ਲੰਦਨ ਐਲਾਨਨਾਮਾ : ਖਾਲਿਸਤਾਨ ਬਣਾਉਣ ਲਈ ਨਵੰਬਰ-2020 ਵਿਚ ਰਾਏਸ਼ੁਮਾਰੀ ਕਰਵਾਉਣ ਦਾ ਐਲਾਨ

ਲੰਦਨ ਐਲਾਨਨਾਮਾ : ਖਾਲਿਸਤਾਨ ਬਣਾਉਣ ਲਈ ਨਵੰਬਰ-2020 ਵਿਚ ਰਾਏਸ਼ੁਮਾਰੀ ਕਰਵਾਉਣ ਦਾ ਐਲਾਨ

ਲੰਦਨ ਦੇ ਟ੍ਰੈਫਾਲਗਰ ਸਕੁਆਇਰ ਵਿਚ  ‘ਰੈਫਰੰਡਮ 2020’ ਦੇ ਪੱਖ ਵਿਚ ਹੋਈ ਰੈਲੀ ਦੀ ਝਲਕ।
ਲੰਦਨ/ਬਿਊਰੋ ਨਿਊਜ਼ :
ਹਿੰਦੂਸਤਾਨ ਦੀ ਗੁਲਾਮੀ ਤੋਂ ਮੁਕੰਮਲ ਆਜ਼ਾਦੀ ਲਈ ਕਈ ਦਹਾਕਿਆਂ ਤੋਂ ਜੂਝ ਰਹੀ ਸਿੱਖ ਕੌਮ ਵੱਲੋਂ ਲੰਦਨ ਦੇ ਟ੍ਰੈਫਾਲਗਰ ਸਕੁਆਇਰ ‘ਤੇ ਆਤਮ ਨਿਰਣੇ ਦੇ ਅਧਿਕਾਰ (‘ਰਾਈਟ ਟੂ ਸੈਲਫ ਡਿਟਰਮੀਨੇਸ਼ਨ’) ਦੀ ਆਵਾਜ਼ ਬੁਲੰਦ ਕਰਨ ਲਈ ਜ਼ਬਰਦਸਤ ਰੈਲੀ ਕੀਤੀ ਗਈ। ਬਾਅਦ ਦੁਪਹਿਰ ਦੋ ਵਜੇ ਤੋਂ ਲੈ ਕੇ ਛੇ ਵਜੇ ਤਕ ਹੋਈ ਇਸ ਇਕੱਤਰਤਾ ਨਾਲ ਸੰਨ ੧੯੭੩ ਵਿਚ ਜਾਰੀ ‘ਆਨੰਦਪੁਰ ਸਾਹਿਬ ਦਾ ਮਤਾ’ ਅਤੇ ਸੰਨ ੧੯੯੫ ਵਿਚ ਜਾਰੀ ‘ਅੰਮ੍ਰਿਤਸਰ ਐਲਾਨਨਾਮੇ’ ਤੋਂ ਬਾਅਦ ਸਿੱਖਾਂ ਦੀ ਆਜ਼ਾਦੀ ਦੀ ਤਵਾਰੀਖ ਵਿਚ ”ਲੰਦਨ ਐਲਾਨਨਾਮਾ” ਵੀ ਜੁੜ ਗਿਆ ਹੈ। ਇਸ ਐਲਾਨਨਾਮੇ ਰਾਹੀਂ ਸੰਸਾਰ ਪੱਧਰ ਦੇ ਸਿੱਖਾਂ ਦੀ ਰਾਏਸ਼ੁਮਾਰੀ ਕਰਵਾ ਕੇ ਪੰਜਾਬ ਨੂੰ ਭਾਰਤ ਤੋਂ ਵੱਖਰਾ ਕਰ ਕੇ ਸਿੱਖਾਂ ਦਾ ਆਪਣਾ ਕੌਮੀ ਘਰ-ਖਾਲਿਸਤਾਨ ਬਣਾਉਣ ਦੀ ਮੰਗ ਕੀਤੀ ਗਈ ਹੈ।
ਰੈਲੀ ਦੀ ਸ਼ੁਰੂਆਤ ਸਿੱਖ ਅਰਦਾਸ ਨਾਲ ਕੀਤੀ ਗਈ।  ਉਪਰੰਤ ਸਿੱਖਸ ਫਾਰ ਜਸਟਿਸ ਦੇ ਬਾਨੀ ਭਾਈ ਅਵਤਾਰ ਸਿੰਘ ਪੰਨੂ ਨੇ ਰੈਲੀ ਦੀ ਸ਼ੁਰੂਆਤ ਵਿਚ  ”ਜੇ ਜੀਵੇ ਪਤਿ ਲਥੀ ਜਾਇ ।। ਸਭੁ ਹਰਾਮੁ ਜੇਤਾ ਕਿਛੁ ਖਾਇ ।।””ਨਾਲ ਕਰਦੇ ਹੋਏ ਖਾਲਿਸਤਾਨ ਦੀ ਪ੍ਰਾਪਤੀ ਤਕ ਸ਼ੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਇਸ ਸਿੱਖ ਇਕੱਤਰਤਾ ਵਿਚ ਤਿੰਨ ਮਤੇ ਪਾਸ ਕੀਤੇ ਗਏ। ਪਹਿਲਾ ਮਤਾ ਸੰਨ ੧੯੫੦ ਵਿਚ ਲਾਗੂ ਹੋਏ ਹਿੰਦੂਸਤਾਨ ਦੇ ਸੰਵਿਧਾਨ ਨੂੰ ਸਿੱਖ ਕੌਮ ਵੱਲੋਂ ਰੱਦ ਕਰਨ, ਦੂਜਾ ਮਤਾ ਖਾਲਿਸਤਾਨ ਦੀ ਕਾਇਮੀ ਲਈ ਨਵੰਬਰ ਮਹੀਨੇ ‘ਚ ‘ਰੈਫਰੰਡਮ 2020’ ਕਰਵਾਉਣ ਅਤੇ ਤੀਜਾ ਮਤਾ ਸਿੱਖਸ ਫਾਰ ਜਸਟਿਸ ਵੱਲੋਂ  ‘ਰੈਫਰੰਡਮ 2020’ ਤੋਂ ਬਾਅਦ ਯੂਐਨਓ ਵਿਚ ਇਸ ਦੇ ਆਧਾਰ ਉਤੇ ਖਾਲਿਸਤਾਨ ਦਾ ਕੇਸ ਪੇਸ਼ ਕਰਨ ਦੇ ਵਾਅਦੇ ਦਾ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਸਿੱਖਾਂ ਨੇ ਦੋਵੇਂ ਹੱਥ ਖੜ੍ਹੇ ਕਰ ਕੇ ”ਜੋ ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ” ਦੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨ ਕੀਤਾ।
ਰੈਲੀ ਵਿਚ ਖਾਲਿਸਤਾਨ ਪੱਖੀਆਂ ਵੱਲੋਂ ‘ਖਾਲਿਸਤਾਨ ਜ਼ਿੰਦਾਬਾਦ’, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਅਤੇ ਭਾਈ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ਦੇ ਨਾਅਰੇ ਗੂੰਜਾਏ ਜਾ ਰਹੇ ਸਨ ਅਤੇ ਹੱਥਾਂ ‘ਚ ਭਾਰਤ ਵਿਰੋਧੀ ਤਖ਼ਤੀਆਂ ਫੜੀਆਂ ਹੋਈਆਂ ਸਨ। ਸਕਾਟਲੈਂਡ ਯਾਰਡ ਨੇ ਟ੍ਰੈਫਾਲਗਰ ਸਕੁਏਅਰ ‘ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਦੋਵੇਂ ਧਿਰਾਂ ਆਹਮੋ-ਸਾਹਮਣੇ ਨਾ ਆ ਸਕਣ। ਇੰਗਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵੱਲੋਂ ਸਿੱਖ ਸੰਗਤ ਨੂੰ ਰੈਲੀ ਵਾਲੀ ਥਾਂ ਉਤੇ ਪਹੁੰਚਾਉਣ ਲਈ ਬੱਸਾਂ ਤੇ ਕਾਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।
ਸਿੱਖਸ ਫਾਰ ਜਸਟਿਸ ਦੀ ਰੀੜ੍ਹ ਦੀ ਹੱਡੀ ਭਾਈ ਗੁਰਪਤਵੰਤ ਸਿੰਘ ਪੰਨੂ ਨੇ ਸਟੇਜ ਤੇ ਆਉਂਦਿਆਂ ਹੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ  ਅਤੇ ਉਸ ਤੋਂ ਬਾਅਦ ਸਿੱਖ ਸੰਘਰਸ਼ ਵਿਚ ਜਾਨਾਂ ਵਾਰ ਗਏ ਯੋਧਿਆਂ ਨੂੰ ਯਾਦ ਕਰਦਿਆਂ ਲੰਦਨ ਐਲਾਨਨਾਮਾ ਉਹਨਾਂ ਦੇ ਨਾਮ ਸਮਰਪਿਤ ਕੀਤਾ। ਉਹਨਾਂ ਕਿਹਾ ਕਿ ਭਾਰਤ ਦਾ ੭੦ ਸਾਲ ਦਾ ਇਤਿਹਾਸ ਦਹਿਸ਼ਤਗਰਦੀ ਦਾ ਇਤਿਹਾਸ ਹੈ ਅਤੇ ਉਹਨਾਂ ਨੇ ਖਾਲਿਸਤਾਨ ਦੀ ਪ੍ਰਾਪਤੀ ਤਕ ਸ਼ੰਘਰਸ਼ ਜਾਰੀ ਰੱਖਣ ਦਾ ਸੰਗਤ ਦੀ ਹਾਜ਼ਰੀ ਵਿਚ ਅਹਿਦ ਲਿਆ। ਉਹਨਾਂ ਨੇ ਸੰਗਤ ਨੂੰ ਤਿੰਨ ਮਤੇ ਪੜ ੍ਹਕੇ ਸੁਣਾਏ ਅਤੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਵੀ ਲਈ।
ਗੁਰਪਤਵੰਤ ਸਿੰਘ ਪੰਨੂ ਨੇ ਤਿੰਨੋਂ ਮਤੇ ਪੜ੍ਹੇ ਅਤੇ ਖੁੱਲ੍ਹੇਆਮ ਖ਼ਾਲਿਸਤਾਨ ਬਣਾਉਣ ਲਈ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਨਵੰਬਰ 2020 ਵਿਚ ਪੰਜਾਬ ਸਮੇਤ ਵਿਸ਼ਵ ਭਰ ਵਿਚ ਗੈਰ-ਸਰਕਾਰੀ ਰੈਫ਼ਰੰਡਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਨ 1950 ਵਿਚ ਜੋ ਸੰਵਿਧਾਨ ਲਾਗੂ ਕੀਤਾ ਗਿਆ ਸੀ, ਉਸ ਵਿਚ ਸਿੱਖਾਂ ਨੂੰ ਵੱਖਰੀ ਕੌਮ ਵੱਜੋਂ ਮਾਨਤਾ ਨਹੀਂ ਦਿੱਤੀ ਗਈ ਅਤੇ ਸਿੱਖਾਂ ਨੂੰ ਹਿੰਦੂ ਦੱਸਿਆ ਗਿਆ ਹੈ, ਜਿਸ ਦਾ ਵਿਰੋਧ ਕਰਦਿਆਂ ਜੇ ਤੁਹਾਡੀ ਅਲੱਗ ਬੋਲੀ, ਧਰਮ ਗ੍ਰੰਥ ਅਤੇ ਖਿੱਤਾ ਹੋਵੇ ਤਾਂ ਅਧਿਕਾਰ ਹਨ ਕਿ ਆਜ਼ਾਦੀ ਲਈ ਜਾਵੇ। ਉਨ੍ਹਾਂ ਕਿਹਾ ਕਿ ਰੈਫ਼ਰੰਡਮ ਤੋਂ ਬਾਅਦ ਪੰਜਾਬ ਦੀ ਆਜ਼ਾਦੀ ਦਾ ਮਾਮਲਾ ਯੂਐਨਓ. ਕੋਲ ਉਠਾਇਆ ਜਾਵੇਗਾ। ਤੀਜੇ ਮਤੇ ਵਿਚ ਕਿਹਾ ਗਿਆ ਕਿ ਯੂਐਨਓ. ਵਿਚ ਪੰਜਾਬ ਦੀ ਆਜ਼ਾਦੀ ਖ਼ਾਲਿਸਤਾਨ ਲਈ ਦਾਅਵਾ ਪੇਸ਼ ਕਰਨ ਤੋਂ ਬਾਅਦ ਆਜ਼ਾਦੀ ਤਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਇਸ ਰੈਲੀ ਜ਼ਰੀਏ ਲੰਦਨ ਡਿਕਲੈਰੇਸ਼ਨ ਨੂੰ ਸੰਯੁਕਤ ਰਾਸ਼ਟਰ ਵਿਚ ਰੱਖਣਾ ਹੈ। ਇਸ ਨਾਲ ਹੀ ਉਸ ਦੇ ਮੈਂਬਰ ਦੇਸ਼ਾਂ ਨੂੰ ਇਹ ਵੀ ਦੱਸਣਾ ਹੈ ਕਿ ਆਜ਼ਾਦ ਪੰਜਾਬ ਸਥਾਪਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਇਸ ਰੈਲੀ ‘ਚ ਸ਼ਾਮਲ ਹੋਣ ਲਈ ਸਿੱਖ ਭਾਈਚਾਰੇ ਦੇ ਲੋਕ ਦੁਨੀਆ ਭਰ ਵਿਚੋਂ ਲੰਦਨ ‘ਚ ਪਹੁੰਚੇ ਹਨ। ਖਾਸ ਕਰਕੇ ਬ੍ਰਿਟੇਨ ਦੇ ਸਿੱਖ ਵੱਡੀ ਗਿਣਤੀ ‘ਚ ਇਸ ਰੈਲੀ ‘ਚ ਪਹੁੰਚੇ। ਸਿੱਖਜ਼ ਫ਼ਾਰ ਜਸਟਿਸ ਦੇ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਆਸ ਤੋਂ ਕਿਤੇ ਵੱਧ ਲੋਕ ਟਰੈਫ਼ਾਲਗਰ ਚੌਕ ਵਿਚ ਇਕੱਤਰ ਹੋ ਗਏ ਜਦਕਿ ਕੁਝ ਲੋਕਾਂ ਦਾ ਮੰਨਣਾ ਸੀ ਕਿ ਬਹੁਤੇ ਸਿੱਖ ਇਸ ਵਿਚ ਸ਼ਾਮਲ ਨਹੀਂ ਹੋਏ ਤੇ ਦੂਰ ਹੀ ਰਹੇ।
