ਪਹਿਲੇ 100 ਦਿਨਾਂ ‘ਚ ਹੀ ਟਰੰਪ ਦੀ ਸੁਰ ਪਈ ਨਰਮ

ਪਹਿਲੇ 100 ਦਿਨਾਂ ‘ਚ ਹੀ ਟਰੰਪ ਦੀ ਸੁਰ ਪਈ ਨਰਮ

ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਨਿਰਸੰਦੇਹ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦਫ਼ਤਰ ਹੈ। ਓਵਲ ਦਫ਼ਤਰ ਵਿੱਚ ਬੈਠਣ ਵਾਲਾ ਵਿਅਕਤੀ ਕਿਸੇ ਤੋਂ ਵੀ ਉਸ ਦੀ ਖ਼ੁਸ਼ੀ ਖੋਹ ਸਕਦਾ ਹੈ। ਇਨ੍ਹਾਂ 100 ਦਿਨਾਂ ਵਿੱਚ ਜੇਕਰ ਕੋਈ ਰਾਹਤ ਦੀ ਗੱਲ ਹੈ ਤਾਂ ਉਹ ਹੈ ਕਿ ਟਰੰਪ ਨੂੰ ਬੇਪਰਵਾਹ ਹੋਣ ਦੀ ਆਗਿਆ ਨਹੀਂ ਦਿੱਤੀ ਗਈ। ਸੰਸਥਾਗਤ ਰੁਕਾਵਟਾਂ, ਉਦਾਰਵਾਦੀ ਧਾਰਮਿਕਤਾ ਅਤੇ ਜ਼ੋਰਦਾਰ ਤੇ ਜਾਨਦਾਰ ਮੀਡੀਆ ਨੇ ਮਿਲ ਕੇ ਉਸ ਨੂੰ ਜਾਂਚ ਅਤੇ ਜਵਾਬਦੇਹੀ ਅਧੀਨ ਲਗਾਤਾਰ ਲਿਆਂਦਾ ਹੈ।

ਹਰੀਸ਼ ਖਰੇ

ਵ੍ਹਾਈਟ ਹਾਊਸ ਵਿੱਚ ਡੋਨਲਡ ਟਰੰਪ ਦੇ ਸੌ ਦਿਨ ਪੂਰੇ ਹੋ ਚੁੱਕੇ ਹਨ। 8 ਨਵੰਬਰ 2018 ਨੂੰ ਜਦੋਂ ਉਹ ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ ਸੀ ਤਾਂ ਬਾਕੀ ਦੁਨੀਆ ਹੈਰਾਨ ਹੋ ਰਹੀ ਸੀ ਕਿ ਅਮਰੀਕਨਾਂ ਨੇ ਇਸ ਬੰਦੇ ਨੂੰ ਇੰਨੇ ਉੱਚੇ ਅੁਹਦੇ ਲਈ ਕਿਵੇਂ ਚੁਣ ਲਿਆ? ਉਹ ਅਮਰੀਕਾ, ਜੋ ਕਿ ਹਾਰਵਰਡ ਤੇ ਯੇਲ, ਪ੍ਰਿੰਸਟਨ ਤੇ ਐੱਮਆਈਟੀ ਅਤੇ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ ਤੇ ਨਿਊ ਯੋਰਕਰ ਵਰਗੇ ਬੌਧਿਕ ਮੁਰਾਸਲਿਆਂ ਦੀ ਧਰਤੀ ਹੈ, ਉਸ ਬੰਦੇ ਨੂੰ ਕਿਵੇਂ ਆਪਣਾ ਨੇਤਾ ਚੁਣ ਸਕਦੀ ਹੈ ਜੋ ਕਿ ਸਿਰੇ ਦਾ ਬੇਅਦਬ ਹੈ, ਮਿੱਥ ਕੇ ਗੈਰ-ਬੌਧਿਕ ਹੈ, ਲਾਲਚੀ ਕਾਰੋਬਾਰੀ ਤੋਂ ਵੱਧ ਹੋਰ ਕੁਝ ਨਹੀਂ ਅਤੇ ਜਿਸ ਦਾ ਲੋਕ ਸੇਵਾ ਤੇ ਲੋਕ ਨੀਤੀ ਦਾ ਕੋਈ ਰਿਕਾਰਡ ਨਹੀਂ? ਖ਼ੈਰ, ਜਮਹੂਰੀਅਤ ਕਦੇ ਕਦੇ ਗ਼ਲਤ ਤੇ ਨੁਕਸਦਾਰ ਨਤੀਜੇ ਵੀ ਪੈਦਾ ਕਰ ਦਿੰਦੀ ਹੈ। ਡੋਨਲਡ ਟਰੰਪ ਵੀ ਅਜਿਹੀ ਹੀ ਜਮਹੂਰੀ ਵਿਸੰਗਤੀ ਹੈ। ਉਸ ਨੇ ਇਸ ਸਾਲ 20 ਜਨਵਰੀ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ। ਕੀ ਉਸ ਨੇ ਅਮਰੀਕਾ ਨੂੰ ਉਸ ਢੰਗ ਨਾਲ ਛਿੰਨ-ਭਿੰਨ ਜਾਂ ਨਸ਼ਟ ਕੀਤਾ ਹੈ ਜਿਵੇਂ ਕਿ ਉਸ ਦੇ ਵਿਰੋਧੀ ਸੋਚਦੇ ਤੇ ਕਿਆਸਦੇ ਸਨ? ਜਾਂ ਕੀ ਉਸ ਨੇ ਉਸ ਕਿਸਮ ਦੀ ਆਲਮੀ ਅਰਾਜਕਤਾ ਨੂੰ ਉਭਾਰਿਆ ਹੈ, ਜਿਸ ਕਿਸਮ ਦੇ ਖ਼ਦਸ਼ੇ ਵੱਖ ਵੱਖ ਅਹਿਮ ਦੇਸ਼ਾਂ ਦੀ ਰਾਜਧਾਨੀਆਂ ਵਿੱਚ ਪ੍ਰਗਟਾਏ ਜਾ ਰਹੇ ਸਨ। ਪਹਿਲੇ ਸੌ ਦਿਨਾਂ ਦਾ ਸਮਾਂ ਕਿਸੇ ਨਿਸ਼ਚਿਤ ਨਤੀਜੇ ਤਕ ਪੁੱਜਣ ਲਈ ਸ਼ਾਇਦ ਬਹੁਤ ਘੱਟ ਸਮਾਂ ਹੈ, ਪਰ ਇਹ ਵੀ ਹੋ ਸਕਦਾ ਹੈ ਕਿ ਟਰੰਪੀ ਅਭੱਦਰਤਾ ਕਾਰਨ ਅਮਰੀਕਾ ਦੇ ਵਿਖੰਡਿਤ ਹੋਣ ਦੇ ਖ਼ਦਸ਼ੇ, ਬਿਪਤਾਵਾਂ ਨੂੰ ਵਧਾ-ਚੜ੍ਹਾਅ ਕੇ ਕਿਆਸਣ ਦੀ ਬਿਰਤੀ ਦੀ ਪੈਦਾਇਸ਼ ਹੋਣ। ਜਮਹੂਰੀਅਤ ਵਿੱਚ ਰੋਗ ਨਿਵਾਰਕ ਸ਼ਕਤੀ ਵੀ ਹੁੰਦੀ ਹੈ ਅਤੇ ਉਹ ਜ਼ਾਹਰਾ ਤੌਰ ‘ਤੇ ਅਸਰ ਵੀ ਦਿਖਾ ਰਹੀ ਹੈ।
ਡੋਨਲਡ ਟਰੰਪ ਨੇ ਨਵੰਬਰ 2016 ਵਿੱਚ ਰਾਸ਼ਟਰਪਤੀ ਦਾ ਅਹੁਦੇ ਦੀ ਚੋਣ ਤਾਂ ਜਿੱਤ ਲਈ, ਪਰ ਇਹ ਜਿੱਤ ਆਮ ਲੋਕਾਂ ਦੇ ਫ਼ਤਵੇ ਦੇ ਰੂਪ ਵਿੱਚ ਨਹੀਂ ਸੀ। ਇਹੀ ਕਾਰਨ ਸੀ ਕਿ ਜਿਨ੍ਹਾਂ ਨੇ ਉਸ ਦੇ ਹੱਕ ਵਿੱਚ ਵੋਟ ਨਹੀਂ ਸੀ ਪਾਈ, ਉਨ੍ਹਾਂ ਨੂੰ ਇਹ ਜਾਇਜ਼ ਜਾਪਦਾ ਸੀ ਕਿ ਉਹ ਪਹਿਲੇ ਦਿਨ ਤੋਂ ਹੀ ਟਰੰਪ ਦਾ ਵਿਰੋਧ ਕਰ ਸਕਦੇ ਹਨ। ਅਮਰੀਕੀ ਰਾਸ਼ਟਰਪਤੀਆਂ ਨੂੰ ਕੁਝ ਸਮਾਂ ਆਪਣੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨੂੰ ਸਮਝਣ ਤੇ ਉਨ੍ਹਾਂ ਮੁਤਾਬਕ ਢਲਣ ਲਈ ਦਿੱਤਾ ਜਾਂਦਾ ਹੈ। ਇਸ ਨੂੰ ‘ਹਨੀਮੂਨ’ ਦਾ ਸਮਾਂ ਕਿਹਾ ਜਾਂਦਾ ਹੈ। ਟਰੰਪ ਦੇ ਪਹਿਲੇ 100 ਦਿਨ ਟਕਰਾਅ ਤੇ ਝੜਪਾਂ ਦੇ ਦਿਨ ਰਹੇ ਹਨ। ਵਾਸ਼ਿੰਗਟਨ ਵਿਚਲੀ ਰਾਜਕੀ ਭੀੜ ਉਸ ਨੂੰ ਹਿਕਾਰਤ ਨਾਲ ਦੇਖਦੀ ਹੈ; ਇਹ ਭੀੜ, ਦਰਅਸਲ, ਅਜਿਹੇ ਹਰ ਵਿਅਕਤੀ ਨੂੰ ਹਿਕਾਰਤ ਨਾਲ ਦੇਖਦੀ ਹੈ ਜਿਸ ਨੂੰ ਇਹ ‘ਬਾਹਰੀ’ ਬੰਦਾ ਸਮਝਦੀ ਹੈ। ਇਸ ਨੇ ਗ਼ੈਰ-ਰਾਜਸੀ ਘਰਾਣਿਆਂ ਵਿੱਚੋਂ ਨਾ ਉੱਭਰੇ ਜਿਮੀ ਕਾਰਟਰ ਨੂੰ ਵੀ ਤ੍ਰਿਸਕਾਰਿਆ ਸੀ ਅਤੇ ਬਿਲ ਕਲਿੰਟਨ ਨੂੰ ਵੀ। ਇਹ ਵੱਖਰੀ ਗੱਲ ਹੈ ਕਿ ਸਨਕੀ ਅਤੇ ਝਗੜਾਲੂ ਟਰੰਪ ਉਸ ਕਿਸਮ ਦਾ ਇਨਸਾਨ ਨਹੀਂ ਜੋ ਇੱਕ ਗੱਲ੍ਹ ਉੱਤੇ ਥੱਪੜ ਪੈਣ ‘ਤੇ ਦੂਜੀ ਗੱਲ੍ਹ ਵੀ ਅੱਗੇ ਕਰ ਦੇਵੇ। ਉਹ ਤਾਂ ਆਪਣੇ ਵਿਰੋਧੀਆਂ ਤੇ ਨਿੰਦਕਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ, ਇੱਟਾਂ ਨਾਲ ਭੰਨਣ ਦਾ ਕੋਈ ਵੀ ਮੌਕਾ ਅਜਾਈਂ ਨਹੀਂ ਗੁਆਉਂਦਾ।
ਟਰੰਪ ਸੱਚਮੁੱਚ ਹੀ ਵੱਖਰੀ ਚੀਜ਼ ਹੈ। ਉਸ ਨੂੰ ਲੈ ਕੇ ਅਮਰੀਕੀ ਮਾਯੂਸੀ ਤੇ ਨਮੋਸ਼ੀ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਪਿਛਲੇ ਅੱਠ ਸਾਲਾਂ ਦੌਰਾਨ ਅਮਰੀਕਾ, ਤੇ ਬਾਕੀ ਦਾ ਜਗਤ, ਰਾਸ਼ਟਰਪਤੀ ਦੇ ਭਾਸ਼ਨਾਂ ਤੇ ਦਲੀਲਾਂ ਦੀ ਨਿੱਗਰਤਾ ਤੋਂ ਕਾਇਲ ਹੁੰਦਾ ਆਇਆ ਹੈ। ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਟਰੰਪ ਵਧੀਆ ਬੁਲਾਰਾ ਹੈ। ਉਸ ਦੀ ਬੋਲੀ ਤੇ ਤਕਰੀਰਾਂ ਵਿਚਲਾ ਕੁਢੱਬ ਇਸ ਤੱਥ ਦੀ ਪੈਦਾਇਸ਼ ਹੈ ਕਿ ਆਪਣੇ ਤੋਂ ਪਹਿਲਾਂ ਵਾਲੇ ਰਾਸ਼ਟਰਪਤੀ, ਜੋ ਕਿ ਕਈ ਵਾਰ ਲੋੜੋਂ ਵੱਧ ਪੇਸ਼ੇਵਾਰਾਨਾ ਬੁਲਾਰਾ ਹੋਣ ਦਾ ਪ੍ਰਭਾਵ ਦਿੰਦਾ ਸੀ, ਤੋਂ ਉਲਟ ਟਰੰਪ ਨੇ ਖ਼ੁਦ ਦਾ ਅਕਸ ਗਲੀਆਂ ਤੇ ਲਠੈਤ ਤੇ ਉਪੱਦਰੀ ਵਾਲਾ ਉਭਾਰਿਆ ਹੈ। ਅਤੇ ਉਸ ਨੇ ਆਪਣੀ ਇਹ ਭੂਮਿਕਾ ਵੀ ਹੁਣ ਤਕ ਬਾਖ਼ੂਬੀ ਨਿਭਾਈ ਹੈ, ਉਹ ਵੀ ਟਵਿੱਟਰ ਦੀ ਵਰਤੋਂ ਘਸੁੰਨਬਾਜ਼ੀ ਲਈ ਕਰਕੇ। ਇਸ ਦੇ 140 ਸ਼ਬਦਾਂ (ਜਾਂ ਕਿਰਦਾਰਾਂ ) ਦੀ ਵਰਤੋਂ ਉਸ ਨੇ ਦੇਸ਼ ਤੇ ਵਿਦੇਸ਼ ਵਿਚਲੇ ਵਿਰੋਧੀਆਂ ਖ਼ਿਲਾਫ਼ ਫੌਲਾਦੀ ਮੁੱਕਿਆਂ ਵਾਂਗ ਕੀਤੀ ਹੈ।
ਅਮਰੀਕੀ ਸੰਵਿਧਾਨਕ ਪ੍ਰਬੰਧਾਂ ਅਨੁਸਾਰ ਵਾਸ਼ਿੰਗਟਨ ਵਿਚਲੀ ਅਥਾਰਟੀ ਕਈ ਹਿੱਸਿਆਂ ਵਿੱਚ ਵੰਡੀ ਹੋਈ ਹੈ। ਰਾਸ਼ਟਰਪਤੀ ਦੀ ਅਸਰਦਾਇਕਤਾ ਵੱਖ ਵੱਖ ਗਰੁੱਪਾਂ ਨਾਲ ਮਿਲ ਕੇ ਕੰਮ ਕਰਨ, ਇਤਫ਼ਾਕ ਰਾਇ ਪੈਦਾ ਕਰਨ ਅਤੇ ਹਰ ਮੁੱਦੇ ‘ਤੇ ਸਾਂਝੀ ਪਹੁੰਚ ਸਥਾਪਤ ਕਰਨ ਦੀ ਵ੍ਹਾਈਟ ਹਾਊਸ ਦੀ ਸਮਰੱਥਾ ਤੇ ਯੋਗਤਾ ਉੱਤੇ ਨਿਰਭਰ ਕਰਦੀ ਹੈ। ਖ਼ੁਦ ਨੂੰ ਕਮਾਲ ਦਾ ਸੌਦੇਬਾਜ਼ ਸਮਝਣ ਦੇ ਬਾਵਜੂਦ ਟਰੰਪ ਨੇ ਵਾਸ਼ਿੰਗਟਨ ਵਿਚਲੇ ਹੋਰ ਸੰਸਥਾਗਤ ਖਿਡਾਰੀਆਂ ਨਾਲ ਮਿਲ ਕੇ ਕੰਮ ਕਰਨ ਦੀ ਹੁਨਰਮੰਦੀ ਤੇ ਨਜ਼ਰੀਆ ਦਿਖਾਇਆ। ਲਿਹਾਜ਼ਾ, ਹੋਰ ਉਸ ਉੱਪਰ ਲਗਾਤਾਰ ਵਾਰ ਕਰਦੇ ਹਨ ਤਾਂ ਉਹ ਝਈਆਂ ਲੈ ਕੇ ਪੈਂਦਾ ਹੈ। ਪਿਛਲੇ 100 ਦਿਨਾਂ ਨੇ ਰਾਸ਼ਟਰਪਤੀ ਵਾਲੇ ਸ਼ਿਸ਼ਟਾਚਾਰ ਤੋਂ ਕਈ ਵਾਰ ਦੂਰੀਆਂ ਦੇਖੀਆਂ ਹਨ।
