ਅਣਸੁਲਝੀ 13 ਦਸੰਬਰ ਦੇ 13 ਸਵਾਲ: ਜਦੋਂ ਭਾਰਤ ਦੀ ਪਾਰਲੀਮੈਂਟ ਹਮਲੇ ਨਾਲ ਹਿੱਲੀ ਸੀ

ਅਣਸੁਲਝੀ 13 ਦਸੰਬਰ ਦੇ 13 ਸਵਾਲ: ਜਦੋਂ ਭਾਰਤ ਦੀ ਪਾਰਲੀਮੈਂਟ ਹਮਲੇ ਨਾਲ ਹਿੱਲੀ ਸੀ

(ਭਾਰਤ ਦੀ ਪਾਰਲੀਮੈਂਟ 'ਤੇ ਸਾਲ 2001 ਵਿਚ ਹੋਇਆ ਹਮਲਾ ਹਮੇਸ਼ਾ ਹੀ ਸਵਾਲਾਂ ਦੇ ਘੇਰੇ 'ਚ ਰਿਹਾ ਹੈ। ਹਮਲਾ, ਹਮਲੇ ਦੀ ਜਾਂਚ, ਹਮਲੇ ਦੇ ਦੋਸ਼ 'ਚ ਅਫਜ਼ਲ ਗੁਰੂ ਦੀ ਫਾਂਸੀ ਦੇ ਸਵਾਲ ਅੱਜ ਤੱਕ ਅਣਸੁਲਝੇ ਹੀ ਹਨ। ਅਜਿਹੇ ਵਿਚ ਹੁਣ ਪਿਛਲੇ ਹਫਤੇ ਜੰਮੂ ਕਸ਼ਮੀਰ ਪੁਲਸ ਦੇ ਡੀਐਸਪੀ ਦਵਿੰਦਰ ਸਿੰਘ ਦੀ ਕਸ਼ਮੀਰੀ ਖਾੜਕੂਆਂ ਨਾਲ ਗ੍ਰਿਫਤਾਰੀ ਨੇ ਇਹ ਸਵਾਲ ਮੁੜ ਚਰਚਾ 'ਚ ਲੈ ਆਂਦੇ ਹਨ। ਦਰਅਸਲ ਡੀਐਸਪੀ ਦਵਿੰਦਰ ਸਿੰਘ ਬਾਰੇ ਪਾਰਲੀਮੈਂਟ ਹਮਲੇ ਦੇ ਦੋਸ਼ 'ਚ ਫਾਂਸੀ ਚੜ੍ਹਾਏ ਗਏ ਕਸ਼ਮੀਰੀ ਅਫਜ਼ਲ ਗੁਰੂ ਨੇ ਆਪਣੇ ਵਕੀਲ ਨੂੰ ਲਿਖੀ ਚਿੱਠੀ 'ਚ ਕਿਹਾ ਸੀ ਕਿ ਦਵਿੰਦਰ ਸਿੰਘ ਨੇ ਹੀ ਹਮਲੇ 'ਚ ਸ਼ਾਮਲ ਇਕ ਸਖਸ਼ ਨੂੰ ਦਿੱਲੀ ਪਹੁੰਚਾਉਣ ਦੀ ਉਸਨੂੰ ਜ਼ਿੰਮੇਵਾਰੀ ਦਿੱਤੀ ਸੀ। ਪਰ ਉਸ ਸਮੇਂ ਦਵਿੰਦਰ ਸਿੰਘ ਬਾਰੇ ਕੋਈ ਜਾਂਚ ਨਹੀਂ ਕੀਤੀ ਗਈ ਤੇ ਮਹਿਜ਼ ਭਾਰਤ ਦੇ ਲੋਕਾਂ ਦੀ ਭਾਵਨਾਵਾਂ ਨੂੰ ਖੁਸ਼ ਕਰਨ ਲਈ ਸਬੂਤਾਂ ਦੀ ਅਣਹੋਂਦ ਦੇ ਬਾਵਜੂਦ ਅਫਜ਼ਲ ਗੁਰੂ ਨੂੰ ਚੁੱਪ ਚਪੀਤੇ ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਫਾਂਸੀ ਦੇ ਕੇ ਮਾਰ ਦਿੱਤਾ ਗਿਆ ਸੀ।

ਪਾਰਲੀਮੈਂਟ ਹਮਲੇ ਬਾਰੇ ਸਾਲ 2006 'ਚ ਵਿਸ਼ਵ ਪ੍ਰਸਿੱਧ ਲੇਖਕਾ ਅਰੁੰਧਤੀ ਰਾਏ ਨੇ ਕੁੱਝ ਸਵਾਲ ਖੜ੍ਹੇ ਕੀਤੇ ਸਨ, ਅਸੀਂ ਉਹਨਾਂ ਸਵਾਲਾਂ ਦਾ ਪੰਜਾਬੀ ਤਰਜ਼ਮਾ ਆਪਣੇ ਪਾਠਕਾਂ ਲਈ ਹੇਠ ਛਾਪ ਰਹੇ ਹਾਂ। )

ਡੀਐਸਪੀ ਦਵਿੰਦਰ ਸਿੰਘ ਦੀ ਗ੍ਰਿਫਤਾਰੀ ਦੀ ਪੂਰੀ ਖਬਰ ਤੁਸੀਂ ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹ ਸਕਦੇ ਹੋ:
ਖਾੜਕੂਆਂ ਨਾਲ ਗ੍ਰਿਫਤਾਰ ਕੀਤਾ ਡੀਐਸਪੀ ਹਮੇਸ਼ਾ ਵਿਵਾਦਾਂ ਵਿਚ ਰਿਹਾ

ਸਵਾਲ 1. ਪਾਰਲੀਮੈਂਟ 'ਤੇ ਹਮਲਾ ਹੋਣ ਤੋਂ ਕਈ ਮਹੀਨੇ ਪਹਿਲਾਂ ਹੀ ਸਰਕਾਰ ਅਤੇ ਪੁਲਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਪਾਰਲੀਮੈਂਟ 'ਤੇ ਹਮਲਾ ਹੋ ਸਕਦਾ ਹੈ। 12 ਦਸੰਬਰ, 2001 ਨੂੰ ਇੱਕ ਬੈਠਕ 'ਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਪਾਰਲੀਮੈਂਟ 'ਤੇ ਹਮਲੇ ਬਾਰੇ ਸਤਰਕ ਕੀਤਾ ਸੀ। 13 ਦਸੰਬਰ ਨੂੰ ਪਾਰਲੀਮੈਂਟ 'ਤੇ ਹਮਲਾ ਹੋ ਗਿਆ। ਐਨੀ ਸਤਰਕਤਾ ਤੋਂ ਬਾਅਦ ਵੀ ਬੰਬਾਂ ਨਾਲ ਭਰੀ ਕਾਰ ਪਾਰਲੀਮੈਂਟ ਗਲਿਆਰੇ ਅੰਦਰ ਦਾਖਲ ਕਿਵੇਂ ਹੋ ਗਈ?

ਸਵਾਲ 2. ਹਮਲੇ ਤੋਂ ਕੁਝ ਦਿਨਾਂ ਬਾਅਦ ਹੀ, ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਕਿਹਾ ਕਿ ਇਹ ਹਮਲਾ ਜੈਸ਼-ਏ-ਮੋਹੱਮਦ ਅਤੇ ਲਸ਼ਕਰ-ਏ-ਤੋਇਬਾ ਦਾ ਸਾਂਝਾ ਕੰਮ ਸੀ। ਉਹਨਾਂ ਕਿਹਾ ਕਿ ਇਸ ਹਮਲੇ ਦੀ ਅਗਵਾਈ ਮੋਹੱਮਦ ਨਾਮੀਂ ਆਦਮੀ ਕਰ ਰਿਹਾ ਸੀ ਜੋ 1998 'ਚ ਹਵਾਈ ਜਹਾਜ਼ ਆਈਸੀ-814 ਨੂੰ ਅਗਵਾ ਕਰਨ ਵਿਚ ਵੀ ਸ਼ਾਮਲ ਸੀ। (ਬਾਅਦ ਵਿਚ ਇਸ ਦਾਅਵੇ ਨੂੰ ਸੀਬੀਆਈ ਨੇ ਖਾਰਜ ਕਰ ਦਿੱਤਾ ਸੀ।) ਇਹਨਾਂ ਦਾਅਵਿਆਂ ਵਿਚੋਂ ਕੋਈ ਵੀ ਅਦਾਲਤ ਅੰਦਰ ਸਾਬਤ ਨਹੀਂ ਹੋਇਆ। ਸਪੈਸ਼ਲ ਸੈੱਲ ਕੋਲ ਇਹ ਦਾਅਵਾ ਕਰਨ ਲਈ ਕਿਹੜਾ ਸਬੂਤ ਸੀ?