ਗੌਰਤਲਬ ਹੈ ਕਿ ਪਹਿਲੇ ਹੀ ਮਤੇ ਰਾਹੀਂ ਹਿੰਦੂਸਤਾਨ ਦੇ ਸੰਵਿਧਾਨ ਨੂੰ ਰੱਦ ਕਰਨ ਦੀ ਕਾਰਵਾਈ ਇਕ ਤਰ੍ਹਾਂ ਨਾਲ ਇਤਿਹਾਸ ਦਾ ਦੁਹਰਾਉਣਾ ਹੀ ਸੀ, ਕਿਉਂਕਿ ਭਾਰਤੀ ਸੰਵਿਧਾਨ ਘੜਨ ਵਾਲੀ ਕਮੇਟੀ ਵਿਚ ਸ਼ਾਮਿਲ ਸਿੱਖਾਂ ਦੇ ਨੁਮਾਇੰਦਿਆਂ ਨੇ ਉਦੋਂ ਹੀ ਇਸ ਸੰਵਿਧਾਨ ਉਤੇ ਦਸਤਖਤ ਨਾ ਕਰਕੇ ਸਿੱਖ ਕੌਮ ਵੱਲੋਂ ਸੰਵਿਧਾਨ ਅਪ੍ਰਵਾਨ ਕਰ ਦਿੱਤਾ ਗਿਆ ਸੀ।
ਇਸ ਰੈਲੀ ਦੌਰਾਨ ਅਮਰੀਕਾ, ਬਰਤਾਨੀਆ ਤੇ ਹੋਰ ਦੇਸ਼ਾਂ ਵਿਚੋਂ ਆਏ ਸਿੱਖਾਂ ਨੇ ਯੂਐਨ. ਚਾਰਟਰ ਦੇ ਆਰਟੀਕਲ 1 ਅਧੀਨ ਸੰਨ 2020 ਵਿਚ ਸਿੱਖਾਂ ਲਈ ਆਤਮ ਨਿਰਣੇ (ਸੈਲਫ਼-ਡਿਟਰਮੀਨੇਸ਼ਨ) ਦਾ ਅਧਿਕਾਰ ਮੰਗਿਆ ਗਿਆ। ਇਥੇ ਕਿਹਾ ਗਿਆ ਕਿ ਭਾਰਤ ਵਿਚ ਸਿੱਖ ਖ਼ਤਰੇ ਵਿਚ ਹਨ ਕਿਉਂਕਿ ਭਾਰਤ ਸਰਕਾਰ ਜਦ ਚਾਹੇ ਦਰਬਾਰ ਸਾਹਿਬ ‘ਤੇ ਹਮਲਾ ਕਰ ਦਿੰਦੀ ਹੈ, ਜਦ ਚਾਹੇ ਪੰਜਾਬ ਦਾ ਪਾਣੀ ਲੁੱਟ ਲੈਂਦੀ ਹੈ ਤੇ ਜਦ ਚਾਹੇ ਸਿੱਖਾਂ ਦੇ ‘ਹੋਮਲੈਂਡ’ ਨੂੰ ਆਰਥਕ ਤੌਰ ‘ਤੇ ਤਬਾਹ ਕਰਨ ਦੇ ਫ਼ੈਸਲੇ ਕਰ ਲੈਂਦੀ ਹੈ। ਐਲਾਨਨਾਮੇ ਵਿਚ ਕਿਹਾ ਗਿਆ ਹੈ ਕਿ ਸਿੱਖਾਂ ਨੇ ਅੰਦਰੂਨੀ ਤੌਰ ‘ਤੇ ਸਾਰੇ ਢੰਗ ਵਰਤ ਕੇ ਇਨਸਾਫ਼ ਲੈਣ ਦੀ ਹਰ ਕੋਸ਼ਿਸ਼ ਕਰ ਕੇ ਵੇਖ ਲਿਆ ਹੈ ਤੇ ਹੁਣ ਯੂਐਨ. ਚਾਰਟਰ ਅਧੀਨ ਸਾਰੇ ਸੰਸਾਰ ਦੇ ਸਿੱਖਾਂ ਦਾ ਰੈਫ਼ਰੰਡਮ ਕਰਵਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ। ਇਸ ਮੌਕੇ ਜ਼ੋਰਦਾਰ ਢੰਗ ਨਾਲ ਕਿਹਾ ਗਿਆ ਕਿ ਅੰਤਰ-ਰਾਸ਼ਟਰੀ ਕਾਨੂੰਨ ਅਜਿਹੇ ਅਧਿਕਾਰ ਨੂੰ ਪ੍ਰਵਾਨ ਕਰਦਾ ਹੈ।

ਸਿੱਖਜ਼ ਫਾਰ ਜਸਟਿਸ ਨੇ ਕਿਹਾ ਕਿ ਉਨ੍ਹਾਂ ਦੀ ਰੈਲੀ ਸੰਨ 2020 ‘ਚ ਹੋਣ ਵਾਲੇ ਰੈਫਰੰਡਮ ਬਾਰੇ ਜਾਗਰੂਕਤਾ ਫੈਲਾਉਣਾ ਚਾਹੁੰਦੀ ਹੈ ਜਿਸ ਤਹਿਤ ਵੱਡੀ ਸਿੱਖ ਆਬਾਦੀ ਵਾਲੇ ਪੰਜਾਬ ਨੂੰ ਭਾਰਤ ਆਜ਼ਾਦੀ ਦੇਵੇ। ਪ੍ਰਬੰਧਕਾਂ ਦਾ ਮੰਨਣਾ ਹੈ ਕਿ ਰੈਲੀ ਦੌਰਾਨ ਵੱਡੀ ਗਿਣਤੀ ‘ਚ ਖਾਲਿਸਤਾਨ ਪੱਖੀ ਲੋਕਾਂ ਦੇ ਜੁੜਨ ਨਾਲ ਸੰਯੁਕਤ ਰਾਸ਼ਟਰ ‘ਤੇ ਦਬਾਅ ਬਣਾ ਕੇ ਭਾਰਤ ਨੂੰ ਰਾਇਸ਼ੁਮਾਰੀ ਕਰਾਉਣ ਲਈ ਆਖਿਆ ਜਾਵੇਗਾ।
