ਅਮਰੀਕਾ ਨੇ ਭਾਰਤ ਦੀ ਸਹਾਇਤਾ ਰੋਕੀ ਪਰ ਪਾਕਿਸਤਾਨ ਨੂੰ 20 ਕਰੋੜ ਡਾਲਰ ਦੀ ਮਦਦ

ਅਮਰੀਕਾ ਨੇ ਭਾਰਤ ਦੀ ਸਹਾਇਤਾ ਰੋਕੀ ਪਰ ਪਾਕਿਸਤਾਨ ਨੂੰ 20 ਕਰੋੜ ਡਾਲਰ ਦੀ ਮਦਦ

ਵਾਸ਼ਿੰਗਟਨ/ਬਿਊਰੋ ਨਿਊਜ਼ :
ਹੁਣ ਬੇਸ਼ੱਕ ਅਮਰੀਕਾ ਦਾ ਥਿੰਕਟੈਂਕ ਇਹ ਕਹਿੰਦਾ ਰਹੇ ਕਿ ਅੱਤਵਾਦ ਨੂੰ ਪਾਲਣ ਵਾਲੇ ਪਾਕਿਸਤਾਨ ਨੂੰ ਆਰਥਿਕ ਮਦਦ ਬੰਦ ਦੇਣੀ ਚਾਹੀਦੀ ਹੈ ਪਰ ਅਮਰੀਕਾ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 20 ਕਰੋੜ ਡਾਲਰ ਦੀ ਮਦਦ ਨੂੰ ਬੰਦ ਨਹੀਂ ਕਰਨ ਵਾਲਾ। ਇਹ ਖੁਲਾਸਾ ਅਮਰੀਕਾ ਵਲੋਂ ਦੂਸਰੇ ਦੇਸ਼ਾਂ ਨੂੰ ਦਿੱਤੇ ਜਾਣ ਵਾਲੇ ਬਜਟ ਦੇ ਸੰਵੇਦਨਸ਼ੀਲ ਦਸਤਾਵੇਜ਼ਾਂ ਤੋਂ ਹੋਇਆ ਹੈ।
ਦਸਤਾਵੇਜ਼ਾਂ ਅਨੁਸਾਰ ਅਮਰੀਕਾ ਸਾਲ 2018 ਵਿਚ ਭਾਰਤ ਨੂੰ ਮਿਲਣ ਵਾਲੀ ਆਰਥਿਕ ਮਦਦ ਵਿਚ ਕਟੌਤੀ ਕਰਨ ਜਾ ਰਿਹਾ ਹੈ। ਫਿਲਹਾਲ ਅਧਿਕਾਰਿਤ ਤੌਰ ‘ਤੇ ਅਮਰੀਕਾ ਵਲੋਂ ਇਸ ਦਾ ਐਲਾਨ ਨਹੀਂ ਕੀਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਆਰਥਿਕ ਮਦਦ ਵਿਚ ਕਟੌਤੀ ਨੂੰ ਭਾਰਤ ਲਈ ਕਰਾਰਾ ਝਟਕਾ ਮੰਨਿਆ ਜਾ ਰਿਹਾ ਹੈ। ਅਜੇ ਤਕ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਭਾਰਤ ਸਮਰਥਕ ਅਤੇ ਪਾਕਿਸਤਾਨ ਵਿਰੋਧੀ ਮੰਨਿਆ ਜਾ ਰਿਹਾ ਸੀ ਪਰ ਟਰੰਪ ਪ੍ਰਸ਼ਾਸਨ ਦੀ ਬਜਟ ਕਟੌਤੀ ਦੀ ਯੋਜਨਾ ਨੇ ਇਸ ਨਜ਼ਰੀਏ ਨੂੰ ਬਦਲ ਦਿੱਤਾ ਹੈ। 15 ਪੇਜ ਦੇ ਲੀਕ ਦਸਤਾਵੇਜ਼ਾਂ ਅਨੁਸਾਰ ਅਮਰੀਕੀ ਰੱਖਿਆ ਬਜਟ ਵਿਚ 10 ਫੀਸਦੀ ਦੇ ਵਾਧੇ ਨਾਲ 54 ਅਰਬ ਡਾਲਰ ਕਰਨਾ ਚਾਹੁੰਦਾ ਹੈ ਜਿਸ ਨੂੰ ਪੂਰਾ ਕਰਨ ਲਈ ਇਹ ਕਟੌਤੀ ਕੀਤੀ ਜਾ ਰਹੀ ਹੈ।