ਸਵਾਲ 3. ਇਸ ਹਮਲੇ ਦੀ ਸਾਰੀ ਕਾਰਵਾਈ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ ਸੀ। ਕਾਂਗਰਸ ਪਾਰਟੀ ਦੇ ਐਮਪੀ ਕਪਿਲ ਸਿੱਬਲ ਨੇ ਪਾਰਲੀਮੈਂਟ ਵਿਚ ਮੰਗ ਕੀਤੀ ਕਿ ਇਹ ਰਿਕਾਰਡਿੰਗ ਮੈਂਬਰਾਂ ਨੂੰ ਵਿਖਾਈ ਜਾਵੇ। ਇਸ ਗੱਲ ਵਿਚ ਰਾਜ ਸਭਾ ਦੀ ਡਿਪਟੀ ਚੇਅਰਮੈਨ ਨਜ਼ਮਾ ਹਿਪਤੁੱਲ੍ਹਾ ਨੇ ਵੀ ਉਹਨਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਘਟਨਾ ਦੇ ਵੇਰਵਿਆਂ ਬਾਰੇ ਕਾਫੀ ਤੌਖਲੇ ਹਨ। ਕਾਂਗਰਸ ਪਾਰਟੀ ਦੀ ਚੀਫ ਵ੍ਹਿਪ ਪ੍ਰਿਯਾ ਰੰਜਨ ਦਾਸਮੁਨਸ਼ੀ ਨੇ ਕਿਹਾ, "ਮੈਂ ਕਾਰ ਵਿਚੋਂ 6 ਬੰਦਿਆਂ ਨੂੰ ਨਿਕਲਦੇ ਦੇਖਿਆ। ਪਰ ਸਿਰਫ 5 ਲੋਕ ਮਾਰੇ ਗਏ। ਸੀਸੀਟੀਵੀ ਰਿਕਾਰਡਿੰਗ ਵਿਚ ਸਾਫ ਨਜ਼ਰ ਆਉਂਦਾ ਸੀ ਕਿ 6 ਲੋਕ ਸੀ।" ਜੇ ਦਾਸਮੁਨਸ਼ੀ ਸਹੀ ਸੀ, ਤਾਂ ਪੁਲਸ ਨੇ ਇਹ ਕਿਉਂ ਕਿਹਾ ਕਿ ਕਾਰ ਵਿਚ ਸਿਰਫ 5 ਲੋਕ ਸਨ? 6ਵਾਂ ਬੰਦਾ ਕੌਣ ਸੀ? ਉਹ ਹੁਣ ਕਿੱਥੇ ਹੈ? ਸਰਕਾਰੀ ਵਕੀਲ ਨੇ ਮੁਕੱਦਮੇ ਵਿਚ ਸੀਸੀਟੀਵੀ ਰਿਕਾਰਡਿੰਗ ਨੂੰ ਸਬੂਤ ਵਜੋਂ ਪੇਸ਼ ਕਿਉਂ ਨਹੀਂ ਕੀਤਾ? ਇਸ ਨੂੰ ਲੋਕਾਂ ਸਾਹਮਣੇ ਕਿਉਂ ਜਾਰੀ ਨਹੀਂ ਕੀਤਾ ਗਿਆ? 

ਸਵਾਲ 4. ਜਦੋਂ ਇਹ ਸਵਾਲ ਪੁੱਛੇ ਗਏ ਤਾਂ ਪਾਰਲੀਮੈਂਟ ਦੀ ਕਾਰਵਾਈ ਮੁਲਤਵੀ ਕਿਉਂ ਕਰ ਦਿੱਤੀ ਗਈ?

