ਖਾੜਕੂਆਂ ਨਾਲ ਗ੍ਰਿਫਤਾਰ ਕੀਤਾ ਡੀਐਸਪੀ ਹਮੇਸ਼ਾ ਵਿਵਾਦਾਂ ਵਿਚ ਰਿਹਾ

ਖਾੜਕੂਆਂ ਨਾਲ ਗ੍ਰਿਫਤਾਰ ਕੀਤਾ ਡੀਐਸਪੀ ਹਮੇਸ਼ਾ ਵਿਵਾਦਾਂ ਵਿਚ ਰਿਹਾ
ਡੀਐਸਪੀ ਦਵਿੰਦਰ ਸਿੰਘ

ਸ਼੍ਰੀਨਗਰ: ਜੰਮੂ ਕਸ਼ਮੀਰ ਪੁਲਸ ਨੇ ਅੱਜ ਮਹਿਕਮੇ 'ਚ ਤੈਨਾਤ ਡੀਐਸਪੀ ਦਵਿੰਦਰ ਸਿੰਘ ਨੂੰ ਦੋ ਕਸ਼ਮੀਰੀ ਖਾੜਕੂਆਂ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਡੀਐਸਪੀ ਦਵਿੰਦਰ ਸਿੰਘ ਨੂੰ ਨਾਵੇਦ ਬਾਬੂ ਅਤੇ ਆਸਿਫ ਨਾਮੀਂ ਹਿਜ਼ਬੁਲ ਮੁਜ਼ਾਹਿਦੀਨ ਦੇ ਖਾੜਕੂਆਂ ਨਾਲ ਕੁਲਗਾਮ ਜ਼ਿਲ੍ਹੇ ਦੇ ਕਾਜ਼ੀਗੰਦ ਇਲਾਕੇ ਵਿੱਚੋਂ ਸ਼੍ਰੀਨਗਰ-ਜੰਮੂ ਹਾਈਵੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ ਲਾਇਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਇਹਨਾਂ ਖਾੜਕੂਆਂ ਨਾਲ ਦਿੱਲੀ ਜਾ ਰਿਹਾ ਸੀ।

ਅਫਜ਼ਲ ਗੁਰੂ ਮਾਮਲੇ 'ਚ ਵੀ ਆਇਆ ਸੀ ਦਵਿੰਦਰ ਦਾ ਨਾਂ
2001 'ਚ ਭਾਰਤੀ ਪਾਰਲੀਮੈਂਟ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਕਸ਼ਮੀਰੀ ਅਫਜ਼ਲ ਗੁਰੂ ਨੇ 2004 'ਚ ਤਿਹਾੜ ਜੇਲ੍ਹ ਤੋਂ ਭਾਰਤ ਦੀ ਸੁਪਰੀਮ ਕੋਰਟ ਵਿੱਚ ਉਸਦਾ ਕੇਸ ਲੜ ਰਹੇ ਵਕੀਲ ਸੁਸ਼ੀਲ ਕੁਮਾਰ ਨੂੰ ਲਿਖੀ ਚਿੱਠੀ 'ਚ ਕਿਹਾ ਸੀ ਕਿ ਪੁਲਿਸ ਅਫਸਰ ਦਵਿੰਦਰ ਸਿੰਘ ਨੇ ਹੀ ਉਸਨੂੰ ਪਾਰਲੀਮੈਂਟ ਹਮਲੇ ਦੇ ਹਮਲਾਵਰ ਨੂੰ ਦਿੱਲੀ ਲੈ ਕੇ ਜਾਣ, ਉੱਥੇ ਉਸ ਦੇ ਰਹਿਣ ਦਾ ਇੰਤਜ਼ਾਮ ਕਰਨ ਤੇ ਉਸ ਲਈ ਕਾਰ ਖਰੀਦਣ ਵਾਸਤੇ ਕਿਹਾ ਸੀ। 

