ਪ੍ਰਵਾਸੀ ਪੰਜਾਬੀ ਮੀਡੀਆ ਉਭਾਰ ਰਿਹਾ ਏ  ਪੰਜਾਬ ਦੇ ਮੁੱਦੇ

ਪ੍ਰਵਾਸੀ ਪੰਜਾਬੀ ਮੀਡੀਆ ਉਭਾਰ ਰਿਹਾ ਏ  ਪੰਜਾਬ ਦੇ ਮੁੱਦੇ

     ਵਿਸ਼ੇਸ਼ ਚਰਚਾ                                   

 ਪ੍ਰੋਫੈਸਰ ਕੁਲਬੀਰ ਸਿੰਘ 

ਸਿੰਗਾਪੁਰ, ਕੈਨੇਡਾ ਜਿਹੇ ਮੁਲਕਾਂ ਵਿਚ ਪੰਜਾਬੀਆਂ ਦਾ ਪ੍ਰਵਾਸ ਇਕ ਸਦੀ ਤੋਂ ਵੀ ਪਹਿਲਾਂ ਹੋਇਆ ਸੀ। ਆਪਣੀ ਗੱਲ ਕਹਿਣ ਲਈ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਵੀ ਪੱਤਰਕਾਰੀ ਦਾ ਭਰਪੂਰ ਪ੍ਰਯੋਗ ਕੀਤਾ ਹੈ। ਪ੍ਰਵਾਸੀ ਪੰਜਾਬੀਆਂ ਅਤੇ ਭਾਰਤੀਆਂ ਦੀਆਂ ਲੋੜਾਂ ਥੁੜਾਂ ਨੂੰ ਧਿਆਨ ਵਿਚ ਰੱਖਦਿਆਂ 1947 ਤੋਂ ਪਹਿਲਾਂ ਵਿਦੇਸ਼ਾਂ ਵਿਚ ਕਈ ਮਾਸਿਕ ਪੱਤਰ ਪੰਜਾਬੀ ਅਤੇ ਉਰਦੂ ਵਿਚ ਪ੍ਰਕਾਸ਼ਿਤ ਹੁੰਦੇ ਰਹੇ।ਕੈਨੇਡਾ, ਅਮਰੀਕਾ, ਇੰਗਲੈਂਡ ਅਜਿਹੇ ਮੁਲਕ ਹਨ ਜਿਥੇ 1947 ਤੱਕ ਪੰਜਾਬੀ ਵੱਡੀ ਗਿਣਤੀ ਵਿਚ ਪਹੁੰਚ ਚੁੱਕੇ ਸਨ। ਉਦੋਂ ਮਾਸਿਕ ਤੇ ਪੰਦਰਾਰੋਜ਼ਾ ਪੰਜਾਬੀ ਅਖ਼ਬਾਰਾਂ ਵੰਡ ਨਾਲ ਸਬੰਧਿਤ ਸਮੱਗਰੀ ਨਾਲ ਭਰੀਆਂ ਹੁੰਦੀਆਂ ਸਨ। ਫਿਰ ਇਕ ਸਮਾਂ ਉਹ ਆਇਆ ਜਦ ਪੰਜਾਬ ਵਿਚੋਂ ਉਹ ਲੋਕ ਇਨ੍ਹਾਂ ਮੁਲਕਾਂ ਵੱਲ ਪ੍ਰਵਾਸ ਕਰਨ ਲੱਗੇ ਜਿਹੜੇ ਸਿੱਧੇ ਤੌਰ 'ਤੇ ਪੰਜਾਬੀ ਮੀਡੀਆ ਨਾਲ ਜੁੜੇ ਸਨ। ਜਿਨ੍ਹਾਂ ਨੇ ਵਿਧੀਬੱਧ ਢੰਗ ਨਾਲ ਪੱਤਰਕਾਰੀ ਦੀ ਸਿੱਖਿਆ ਹਾਸਲ ਕੀਤੀ ਹੋਈ ਸੀ ਅਤੇ ਪੰਜਾਬੀ ਪੱਤਰਕਾਰੀ ਦਾ ਜਿਨ੍ਹਾਂ ਕੋਲ ਚੰਗਾ ਤਜਰਬਾ ਸੀ। ਉਨ੍ਹਾਂ ਨੇ ਵਿਦੇਸ਼ਾਂ ਵਿਚ ਪੰਜਾਬੀ ਮੀਡੀਆ ਨੂੰ ਪ੍ਰੋਫੈਸ਼ਨਲ ਅਤੇ ਤਕਨੀਕੀ ਮੁਹਾਰਤ ਦੀਆਂ ਲੀਹਾਂ 'ਤੇ ਤੋਰਿਆ। ਨਤੀਜਾ ਇਹ ਹੋਇਆ ਕਿ ਬੀਤੀ ਸਦੀ ਦੇ ਅੰਤਲੇ ਦਹਾਕਿਆਂ ਦੌਰਾਨ ਅਖ਼ਬਾਰਾਂ, ਰਸਾਲਿਆਂ ਦੇ ਨਾਲ-ਨਾਲ ਪ੍ਰਵਾਸੀ ਪੰਜਾਬੀ ਮੀਡੀਆ ਤੇਜ਼ੀ ਨਾਲ ਰੇਡੀਓ ਅਤੇ ਟੈਲੀਵਿਜ਼ਨ ਦੇ ਖੇਤਰ ਵਿਚ ਪ੍ਰਵੇਸ਼ ਕਰ ਗਿਆ। ਅੱਜ ਓਨੇ ਰੇਡੀਓ ਪੰਜਾਬ ਵਿਚ ਨਹੀਂ ਹਨ ਜਿੰਨੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਚੱਲ ਰਹੇ ਹਨ। ਟੋਰਾਂਟੋ ਅਤੇ ਵੈਨਕੂਵਰ ਜਿਹੇ ਸ਼ਹਿਰਾਂ ਵਿਚ ਹੀ ਦਰਜਨਾਂ ਰੇਡੀਓ, ਦਰਜਨਾਂ ਅਖ਼ਬਾਰਾਂ ਹਨ।