ਇਸ ਰੈਲੀ ਵਿਚ ਹਾਊਸ ਆਫ਼ ਲਾਰਡਜ਼ ‘ਚ ਪਾਕਿਸਤਾਨ ਮੂਲ ਦੇ ਮੈਂਬਰ ਲਾਰਡ ਨਜ਼ੀਰ ਅਹਿਮਦ ਮੁੱਖ ਬੁਲਾਰਿਆਂ ‘ਚ ਸ਼ਾਮਲ ਸਨ। ਲਾਰਡ ਨਜ਼ੀਰ ਅਹਿਮਦ ਨੇ ਸਟੇਜ ਤੋਂ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਵਾਏ ਅਤੇ ਪੰਜਾਬੀ ਵਿਚ ਭਾਸ਼ਣ ਦਿੰਦਿਆਂ ਖ਼ਾਲਿਸਤਾਨ ਅਤੇ ਕਸ਼ਮੀਰ ਦੀ ਆਜ਼ਾਦੀ ਲਈ ਸਮਰਥਨ ਦਾ ਐਲਾਨ ਕੀਤਾ।  ਇਸ ਮੌਕੇ ਬੋਲਦਿਆਂ ਨਜੀਰ ਅਹਿਮਦ ਨੇ ਕਿਹਾ ਕਿ ਸਿੱਖਾਂ ਵੱਲੋਂ ੨੯ ਅਪ੍ਰੈਲ ੧੯੬੪ ਨੂੰ ਕੀਤੇ ਖਾਲਿਸਤਾਨ ਦੇ ਐਲਾਨ ਦੀ ਪ੍ਰੋੜ੍ਹਤਾ ਕਰਦਾ ਹਾਂ ਅਤੇ ਮਦਦ ਕਰਨ ਦਾ ਭਰੋਸਾ ਦਵਾਉਂਦਾ ਹਾਂ।

ਰੈਲੀ ਨੂੰ ਡਾ. ਬਖਸ਼ੀਸ਼ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ। ਡਾਕਟਰ ਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਖਾਲਿਸਤਾਨ ਦੀ ਪ੍ਰਾਪਤੀ ਲਈ ਸਿੱਖਾਂ ਦਾ ਇਤਿਹਾਸਿਕ ਦਾਅਵਾ ਬਣਦਾ ਹੈ। ਉਹਨਾਂ ਨੇ ੧੯੪੭ ਤੋਂ ਬਾਅਦ ਭਾਰਤ ਵੱਲੋਂ ਸਿੱਖਾਂ ਦੇ ਕਤਲੇਆਮ, ੧੯੫੫ ਵਿਚ ਦਰਬਾਰ ਸਾਹਿਬ ਤੇ ਹੋਏ ਹਮਲੇ, ੧੯੮੪ ਦੇ ਦਰਬਾਰ ਸਾਹਿਬ ਦੇ ਹਮਲੇ, ਨਵੰਬਰ ੧੯੮੪ ਤੋਂ ਚੱਲ ਰਹੀਂ ਸਿੱਖਾਂ ਦੀ ਨਸ਼ਲਕੁਸ਼ੀ ਦੇ ਹਵਾਲੇ ਦੇ ਕੇ ਦੱਸਿਆ ਕਿ ਸਿੱਖਾਂ ਵੱਲੋਂ ਕੀਤੀ ਜਾਂਦੀ ਖਾਲਿਸਤਾਨ ਦੀ ਮੰਗ ਦਾ ਦਾਅਵਾ ਬਣਦਾ ਹੈ।

ਗਲੋਬਲ ਡਿਲੀਜੈਂਸ ਦੇ ਅੰਤਰ-ਰਾਸ਼ਟਰੀ ਕਾਨੂੰਨ ਦੇ ਮਾਹਰ ਰਿਚਰਡ ਰੋਜਰਜ਼ ਨੇ ਰਿਫ਼ਰੈਂਡਮ ਦੇ ਅਰਥ ਖੋਲ੍ਹ ਕੇ ਸਮਝਾਏ ਤੇ ਕਿਹਾ ਕਿ ਇਹ ਅਧਿਕਾਰ ਮਨੁੱਖੀ ਅਧਿਕਾਰਾਂ ਵਿਚੋਂ ਸਭ ਤੋਂ ਮੁਢਲਾ ਅਧਿਕਾਰ ਹੈ ਜੋ ਕਿਸੇ ਵੀ ਦੇਸ਼ ਵਿਚ ਰਹਿੰਦੀਆਂ ਕੌਮਾਂ ਨੂੰ ਦਿੱਤਾ ਗਿਆ ਹੈ ਤੇ ਯੂਐਨ.