ਜਮਹੂਰੀ ਮੁਲਕਾਂ ਦੇ ਲੋਕ ਆਪਣੇ ਆਗੂਆਂ ਅੰਦਰ ਨੈਤਿਕ ਪ੍ਰਮਾਣਿਕਤਾ ਅਤੇ ਸੰਜੀਦਗੀ ਦੀ ਭਾਵਨਾ ਦੀ ਤਵੱਕੋ ਕਰਦੇ ਹਨ। ਨਿਸ਼ਚਿਤ ਰੂਪ ਵਿੱਚ ਹੀ ਉਨ੍ਹਾਂ ਨੂੰ ਆਪਣੇ ਆਗੂਆਂ ਉੱਤੇ ਭਰੋਸਾ ਕਰਨ ਅਤੇ ਇਹ ਵਿਸ਼ਵਾਸ ਕਰਨ ਦੀ ਵੀ ਲੋੜ ਹੈ ਕਿ ਰਸਿਕਤਾ ਅਤੇ ਨੈਤਿਕ ਚਮਕ ਨਾਲ ਭਰਪੂਰ ਮਿਸਾਲੀ ਸ਼ਖ਼ਸੀਅਤ ਉਨ੍ਹਾਂ ਦੀ ਅਗਵਾਈ ਕਰ ਰਹੀ ਹੈ। ਨਾਗਰਿਕਾਂ ਨੂੰ ਆਪਣੇ ਆਗੂਆਂ ਦੀ ਇੱਜ਼ਤ ਕਰਨ ਦੀ ਲੋੜ ਹੈ, ਪਰ ਡੋਨਲਡ ਟਰੰਪ ਇਸ ਪਾਏ ‘ਤੇ ਖੜ੍ਹਨ ਤੋਂ ਇਨਕਾਰੀ ਹੈ।
ਕਿਉਂਕਿ ਉਸ ਨੇ ਅਖੌਤੀ ਕੁਲੀਨਾਂ ਅਤੇ ਅਮਰੀਕੀ ਨੌਕਰੀਆਂ ‘ਤੇ ਕਬਜ਼ਾ ਕਰਨ ਵਾਲੇ ਵਿਦੇਸ਼ੀਆਂ ਖ਼ਿਲਾਫ਼ ਅਮਰੀਕੀ ਵੋਟਰਾਂ ਦੇ ਰੋਸੇ ਅਤੇ ਨਿਰਾਸ਼ਾਵਾਂ ਨੂੰ ਭੁਨਾ ਕੇ ਇਹ ਅਹੁਦਾ ਹਾਸਲ ਕੀਤਾ ਹੈ, ਇਸ ਲਈ ਟਰੰਪ ਆਪਣੇ ਜ਼ਿਆਦਾਤਰ ਲੋਕਾਂ ਦਾ ਗੁੱਸਾ ਉਬਾਲੇ ਖਾਂਦਾ ਰੱਖਣ ਦੀ ਲੋੜ ਨੂੰ ਮਹਿਸੂਸ ਕਰਦਾ ਹੈ। ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਸ ਦੇ ਸਭ ਤੋਂ ਪਹਿਲੇ ਜ਼ੁਬਾਨੀ ਕਾਰਜਕਾਰੀ ਫ਼ੈਸਲੇ ਆਵਾਸੀਆਂ ਖ਼ਿਲਾਫ਼ ਸੇਧਿਤ ਸਨ, ਪਰ ਉਸ ਨੂੰ ਇਸ ਮਾਮਲੇ ਵਿੱਚ ਨਿਆਂਇਕ ਚੁਣੌਤੀਆਂ ਨਾਲ ਲਗਾਤਾਰ ਸਿੱਝਣਾ ਪਿਆ। ਨਿਆਂਇਕ ਬਰਾਂਚ ਨਾਲ ਵਿਰੋਧ ਦੀ ਭਾਵਨਾ ਜਿਵੇਂ ਕਾਫ਼ੀ ਨਹੀਂ ਸੀ, ਰਾਸ਼ਟਰਪਤੀ ਨੇ ਬਿਨਾਂ ਸੋਚੇ ਸਮਝੇ ਮੀਡੀਆ ਨੂੰ ਵੀ ਆਪਣੇ ਖ਼ਿਲਾਫ਼ ਕਰ ਲਿਆ। ਇਸ ਸਭ ਕੁਝ ਨੇ ਰਾਸ਼ਟਰਪਤੀ ਨੂੰ ਦੇਸ਼ ਵਿੱਚ ਕਿਸੇ ਤਰ੍ਹਾਂ ਦਾ ਮਾਣ-ਸਤਿਕਾਰ ਪ੍ਰਾਪਤ ਕਰਨ ਵਿੱਚ ਮਦਦ ਨਹੀਂ ਕੀਤੀ।