ਇੰਟਰਨੈੱਟ ਸਮੇਤ ਬਹੁਤ ਸਾਰੀਆਂ ਅਤਿ ਆਧੁਨਿਕ ਤਕਨੀਕਾਂ ਨੇ ਜਿਥੇ ਪ੍ਰਵਾਸੀ ਪੰਜਾਬੀ ਮੀਡੀਆ ਦੀ ਕਾਰਜਵਿਧੀ ਨੂੰ ਸੁਖਾਲਾ ਕਰ ਦਿੱਤਾ ਹੈ, ਉਥੇ ਇਸ ਦੇ ਵਧਣ-ਫੁੱਲਣ ਦੇ ਆਸਾਰ ਵੀ ਪੈਦਾ ਹੋ ਗਏ ਹਨ। ਜਿਸ ਸ਼ਿੱਦਤ ਨਾਲ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਹੋ ਰਹੀ ਹੈ, ਉਸ ਤੋਂ ਆਸ ਬੱਝਦੀ ਹੈ ਕਿ ਪ੍ਰਵਾਸੀ ਪੰਜਾਬੀ ਮੀਡੀਆ, ਪ੍ਰਵਾਸੀ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਪੰਜਾਬ ਦੇ ਬੁਨਿਆਦੀ ਮੁੱਦਿਆਂ ਮਸਲਿਆਂ ਨੂੰ ਹੋਰ ਗੰਭੀਰਤਾ ਨਾਲ ਪੇਸ਼ ਕਰੇਗਾ। ਬੀਤੇ ਮਹੀਨਿਆਂ ਦੌਰਾਨ ਪ੍ਰਵਾਸੀ ਪੰਜਾਬੀ ਮੀਡੀਆ ਨੇ ਕਿਸਾਨ ਸੰਘਰਸ਼ ਨੂੰ ਭਰਵੀਂ ਕਵਰੇਜ ਦਿੱਤੀ ਅਤੇ ਕਿਸਾਨ ਮੰਗਾਂ ਦੀਆਂ ਜੁਦਾ-ਜੁਦਾ ਪਰਤਾਂ ਤੇ ਪਹਿਲੂਆਂ ਨੂੰ ਉਜਾਗਰ ਕੀਤਾ। ਮੁੱਖ ਪੰਨੇ 'ਤੇ ਮੁੱਖ ਸੁਰਖੀਆਂ ਨਾਲ ਲਗਾਤਾਰ ਮਹੀਨਿਆਂ ਤੱਕ ਵਿਸਥਾਰਤ ਵੇਰਵੇ ਪ੍ਰਕਾਸ਼ਿਤ ਕੀਤੇ। ਓਧਰ ਪ੍ਰਵਾਸੀ ਪੰਜਾਬੀ ਰੇਡੀਓ ਤੇ ਟੈਲੀਵਿਜ਼ਨ ਨੇ ਕਿਸਾਨ ਸੰਘਰਸ਼ ਨਾਲ ਸਬੰਧਿਤ ਵਿਚਾਰ-ਚਰਚਾ, ਮੁਲਾਕਾਤਾਂ ਅਤੇ ਵੱਖ-ਵੱਖ ਥਾਵਾਂ ਤੋਂ ਸਿੱਧਾ ਪ੍ਰਸਾਰਨ ਕਰਕੇ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਤੱਕ ਤਾਜ਼ਾ ਜਾਣਕਾਰੀ ਪਹੁੰਚਾਉਣ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।