ਸਵਾਲ 5. 13 ਦਸੰਬਰ ਤੋਂ ਕੁੱਝ ਦਿਨਾਂ ਬਾਅਦ, ਸਰਕਾਰ ਨੇ ਐਲਾਨ ਕੀਤਾ ਕਿ ਉਸ ਕੋਲ ਇਸ ਹਮਲੇ 'ਚ ਪਾਕਿਸਤਾਨ ਦੀ ਸ਼ਮੂਲੀਅਤ ਦਾ 'ਪੁਖਤਾ ਸਬੂਤ' ਹੈ, ਅਤੇ ਭਾਰਤ-ਪਾਕਿ ਸਰਹੱਦ 'ਤੇ ਲਗਭਗ 5 ਲੱਖ ਫੌਜੀਆਂ ਦੀ ਵੱਡੀ ਲਾਮਬੰਦੀ ਦਾ ਐਲਾਨ ਕੀਤਾ। ਉੱਪਮਹਾਂਦੀਪ ਨੂੰ ਐਟਮੀ ਜੰਗ ਦੀਆਂ ਬਰੂਹਾਂ 'ਤੇ ਖੜ੍ਹਾ ਕਰ ਦਿੱਤਾ ਗਿਆ। ਅਫਜ਼ਲ ਤੋਂ ਤਸ਼ੱਦਦ ਕਰਕੇ ਹਾਸਲ ਕੀਤੇ 'ਇਕਬਾਲੀਆ ਬਿਆਨ' (ਜਿਸਨੂੰ ਬਾਅਦ ਵਿਚ ਸੁਪਰੀਮ ਕੋਰਟ ਨੇ ਲਾਂਭੇ ਕਰ ਦਿੱਤਾ) ਤੋਂ ਇਲਾਵਾ 'ਪੁਖਤਾ ਸਬੂਤ' ਕਿਹੜਾ ਸੀ?

ਸਵਾਲ 6. ਕੀ ਇਹ ਸੱਚ ਹੈ ਕਿ ਪਾਕਿਸਤਾਨ ਦੀ ਸਰਹੱਦ 'ਤੇ ਫੌਜ ਦੀ ਲਾਮਬੰਦੀ 13 ਦਸੰਬਰ ਦੇ ਹਮਲੇ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ?

ਸਵਾਲ 7. ਫੌਜ ਦੀ ਇਸ ਲਾਮਬੰਦੀ 'ਤੇ ਜਿਹੜੀ ਲਗਭਗ ਸਾਲ ਤੱਕ ਜਾਰੀ ਰਹੀ, ਕਿੰਨ੍ਹਾ ਖਰਚ ਆਇਆ? ਇਸ ਸਾਰੀ ਕਾਰਵਾਈ 'ਚ ਕਿੰਨ੍ਹੇ ਫੌਜੀ ਜਵਾਨ ਮਾਰੇ ਗਏ? ਬਰੂਦੀ ਸਰੁੰਗਾਂ ਕਰਕੇ ਕਿੰਨੇ ਜਵਾਨਾਂ ਅਤੇ ਆਮ ਨਾਗਰਿਕਾਂ ਦੀ ਜਾਨ ਗਈ ਅਤੇ ਪਿੰਡਾਂ ਵਿਚੋਂ ਫੌਜ ਦੇ ਟੈਂਕਾਂ ਤੇ ਟਰੱਕਾਂ ਦੀਆਂ ਕਤਾਰਾਂ ਲੰਘਣ ਅਤੇ ਬਰੂਦੀ ਸੁਰੰਗਾਂ ਵਿਛਾਉਣ ਨਾਲ ਕਿੰਨ੍ਹੇ ਕਿਸਾਨਾਂ ਦੇ ਘਰ ਅਤੇ ਜ਼ਮੀਨਾਂ ਬਰਬਾਦ ਹੋਈਆਂ। 