ਖਾੜਕੂਆਂ ਖਿਲਾਫ ਕਾਰਵਾਈਆਂ 'ਚ ਅੱਗੇ ਰਹਿੰਦਾ ਸੀ ਦਵਿੰਦਰ
ਦਵਿੰਦਰ ਸਿੰਘ ਜੰਮੂ ਕਸ਼ਮੀਰ ਪੁਲਸ ਦਾ ਨਾਮੀਂ ਅਫਸਰ ਸੀ ਜਿਸ ਨੂੰ ਖਾੜਕੂਆਂ ਖਿਲਾਫ ਕਾਰਵਾਈਆਂ ਲਈ ਜਾਣਿਆ ਜਾਂਦਾ ਸੀ। ਉਸ ਦੀਆਂ ਇਹਨਾਂ ਕਾਰਵਾਈਆਂ ਕਾਰਨ ਹੀ ਉਸਨੂੰ ਪਿਛਲੇ ਸਾਲ 15 ਅਗਸਤ ਦੇ ਸਮਾਗਮ 'ਤੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। 

ਦਵਿੰਦਰ ਸਿੰਘ ਇਸ ਸਮੇਂ ਸ਼੍ਰੀਨਗਰ ਹਵਾਈ ਅੱਡੇ 'ਤੇ ਤੈਨਾਤ ਸੀ। ਇਸ ਤੋਂ ਪਹਿਲਾਂ ਉਹ ਜੰਮੂ ਕਸ਼ਮੀਰ ਪੁਲਸ ਦੇ ਹਾਈਜੈਕਿੰਗ ਵਿਰੋਧੀ ਦਲ ਵਿੱਚ ਤੈਨਾਤ ਸੀ ਤੇ ਉਹ ਪੁਲਸ ਦੇ ਖਾਸ ਕਾਰਵਾਈਆਂ ਵਾਲੇ ਦਸਤੇ ਦਾ ਹਿੱਸਾ ਸੀ। ਇਸ ਦਸਤੇ 'ਚ ਉਹ ਇੰਸਪੈਕਟਰ ਵਜੋਂ ਤੈਨਾਤ ਸੀ ਤੇ ਉਸਦੀਆਂ ਖਾੜਕੂਆਂ ਵਿਰੋਧੀ ਕਾਰਵਾਈਆਂ ਤੋਂ ਖੁਸ਼ ਹੋ ਕੇ ਹੀ ਉਸਨੂੰ ਤਰੱਕੀ ਦਿੰਦਿਆਂ ਡੀਐਸਪੀ ਬਣਾਇਆ ਗਿਆ ਸੀ। 

ਕੁੱਝ ਅਖਬਾਰੀ ਰਿਪੋਰਟਾਂ ਮੁਤਾਬਕ ਦਵਿੰਦਰ ਖਿਲਾਫ ਪੈਸਾ ਵਸੂਲੀ ਦੇ ਦੋਸ਼ ਲੱਗਣ ਮਗਰੋਂ ਉਸਨੂੰ ਇਸ ਖਾਸ ਦਸਤੇ ਤੋਂ ਬਾਹਰ ਕਰ ਦਿੱਤਾ ਗਿਆ ਸੀ। 

ਪੁਲਿਸ ਦਾ ਦਾਅਵਾ ਹੈ ਕਿ ਜਿਸ ਕਾਰ ਵਿਚੋਂ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਵਿਚੋਂ ਦੋ ਏਕੇ 47 ਬੰਦੂਕਾਂ ਅਤੇ ਕੁੱਝ ਹੱਥ ਗੋਲੇ ਵੀ ਮਿਲੇ ਹਨ। ਇਸ ਤੋਂ ਇਲਾਵਾ ਪੁਲਸ ਨੇ ਦਾਅਵਾ ਕੀਤਾ ਹੈ ਕਿ ਸ਼ਿਵਪੋਰਾ ਇਲਾਕੇ ਵਿੱਚ ਦਵਿੰਦਰ ਦੇ ਘਰ ਛਾਪਾ ਮਾਰਨ 'ਤੇ ਉੱਥੋਂ 1 ਏਕੇ 47 ਬੰਦੂਕ, 2 ਪਿਸਤੌਲ ਅਤੇ ਤਿੰਨ ਹੱਥ ਗੋਲੇ ਮਿਲੇ ਹਨ। ਪੁਲਿਸ ਨੇ ਤਰਾਲ ਸਥਿਤ ਉਸਦੇ ਜ਼ੱਦੀ ਘਰ ਵਿੱਚ ਵੀ ਛਾਪੇਮਾਰੀ ਕੀਤੀ ਹੈ। 

