ਨਵੰਬਰ-84 ਦੀ ਸਿੱਖ ਨਸਲਕੁਸ਼ੀ ਖਿਲਾਫ ਰੋਸ ਮਾਰਚ

ਨਵੰਬਰ-84 ਦੀ ਸਿੱਖ ਨਸਲਕੁਸ਼ੀ ਖਿਲਾਫ ਰੋਸ ਮਾਰਚ

ਨਵੀ ਦਿੱਲੀ/ਬਿਊਰੋ ਨਿਊਜ਼ :

‘ਨਵੰਬਰ-84’ ਦੀ ਸਿੱਖ ਨਸਲਕੁਸ਼ੀ ਦੇ ਇਨਸਾਫ਼ ਲਈ ਪ੍ਰਧਾਨ ਮੰਤਰੀ ਦਫ਼ਤਰ ‘ਚ ਪੀੜਤਾਂ ਨੇ ਮੰਗ ਪੱਤਰ ਦਿੱਤਾ ਹੈ। ਇਸ ਤੋਂ ਪਹਿਲਾਂ ”ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ” ਵਲੋਂ ਜੰਤਰ ਮੰਤਰ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਸੰਨ1984 ਦੀ ਸਿੱਖ ਨਸਲਕੁਸ਼ੀ ਦੇ ਇਨਸਾਫ਼ ‘ਚ ਹੋ ਰਹੀ ਦੇਰੀ ਲਈ ਕਾਂਗਰਸ ਦੇ ਨਾਲ-ਨਾਲ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਕਸੂਰਵਾਰ ਗਰਦਾਨਿਆ ਹੈ। ਰਾਹਤ ਕਮੇਟੀ ਦੇ ਮੁਖੀ ਜਥੇ. ਕੁਲਦੀਪ ਸਿੰਘ ਨੇ ਜੰਤਰ ਮੰਤਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕਤਲੇਆਮ ਨੂੰ ਅੰਜਾਮ ਦੇਣ ਵਾਲੀ ਕਾਂਗਰਸ ਪਾਸੋਂ ਤਾਂ ਸਾਨੂੰ ਪਹਿਲਾਂ ਹੀ ਕੋਈ ਉਮੀਦ ਨਹੀਂ ਪਰ ਕੇਂਦਰ ਦੀ ਮੌਜੂਦਾ ਮੋਦੀ ਸਰਕਾਰ ਵੀ ਸਿੱਖਾਂ ਨੂੰ ਇਨਸਾਫ਼ ਦਿਵਾਉਣ ਪ੍ਰਤੀ ਗੰਭੀਰ ਨਜ਼ਰ ਨਹੀਂ ਆ ਰਹੀ ਹੈ। ਭੋਗਲ ਨੇ ਦੱਸਿਆ ਕਿ ਪਿਛੋਕੜ ‘ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸੰਸਦ ‘ਚ ਆਖਿਆ ਸੀ ਕਿ ਜਦ ਕਦੇ ਵੀ ਭਾਜਪਾ ਦੀ ਪੂਰਨ ਬਹੁਮਤ ਵਾਲੀ ਸਰਕਾਰ ਕੇਂਦਰ ‘ਚ ਬਣੇਗੀ ਤਾਂ ਇਸ ਨਸਲਕੁਸ਼ੀ ਲਈ ਸਿੱਖਾਂ ਨੂੰ ਪਹਿਲ ਦੇ ਆਧਾਰ ‘ਤੇ ਇਨਸਾਫ਼ ਦਿਵਾਇਆ ਜਾਵੇਗਾ ਪਰ ਅਫ਼ਸੋਸ ਹੈ ਕਿ ਭਾਜਪਾ ਦੀ ਪੂਰਨ ਬਹੁਮਤ ਵਾਲੀ ਸਰਕਾਰ ਦੇ ਸਾਢੇ 4 ਸਾਲ ਬੀਤ ਜਾਣ ਦੇ ਬਾਵਜੂਦ ਸਿੱਖਾਂ ਨੂੰ ਇਨਸਾਫ਼ ਵਾਸਤੇ ਖ਼ੱਜਲ-ਖੁਆਰ ਹੋਣਾ ਪੈ ਰਿਹਾ ਹੈ। ਜੰਤਰ ਮੰਤਰ ‘ਤੇ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਇਤਿਹਾਸਕ ਗੁ. ਬੰਗਲਾ ਸਾਹਿਬ ਵਿਖੇ ਅਰਦਾਸ ਕੀਤੀ ਗਈ ਤੇ ਮਾਰਚ ਦੇ ਰੂਪ ‘ਚ ਜੰਤਰ ਮੰਤਰ ਪੁੱਜਣ ਤੋਂ ਪਹਿਲਾ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਮਨਜਿੰਦਰ ਸਿੰਘ ਸਿਰਸਾ ਤੇ ਹੋਰਨਾਂ ਨੇ ਵੀ ਇਸ ਮੁੱਦੇ ਬਾਰੇ ਆਪਣੇ ਵਿਚਾਰ ਰੱਖੇ।