ਰੂਸੀ ਜਹਾਜ਼ ਨੂੰ ਹਾਦਸੇ ‘ਚ 71 ਵਿਅਕਤੀ ਮਾਰੇ ਗਏ

ਰੂਸੀ ਜਹਾਜ਼ ਨੂੰ ਹਾਦਸੇ ‘ਚ 71 ਵਿਅਕਤੀ ਮਾਰੇ ਗਏ

ਮਾਸਕੋ ਦੇ ਡੋਮੋਦੇਦੋਵੋ ਹਵਾਈ ਅੱਡੇ ਤੋਂ ਉਡਾਣ ਭਰਨ ਮਗਰੋਂ ਰੂਸੀ ਰਾਜਧਾਨੀ ਦੇ ਬਾਹਰ ਕਰੈਸ਼ ਹੋਏ ਜਹਾਜ਼ ਐਂਟੋਨੋਵ ਏਐਨ 148 ਦਾ ਇਕ ਟੁਕੜਾ।
ਟਰਜ਼
ਮਾਸਕੋ/ਬਿਊਰੋ ਨਿਊਜ਼
ਰੂਸ ਦਾ ਮੁਸਾਫ਼ਰ ਜਹਾਜ਼ ਰਾਜਧਾਨੀ ਮਾਸਕੋ ਦੇ ਬਾਹਰਵਾਰ ਕਰੈਸ਼ ਹੋ ਗਿਆ। ਰਾਜਧਾਨੀ ਦੇ ਡੋਮੋਦੇਦੋਵੋ ਹਵਾਈ ਅੱਡੇ ‘ਤੇ ਉਡਾਣ ਭਰਨ ਵਾਲੇ ਇਸ ਜਹਾਜ਼ ਵਿੱਚ ਅਮਲੇ ਸਮੇਤ ਸਵਾਰ 71 ਲੋਕ ਮਾਰੇ ਗਏ। ਐਂਟੋਨੋਵ ਐਨ-148 ਜਹਾਜ਼, ਜਿਸ ਨੂੰ ਘਰੇਲੂ ਸਾਰਾਤੋਵ ਏਅਰਲਾਈਨ ਵੱਲੋਂ ਅਪਰੇਟ ਕੀਤਾ ਜਾਂਦਾ ਹੈ, ਨੇ ਉਰਲਜ਼ ਦੇ ਸ਼ਹਿਰ ਓਰਸਕ ਲਈ ਉਡਾਣ ਭਰੀ ਸੀ। ਜਹਾਜ਼ ਦੇ ਉਡਾਣ ਭਰਨ ਤੋਂ ਦੋ ਮਿੰਟ ਮਗਰੋਂ ਇਸ ਦਾ ਰਾਡਾਰ ਨਾਲ ਸੰਪਰਕ ਟੁੱਟ ਗਿਆ ਤੇ ਇਹ ਮਾਸਕੋ ਦੇ ਬਾਹਰਵਾਰ ਰਾਮੈਂਸਕੀ ਜ਼ਿਲ੍ਹੇ ‘ਚ ਕਰੈਸ਼ ਹੋ ਗਿਆ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜਹਾਜ਼ ਵਿੱਚ ਸਵਾਰ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਸ਼ਰਧਾਂਜਲੀ ਦਿੱਤੀ ਹੈ।
ਰੂਸੀ ਖ਼ਬਰ ਏਜੰਸੀ ਮੁਤਾਬਕ ਜਹਾਜ਼ ਵਿੱਚ ਅਮਲੇ ਦੇ ਛੇ ਮੈਂਬਰ ਤੇ 65 ਮੁਸਾਫ਼ਰ ਸਵਾਰ ਸਨ, ਜਿਨ੍ਹਾਂ ਦੇ ਸੁਰੱਖਿਅਤ ਹੋਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ। ਏਜੰਸੀ ਨੇ ਕਿਹਾ ਕਿ ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਪਿੰਡ ਅਰਗੁਨੋਵੋ ਵਿੱਚ ਅਸਮਾਨ ਤੋਂ ਅੱਗ ਦੀਆਂ ਲਪਟਾਂ ‘ਚ ਘਿਰਿਆ ਇਕ ਜਹਾਜ਼ ਡਿੱਗਦਾ ਵੇਖਿਆ ਹੈ। ਮੁਲਕ ਦੀ ਐਮਰਜੰਸੀ ਸੇਵਾਵਾਂ ਦੇ ਇਕ ਸੂਤਰ ਨੇ ਵੀ ਜਹਾਜ਼ ਵਿੱਚ ਸਵਾਰ ਕਿਸੇ ਵੀ ਵਿਅਕਤੀ ਦੇ ਜਿਊਂਦੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਧਰ ਸਰਕਾਰੀ ਟੈਲੀਵਿਜ਼ਨ ਚੈਨਲ ਨੇ ਜਹਾਜ਼ ਹਾਦਸੇ ਵਾਲੀ ਥਾਂ ਦੀ ਵੀਡੀਓ ਪ੍ਰਸਾਰਿਤ ਕਰਦਿਆਂ ਬਰਫ਼ ਵਿੱਚ ਪਿਆ ਜਹਾਜ਼ ਦਾ ਮਲਬਾ ਵਿਖਾਇਆ ਹੈ। ਯਾਦ ਰਹੇ ਕਿ ਰੂਸ ਵਿੱਚ ਹਾਲੀਆ ਦਿਨਾਂ ‘ਚ ਰਿਕਾਰਡ ਬਰਫ਼ਬਾਰੀ ਕਰਕੇ ਦਿਸਣ ਹੱਦ ਕਾਫ਼ੀ ਘੱਟ ਗਈ ਹੈ। ਰੂਸ ਦਾ ਹੀ ਬਣਿਆ ਇਹ ਜਹਾਜ਼ ਸੱਤ ਸਾਲ ਪੁਰਾਣਾ ਸੀ ਤੇ ਅਜੇ ਸਾਲ ਪਹਿਲਾਂ ਸਾਰਾਤੋਵ ਏਅਰਲਾਈਨ ਨੇ ਇਸ ਨੂੰ ਇਕ ਹੋਰ ਰੂਸੀ ਏਅਰਲਾਈਨ ਤੋਂ ਖਰੀਦਿਆ ਸੀ।
ਇਸ ਦੌਰਾਨ ਰੂਸੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਐਮਰਜੰਸੀ ਸੇਵਾਵਾਂ ਸੜਕ ਰਸਤੇ ਹਾਦਸੇ ਵਾਲੀ ਥਾਂ ਪੁੱਜਣ ‘ਚ ਨਾਕਾਮ ਰਹੀਆਂ ਤੇ ਰਾਹਤ ਕਾਮਿਆਂ ਨੂੰ ਉਥੇ ਤਕ ਤੁਰ ਕੇ ਜਾਣਾ ਪਿਆ। ਇਕ ਬਿਆਨ ਮੁਤਾਬਕ 150 ਰਾਹਤ ਕਾਮਿਆਂ ਨੂੰ ਸਾਈਟ ‘ਤੇ ਭੇਜਿਆ ਗਿਆ ਹੈ। ਓਰਨਬਰਗ, ਜਿੱਥੇ ਲਈ ਜਹਾਜ਼ ਨੇ ਉਡਾਣ ਭਰੀ ਸੀ, ਦੇ ਗਵਰਨਰ ਨੇ ਦੱਸਿਆ ਕਿ ਜਹਾਜ਼ ‘ਤੇ ਸਵਾਰ ਸੱਠ ਤੋਂ ਵੱਧ ਲੋਕ ਖਿੱਤੇ ਨਾਲ ਸਬੰਧਤ ਸਨ।