ਚਾਰਟਰ ਵਿਚ ਦਰਜ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਉਹ ਕੌਮ (ਲੋਕ) ਹੋਣ ਦੀ ਸ਼ਰਤ ਪੂਰੀ ਕਰਦਾ ਹੈ ਜਿਸ ਨੂੰ ਇਹ ਅਧਿਕਾਰ ਮਿਲ ਸਕਦਾ ਹੈ। ਮਿ. ਰਿਚਰਡ ਨੇ ਕਿਹਾ ਕਿ ਸੰਨ 1947 ਵਿਚ ਜੋ ਵਾਅਦੇ ਸਿੱਖਾਂ ਨਾਲ ਜਵਾਹਰ ਲਾਲ ਨਹਿਰੂ ਨੇ ਕੀਤੇ ਸਨ, ਉਹ ਨਿਭਾਏ ਨਹੀਂ ਗਏ। ਪਾਣੀਆਂ ਦਾ ਵਿਤਕਰਾ ਗਿਆ , ਸੰਨ 1984 ਵਿਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, ਜਿਨ੍ਹਾਂ ਨੂੰ ਆਧਾਰ ਬਣਾ ਕੇ ਕੇਸ ਕੀਤਾ ਜਾ ਸਕਦਾ ਹੈ। ਰਿਚਰਡ ਰੋਜਰਜ਼ ਨੇ ਕਾਸੋਵੋ ਅਤੇ ਯੂਐਨ ਦੇ ਚਾਰਟਰ ਦੀਆਂ ਉਦਾਹਰਨਾਂ ਦੇ ਕੇ ਦੱਸਿਆ ਕਿ ਸਿੱਖਾਂ ਦਾ ਸਵੈ-ਨਿਰਣੇ ਦਾ ਕੇਸ ਹੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਹੱਕ ਦੀ ਪ੍ਰਾਪਤੀ ਲਈ ਤਿੰਨ ਸ਼ਰਤਾਂ ਜ਼ਰੂਰੀ ਹਨ, ਪਹਿਲੀ ਅੰਗਰੇਜ਼ਾਂ ਨੇ ਤੁਹਾਡੇ ‘ਤੇ ਰਾਜ ਕੀਤਾ ਹੋਵੇ, ਦੂਜਾ ਤੁਹਾਡੇ ਰਾਜ ਨੂੰ ਆਪਣੇ ਕਬਜ਼ੇ ਵਿਚ ਲਿਆ ਹੋਵੇ ਅਤੇ ਤੀਜਾ ਕੌਮ ਨੇ ਆਜ਼ਾਦੀ ਲਈ ਸੰਘਰਸ਼ ਕੀਤਾ ਹੋਵੇ ਅਤੇ ਸਮੇਂ ਦੀ ਸਰਕਾਰ ਨੇ ਉਸਨੂੰ ਲਗਾਤਾਰ ਦਬਾਇਆ ਹੋਵੇ।
ਗੁਰਪ੍ਰੀਤ ਸਿੰਘ ਢਿੱਲੋਂ ਨੇ ਮਿ. ਰਿਚਰਡ ਦੇ ਬਿਆਨ ਦਾ ਪੰਜਾਬੀ ਤਰਜਮਾ ਕੀਤਾ ਅਤੇ ਕਿਹਾ ਕਿ ਸੰਨ ੧੮੪੯ ਵਿਚ ਸਿੱਖ ਰਾਜ ਅੰਗਰੇਜ਼ਾਂ ਨੇ ਧੋਖੇ ਨਾਲ ਖੋਹਿਆ ਸੀ। ਜਦੋਂ ਸਿੱਖ ਰਾਜ ਹੋਂਦ ਵਿਚ ਸੀ, ਉਸ ਵੇਲੇ ਹਿੰਦੂਸਤਾਨ ਨਾਂ ਦਾ ਦੇਸ਼ ਕਿਤੇ ਨਹੀਂ ਸੀ।
ਡਾਊਟੀ ਸਟਰੀਟ ਚੈਂਬਰਸ ਦੇ ਉਘੇ ਵਕੀਲ ਜੈਮੀ ਬਰਟਨ ਨੇ ਰੈਲੀ ਵਿਚ ਕਿਹਾ ਕਿ ੧੯੯੧ ਤੋਂ ਬਾਅਦ ੫੪ ਰੈਫਰੰਡਮ ਹੋਏ ਹਨ ਅਤੇ ਉਹਨਾਂ ਵਿੱਚੋਂ ੨੭ ਗੈਰ-ਸਰਕਾਰੀ ਹੋਏ ਹਨ। ਅੰਤਰਰਾਸ਼ਟਰੀ ਪੱਧਰ ‘ਤੇ ਇਹ ਤਰੀਕਾ ਪਰਖਿਆ ਹੋਇਆ ਹੈ। ਉਸ ਨੇ ਸਿੱਖਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਰੈਫਰੰਡਮ ਪ੍ਰਕਿਰਿਆ ਦਾ ਪਾਰਦਰਸ਼ੀ ਹੋਣਾ ਅਤੇ ਵੋਟ ਪਾਉਣ ਦਾ ਤਰੀਕਾ ਸਹੀ ਹੋਣਾ ਲਾਜ਼ਮੀ ਹੈ।ਵਕੀਲ ਜੈਮੀ ਬਰਟਨ ਨੇ ਕਿਹਾ ਕਿ ਅੱਜ ਸਿੱਖਾਂ ਨੇ ਇਤਿਹਾਸ ਰਚਿਆ ਹੈ ਜਿਸ ਨੂੰ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਮਾਣ ਨਾਲ ਚੇਤੇ ਰੱਖਣਗੀਆਂ।