ਅਮਰੀਕਨਾਂ ਨੂੰ ਇਹ ਬੇਯਕੀਨੀ ਹੈ ਕਿ ਰਾਸ਼ਟਰਪਤੀ ਨੇ ਕੀ ਆਪਣੇ ਦਫ਼ਤਰ ਨੂੰ ਆਪਣੇ ਗੁੰਝਲਦਾਰ ਕਾਰੋਬਾਰ ਹਿੱਤਾਂ ਤੋਂ ਸਚਮੁੱਚ ਹੀ ਨਿਖੇੜਿਆ ਹੋਇਆ ਹੈ। ਯਕੀਨਨ ਹੀ ਉਹ ਇਸ ਗੱਲੋਂ ਖ਼ੁਸ਼ ਨਹੀਂ ਹਨ ਕਿ ਰਾਸ਼ਟਰਪਤੀ ਦੇ ਰੋਜ਼ਮੱਰਾ ਦੇ ਕਾਰਜਾਂ ਵਿੱਚ ਵੀ ਟਰੰਪ ਪਰਿਵਾਰ ਆਪਣਾ ਦਖ਼ਲ ਵਧਾਉਂਦਾ ਜਾ ਰਿਹਾ ਹੈ। ਰਾਸ਼ਟਰਪਤੀ ਬੇਫ਼ਿਕਰ ਹੈ, ਸ਼ਾਇਦ ਉਸ ਦੇ ਹਠ ਦੀ ਜੜ੍ਹ ਇਸ ਤੱਥ ਵਿੱਚ ਹੈ ਕਿ ਉਸ ਨੇ ਪਹਿਲਾਂ ਕਦੇ ਸਿਆਸੀ ਅਹੁਦਾ ਨਹੀਂ ਸੰਭਾਲਿਆ ਅਤੇ ਇਸ ਲਈ ਉਹ ਜਨਤਕ ਸੰਵੇਦਨਾਵਾਂ ਦੀ ਸ਼ਲਾਘਾ ਅਤੇ ਸਤਿਕਾਰ ਕਰਨ ਦੇ ਕਿਸੇ ਆਗੂ ਦੇ ਫ਼ਰਜ਼ ਤੋਂ ਅਣਜਾਣ ਹੈ।
ਟਰੰਪ ਨੇ ਕਿਉਂਕਿ ਘਰੇਲੂ ਵਿਚਾਰ-ਵਟਾਂਦਰੇ ਵਿੱਚ ਵਿਨਾਸ਼ਕਾਰੀ ਅਸਹਿਮਤੀਆਂ ਦਾ ਨਵਾਂ ਸਭਿਆਚਾਰ ਪੈਦਾ ਕੀਤਾ ਹੈ, ਇਸ ਲਈ ਇਸ ਨੇ ਬਾਕੀ ਦੁਨੀਆ ਨਾਲ ਅਮਰੀਕਾ ਦੇ ਰਿਸ਼ਤਿਆਂ ‘ਤੇ ਅਸਰਅੰਦਾਜ਼ ਹੋਣਾ ਹੀ ਹੈ। ਜਿਸ ਰਾਸ਼ਟਰਪਤੀ ਦਾ ਆਪਣੇ ਮੁਲਕ ਵਿੱਚ ਸਤਿਕਾਰ ਨਹੀਂ, ਉਸ ਲਈ ਵਿਦੇਸ਼ਾਂ ਵਿੱਚ ਵਾਹ ਵਾਹ ਖੱਟਣੀ ਔਖੀ ਗੱਲ ਹੈ। ਘਰੇਲੂ ਪੱਧਰ ‘ਤੇ ਝਗੜਾਲੂਪਣ ਦਾ ਮਤਲਬ ਇਹ ਹੈ ਕਿ ਆਲਮੀ ਪੱਧਰ ‘ਤੇ ਕਿਸੇ ਵੀ ਕਿਸਮ ਦੀ ਵਿਚਾਰਧਾਰਕ ਜਾਂ ਸਿਆਸੀ ਅਗਵਾਈ ਕਰਨ ਦੇ ਮਾਮਲੇ ਵਿੱਚ ਰਾਸ਼ਟਰਪਤੀ ਟਰੰਪ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਜਦੋਂਕਿ ਫਰੈਂਕਲਿਨ ਡੀ. ਰੂਜ਼ਵੈਲਟ ਤੋਂ ਬਾਅਦ ਦੇ ਸਾਰੇ ਅਮਰੀਕੀ ਰਾਸ਼ਟਰਪਤੀਆਂ ਨੇ ਇਹ ਸੱਦ ਜ਼ਰੂਰ ਸੁਣੀ ਹੈ।