ਸਵਾਲ 8. ਅਪਰਾਧਕ ਜਾਂਚ ਵਿਚ ਪੁਲਸ ਲਈ ਇਹ ਦਸਣਾ ਜ਼ਰੂਰੀ ਹੁੰਦਾ ਹੈ ਕਿ ਮੌਕਾ ਵਾਰਦਾਤ ਤੋਂ ਹਾਸਲ ਕੀਤੇ ਸਬੂਤ ਉਹਨਾਂ ਨੂੰ ਦੋਸ਼ੀ ਤੱਕ ਕਿਵੇਂ ਲੈ ਕੇ ਗਏ। ਪੁਲਸ ਮੋਹੱਮਦ ਅਫਜ਼ਲ ਤੱਕ ਕਿਵੇਂ ਪਹੁੰਚੀ? ਪੁਲਸ ਦੇ ਸਪੈਸ਼ਲ ਸੈੱਲ ਨੇ ਕਿਹਾ ਕਿ ਐਸਏਆਰ ਗਿਲਾਨੀ (ਪ੍ਰੋਫੈਸਰ) ਰਾਹੀਂ ਉਹ ਅਫਜ਼ਲ ਗੁਰੂ ਤੱਕ ਪਹੁੰਚੇ। ਪਰ ਗਿਲਾਨੀ ਦੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਸ਼੍ਰੀਨਗਰ ਪੁਲਸ ਨੂੰ ਅਫਜ਼ਲ ਨੂੰ ਗ੍ਰਿਫਤਾਰ ਕਰਨ ਦਾ ਸੁਨੇਹਾ ਭੇਜ ਦਿੱਤਾ ਗਿਆ ਸੀ। ਤਾਂ ਸਪੈਸ਼ਲ ਸੈੱਲ ਅਫਜ਼ਲ ਨੂੰ 13 ਦਸੰਬਰ ਦੇ ਹਮਲੇ ਨਾਲ ਕਿਵੇਂ ਜੋੜ ਸਕਦਾ ਹੈ? 

ਸਵਾਲ 9. ਅਦਾਲਤਾਂ ਨੇ ਮੰਨਿਆ ਹੈ ਕਿ ਅਫਜ਼ਲ ਆਤਮ ਸਮਰਪਣ ਕਰ ਚੁੱਕਿਆ ਖਾੜਕੂ ਸੀ ਅਤੇ ਉਹ ਸੁਰੱਖਿਆ ਬਲਾਂ ਨਾਲ ਲਗਾਤਾਰ ਸੰਪਰਕ ਰੱਖਦਾ ਸੀ, ਖਾਸ ਕਰਕੇ ਜੰਮੂ ਕਸ਼ਮੀਰ ਪੁਲਸ ਦੀ ਸਪੈਸ਼ਲ ਟਾਸਕ ਫੋਰਸ ਨਾਲ। ਸੁਰੱਖਿਆ ਬਲ ਇਸ ਗੱਲ ਲਈ ਕੀ ਜਵਾਬ ਦੇਣਗੇ ਕਿ ਉਹਨਾਂ ਦੀ ਨਿਗਰਾਨੀ ਹੇਠਲਾ ਬੰਦਾ ਐਨਾ ਵੱਡਾ ਹਮਲਾ ਕਰਨ ਦੀ ਸਾਜਿਸ਼ 'ਚ ਕਿਵੇਂ ਸ਼ਾਮਲ ਸੀ? 

ਸਵਾਲ 10. ਕੀ ਇਹ ਮੰਨਣਯੋਗ ਹੈ ਕਿ ਲਸ਼ਕਰ-ਏ-ਤੋਇਬਾ ਜਾਂ ਜੈਸ਼-ਏ-ਮੋਹੱਮਦ ਵਰਗੀਆਂ ਜਥੇਬੰਦੀਆਂ ਆਪਣੀ ਖਾਸ ਕਾਰਵਾਈ ਲਈ ਮੁੱਖ ਕੜੀ ਬਤੌਰ ਅਜਿਹੇ ਬੰਦੇ 'ਤੇ ਟੇਕ ਰੱਖਣਗੀਆਂ ਜਿਸਦਾ ਲਗਾਤਾਰ ਐਸਟੀਐਫ ਦੇ ਤਸ਼ੱਦਦ ਕੇਂਦਰ ਗੇੜਾ ਲਗਦਾ ਰਹਿੰਦਾ ਹੋਵੇ ਅਤੇ ਜਿਸ ਉੱਤੇ ਪੁਲਸ ਲਗਾਤਾਰ ਨਿਗਰਾਨੀ ਰੱਖਦੀ ਹੋਵੇ। 

