ਹਰਿਆਣਾ ਨੇ ਐਸਵਾਈਐਲ ਦੀ ਉਸਾਰੀ ਲਈ ਬੱਜਟ ‘ਚ ਰੱਖੇ 100 ਕਰੋੜ ਰੁਪਏ

ਹਰਿਆਣਾ ਨੇ ਐਸਵਾਈਐਲ ਦੀ ਉਸਾਰੀ ਲਈ ਬੱਜਟ ‘ਚ ਰੱਖੇ 100 ਕਰੋੜ ਰੁਪਏ

ਕੈਪਸ਼ਨ-ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਬਜਟ ਪੇਸ਼ ਕਰਨ ਲਈ ਹਰਿਆਣਾ ਵਿਧਾਨ ਸਭਾ ਵੱਲ ਜਾਂਦੇ ਹੋਏ। 

ਚੰਡੀਗੜ੍ਹ/ਬਿਊਰੋ ਨਿਊਜ਼ :
ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨੇ ਵਿਧਾਨ ਸਭਾ ਵਿੱਚ ਸੂਬੇ ਦਾ ਮਾਲੀ ਸਾਲ 2017-18 ਦਾ ਟੈਕਸ ਰਹਿਤ 102329.35 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਸ ਵਾਰ ਅਹਿਮ ਤਬਦੀਲੀ ਕਰਦਿਆਂ ਯੋਜਨਾ ਅਤੇ ਗੈਰ ਯੋਜਨਾ ਬਜਟ ਦੀ ਥਾਂ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਵਿਕਾਸ ਤੇ ਖਰਚੇ ਦੇ ਆਧਾਰ ‘ਤੇ ਬਜਟ ਬਣਾਇਆ ਗਿਆ ਹੈ। ਵਿਕਾਸ ਦਰ 9 ਫੀਸਦੀ ਤੋਂ ਵੱਧ ਅਤੇ ਖੇਤੀਬਾੜੀ ਸੈਕਟਰ ਦੀ ਵਿਕਾਸ ਦਰ ਸੱਤ ਫੀਸਦੀ ਦਾ ਦਾਅਵਾ ਕੀਤਾ ਗਿਆ ਹੈ।
ਪੰਜਾਬ ਤੇ ਹਰਿਆਣਾ ਵਿਚਾਲੇ ਤਕਰਾਰ ਦਾ ਮੁੱਦਾ ਬਣ ਚੁੱਕੀ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਲਈ ਬਜਟ ਵਿਚ 100 ਕਰੋੜ ਰੁਪਏ ਰੱਖੇ ਗਏ ਹਨ। ਵਿੱਤ ਮੰਤਰੀ ਨੇ ਇਹ ਦਾਅਵਾ ਵੀ ਕੀਤਾ ਕਿ ਨਹਿਰ ਦੀ ਉਸਾਰੀ ਲਈ ਸੂਬਾ ਸਰਕਾਰ ਇਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਖਰਚਣ ਲਈ ਤਿਆਰ ਹੈ। ਨਹਿਰ ਲਈ ਬਜਟ ਵਿਚ ਪੈਸੇ ਰੱਖਣ ਨਾਲ ਦੋਵਾਂ ਸੂਬਿਆਂ ਵਿਚਾਲੇ ਅਗਲੇ ਦਿਨਾਂ ਵਿਚ ਸਥਿਤੀ ਤਣਾਅਪੂਰਨ ਬਣ ਸਕਦੀ ਹੈ ਕਿਉਂਕਿ ਪਹਿਲਾਂ ਹੀ ਇਸ ਮੁੱਦੇ ਉਤੇ ਕਸ਼ਮਕਸ਼ ਵਧੀ ਹੋਈ ਹੈ ਤੇ ਜ਼ੋਰਦਾਰ ਬਿਆਨਬਾਜ਼ੀ ਹੋ ਰਹੀ ਹੈ।
ਬਜਟ ਦੇ ਅਕਾਰ ਵਿਚ ਵਾਧੇ ਨਾਲ ਹੀ ਸਾਰੀਆਂ ਯੋਜਨਾਵਾਂ ਦੀ ਰਕਮ ਵਿਚ ਵੀ ਵਾਧਾ ਕੀਤਾ ਗਿਆ ਹੈ ਪਰ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਦਿੱਤੀ ਜਾਂਦੀ ਸਬਸਿਡੀ 6800 ਕਰੋੜ ਰੁਪਏ ਤੋਂ ਘਟਾ ਕੇ 6300 ਕਰੋੜ ਰੁਪਏ ਕਰ ਦਿੱਤੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਬਿਜਲੀ ਨਿਗਮਾਂ ਦੇ ਪ੍ਰਬੰਧ ਵਿਚ ਸੁਧਾਰ ਕੀਤਾ ਗਿਆ ਹੈ ਤੇ ਇਸ ਲਈ ਏਨੀ ਰਕਮ ਨਾਲ ਕਿਸਾਨਾਂ ਨੂੰ ਪਿਛਲੇ ਸਾਲ ਦੇ ਬਰਾਬਰ ਸਬਸਿਡੀ ਮਿਲ ਜਾਵੇਗੀ।

ਗੁਰੂ ਗੋਬਿੰਦ ਸਿੰਘ ਮਾਰਗ ਨੂੰ ਠੀਕ ਕਰਨ ਦੀ ਮੰਗ :
ਹਰਿਆਣਾ ਵਿਧਾਨ ਸਭਾ ਵਿਚ ਅਕਾਲੀ ਮੈਂਬਰ ਬਲਕੌਰ ਸਿੰਘ ਨੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਕਿ ਜ਼ਿਲ੍ਹਾ ਸਿਰਸਾ ਵਿਚ ਕਿਲਿਆਂਵਾਲੀ ਹਲਕੇ ਵਿਚੋਂ ਲੰਘਦੇ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕਦੋਂ ਮੁਕੰਮਲ ਕੀਤਾ ਜਾਵੇਗਾ? ਕਿਉਂਕਿ ਇਹ ਪੰਜਾਬ ਦੇ ਇਲਾਕੇ ਵਿਚ ਬਿਲਕੁਲ ਠੀਕ ਠਾਕ ਹੈ। ਲੋਕ ਨਿਰਮਾਣ ਮੰਤਰੀ ਰਾਓ ਨਰਬੀਰ ਸਿੰਘ ਨੇ ਉੱਤਰ ਦਿੱਤਾ ਕਿ ਸੜਕ ਚੰਗੀ ਹਾਲਤ ਵਿਚ ਹੈ ਪਰ ਬਲਕੌਰ ਸਿੰਘ ਨੇ ਕਿਹਾ ਕਿ ਮਾਰਗ ਦੀ ਹਾਲਤ ਠੀਕ ਨਹੀਂ ਸਰਕਾਰ ਤੁਰੰਤ ਇਧਰ ਧਿਆਨ ਦੇਵੇ, ਪਰ ਗੱਲ ਆਈ-ਗਈ ਹੋ ਗਈ।