ਪ੍ਰਵਾਸੀ ਪੰਜਾਬੀ ਮੀਡੀਆ, ਪੰਜਾਬ ਅਤੇ ਪੰਜਾਬੀਆਂ ਦੀਆਂ ਸਮੱਸਿਆਵਾਂ ਪ੍ਰਤੀ ਹਮੇਸ਼ਾ ਸੰਜੀਦਾ ਅਤੇ ਚਿੰਤਤ ਰਿਹਾ ਹੈ। ਵਾਤਾਵਰਨ ਦੀ ਗੱਲ ਹੋਵੇ, ਪਾਣੀ ਦਾ ਮਸਲਾ ਹੋਵੇ, ਨਸ਼ਿਆਂ ਦੇ ਰੁਝਾਨ ਦਾ ਮੁੱਦਾ ਹੋਵੇ, ਮਾਂ-ਬੋਲੀ ਪੰਜਾਬੀ ਪ੍ਰਤੀ ਘਟਦੇ ਮੋਹ ਦੀ ਗੱਲ ਹੋਵੇ ਤੇ ਭਾਵੇਂ ਹੋਵੇ ਪੰਜਾਬ ਦੀ ਸਿਆਸੀ ਹਲਚਲ, ਪ੍ਰਵਾਸੀ ਪੰਜਾਬੀ ਮੀਡੀਆ ਨੇ ਦਿਲੋਂ ਮਨੋਂ ਸ਼ਮੂਲੀਅਤ ਦਾ ਅਹਿਸਾਸ ਕਰਾਇਆ ਹੈ। ਪ੍ਰਵਾਸੀ ਪੰਜਾਬੀ ਮੀਡੀਆ ਵਸਦਾ ਵਿਦੇਸ਼ਾਂ ਵਿਚ ਹੈ ਪਰ ਉਸ ਦੀਆਂ ਜੜ੍ਹਾਂ ਪੰਜਾਬ 'ਚ ਹਨ। ਪੰਜਾਬ ਵਿਚ 2022 ਦੀਆਂ ਚੋਣਾਂ ਸਬੰਧੀ ਮੁਢਲੀਆਂ ਸਰਗਰਮੀਆਂ ਆਰੰਭ ਹੋ ਗਈਆਂ ਹਨ। ਜਿਵੇਂ-ਜਿਵੇਂ ਚੋਣਾਂ ਨੇੜੇ ਆਉਂਦੀਆਂ ਜਾਣਗੀਆਂ, ਵਿਦੇਸ਼ੀ ਪੰਜਾਬੀ ਅਖ਼ਬਾਰਾਂ, ਰੇਡੀਓ ਤੇ ਟੈਲੀਵਿਜ਼ਨ ਉਸ ਰੰਗ ਵਿਚ ਰੰਗਦੇ ਜਾਣਗੇ। ਬੀਤੇ ਦਿਨੀਂ ਮੈਂ ਕਿਸੇ ਕੰਮ ਦੇ ਸਬੰਧ ਵਿਚ ਕੈਨੇਡਾ ਵਸਦੇ ਦੋਸਤ ਡਾਕਟਰ ਸੁਖਦੇਵ ਸਿੰਘ ਝੰਡ ਹੁਰਾਂ ਨੂੰ ਫੋਨ ਕੀਤਾ। ਉਹ ਲੰਮਾ ਸਮਾਂ ਬੰਗਾਲ ਚੋਣਾਂ ਸਬੰਧੀ ਚਰਚਾ ਕਰਦੇ ਰਹੇ। ਮੈਂ ਹੈਰਾਨ ਸਾਂ ਕਿ ਪ੍ਰਵਾਸੀ ਪੰਜਾਬੀਆਂ ਦੀ ਬੰਗਾਲ ਚੋਣਾਂ ਵਿਚ ਵੀ ਡੂੰਘੀ ਦਿਲਚਸਪੀ ਸੀ। ਦਰਅਸਲ ਇਹ ਦਿਲਚਸਪੀ ਕਿਸਾਨ ਸੰਘਰਸ਼ ਅਤੇ ਕੇਂਦਰ ਸਰਕਾਰ ਵਿਚਾਲੇ ਪੈਦਾ ਹੋਏ ਟਕਰਾਅ ਕਾਰਨ ਸੀ। ਕਿਸਾਨ ਅੰਦੋਲਨ ਅਤੇ ਕਿਸਾਨਾਂ ਦੇ ਭਵਿੱਖ ਨੂੰ ਉਹ ਬੰਗਾਲ ਚੋਣਾਂ ਦੀ ਜਿੱਤ-ਹਾਰ ਨਾਲ ਜੋੜ ਕੇ ਵੇਖ ਰਹੇ ਸਨ।

