਵੀਰ ਸਿੰਘ ‘ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ’ ਨਾਲ ਸਨਮਾਨਤ

ਬਰਿੰਦਰ ਸਿੰਘ ਮਾਹੋਂ ਤੇ ਡਿਟੈਕਟਿਵ ਸਾਰਜੈਂਟ ਸਰਬਜੀਤ ਕੌਰ ਵੀ ਸਨਮਾਨ ਲੈਣ ਵਾਲਿਆਂ ‘ਚ ਸ਼ਾਮਲ
ਲੰਡਨ/ਬਿਊਰੋ ਨਿਊਜ਼ :
ਇੱਥੇ ਬਕਿੰਘਮ ਪੈਲੇਸ ਵਿੱਚ ਹੋਏ ਸਮਾਰੋਹ ਦੌਰਾਨ ਬਰਤਾਨਵੀ ਸਿੱਖ ਵਕੀਲ ਨੇ ਆਪਣੇ ਭਾਈਚਾਰੇ ਦੀਆਂ ਸੇਵਾਵਾਂ ਲਈ ਸ਼ਹਿਜ਼ਾਦਾ ਵਿਲੀਅਮ ਪਾਸੋਂ ‘ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ’ (ਓਬੀਈ) ਹਾਸਲ ਕੀਤਾ।
‘ਸਿਟੀ ਸਿੱਖਸ’ ਸੰਸਥਾ ਦੇ ਬਾਨੀ ਚੇਅਰਮੈਨ ਜਸਵੀਰ ਸਿੰਘ ਨੇ ਸ਼ਹਿਜ਼ਾਦਾ ਵਿਲੀਅਮ ਤੋਂ ‘ਆਫਿਸਰ ਆਫ ਦਿ ਮੋਸਟ ਐਕਸੀਲੈਂਟ ਓਬੀਈ’ ਹਾਸਲ ਕੀਤਾ। ਬਰਤਾਨਵੀ ਰਾਜਗੱਦੀ ਦੇ ਦਾਅਵੇਦਾਰਾਂ ਦੀ ਦੂਜੀ ਕਤਾਰ ਵਿੱਚ ਸ਼ਾਮਲ ਸ਼ਹਿਜ਼ਾਦਾ ਵਿਲੀਅਮ ਅਕਸਰ ਸਨਮਾਨ ਸਮਾਰੋਹਾਂ ਵਿੱਚ ਮਹਾਰਾਣੀ ਐਲਿਜ਼ਾਬੈੱਥ ਦੀ ਥਾਂ ਨਜ਼ਰ ਆਉਂਦੇ ਹਨ। ਪਿਛਲੇ ਹਫ਼ਤੇ ਹੋਏ ਸਮਾਰੋਹ ਮਗਰੋਂ ਜਸਵੀਰ ਸਿੰਘ ਨੇ ਇਕ ਬਿਆਨ ਵਿੱਚ ਕਿਹਾ ਕਿ ”ਇਹ ਮਸਕੀਨ ਤਜਰਬਾ ਸੀ। ਮੈਂ ਵਿਗਿਆਨੀਆਂ, ਕਲਾਕਾਰਾਂ, ਪੈਰਾਲੰਪੀਅਨਾਂ ਅਤੇ ਹਥਿਆਰਬੰਦ ਦਸਤਿਆਂ ਤੇ ਪੁਲੀਸ ਦੇ ਕਈ ਮੈਂਬਰਾਂ ਨੂੰ ਮਿਲਿਆ। ਇਸ ਦੌਰਾਨ ਉਨ•ਾਂ ਦੀਆਂ ਬੇਮਿਸਾਲ ਉਪਲੱਬਧੀਆਂ ਪਤਾ ਲੱਗੀਆਂ।” ਸਮਾਰੋਹ ਦੌਰਾਨ ਸਨਮਾਨ ਪ੍ਰਾਪਤ ਕਰਨ ਵਾਲੇ ਹੋਰ ਬਰਤਾਨਵੀ ਸਿੱਖਾਂ ਵਿੱਚ ਬਰਿੰਦਰ ਸਿੰਘ ਮਾਹੋਂ ਸ਼ਾਮਲ ਹੈ। ਉਸ ਨੂੰ ਸਿੱਖਿਆ ਵਿੱਚ ਯੋਗਦਾਨ ਬਦਲੇ ‘ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ’ ਦਿੱਤਾ ਗਿਆ। ਮਰਸੀਸਾਈਡ ਪੁਲੀਸ ਦੀ ਡਿਟੈਕਟਿਵ ਸਾਰਜੈਂਟ ਸਰਬਜੀਤ ਕੌਰ ਨੂੰ ਪੁਲੀਸਿੰਗ ਸੇਵਾਵਾਂ ਲਈ ‘ਮੈਂਬਰ ਆਫ ਦਿ ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ’ ਦਿੱਤਾ ਗਿਆ।