ਸਵਾਲ 11. ਅਦਾਲਤ ਸਾਹਮਣੇ ਆਪਣੇ ਬਿਆਨ ਵਿਚ ਅਫਜ਼ਲ ਨੇ ਕਿਹਾ ਕਿ ਉਸਨੂੰ 'ਮੋਹੱਮਦ' ਨਾਲ ਮਿਲਾਉਣ ਵਾਲਾ ਅਤੇ ਉਸਨੂੰ ਦਿੱਲੀ ਤੱਕ ਛੱਡਣ ਲਈ ਕਹਿਣ ਵਾਲਾ ਬੰਦਾ ਤਾਰਿਕ ਐਸਟੀਐਫ ਨਾਲ ਕੰਮ ਕਰਦਾ ਸੀ। ਤਾਰਿਕ ਦਾ ਨਾਂ ਪੁਲਸ ਦੀ ਚਾਰਜਸ਼ੀਟ ਵਿਚ ਵੀ ਦਰਜ ਕੀਤਾ ਗਿਆ। ਇਹ ਤਾਰਿਕ ਕੌਣ ਹੈ ਅਤੇ ਉਹ ਹੁਣ ਕਿੱਥੇ ਹੈ?

ਸਵਾਲ 12. 19 ਦਸੰਬਰ, 2001 ਨੂੰ ਪਾਰਲੀਮੈਂਟ ਹਮਲੇ ਤੋਂ 6 ਦਿਨਾਂ ਬਾਅਦ, ਥਾਣੇ (ਮਹਾਰਾਸ਼ਟਰ) ਦੇ ਪੁਲਸ ਕਮਿਸ਼ਨਰ ਐਸ.ਐਮ ਸ਼ੰਗਾਰੀ ਨੇ ਪਾਰਲੀਮੈਂਟ ਹਮਲੇ ਦੌਰਾਨ ਮਾਰੇ ਗਏ ਇੱਕ ਹਮਲਾਵਰ ਦੀ ਪਛਾਣ ਲਸ਼ਕਰ-ਏ-ਤੋਇਬਾ ਨਾਲ ਸਬੰਧਿਤ ਮੋਹੱਮਦ ਯਾਸਿਨ ਫਤਿਹ ਵਜੋਂ ਦੱਸੀ, ਜਿਸਨੂੰ ਨਵੰਬਰ 2000 ਵਿੱਚ ਮੁੰਬਈ 'ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਮਗਰੋਂ ਜੰਮੂ ਕਸ਼ਮੀਰ ਪੁਲਸ ਦੇ ਸਪੁਰਦ ਕਰ ਦਿੱਤਾ ਗਿਆ ਸੀ। ਉਹਨਾਂ ਆਪਣੇ ਬਿਆਨ ਨੂੰ ਸਹੀ ਸਾਬਤ ਕਰਨ ਲਈ ਕਈ ਗੱਲਾਂ ਕਹੀਆਂ। ਜੇ ਪੁਲਸ ਕਮਿਸ਼ਨ ਸ਼ੰਗਾਰੀ ਸਹੀ ਸੀ, ਤਾਂ ਜੰਮੂ ਕਸ਼ਮੀਰ ਪੁਲਸ ਦੀ ਹਿਰਾਸਤ ਵਿਚ ਬੰਦ ਮੋਹੱਮਦ ਯਾਸਿਨ ਪਾਰਲੀਮੈਂਟ ਹਮਲੇ 'ਚ ਕਿਵੇਂ ਸ਼ਾਮਲ ਹੋ ਗਿਆ? ਜੇ ਸ਼ੰਗਾਰੀ ਗਲਤ ਸੀ, ਤਾਂ ਮੋਹੱਮਦ ਯਾਸਿਨ ਹੁਣ ਕਿੱਥੇ ਹੈ?

ਸਵਾਲ 13. ਹੁਣ ਤੱਕ ਸਾਨੂੰ ਇਹ ਕਿਉਂ ਨਹੀਂ ਪਤਾ ਲੱਗਿਆ ਕਿ ਪਾਰਲੀਮੈਂਟ ਹਮਲੇ 'ਚ ਮਾਰੇ ਗਏ 5 'ਅੱਤਵਾਦੀ' ਕੌਣ ਸਨ? 

(ਅਰੁੰਧਤੀ ਰਾਏ)

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।