ਪੰਜਾਬ ਚੋਣਾਂ 'ਤੇ ਪ੍ਰਵਾਸੀ ਪੰਜਾਬੀਆਂ ਅਤੇ ਪ੍ਰਵਾਸੀ ਪੰਜਾਬੀ ਮੀਡੀਆ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਨੇੜ-ਭਵਿੱਖ ਵਿਚ ਇਸ ਪ੍ਰਭਾਵ ਦੇ ਹੋਰ ਵਧਣ ਦੇ ਆਸਾਰ ਹਨ, ਕਿਉਂਕਿ ਬਹੁਤ ਸਾਰੇ ਪ੍ਰਵਾਸੀ ਪੰਜਾਬੀ ਟੈਲੀਵਿਜ਼ਨ ਚੈਨਲਾਂ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਆਪਣੇ ਸਟੂਡੀਓ ਸਥਾਪਤ ਕਰ ਲਏ ਹਨ। ਇਥੋਂ ਲਗਾਤਾਰ ਖ਼ਬਰਾਂ, ਵਿਚਾਰ-ਚਰਚਾ ਅਤੇ ਮੁਲਾਕਾਤਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਸ਼ਹਿਰਾਂ ਵਿਚ ਜਲੰਧਰ, ਮੋਹਾਲੀ ਅਤੇ ਲੁਧਿਆਣਾ ਆਦਿ ਪ੍ਰਮੁੱਖ ਹਨ। ਪਰ ਪਟਿਆਲਾ, ਅੰਮ੍ਰਿਤਸਰ ਅਤੇ ਬਠਿੰਡਾ ਵੀ ਪਿੱਛੇ ਨਹੀਂ ਹਨ। ਆਉਂਦੇ ਮਹੀਨਿਆਂ ਦੌਰਾਨ ਪੰਜਾਬ ਦੀ ਸਿਆਸਤ ਸੰਪਾਦਕੀ ਲੇਖਾਂ ਵਿਚ ਕੇਂਦਰ-ਬਿੰਦੂ ਬਣ ਜਾਵੇਗੀ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਆਪਣੀ ਮੌਜੂਦਗੀ ਦਰਸਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਭਾਜਪਾ ਪੰਜਾਬ ਵਿਚ ਹਾਸ਼ੀਏ 'ਤੇ ਚਲੀ ਗਈ ਹੈ। ਸਰਕਾਰ ਦੇ ਕੰਮਕਾਰ ਅਤੇ ਸਰਗਰਮੀਆਂ ਨੂੰ ਲੋਕ ਗਹੁ ਨਾਲ ਵੇਖ ਰਹੇ ਹਨ। ਕਾਂਗਰਸ ਇਕ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਮੁੜ ਸਰਗਰਮ ਕਰਨ ਵਿਚ ਕਾਮਯਾਬ ਹੋ ਗਈ ਹੈ। ਦੂਸਰੇ ਪਾਸੇ ਉਸ ਦੀਆਂ ਕੈਪਟਨ ਨਾਲ ਦੂਰੀਆਂ ਦੂਰ ਕਰਨ ਵਿਚ ਵੀ ਸਫਲ ਹੁੰਦੀ ਨਜ਼ਰ ਆ ਰਹੀ ਹੈ। ਨਤੀਜੇ ਵਜੋਂ ਆਉਂਦੇ ਦਿਨਾਂ ਦੌਰਾਨ ਜਿਥੇ ਪੰਜਾਬ ਵਿਚ ਸਿਆਸੀ ਹਲਚਲ ਵਧਣ ਦੇ ਆਸਾਰ ਬਣ ਗਏ ਹਨ, ਉਥੇ ਚੋਣ ਬਿਗਲ ਵੱਜਣ ਕਾਰਨ ਰਾਜਨੀਤਕ ਜੋੜ-ਤੋੜ ਵੀ ਆਰੰਭ ਹੋ ਜਾਣਗੇ। ਪ੍ਰਵਾਸੀ ਪੰਜਾਬੀ ਮੀਡੀਆ ਲਈ ਇਹ ਦੌਰ ਦਿਲਚਸਪੀਆਂ ਭਰਿਆ ਹੋਵੇਗਾ, ਕਿਉਂਕਿ ਪੰਜਾਬ ਦੀ ਸਿਆਸਤ ਅਤੇ ਸਿਆਸੀ ਟੁੱਟ-ਭੱਜ ਉਸ ਦਾ ਮਨਭਾਉਂਦਾ ਵਿਸ਼ਾ ਰਿਹਾ ਹੈ।