ਇੰਗਲੈਂਡ ਦੇ ਸਾਬਕਾ ਐਮਪੀ ਅਤੇ ਸਕਾਟਲੈਂਡ ਦੀ ਅਜ਼ਾਦੀ ਦੀ ਪ੍ਰੋੜ੍ਹਤਾ ਕਰਨ ਵਾਲੇ ਜੋਰਜ ਗੈਲੋਵੇ ਨੇ ਕਿਹਾ ਕਿ ਯੂਐਨਓ ਨੇ ਕੌਮਾਂ ਨੂੰ ਆਪਣੀ ਅਜ਼ਾਦੀ ਦੀ ਪ੍ਰਾਪਤੀ ਲਈ ਰੈਫਰੰਡਮ ਦਾ ਰਾਹ ਰੱਖਿਆ ਹੈ ਇਸ ਲਈ ਸਿੱਖਾਂ ਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਗਲੋਬਲ ਡਿਲੀਜੈਂਸ ਦੇ ਹੀ ਅੰਤਰਰਾਸ਼ਟਰੀ ਕਾਨੂੰਨ ਦੇ ਮਾਹਿਰ ਵਕੀਲ ਐੰਡਰਿਊ ਪਰੇਜੈਂਟੀ ਨੇ ਵੀ ਪੂਰਬੀ ਤੈਮੂਰ ਅਤੇ ਕਾਸੋਵੋ ਦੀਆਂ ਉਦਾਹਰਣਾਂ ਦਿੰਦੇ ਹੋਏ ਸਿੱਖਾਂ ਵੱਲੋਂ ਅਜ਼ਾਦੀ ਦੀ ਮੰਗ ਨੂੰ ਜਾਇਜ਼ ਠਹਿਰਾਇਆ। ਉਸ ਨੇ ਯੂਐਨਓ ਦੇ ਖੇਤਰੀ ਗਰੁੱਪਾਂ ਨਾਲ ਤਾਲਮੇਲ ਵਧਾਉਣ ਦੀ ਸਲਾਹ ਦਿੱਤੀ।
ਬਿਕਰਮਜੀਤ ਸਿੰਘ ਸ਼ਿਕਾਗੋ ਨੇ ਕਿਹਾ ਕਿ ਖੁਦਮੁਖਤਿਆਰੀ ਤੋਂ ਬਿਨਾਂ ਕੋਈ ਹੱਲ ਹੀ ਨਹੀਂ ਹੈ ਅਤੇ ਉਨ੍ਹਾਂ ਸਿੱਖ ਸੰਗਤ ਨੂੰ ਆਜ਼ਾਦੀ ਦੀ ਇਸ ਲੜਾਈ ਦੇ ਹਮਸਫ਼ਰ ਬਣਨ ਦੀ ਅਪੀਲ ਕੀਤੀ।
ਦਪਿੰਦਰਜੀਤ ਸਿੰਘ ਯੂਕੇ ਨੇ ਕਿਹਾ ਕਿ ਭਾਰਤ ਸਰਕਾਰ ਦੁਆਰਾ ਸਿੱਖਾਂ ਨਾਲ ਕੀਤੇ ਗਏ ਧੋਖਿਆਂ ਅਤੇ ਅੱਤਿਆਚਾਰ ਕਰਕੇ ਸਿੱਖਾਂ ਕੋਲ ਅਜ਼ਾਦੀ ਤੋਂ ਬਿਨਾ ਕੋਈ ਰਾਹ ਹੀ ਨਹੀਂ ਰਹਿ ਗਿਆ ਹੈ।
ਸਾਹਬੀ ਸਿੰਘ ਕੈਲੇਫੋਰਨੀਆ ਨੇ ਜਜ਼ਬਾਤੀ ਤਕਰੀਰ ਕਰਦੇ ਹੋਏ ਕਿਹਾ ਕਿ ਪਿਛਲੇ ਸਮੇਂ ਵਿਚ ਸਿੰਘਾਂ ਵੱਲੋਂ ਵਿੱਢੇ ਸੰਘਰਸ਼ ਦੀ ਉਹ ਸ਼ਲਾਘਾ ਕਰਦੇ ਹਨ ਪਰ ਹੁਣ ਸ਼ਾਂਤਮਈ ਜਮਹੂਰੀ ਤਰੀਕੇ ਨਾਲ ਅਸੀਂ ਰਾਜ ਲੈਕੇ ਦਿਆਂਗੇ। ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲੈਣਾ ਹੈ ਜਿਸ ਵਿਚ ਸਿੱਖ, ਮੁਸਲਮਾਨ, ਹਿੰਦੂ, ਦਲਿਤ ਜਾਂ ਹੋਰ ਵੀ ਕੌਮਾਂ ਵੀ ਅਜ਼ਾਦ ਰਹਿ ਸਕਣਗੀਆਂ।
ਪਰਮਜੀਤ ਸਿੰਘ ਪੰਮਾ ਯੂਕੇ ਨੇ ਜੋਸ਼ੀਲੇ ਲਫ਼ਜ਼ਾਂ ਵਿਚ ਕਿਹਾ ਕਿ ਅਸੀਂ ਭਾਰਤ ਤੋਂ ਅਜ਼ਾਦ ਹੋਣ ਦਾ ਕਾਨੂੰਨੀ ਕੇਸ ਦੁਨੀਆ ਸਾਹਮਣੇ ਪੇਸ਼ ਕਰ ਰਹੇ ਹਾਂ। ਅਸੀਂ ਅਜ਼ਾਦ ਖਾਲਸਾ ਰਾਜ ਲਈ ਆਪਣੇ ੮ ਸਾਲ ਦੇ ਬੱਚੇ ਵੀ ਵਾਰ ਦਿਆਂਗੇ ਪਰ ਇਸ ਤੋਂ ਪਿੱਛੇ ਨਹੀਂ ਹਟਾਂਗੇ