ਟਰੰਪ ਚੀਨ, ਮੈਕਸਿਕੋ, ਯੂਰੋਪੀਅਨ ਸਮੇਤ ਬਾਹਰੀ ਤਾਕਤਾਂ ਉੱਤੇ ਸੰਯੁਕਤ ਰਾਜ ਅਮਰੀਕਾ ਨਾਲ ਬੇਇਨਸਾਫ਼ੀ ਕਰਨ ਅਤੇ ਅਮਰੀਕੀ ਆਰਥਿਕਤਾ ਦੀ ਗਿਰਾਵਟ ਲਈ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕਾਰਨ ਹੋਣ ਦਾ ਦੋਸ਼ ਲਾਉਂਦਾ ਹੋਇਆ ਓਵਲ ਦਫ਼ਤਰ ਤੋਂ ਬਾਹਰ ਆਇਆ। ਉਸ ਨੇ ਅਮਰੀਕਨਾਂ ਲਈ ਸੁਰੱਖਿਆਵਾਦ ਅਤੇ ਬਾਕੀ ਦੁਨੀਆ ਤੋਂ ਅਲਹਿਦਗੀ ਦਾ ਵਾਅਦਾ ਕੀਤਾ। ਉਸ ਨੇ ਅਮਰੀਕੀ ਫ਼ੌਜਾਂ ਨੂੰ ਘਰੇ ਰੱਖਣ ਦਾ ਵਾਅਦਾ ਕੀਤਾ ਅਤੇ ਆਲਮੀ ਥਾਣੇਦਾਰ ਬਣਨ ਤੋਂ ਸਿੱਧੀ ਨਾਂਹ ਕਰ ਦਿੱਤੀ। ਉਸ ਨੇ ਕਥਿਤ ਆਲਮੀ ਸੰਰਚਨਾ ਤੋਂ ਖ਼ੁਦ ਨੂੰ ਅਪ੍ਰਭਾਵਿਤ ਐਲਾਨਿਆ ਕਿ ਉਸ ਦੀ ਤਰਜੀਹ ਦੁੱਵਲੇ ਸਮਝੌਤੇ ਅਤੇ ਲੋੜ ਪੈਣ ‘ਤੇ ਟੱਕਰ ਲੈਣੀ ਹੋਏਗੀ।
ਪੂਰਬੀ ਤੱਟ ਦੇ ਵਿਸ਼ਵੀਕਰਨ ਦੇ ਹਾਮੀਆਂ ਲਈ ਇਹ ਬਹੁਤ ਵੱਡੀ ਰਾਹਤ ਹੈ ਕਿ ਬਤੌਰ ਰਾਸ਼ਟਰਪਤੀ, ਉਹ ਰਵਾਇਤੀ ਲੀਕਾਂ ਮਿਟਾਉਣਾ ਚਾਹੁੰਦਾ ਹੈ। ਉਹ ਘਰ ਨਹੀਂ ਠਹਿਰਿਆ। ਉਹ ਅਫ਼ਗਾਨਿਸਤਾਨ ਗਿਆ ਜਿੱਥੇ ਉਸ ਨੇ ਮਹਾਂਬੰਬ, ਸੀਰੀਆ ਵਿੱਚ ਮਿਜ਼ਾਈਲਾਂ ਸੁੱਟੀਆਂ ਕਿਉਂਕਿ ਅਸਦ ਸ਼ਾਸਨ ਬੁਰੇ ਲੋਕਾਂ ਦੇ ਸ਼ਾਸਨ ਦੀ ਤਰ੍ਹਾਂ ਸੀ। ਇਸ ਹਫ਼ਤੇ ਉਸ ਨੇ ਆਪਣੇ ਉਪ ਰਾਸ਼ਟਰਪਤੀ ਨੂੰ ਉੱਤਰੀ ਕੋਰੀਆ ਖ਼ਿਲਾਫ਼ ਕੁਝ ਕਰਨ ਲਈ ਭੇਜਿਆ ਹੈ।
ਚੀਨ ਨੇ ਟਰੰਪ ਦੀ ਸ਼ਖ਼ਸੀਅਤ ਦਾ ਭੇਤ ਪਾ ਲਿਆ ਹੈ। ਚੀਨ ਨੇ ਕੂਟਨੀਤਕ ਨਿਪੁੰਨਤਾ ਦਾ ਪ੍ਰਦਰਸ਼ਨ ਕੀਤਾ ਹੈ। ਚੀਨੀ ਛੇਤੀ ਕਿਤੇ ਭੜਕਦੇ ਨਹੀਂ। ਪਰ ਲੋੜ ਮਹਿਸੂਸ ਹੋਣ ‘ਤੇ ਖ਼ੁਦ ਨੂੰ ਮਜ਼ਬੂਤੀ ਨਾਲ ਪ੍ਰਗਟਾਉਣ ਵਿੱਚ ਯਕੀਨ ਰੱਖਦੇ ਹਨ। ਉਨ੍ਹਾਂ ਨੇ ਇੱਕੋ ਸਮੇਂ ਟਕਰਾਅ, ਸਹਿਯੋਗ ਅਤੇ ਸਹਿਕਾਰਤਾ ਰਾਹੀਂ ਉਸ ਨੂੰ ਹੈਰਾਨ ਜ਼ਰੂਰ ਕਰ ਦਿੱਤਾ ਹੈ।
