ਦਹਿਸ਼ਤਗਰਦਾਂ ਵਲੋਂ ਫ਼ੌਜੀ ਕੈਂਪ ਉੱਤੇ ਹਮਲੇ ‘ਚ ਪੰਜ ਫ਼ੌਜੀਆਂ ਸਮੇਤ 6 ਜਣੇ ਮਾਰੇ ਗਏ ਫੌਜ ਨੇ ਤਿੰਨ ਸ਼ੱਕੀ ਦਹਿਸ਼ਤਗਰਦ ਮਾਰ ਮੁਕਾਏ

ਦਹਿਸ਼ਤਗਰਦਾਂ ਵਲੋਂ ਫ਼ੌਜੀ ਕੈਂਪ ਉੱਤੇ ਹਮਲੇ ‘ਚ ਪੰਜ ਫ਼ੌਜੀਆਂ ਸਮੇਤ 6 ਜਣੇ ਮਾਰੇ ਗਏ ਫੌਜ ਨੇ ਤਿੰਨ ਸ਼ੱਕੀ ਦਹਿਸ਼ਤਗਰਦ ਮਾਰ ਮੁਕਾਏ

ਜੰਮੂ ਦੇ ਸੁੰਜਵਾਂ ਫ਼ੌਜੀ ਕੈਂਪ ‘ਤੇ ਦਹਿਸ਼ਤੀਆਂ ਖ਼ਿਲਾਫ਼ ਫ਼ੌਜੀ ਕਾਰਵਾਈ ਮੁਕੰਮਲ ਹੋਣ ‘ਤੇ ਫੌਜੀ ਗੱਡੀਆਂ ਕੈਂਪ ਤੋਂ ਬਾਹਰ ਆਉਂਦੀਆਂ ਹੋਈਆਂ।
ਫ਼ੌਜੀ ਜਵਾਨ ਐਤਵਾਰ ਨੂੰ ਜੰਮੂ ਵਿੱਚ ਸੁੰਜਵਾਂ ਫ਼ੌਜੀ ਕੈਂਪ ‘ਤੇ ਹਮਲੇ ਮਗਰੋਂ ਆਪਣੀਆਂ ਪੁਜ਼ੀਸ਼ਨਾਂ ਲੈਂਦੇ ਹੋਏ।
ਸੁੰਜਵਾਂ (ਜੰਮੂ)/ਬਿਊਰੋ ਨਿਊਜ਼:
ਫ਼ੌਜੀ ਕੈਂਪ ‘ਤੇ ਹੋਏ ਦਹਿਸ਼ਤੀ ਹਮਲੇ ਦੌਰਾਨ ਤਿੰਨ ਜਵਾਨਾਂ ਅਤੇ ਇਕ ਹੋਰ ਆਮ ਨਾਗਰਿਕ ਦੀ ਲਾਸ਼ ਮਿਲਣ ਮਗਰੋਂ ਮ੍ਰਿਤਕਾਂ ਦੀ ਗਿਣਤੀ ਵਧ ਕੇ ਛੇ ਹੋ ਗਈ ਹੈ। ਫ਼ੌਜ ਨੇ ਕਿਹਾ ਕਿ ਉਨ੍ਹਾਂ ਜੈਸ਼-ਏ-ਮੁਹੰਮਦ ਦੇ ਤਿੰਨ ਸ਼ੱਕੀ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ। ਹਮਲੇ ‘ਚ ਮੇਜਰ ਅਵੀਜੀਤ ਸਿੰਘ ਸਮੇਤ 10 ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ‘ਚ ਛੇ ਮਹਿਲਾਵਾਂ ਅਤੇ ਬੱਚੇ ਸ਼ਾਮਲ ਹਨ। ਫ਼ੌਜ ਦੇ ਤਰਜਮਾਨ ਨੇ ਕਿਹਾ ਕਿ ਜੰਮੂ ਕਸ਼ਮੀਰ ਲਾਈਟ ਇਨਫੈਂਟਰੀ ਦੀ 36 ਬ੍ਰਿਗੇਡ ਦੇ ਕੈਂਪ ‘ਤੇ ਦਹਿਸ਼ਤੀ ਹਮਲੇ ਦੌਰਾਨ ਦੋ ਜੂਨੀਅਰ ਕਮਿਸ਼ਨਡ ਅਫ਼ਸਰਾਂ (ਜੇਸੀਓਜ਼) ਸਮੇਤ ਪੰਜ ਜਵਾਨ ਅਤੇ ਇਕ ਜਵਾਨ ਦਾ ਪਿਤਾ ਹਲਾਕ ਹੋਏ ਹਨ। ਮ੍ਰਿਤਕਾਂ ‘ਚ ਸੂਬੇਦਾਰ ਮਦਨ ਲਾਲ ਚੌਧਰੀ, ਸੂਬੇਦਾਰ ਮੁਹੰਮਦ ਅਸ਼ਰਫ਼ ਮੀਰ, ਹੌਲਦਾਰ ਹਬੀਬ-ਉਲ੍ਹਾ ਕੁਰੈਸ਼ੀ, ਨਾਇਕ ਮਨਜ਼ੂਰ ਅਹਿਮਦ, ਲਾਂਸ ਨਾਇਕ ਮੁਹੰਮਦ ਇਕਬਾਲ ਅਤੇ ਉਸ ਦਾ ਪਿਤਾ ਸ਼ਾਮਲ ਹਨ। ਜੰਮੂ ਆਧਾਰਿਤ ਥਲ ਸੈਨਾ ਦੇ ਲੋਕ ਸੰਪਰਕ ਅਧਿਕਾਰੀ ਲੈਫ਼ਟੀਨੈਂਟ ਕਰਨਲ ਦੇਵੇਂਦਰ ਆਨੰਦ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਹਥਿਆਰਬੰਦ ਤਿੰਨ ਦਹਿਸ਼ਤਗਰਦਾਂ ਨੂੰ ਆਪਰੇਸ਼ਨ ਦੌਰਾਨ ਮਾਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਲੜਾਕੂ ਵਰਦੀ ‘ਚ ਆਏ ਦੋ ਦਹਿਸ਼ਤਗਰਦਾਂ ਨੂੰ ਕੱਲ ਹੀ ਮਾਰ ਸੁੱਟਿਆ ਸੀ ਜਦੋਂ ਕਿ ਤੀਜੇ ਦੀ ਲਾਸ਼ ਅੱਜ ਮਿਲੀ। ਉਨ੍ਹਾਂ ਮੁਤਾਬਕ ਦਹਿਸ਼ਤਗਰਦਾਂ ਕੋਲੋਂ ਏਕੇ-56 ਰਾਈਫਲਾਂ, ਅੰਡਰ ਬੈਰਲ ਗ੍ਰਨੇਡ ਲਾਂਚਰ, ਗੋਲੀ ਸਿੱਕਾ ਅਤੇ ਗ੍ਰਨੇਡ ਬਰਾਮਦ ਹੋਏ ਹਨ। ਸ੍ਰੀ ਆਨੰਦ ਨੇ ਦੱਸਿਆ ਕਿ ਹਮਲੇ ‘ਚ ਇਕ ਗਰਭਵਤੀ ਵੀ ਜ਼ਖ਼ਮੀ ਹੋਈ ਜਿਸ ਨੇ ਆਪਰੇਸ਼ਨ ਮਗਰੋਂ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਦੋਵੇਂ ਜ਼ਚਾ-ਬੱਚਾ ਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ ਕਿ 14 ਸਾਲ ਦੇ ਇਕ ਬੱਚੇ ਦੇ ਸਿਰ ‘ਚ ਗੋਲੀਆਂ ਲੱਗੀਆਂ ਹਨ ਅਤੇ ਉਸ ਦੀ ਹਾਲਤ ਨਾਜ਼ੁਕ ਹੈ। ਅਧਿਕਾਰੀ ਨੇ ਕਿਹਾ ਕਿ ਹਾਲਾਤ ਦਾ ਜਾਇਜ਼ਾ ਲੈਣ ਲਈ ਰਿਹਾਇਸ਼ੀ ਕੁਆਰਟਰਾਂ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ ਕੈਂਪ ਅੰਦਰ ਅਜੇ ਵੀ ਕਈ ਪਰਿਵਾਰ ਮੌਜੂਦ ਹਨ ਅਤੇ ਫ਼ੌਜ ਦਾ ਮਕਸਦ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਇਸ ਤੋਂ ਪਹਿਲਾਂ ਦਿਨ ਵੇਲੇ ਜੰਮੂ ਕਸ਼ਮੀਰ ਦੇ ਡੀਜੀਪੀ ਐਸ ਪੀ ਵੈਦ ਨੇ ਕਿਹਾ ਸੀ ਕਿ ਚਾਰ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਦਹਿਸ਼ਤਗਰਦ ਪਾਕਿਸਤਾਨ ਤੋਂ ਘੁਸਪੈਠ ਕਰਕੇ ਆਏ ਸਨ ਜਾਂ ਕਸ਼ਮੀਰ ਤੋਂ ਹੀ ਸਨ। ਉਧਰ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਨੇ ਕੈਂਪ ਦਾ ਦੌਰਾ ਕਰਕੇ ਉਥੇ ਫ਼ੌਜ ਵੱਲੋਂ ਇਕੱਤਰ ਕੀਤੇ ਗਏ ਸਬੂਤਾਂ ਦੀ ਪੜਤਾਲ ਕੀਤੀ।
ਇਸ ਦੌਰਾਨ ਦਿੱਲੀ ‘ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਭਰੋਸਾ ਜਤਾਇਆ ਸੀ ਕਿ ਦਹਿਸ਼ਤਗਰਦਾਂ ਖ਼ਿਲਾਫ਼ ਚਲ ਰਿਹਾ ਆਪਰੇਸ਼ਨ ਸਫ਼ਲਤਾਪੂਰਬਕ ਛੇਤੀ ਮੁਕੰਮਲ ਹੋ ਜਾਵੇਗਾ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਾਰੇ ਭਾਰਤੀ ਫ਼ੌਜ ਅਤੇ ਮਹਿਲਾਵਾਂ ਨਾਲ ਇਕਜੁੱਟ ਖੜ੍ਹੇ ਹਨ।