ਇਸ ਮੌਕੇ ਜਸਬੀਰ ਸਿੰਘ ਘੁੰਮਣ, ਅਮਰੀਕ ਸਿੰਘ ਸਹੋਤਾ, ਜੋਗਾ ਸਿੰਘ, ਬਲਵਿੰਦਰ ਸਿੰਘ ਚੱਠਾ ਯੂਐਸਏ., ਸ਼ਵਿੰਦਰ ਸਿੰਘ ਰੰਧਾਵਾ, ਗੁਰਚਰਨ ਸਿੰਘ ਗੁਰਾਇਆ ਫਰੈਂਕਫ਼ਰਟ, ਅਵਤਾਰ ਸਿੰਘ ਸੰਘੇੜਾ, ਸੁਖਵਿੰਦਰ ਸਿੰਘ ਠਾਣਾ ਅਤੇ ਜਸਬੀਰ ਸਿੰਘ ਦਿੱਲੀ ਵੀ ਹਾਜ਼ਰ ਸਨ।
ਉਧਰ ਭਾਰਤ ਸਰਕਾਰ ਨੇ ਇਸ ਰੈਲੀ ਦਾ ਵਿਰੋਧ ਕਰਦਿਆਂ ਲੰਦਨ ਚ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਲੋਕਾਂ ਨੂੰ ਵੱਖਵਾਦੀ ਕਰਾਰ ਦਿੱਤਾ ਹੈ। ਬ੍ਰਿਟੇਨ ਵਿਚ ਇਹ ਰੈਲੀ ਭਾਰਤੀ ਅਧਿਕਾਰੀਆਂ ਲਈ ਵੱਡੀ ਸਿਰਦਰਦੀ ਬਣੀ ਰਹੀ। ਬ੍ਰਿਟੇਨ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਗਰੁੱਪ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਪ੍ਰਦਰਸ਼ਨ ਕਰਨ ਤੋਂ ਨਹੀਂ ਰੋਕ ਸਕਦਾ। ਯੂਕੇ ਸਰਕਾਰ ਦੇ ਤਰਜਮਾਨ ਨੇ ਰੈਲੀ ਕਰਨ ਦੀ ਇਜਾਜ਼ਤ ਦਿੰਦਿਆਂ ਕਿਹਾ ਸੀ ਕਿ ਜੇਕਰ ਇੰਗਲੈਂਡ ਦੇ ਲੋਕ ਕਾਨੂੰਨ ਦੇ ਦਾਇਰੇ ਅੰਦਰ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਇਕੱਠੇ ਹੋ ਕੇ ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਹੱਕ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਯੂਕੇ ਸਰਕਾਰ ਵੱਲੋਂ ਲਏ ਸਟੈਂਡ ‘ਤੇ ਨਿਰਾਸ਼ਾ ਜਤਾਈ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਬ੍ਰਿਟੇਨ ਦੇ ਇਸ ਫੈਸਲੇ ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਰੈਲੀ ਦਾ ਮਕਸਦ ਹਿੰਸਾ, ਵੱਖਵਾਦ ਤੇ ਨਫਰਤ ਫੈਲਾਉਣਾ ਹੈ। ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਰਾਮੀ ਰੇਂਜਰ ਨੇ ਖਾਲਿਸਤਾਨ ਪੱਖੀ ਰੈਲੀ ਨੂੰ ਨਕਾਰਦਿਆਂ ਕਿਹਾ ਕਿ ਇਹ ਕੁਝ ਆਪੂੰ ਚੌਧਰੀ ਬਣੇ ਸਿੱਖਾਂ ਦੀ ਚਾਲ ਹੈ ਅਤੇ ਵੱਡੀ ਗਿਣਤੀ ‘ਚ ਸਿੱਖ ਵੰਡ ਦੇ ਖਿਲਾਫ਼ ਹਨ।