ਯੂਰੋਪੀਅਨ ਹੁਣ ਟਰੰਪ ਦੀ ਬਾਕੀਆਂ ਤੋਂ ਅਲਹਿਦਾ ਰਹਿਣ ਦੀ ਧੁਨ ਤੋਂ ਚਿੰਤਤ ਨਹੀਂ ਹਨ, ਉਨ੍ਹਾਂ ਨੂੰ ਨਾਟੋ ਵਿੱਚ ਕੁਝ ਗੁਣ ਲੱਭੇ ਹਨ। ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਪਹਿਲਾਂ ਆਪਣੇ ਘਰ ਵਿੱਚ ਸਭ ਕੁਝ ਠੀਕ ਕਰਨਾ ਪਏਗਾ ਅਤੇ ਉਹ ਰਾਹਤ ਮਹਿਸੂਸ ਕਰਦੇ ਹਨ ਕਿ ਯੂਰੋਪੀਅਨ ਪ੍ਰਾਜੈਕਟਾਂ ਵਿੱਚ ਟਰੰਪ ਵੱਲੋਂ ਰੋੜੇ ਅਟਕਾਉਣ ਦੇ ਮਾਮਲੇ ਨਾਲ ਉਨ੍ਹਾਂ ਨੂੰ ਸਿੱਝਣਾ ਨਹੀਂ ਪਿਆ। ਦੂਜੀ ਤਰਫ਼ ਰੂਸੀ ਵੀ ਉਸ ਨੂੰ ਆਪਣੇ ਨਾਲ ਤੋਰ ਕੇ ਖ਼ੁਸ਼ ਹਨ।
ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਨਿਰਸੰਦੇਹ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦਫ਼ਤਰ ਹੈ। ਓਵਲ ਦਫ਼ਤਰ ਵਿੱਚ ਬੈਠਣ ਵਾਲਾ ਵਿਅਕਤੀ ਕਿਸੇ ਤੋਂ ਵੀ ਉਸ ਦੀ ਖ਼ੁਸ਼ੀ ਖੋਹ ਸਕਦਾ ਹੈ। ਇਨ੍ਹਾਂ ਸੌ ਦਿਨਾਂ ਵਿੱਚ ਜੇਕਰ ਕੋਈ ਰਾਹਤ ਦੀ ਗੱਲ ਹੈ ਤਾਂ ਉਹ ਹੈ ਕਿ ਟਰੰਪ ਨੂੰ ਬੇਪਰਵਾਹ ਹੋਣ ਦੀ ਆਗਿਆ ਨਹੀਂ ਦਿੱਤੀ ਗਈ। ਸੰਸਥਾਗਤ ਰੁਕਾਵਟਾਂ, ਉਦਾਰਵਾਦੀ ਧਾਰਮਿਕਤਾ ਅਤੇ ਜ਼ੋਰਦਾਰ ਤੇ ਜਾਨਦਾਰ ਮੀਡੀਆ ਨੇ ਮਿਲ ਕੇ ਉਸ ਨੂੰ ਜਾਂਚ ਅਤੇ ਜਵਾਬਦੇਹੀ ਅਧੀਨ ਲਗਾਤਾਰ ਲਿਆਂਦਾ ਹੈ। ਜਮਹੂਰੀ ਆਵਾਜ਼ਾਂ ਅਤੇ ਸੰਯੁਕਤ ਰਾਸ਼ਟਰ ਦੇ ਅੰਦਰਲੀਆਂ ਤੇ ਉਸ ਤੋਂ ਦੂਰ ਦਰਾਜ ਦੀਆਂ ਜਮਹੂਰੀ ਸੁਰਾਂ ਤੇ ਤਾਕਤਾਂ ਲਈ ਇਹ ਆਪਣੇ ਆਪ ਵਿੱਚ ਵੱਡੀ ਤਸੱਲੀ ਵਾਲੀ ਗੱਲ ਹੋਣੀ ਚਾਹੀਦੀ ਹੈ।