ਖੇਮਕਰਨ ਤੋਂ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਬਣੇ.

ਖੇਮਕਰਨ ਤੋਂ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਬਣੇ.

ਜਲਾਲਾਬਾਦ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਖੁਦ ਉਮੀਦਵਾਰ ਹੋਣਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਿੱਖੀਵਿੰਡ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਦੀਆਂ ਅਗਲੇ ਸਾਲ ਆ ਰਹੀਆਂ ਚੋਣਾਂ ਲਈ ਖੇਮਕਰਨ ਹਲਕੇ ਲਈ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਇਹ ਐਲਾਨ  ਖੇਮਕਰਨ ਹਲਕੇ ਦੇ ਕਸਬਾ ਅਮਰਕੋਟ ਵਿੱਚ ਵਿਰਸਾ ਸਿੰਘ ਵਲਟੋਹਾ ਵੱਲੋਂ ਕਰਵਾਈ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਤਰ੍ਹਾਂ ਅਕਾਲੀ ਦਲ ਨੇ ਦੋ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ’ਚੋਂ ਜਲਾਲਾਬਾਦ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਖੁਦ ਉਮੀਦਵਾਰ ਹੋਣਗੇ। ਇਹ ਐਲਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਜਲਾਲਾਬਾਦ ਵਿੱਚ ਕੀਤੇ ਇਕੱਠ ਦੌਰਾਨ ਕੀਤਾ ਸੀ। ‘ਪੰਜਾਬ ਮੰਗਦਾ ਜਵਾਬ’ ਦੇ ਨਾਅਰੇ ਹੇਠ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਸੂਬਾ ਸਰਕਾਰ ਅਤੇ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਸੂਬੇ ਅੰਦਰ ਵਿਕਾਸ ਦੇ ਸਾਰੇ ਕੰਮ ਠੱਪ ਹੋ ਗਏ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ’ਤੇ ਧਾਰਮਿਕ ਗੁਟਕੇ ਦੀ ਝੂਠੀ ਸਹੁੰ ਖਾਣ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਨਾ ਕਰਨ, ਸਮਾਜ ਭਲਾਈ ਦੀਆਂ ਸਕੀਮਾਂ ਬੰਦ ਕਰ ਦੇਣ ਦੇ ਦੋਸ਼ ਲਗਾਏ| ਉਨ੍ਹਾਂ ਅਕਾਲੀ ਦਲ ਨੂੰ ਪੰਜਾਬੀਆਂ ਦੀ ਆਪਣੀ ਪਾਰਟੀ ਦੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਦਿਆਂ ਹੀ ਉਹ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨਗੇ ਅਤੇ ਕਈ ਹੋਰ ਲੋਕ ਭਲਾਈ ਸਕੀਮਾਂ ਚਾਲੂ ਕਰਨਗੇ।  ਉਨ੍ਹਾਂ ਕਿਹਾ ਕਿ ਕਿਸਾਨੀ ਹਿੱਤਾਂ ਲਈ ਅਕਾਲੀ ਦਲ ਨੇ ਭਾਜਪਾ ਨਾਲ ਸਾਂਝ ਵੀ ਤੋੜ ਦਿੱਤੀ ਹੈ।