ਪੁਲਸ ਦਾ ਕਹਿਣਾ ਹੈ ਕਿ ਦਵਿੰਦਰ ਨੇ ਜੰਮੂ ਜਾਣ ਲਈ ਸ਼ਨੀਵਾਰ ਨੂੰ ਚਾਰ ਦਿਨਾਂ ਦੀ ਛੁੱਟੀ ਲਈ ਸੀ। 

ਨਾਵੇਦ ਬਾਬੂ ਵੀ ਪਹਿਲਾਂ ਪੁਲਸ ਮੁਲਾਜ਼ਮ ਸੀ
ਦਵਿੰਦਰ ਨਾਲ ਗ੍ਰਿਫਤਾਰ ਕੀਤਾ ਗਿਆ ਨਾਵੇਦ ਬਾਬੂ ਵੀ ਪਹਿਲਾਂ ਪੁਲਸ ਦਾ ਹੀ ਮੁਲਾਜ਼ਮ ਸੀ। ਪੁਲਸ ਰਿਪੋਰਟ ਮੁਤਾਬਕ ਉਹ 2017 ਵਿੱਚ 2 ਏਕੇ 47 ਬੰਦੂਕਾਂ ਲੈ ਕੇ ਨੌਕਰੀ ਤੋਂ ਭਗੋੜਾ ਹੋ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਉਹ ਹਿਜ਼ਬੁਲ ਮੁਜ਼ਾਹਿਦੀਨ ਵਿੱਚ ਸ਼ਾਮਲ ਹੋ ਗਿਆ ਸੀ। 

ਪੁਲਸ ਦਾ ਕਹਿਣਾ ਹੈ ਕਿ ਉਹ ਨਾਵੇਦ ਨੂੰ ਟਰੈਕ ਕਰ ਰਹੇ ਸੀ ਤੇ ਜਦੋਂ ਉਸਨੇ ਆਪਣੇ ਇਸ ਸਫਰ ਦੌਰਾਨ ਪੰਜਾਬ ਰਹਿੰਦੇ ਆਪਣੇ ਭਰਾ ਨੂੰ ਫੋਨ ਕੀਤਾ ਤਾਂ ਪੁਲਸ ਨੂੰ ਉਸਦੀ ਥਾਂ ਬਾਰੇ ਪਤਾ ਲੱਗ ਗਿਆ। ਇਸ ਦੇ ਅਧਾਰ 'ਤੇ ਹੀ ਇਹ ਗ੍ਰਿਫਤਾਰੀਆਂ ਕਰਨ ਦਾ ਦਾਅਵਾ ਕੀਤਾ ਗਿਆ ਹੈ। 

ਦਵਿੰਦਰ ਦੇ ਪਿਛਲੇ ਰਿਕਾਰਡ ਅਤੇ ਅਫਜ਼ਲ ਗੁਰੂ ਮਾਮਲੇ 'ਚ ਨਾਂ ਆਉਣ ਨਾਲ ਹੁਣ ਹੋਈ ਇਸ ਗ੍ਰਿਫਤਾਰੀ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਫਿਲਹਾਲ ਪੁਲਸ ਦਾ ਦਾਅਵਾ ਹੀ ਇਸ ਖਬਰ ਦਾ ਅਧਾਰ ਹੈ ਤੇ ਪੁਲਸ ਕਹਾਣੀ 'ਤੇ ਵੀ ਸਵਾਲ ਉੱਠਣੇ ਲਾਜ਼ਮੀ ਹਨ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।